
'ਸੇਵੀਅਰ ਸਿੰਘ ਡਾ.ਸੁਰਿੰਦਰਪਾਲ ਸਿੰਘ ਓਬਰਾਏ' : ਪ੍ਰੇਰਨਾ ਸਰੋਤ ਪੁਸਤਕ......ਉਜਾਗਰ ਸਿੰਘ
ਡਾ.ਸਰਬਜੀਤ ਸਿੰਘ ਛੀਨਾ ਪ੍ਰਬੁੱਧ ਸਾਹਿਤਕਾਰ ਤੇ ਇਤਿਹਾਸਕਾਰ ਹੈ। ਉਸਨੇ ਹੁਣ ਤੱਕ ਡੇਢ ਦਰਜਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਪ੍ਰੰਤੂ ਉਸਦੀ 'ਸੇਵੀਅਰ ਸਿੰਘ ਡਾ.ਸੁਰਿੰਦਰਪਾਲ ਸਿੰਘ ਓਬਰਾਏ' ਦੀ ਜੀਵਨੀ ਉਸ ਦੀਆਂ ਬਾਕੀ ਹੋਰ ਪੁਸਤਕਾਂ ਨਾਲੋਂ ਵੱਖਰੀ ਕਿਸਮੀ ਦੀ ਪੁਸਤਕ ਹੈ। ਡਾ.ਛੀਨਾ ਨੇ ਸੁਰਿੰਦਰਪਾਲ ਸਿੰਘ ਓਬਰਾਏ ਦੀ ਸਮਾਜ ਸੇਵਾ ਤੇ ਉਸਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਲਿਖੀ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਲੋਕ ਕੰਮ ਕਰਦੇ ਹਨ ਪ੍ਰੰਤੂ ਸੁਰਿੰਦਰਪਾਲ ਸਿੰਘ ਓਬਰਾਏ ਦੀ ਸੇਵਾ ਸਾਰਿਆਂ ਨਾਲੋਂ ਵੱਖਰੀ ਕਿਸਮ ਦੀ ਹੈ। ਸਮਾਜ ਸੇਵਾ ਦਾ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਓਬਰਾਏ ਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ। ਲੇਖਕ ਨੇ ਦੱਸਿਆ ਹੈ ਕਿ ਓਬਰਾਏ ਇੱਕ ਆਮ ਦਿਹਾਤੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੈ, ਉਸਨੇ ਆਈ.ਟੀ.ਆਈ. ਵਿੱਚ ਡਿਪਲੋਮਾ ਕੀਤਾ ਹੋਇਆ। ਉਸਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਅਤਿਅੰਤ ਜਦੋਜਹਿਦ ਕਰਨੀ ਪਈ ਪ੍ਰੰਤੂ ਓਬਰਾਏ ਨੇ ਹਰ ਕੰਮ ਪ੍ਰੀਬੱਧਤਾ, ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਨਾਲ ਦਿਲ ਲਗਾ ਕੇ ਕੀਤਾ, ਜਿਸ ਕਰਕੇ ਉਸਨੂੰ ਸਫਲਤਾ ਨੇ ਉਸਦੇ ਪੈਰ ਚੁੰਮੇ ਹਨ। ਉਸਨੇ ਕਈ ਵਾਰ ਨਵਾਂ ਕੰਮ ਸ਼ੁਰੂ ਕਰਨ ਲਈ ਰਿਸਕ ਵੀ ਲਿਆ। ਉਸਦੀ ਦਲੇਰੀ ਨੇ ਸਫਲਤਾ ਦੇ ਝੰਡੇ ਗੱਡੇ ਹਨ। ਇੱਕ ਗੱਲ ਹੋਰ ਵੇਖਣ ਵਾਲੀ ਹੈ ਕਿ ਪੈਸਾ ਤਾਂ ਬਹੁਤ ਲੋਕਾਂ ਕੋਲ ਹੁੰਦਾ ਹੈ ਪ੍ਰੰਤੂ ਕਿਸੇ ਬਿਗਾਨੇ ਜਿਸ ਨੂੰ ਉਹ ਜਾਣਦਾ ਵੀ ਨਹੀਂ ਹੁੰਦਾ, ਉਸ ਦੀ ਬਿਹਤਰੀ ਲਈ ਖ਼ਰਚ ਕਰਨ ਦੀ ਹਿੰਮਤ ਹਰ ਇੱਕ ਵਿੱਚ ਨਹੀਂ ਹੁੰਦੀ। ਇਹ ਹਿੰਮਤ ਤੇ ਦਲੇਰੀ ਸੁਰਿੰਦਰਪਾਲ ਸਿੰਘ ਓਬਰਾਏ ਵਿੱਚ ਹੀ ਹੈ। ਇਨਸਾਨ ਉਹ ਹੀ ਬਿਹਤਰੀਨ ਹੁੰਦਾ ਹੈ, ਜਿਹੜਾ ਦੂਜਿਆਂ ਦੇ ਦਰਦ ਅਤੇ ਤਕਲੀਫ਼ ਨੂੰ ਮਹਿਸੂਸ ਕਰ ਸਕੇ। ਸੁਰਿੰਦਰਪਾਲ ਸਿੰਘ ਓਬਰਾਏ ਨੇ ਦੁੱਖ ਤਕਲੀਫ਼ਾਂ ਝੱਲੀਆਂ ਸਨ, ਇਸ ਲਈ ਉਸਨੂੰ ਲੋਕਾਈ ਦੇ ਦਰਦ ਦਾ ਅਹਿਸਾਸ ਹੈ, ਜਿਸ ਕਰਕੇ ਉਸਨੇ ਇਨਸਾਨੀਅਤ ਦੀ ਬਾਂਹ ਫੜ੍ਹਨ ਦਾ ਉਦਮ ਕੀਤਾ। ਉਸਨੇ ਹਜ਼ਾਰਾਂ ਲੋਕਾਂ ਦੀਆਂ ਜਾਨਾ ਬਚਾਈਆਂ, ਕਈਆਂ ਦੇ ਘਰ ਆਸ ਦੀ ਕਿਰਨ ਜਗਾਈ ਜਿਹੜੇ ਲੋਕ ਹੌਸਲਾ ਛੱਡੀ ਬੈਠੇ ਸਨ।ਸੁਰਿੰਦਪਾਲ ਸਿੰਘ ਓਬਰਾਏ ਦਾ ਜਨਮ ਸ੍ਰ.ਪ੍ਰੀਤਮ ਸਿੰਘ ਓਬਰਾਏ ਅਤੇ ਮਾਤਾ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਓਬਰਾਏ ਦੇ ਘਰ 13 ਅਪ੍ਰੈਲ 1956 ਨੂੰ ਨੰਗਲ ਟਾਊਨਸ਼ਿਪ ਜ਼ਿਲ੍ਹਾ ਰੂਪ ਨਗਰ ਵਿਖੇ ਹੋਇਆ। ਮੁੱਢਲੀ ਪੜ੍ਹਾਈ ਉਸ ਨੇ ਨੰਗਲ ਟਾਊਨ ਤੋਂ ਹੀ ਪ੍ਰਾਪਤ ਕੀਤੀ, 1972 ਦਸਵੀਂ ਕਰਕੇ ਤਲਵਾੜਾ ਤੋਂ ਆਈ.ਟੀ.ਆਈ.ਵਿੱਚ ਡੀਜ਼ਲ ਮਕੈਨਿਕ ਦਾ ਡਿਪਲੋਮਾ ਕਰ ਲਿਆ। ਉਸਦਾ ਵਿਆਹ ਸ਼੍ਰੀਮਤੀ ਮਨਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਸੁਖਦੀਪ ਸਿੰਘ ਅਤੇ ਅਮਨਿੰਦਰ ਸਿੰਘ ਹਨ। ਉਸ ਨੇ ਇੰਜਣ ਮਕੈਨਿਕ ਦੇ ਤੌਰ ਤੇ ਮਹਿਜ 19 ਸਾਲ ਦੀ ਉਮਰ ਵਿਚ 1975 ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ। ਬਾਅਦ ਵਿਚ ਉਸਨੇ 'ਪ੍ਰੀਤਮ ਸਿੰਘ ਐਂਡ ਸਨਜ਼' ਮੈਟੀਰੀਅਲ ਸਪਲਾਈ ਅਤੇ ਕੰਨਸਟਰਕਸ਼ਨ ਕੰਪਨੀ ਖੋਲ੍ਹ ਲਈ। ਇਸ ਕੰਪਨੀ ਰਾਹੀਂ ਉਨ੍ਹਾਂ ਬਹੁਤ ਵੱਡੇ ਪ੍ਰਾਜੈਕਟ ਜਿਵੇਂ ਕਿ ਨੈਸ਼ਨਲ ਹਾਈਵੇਜ਼, ਸੜਕਾਂ, ਪੁਲ ਅਤੇ ਬਿਆਸ ਤੋਂ ਗੋਇੰਦਵਾਲ ਸਾਹਿਬ ਤੱਕ ਰੇਲਵੇ ਲਾਈਨ ਆਦਿ ਮੁਕੰਮਲ ਕੀਤੇ। ਇਸ ਤੋਂ ਬਾਅਦ 1993 ਵਿਚ ਉਹ ਦੁਬਈ ਚਲੇ ਗਏ ਅਤੇ ਉਥੇ ਜਨਰਲ ਟਰੇਡਿੰਗ ਕੰਪਨੀ ਸਥਾਪਤ ਕਰ ਲਈ। 18 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ 'ਅਪੈਕਸ ਗਰੁਪ ਆਫ਼ ਕੰਪਨੀਜ਼' ਅਤੇ 'ਅਪੈਕਸ ਇੰਟਰਨੈਸ਼ਨਲ ਕਨਸਟਰਕਸ਼ਨ ਐਂਡ ਲੈਂਡ ਡੀਵਾਟਰਿੰਗ' ਸਥਾਪਤ ਕਰ ਲਈਆਂ। ਇਸ ਤੋਂ ਬਾਅਦ ਉਨ੍ਹਾਂ ਹੋਰ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਸਥਾਪਤ ਕੀਤੀਆਂ।ਉਨ੍ਹਾਂ ਦੁਬਈ ਵਿਖੇ 1998 ਵਿਚ 'ਦੁਬਈ ਗਰੈਂਡ' ਹੋਟਲ ਬਣਾਇਆ, ਇਹ ਹੋਟਲ ਅਪੈਕਸ ਗਰੁਪ ਦਾ ਹਿੱਸਾ ਹੀ ਹੈ। ਦੁਬਈ ਗਰੈਂਡ ਹੋਟਲ ਵਿੱਚ ਆਪਣੇ ਦੋਸਤਾਂ ਮਿਤਰਾਂ ਨੂੰ ਮੁਫਤ ਠਹਿਰਨ ਲਈ 50 ਕਮਰੇ ਰੱਖੇ ਗਏ ਹਨ। ਉਸ ਨੇ ਹੋਟਲ ਦੇ ਨਜ਼ਦੀਕ 150 ਦੇਸਾਂ ਦੇ ਕਿਰਤੀਆਂ ਲਈ ਘਰ ਬਣਾਏ ਜੋ ਘੱਟ ਕਿਰਾਏ 'ਤੇ ਦਿੱਤੇ ਜਾਂਦੇ ਹਨ। ਘੱਟ ਦਰਾਂ 'ਤੇ ਖਾਣਾ ਦੇਣ ਲਈ 13 ਰੈਸਟੋਰੈਂਟ ਬਣਾਏ ਗਏ ਹਨ। ਫ਼ਿਰ ਉਨ੍ਹਾਂ 'ਸਰਬਤ ਦਾ ਭਲਾ ਚੈਰੀਟੇਬਲ ਟਰੱਸਟ' ਬਣਾਈ ਅਤੇ ਉਹ ਇਸ ਦੇ ਮੈਨੇਜਿੰਗ ਟਰੱਸਟੀ ਹਨ। ਇਸ ਤੋਂ ਇਲਾਵਾ ਉਹ ਲਗਪਗ 20 ਸਵੈ-ਇਛਤ ਸੰਸਥਾਵਾਂ ਦੇ ਪ੍ਰਧਾਨ ਅਤੇ ਚੀਫ਼ ਪੈਟਰਨ ਹਨ, ਜਿਹੜੀਆਂ ਸਮਾਜ ਭਲਾਈ ਦੇ ਕੰਮ ਕਰ ਰਹੀਆਂ ਹਨ। ਉਹ ਬਹੁਤ ਹੀ ਫਰਾਕਦਿਲ ਇਨਸਾਨ ਹਨ। 15 ਸੂਬਿਆਂ ਵਿੱਚ ਸਰਬੱਤ ਦਾ ਭਲਾ ਟਰਸਟ ਦੇ ਦਫ਼ਤਰ ਖੋਲ੍ਹੇ ਗਏ ਹਨ, ਜਿਹੜੇ ਮਾਨਵਤਾ ਦੀ ਸੇਵਾ ਕਰ ਰਹੇ ਹਨ। 120 ਤੋਂ ਵੱਧ ਕਲੀਨਿੀਕਲ ਲਬਾਰਟਰੀਜ਼ ਅਤੇ ਡਾਇਗਨਾਸਟਿਕ ਸੈਂਟਰ ਵੱਖ-ਵੱਖ ਟੈਸਟਾਂ ਲਈ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਵਿੱਚ ਫ਼ੀਜੋਥੀਰਾਪੀ ਸੈਂਟਰ 7, ਡੈਂਟਲ ਕਲਿਨਿਕ 4, ਐਕਸਰੇਅ 1, ਡਾਇਲਿਸਿਸ ਸੈਂਟਰ 77 ਅਤੇ 295 ਡਾਇਲਿਸਿਸ ਮਸ਼ੀਨਾ ਸ਼ਾਮਲ ਹਨ। ਇਹ ਟਰੱਸਟ ਸਮਾਜ ਸੇਵਾ, ਵਿਦਿਆ, ਗ਼ਰੀਬ ਲੋੜਵੰਦਾਂ ਦੀ ਆਰਥਕ ਮਦਦ, ਸਿਹਤ ਸਹੂਲਤਾਂ, ਲੋੜਵੰਦਾਂ ਨੂੰ ਘਰ ਆਦਿ ਦੀ ਸੇਵਾ ਕਰ ਰਹੀ ਹੈ। ਇਸ ਟਰੱਸਟ ਨੇ ਹੁਣ ਤੱਕ 23 ਹਜ਼ਾਰ ਲੋੜਬੰਦ ਲੜਕੀਆਂ ਦੇ ਵਿਆਹਾਂ ਦਾ ਖ਼ਰਚਾ ਕੀਤਾ ਹੈ। ਸਪੈਸ਼ਲ ਬੱਚਿਆਂ ਲਈ 200 ਦੀ ਸਮਰੱਥਾ ਵਾਲਾ ਰਹਾਇਸ਼ੀ ਸਕੂਲ ਸਥਾਪਤ ਕੀਤਾ ਹੈ। ਇਨ੍ਹਾਂ ਸਪੈਸ਼ਲ ਬੱਚਿਆਂ ਦੀਆਂ ਜ਼ਰੂਰਤਾਂ ਲਈ ਹਰ ਸਾਲ 60 ਅਧਿਆਪਕਾਂ ਨੂੰ ਡਿਪਲੋਮਾ ਅਤੇ ਬੀ.ਐਡ. ਕਰਵਾਈ ਜਾਂਦੀ ਹੈ। ਇਕ ਏਕੜ ਥਾਂ ਖ੍ਰੀਦਕੇ 300 ਮੰਦ ਬੁਧੀ ਬੱਚਿਆਂ ਲਈ ਹੋਸਟਲ ਬਣਾਇਆ ਗਿਆ ਹੈ। 550 ਮੈਡੀਕਲ, ਇੰਜਨੀਅਰਿੰਗ, ਪੀ.ਐਚ.ਡੀ., ਆਦਿ ਕੋਰਸਾਂ ਲਈ ਮੁਫ਼ਤ ਪੜ੍ਹਾਈ ਕਰਵਾਈ ਗਈ, ਇੱਕ ਸਾਲ ਵਿਚ 1000 ਵਿਦਿਆਰਥੀਆਂ ਨੂੰ ਇਸ ਮੰਤਵ ਲਈ ਮਦਦ ਕਰਦੇ ਹਨ। ਉਨ੍ਹਾਂ ਆਪਣਾ ਸਮਾਜ ਸੇਵਾ ਦਾ ਖੇਤਰ ਸਾਰੀ ਦੁਨੀਆਂ ਵਿਚ ਸ਼ੁਰੂ ਕਰ ਦਿੱਤਾ ਹੈ। ਨੈਪਾਲ ਵਿਚ ਕਠਮੰਡੂ ਵਿਖੇ 40 ਯਤੀਮ ਬੱਚੇ ਅਡਾਪਟ ਕਰਕੇ ਉਨ੍ਹਾਂ ਦੀ ਪਾਲਣ ਪੋਸ਼ਣ ਪੜ੍ਹਾਈ ਦਾ ਪ੍ਰਬੰਧ ਕੀਤਾ ਅਤੇ ਉਥੇ ਹੀ 100 ਬੱਚਿਆਂ ਦੇ ਰਹਿਣ ਲਈ ਇੱਕ ਸੈਂਟਰ ਸਥਾਪਤ ਕੀਤਾ ਹੈ। ਸਲੱਮ ਏਰੀਆ ਵਿਚ ਰਹਿਣ ਵਾਲੇ 2500 ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ। ਭੁਚਾਲ ਤੋਂ ਪ੍ਰਭਾਵਤ ਲੋਕਾਂ ਲਈ ਮਕਾਨ ਉਸਾਰ ਕੇ ਦਿੱਤੇ ਹਨ। ਦੇਸ਼ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਬੰਦ 54 ਲੜਕਿਆਂ ਨੂੰ ਕਰੋੜਾਂ ਰੁਪਏ ਬਲੱਡ ਮਨੀ ਦੇ ਕੇ ਮੌਤ ਦੇ ਮੂੰਹੋਂ ਬਚਾਇਆ ਹੈ। ਵਿਦੇਸ਼ਾਂ ਵਿਚ ਫਸੇ 800 ਤੋਂ ਉਪਰ ਵਿਅਕਤੀਆਂ ਨੂੰ ਭਾਰਤ ਆਉਣ ਲਈ ਹਵਾਈ ਟਿਕਟਾਂ ਲੈ ਕੇ ਦਿੱਤੀਆਂ। ਵਿਦੇਸ਼ਾਂ ਵਿਚੋਂ ਹੀ ਮੰਦਭਗੇ ਵਿਅਕਤੀਆਂ ਦੀਆਂ 300 ਤੋਂ ਵੱਧ ਲਾਸ਼ਾਂ ਆਪਣੇ ਖ਼ਰਚੇ ਤੇ ਭਾਰਤ ਲਿਆਂਦੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ 10 ਹਜ਼ਾਰ ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ 100 ਸਵੈ-ਇੱਛਤ ਸੰਸਥਾਵਾਂ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਆਰਥਕ ਮਦਦ ਦਿੱਤੀ ਜਾ ਰਹੀ ਹੈ। 2750 ਵਿਧਵਾਵਾਂ ਅਤੇ ਓਲਡ ਏਜ ਪੈਨਸ਼ਨ ਹਰ ਮਹੀਨੇ 750 ਰੁਪਏ ਤੋਂ 2000 ਹਜ਼ਾਰ ਰੁਪਏ ਤੱਕ ਦਿੱਤੀ ਜਾਂਦੀ ਹੈ। ਕਾਲਜਾਂ, ਸਕੂਲਾਂ, ਜੇਲ੍ਹਾਂ, ਪਾਲੀਟਿਕਨਿਕਸ ਵਿਚ ਮੁਫਤ ਕੂਲਰ ਤੇ ਕੰਪਿਊਟਰ ਦਿੱਤੇ ਗਏ ਅਤੇ ਜੇਲ੍ਹਾਂ ਵਿੱਚ ਕਰੈਚ ਅਤੇ ਵਿਦਿਅਕ ਸੰਸਥਾਵਾਂ ਵਿੱਚ ਲੜਕੀਆਂ ਲਈ ਕਾਮਨ ਰੂਮ ਬਣਾਏ ਗਏ ਹਨ। ਭਾਂਖਰ ਪਿੰਡ ਵਿਚ ਸਨੀ ਉਬਰਾਏ ਸਾਇੰਸ ਅਤੇ ਕਮਰਸ ਬਲਾਕ ਬਣਵਾਇਆ ਗਿਆ ਹੈ। ਪੰਜਾਬੀ ਯੂਨੀਵਰਸਿਟੀ ਵਿਚ ਵੀ ਸਨੀ ਉਬਰਾਏ ਆਡੋਟੋਰੀਅਮ ਬਣਾਇਆ ਗਿਆ ਹੈ। ਪੰਜਾਬ ਦੇ 27 ਜ਼ਿਲ੍ਹਿਆਂ ਵਿਚ ਟਰੈਫ਼ਿਕ ਨਿਯਮਾਂ ਤੇ ਪਾਲਣਾ ਕਰਨ ਲਈ ਹਰ ਸਾਲ ਗੱਡੀਆਂ ਤੇ 50 ਲੱਖ ਰੇਡੀਅਮ ਰਿਫਲੈਕਟਰ ਲਗਾਏ ਜਾਂਦੇ ਹਨ। 669 ਅੱਖਾਂ ਦੇ ਕੈਂਪ ਲਗਾਕੇ 4850 ਵਿਅਕਤੀਆਂ ਨੂੰ ਮੁਫ਼ਤ ਲੈਨਜ਼ ਪਾਏ ਗਏ ਹਨ। 240 ਲੋੜਵੰਦ ਪਰਵਾਰਾਂ ਨੂੰ 250 ਘਰ ਬਣਾਕੇ ਦਿੱਤੇ ਅਤੇ ਸਿਕਲੀਗਰਾਂ ਲਈ 7 ਘਰ ਅਤੇ 10 ਹੋਰ ਫਲੈਟ ਬਣਾਏ ਜਾ ਰਹੇ ਹਨ। ਕੇਰਲਾ ਦੇ ਇੱਕ ਹਸਪਤਾਲ ਦਾ ਫਰਸ਼ ਬਣਾਇਆ ਅਤੇ ਇੱਕ ਐਲੀਵੇਟਰ ਦਾਨ ਕੀਤਾ। ਅੰਮ੍ਰਿਤਸਰ ਵਿਖੇ ਗੁਰਮਿਤ ਸੰਗੀਤ ਦੀ ਸਿਖਿਆ ਦਾ ਸਕੂਲ ਖੋਲ੍ਹਿਆ ਗਿਆ। ਪਟਿਆਲਾ ਦੇ ਸਾਕੇਤ ਹਸਪਤਾਲ ਵਿਚ 150 ਬੈਡਿੰਗ ਦਿੱਤੇ ਗਏ। ਦੁਬਈ ਵਿਚ ਵੀ ਖ਼ੂਨ ਦਾਨ ਕੈਂਪ ਲਗਾਏ ਗਏ।
ਉਨ੍ਹਾਂ ਦੀਆਂ ਸਮਾਜ ਸੇਵਾ ਵਿਚ ਕੀਤੀਆਂ ਸੇਵਾਵਾਂ ਬਦਲੇ ਲਗਪਗ ਦੇਸ਼ ਅਤੇ ਵਿਦੇਸ਼ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਸਨਮਾਨ ਕੀਤਾ ਗਿਆ ਹੈ। 'ਹਾਊਸ ਆਫ਼ ਲਾਰਡ ਲੰਡਨ', 'ਇੰਟਰਨੈਸ਼ਨਲ ਸਿਖ ਫ਼ੋਰਮ' ਵਲੋਂ ਉਸ ਦੀਆਂ ਸਮਾਜ ਸੇਵਾ ਦੀਆਂ ਸਰਗਰਮੀਆਂ ਕਰਕੇ 'ਸਿਖ ਆਫ਼ ਦਾ ਯੀਅਰ-2013 ਅਵਾਰਡ' ਦੇ ਕੇ ਲੰਡਨ ਵਿਖੇ ਸਨਮਾਨਿਆਂ ਗਿਆ। ਫਰਾਂਸ ਵਿਖੇ 'ਅੰਬੈਸਡਰ ਆਫ਼ ਪੀਸ' ਅਵਾਰਡ ਦਿੱਤਾ ਗਿਆ। ਇਸੇ ਤਰ੍ਹਾਂ ਸਾਏਬੋਰਗਾ ਦੀ ਸਰਕਾਰ ਵਲੋਂ ਉਨ੍ਹਾਂ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਭਾਰਤ ਵਿਚ ਉਨ੍ਹਾਂ ਨੂੰ ਸਾਏਬੋਰਗਾ ਦਾ 'ਆਨਰੇਰੀ ਕੌਨਸਲੇਟ ਜਨਰਲ' ਨਿਯੁਕਤ ਕੀਤਾ ਗਿਆ ਹੈ। ਇਹ ਮਾਣ ਲੈਣ ਵਾਲੇ ਉਹ ਪਹਿਲੇ ਭਾਰਤੀ ਹਨ। ਉਸ ਨੂੰ ਇੰਟਰਨੈਸ਼ਨਲ ਯੂਨੀਵਰਸਿਟੀ ਆਫ਼ ਫ਼ੰਡੇਮੈਂਟਲ ਸਟੱਡੀਜ਼ ਰੂਸ ਨੇ ਦਿਹਾਤੀ ਖੇਤਰ ਦੇ ਦੂਰ ਦਰਾਡੇ ਇਲਾਕਿਆਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁਕਣ ਲਈ ਕੀਤੇ ਕੰਮਾਂ ਕਰਕੇ ਆਨਰੇਰੀ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ। 150 ਤੋਂ ਉਪਰ ਵਿਅਕਤੀਆਂ ਨੂੰ ਫਾਂਸੀ ਹੋਣ ਤੋਂ ਬਲੱਡ ਮਨੀ ਦੇ ਕੇ ਰਿਹਾਈ ਕਰਵਾਈ ਹੈ। ਇਸ ਤੋਂ ਇਲਾਵਾ ਜੌਰਜੀਆ ਵਿੱਚ 13 ਦਸੰਬਰ ਨੂੰ ਇਕ ਰੈਸਟੋਰੈਂਟ ਵਿੱਚ ਮਾਰੇ ਗਏ 12 ਪੰਜਾਬੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਮਦਦ ਕੀਤੀ ਗਈ। ਪ੍ਰਭਾਵਤ ਪਰਿਵਾਰਾਂ ਨੂੰ ਆਰਥਿਕ ਮਦਦ ਕਰਨ ਦਾ ਵਾਅਦਾ ਕੀਤਾ ਹੈ। ਇਹ ਪੁਸਤਕ ਖਾਸ ਤੌ+ 'ਤੇ ਨੌਜਵਾਨਾ ਲਈ ਮਾਰਗ ਦਰਸ਼ਕ ਦਾ ਕੰਮ ਕਰੇਗੀ।
ਸੰਪਰਕ : ਸਰਬਜੀਤ ਸਿੰਘ ਛੀਨਾ: 7889039596