ਨੌਜਵਾਨ ਪੀੜ੍ਹੀ ਦੇ ਬਦਲਦੇ ਰੰਗ, ਸੋਸ਼ਲ ਮੀਡੀਆ ਦੇ ਸੰਗ ..-ਸਿੰਦਰ ਸਿੰਘ ਮੀਰਪੁਰੀ

- ਅਜੋਕੇ ਸਮੇਂ ਅੰਦਰ ਨੌਜਵਾਨ ਪੀੜੀ ਦੇ ਬਦਲਦੇ ਰੰਗਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਕੱਲ ਬਹੁਤ ਕੁਝ ਬਦਲ ਚੁੱਕਿਆ ਹੈ । ਨੌਜਵਾਨ ਪੀੜੀ ਦਾ ਜੇਕਰ ਆਪਾਂ ਅਗਲਾ ਪਿਛਲਾ ਇਤਿਹਾਸ ਫਰੋਲਣਾ ਹੋਵੇ ਤਾਂ ਬਹੁਤ ਕੁਝ ਬਦਲ ਗਿਆ ਹੈ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਸੋਸ਼ਲ ਮੀਡੀਆ ਨੇ ਆਪਣੇ ਪੈਰ ਪੂਰੀ ਦੁਨੀਆਂ ਵਿੱਚ ਪੂਰੀ ਤਰ੍ਹਾਂ ਪਸਾਰ ਲਏ ਹਨ ਹਰ ਇਨਸਾਨ ਸੋਸ਼ਲ ਮੀਡੀਆ ਰਾਹੀਂ ਆਪਣੇ ਮਨ ਦੀ ਗੱਲ ਅਤੇ ਹੋਰ ਭਾਵਨਾਵਾਂ ਚੰਗੀ ਤਰ੍ਹਾਂ ਪ੍ਰਗਟ ਕਰ ਸਕਦਾ ਹੈ । ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਹੋਣ ਦੀ ਬਜਾਏ ਇਨਸਾਨ ਇਸ ਦੀ ਦੁਰਵਰਤੋਂ ਕਰ ਰਹੇ ਹਨ ਸਾਡਾ ਅੱਜ ਦਾ ਵਿਸ਼ਾ ਸੋਸ਼ਲ ਮੀਡੀਆ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈ ਜੋ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਗ਼ਲਤ ਨੀਤੀਆਂ ਤੇ ਚੱਲ ਰਹੀ ਹੈ । ਬਾਕੀ ਮੁਲਕਾਂ ਦੀ ਤਰ੍ਹਾਂ ਕਨੇਡਾ ਦੀ ਧਰਤੀ ਅੰਦਰ ਵੀ ਸੋਸ਼ਲ ਮੀਡੀਆ ਨੇ ਆਪਣਾ ਸਿੱਕਾ ਪੂਰੀ ਤਰ੍ਹਾਂ ਜਮਾਇਆ ਹੋਇਆ ਹੈ ਹਰ ਨੌਜਵਾਨ ਦੇ ਹੱਥ ਵਿੱਚ ਸੋਸ਼ਲ ਮੀਡੀਆ ਦਾ ਹਥਿਆਰ ਹੈ ਉਹ ਚਾਹੁੰਦਾ ਹੈ ਕਿ ਜਿਵੇਂ ਸਾਰੇ ਫ਼ੈਸਲੇ ਉਸ ਨੇ ਹੀ ਕਰਨੇ ਹਨ । ਨੌਜਵਾਨ ਲੜਕੀਆਂ ਵੀ ਇਸ ਸਾਰੇ ਵਰਤਾਰੇ ਵਿੱਚ ਕਿਸੇ ਤੋਂ ਘੱਟ ਨਹੀਂ । ਪਹਿਲਾਂ ਅਸੀਂ ਸੁਣਦੇ ਸੀ ਕਿ ਨੌਜਵਾਨ ਸੋਸ਼ਲ ਮੀਡੀਆ ਤੇ ਗਲਤ ਢੰਗ ਨਾਲ ਪੇਸ਼ ਹੁੰਦੇ ਹਨ ਪਰ ਹੁਣ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ ।     ਅੱਜਕੱਲ੍ਹ ਸੋਸ਼ਲ ਮੀਡੀਅਾ ਦੀ ਇਕ ਐਪ ਟਿਕਟੌਕ ੳੁੱਤੇ ਲੜਕੀਆਂ ਵੱਲੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਜਿਸ ਨੂੰ ਵੇਖ ਕੇ ਹਰ ਇਨਸਾਨ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਸਾਡੀਆਂ ਲੜਕੀਆਂ ਕਿਸ ਰਸਤੇ ਤੇ ਚੱਲ ਪਈਆਂ ਹਨ ਕਿਸੇ ਦੀ ਵੀ ਸਮਝ ਵਿੱਚ ਨਹੀਂ ਆ ਰਿਹਾ ਨੌਜਵਾਨਾਂ ਨੂੰ ਅਸੀਂ ਦੋਸ਼ੀ ਗਰਦਾਨਦੇ ਹੁੰਦੇ ਸਾਂ ਪਰ ਹੁਣ ਕੁੜੀਆਂ ਨੇ ਜੋ ਕੁਝ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਉੱਤੇ ਪਾਇਆ ਹੈ ਉਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਸਹੀ ਨਹੀਂ ਠਹਿਰਾ ਸਕਦੇ । ਵ੍ਹੱਟਸਐਪ ਜਾਂ ਟਿੱਕਟੌਕ ਸਮੇਤ ਕਿੰਨੇ ਹੀ ਸਾਧਨਾ ਜ਼ਰੀਏ ਹਰ ਇਨਸਾਨ ਨੂੰ ਇਹੋ ਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਸ ਨਾਲ ਇਨਸਾਨ ਦਾ ਮਨ ਤਾਰ-ਤਾਰ ਹੋ ਜਾਂਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ । ਖਾਸ ਕਰ ਇਸ ਮਾਮਲੇ ਵਿੱਚ ਨੌਜਵਾਨ ਲੜਕੀਆਂ ਦੀ ਭੂਮਿਕਾ ਸ਼ੱਕੀ ਹੋਣ ਲੱਗਦੀ ਹੈ ਤਾਂ ਹਰ ਇਨਸਾਨ ਇਹ ਸੋਚਦਾ ਹੈ ਕਿ ਗੁਰੂਆਂ ਪੀਰਾਂ ਜਾਂ ਪੰਜਾਬ ਤੋਂ ਬਾਹਰ ਇਸ ਧਰਤੀ ਉੱਤੇ ਕੀ ਹੋ ਰਿਹਾ ਹੈ ।       ‎ਭਾਵੇਂ ਕਿ ਸੋਸ਼ਲ ਮੀਡੀਏ ਨੇ ਤਰੱਕੀ ਦੇ ਰਸਤੇ ਵਿੱਚ ਵੱਡੀਅਾਂ ਮੰਜ਼ਿਲਾਂ ਨੂੰ ਮਾਰਿਆ ਹੈ ਪਰ ਨਾਲ ਦੀ ਨਾਲ ਵਿਨਾਸ਼ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਨੌਜਵਾਨ ਪੀੜ੍ਹੀ ਕਿਸ ਰਸਤੇ ਤੇ ਜਾ ਰਹੀ ਹੈ ਕਹਿਣ ਦੀ ਲੋੜ ਨਹੀਂ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਾਰੇ ਵਰਤਾਰੇ ਵਿਚੋਂ ਨੌਜਵਾਨ ਪੀੜ੍ਹੀ ਨੂੰ ਮਿਲਦਾ ਕੀ ਹੈ ਇਹ ਕਹਿਣ ਦੀ ਲੋੜ ਨਹੀਂ । ਸਿਵਾਏ ਬਦਨਾਮੀ ਅਤੇ ਕੰਡਿਆਂ ਦੇ ਕੁਝ ਵੀ ਨਸੀਬ ਨਹੀਂ ਹੁੰਦਾ । ਇੱਕ ਲੜਕੀ ਵੱਲੋਂ ਟਿੱਕ ਟੌਕ ਤੇ ਪਾਈ ਵੀਡੀਓ ਵੇਖ ਰਿਹਾ ਸਾਂ ਤਾਂ ਮਨ ਦੀ ਅਸ਼ਾਂਤੀ ਭੰਗ ਹੋ ਗਈ ਕਿ ਅਸੀਂ ਗੁਰੂਆਂ ਦੀ ਔਲਾਦ ਅਖਵਾਉਣ ਦੇ ਕਾਬਲ ਨਹੀਂ ਹਾਂ ਉਹ ਵੀਡੀਓ ਇਨ੍ਹੀਂ ਭੱਦੀ ਸੀ ਕਿ ਮੈਂ ਦੱਸ ਨਹੀਂ ਸਕਦਾ । ਇਹ ਵਰਤਾਰਾ ਅੱਜ ਆਮ ਅਤੇ ਵੱਡੀ ਪੱਧਰ ਤੇ ਚੱਲ ਚੁੱਕਿਆ ਹੈ ਮਾਂ ਪਿਉ ਦਾ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਹੈ ਪਰ ਨੌਜਵਾਨ ਪੀਡ਼੍ਹੀ ਹਟ ਨਹੀਂ ਰਹੀ । ਪਹਿਲੇ ਸਮਿਆਂ ਵਿੱਚ ਸੁਣਦੇ ਸਾਂ ਕਿ ਕੁੜੀਆਂ ਸਿਰ ਨੰਗਾ ਕਰਨ ਤੋਂ ਵੀ ਡਰਦੀਆਂ ਸੀ ਪਰ ਬਿਲਕੁਲ ਉਲਟ ਹੋ ਰਿਹਾ ਹੈ ।          ‎ਇਸ ਸਾਰੇ ਘਟਨਾਕ੍ਰਮ ਦਾ ਇੱਕ ਅਹਿਮ ਪਹਿਲੂ ਇਹ ਵੀ ਹੈ ਕਿ ਜੇਕਰ ਕੋਈ ਨੌਜਵਾਨ ਜਾਂ ਸਿਆਣਾ ਬੰਦਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗਾਲੀ ਗਲੋਚ ਜਾਂ ਮੰਦਾ ਇਨ੍ਹਾਂ ਬੋਲਿਆ ਜਾਂਦਾ ਹੈ ਕਿ ਉਹ ਮੁੜ ਕੇ ਕੁਝ ਪੁੱਛਣ ਦਾ ਹੀਆ ਵੀ ਨਾ ਕਰ ਸਕੇ । ਆਖ਼ਰ ਲੜਕੀਆਂ ਨੂੰ ਆਪਣੇ ਸਰੀਰ ਦੀ ਨੁਮਾਇਸ਼ ਕਰ ਕੇ ਮਿਲਦਾ ਕੀ ਹੈ ਇਹ ਗੱਲ ਅੱਜ ਤਕ ਕਿਸੇ ਦੇ ਸਮਝ ਨਹੀਂ ਆਈ ਸਾਡੇ ਗੁਰੂ ਸਾਹਿਬਾਨ ਨੇ ਔਰਤ ਨੂੰ ਪਵਿੱਤਰਤਾ ਦਾ ਦਰਜਾ ਦਿੰਦਿਆਂ ਬਹੁਤ ਉੱਤੇ ਉੱਚੇ ਰੁਤਬੇ ਨਾਲ ਨਿਵਾਜਿਆ ਹੈ ਪਰ ਆਖ਼ਰ ਅਸੀਂ ਸਿੱਧ ਕੀ ਕਰਨਾ ਚਾਹੁੰਦੇ ਹਾਂ । ਜੇਕਰ ਅਸੀਂ ਆਪਣੇ ਇਤਿਹਾਸ ਤੇ ਝਾਤ ਮਾਰੀਏ ਤਾਂ ਸਾਨੂੰ ਕੁਝ ਸਮਝਣ ਦੀ ਦੇਰ ਨਾ ਲੱਗੇ ਪਰ ਅਸੀਂ ਇਤਿਹਾਸ ਜਾਂ ਗੁਰਬਾਣੀ ਪੜ੍ਹਦੇ ਕਿੱਥੇ ਆਂ ਅਸੀਂ ਤਾਂ ਸਵਾਏ ਸੋਸ਼ਲ ਮੀਡੀਆ ਦੇ ਮੋਢਿਆਂ ਤੇ ਸਵਾਰ ਹੋਣ ਤੋਂ ਹੋਰ ਕੁਝ ਵੀ ਨਹੀਂ ਕਰਦੇ ।   ‎ਵਿਦੇਸ਼ਾਂ ਅੰਦਰ ਵੀ ਬਹੁਤ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ ਹੱਕ ਸੱਚ ਦੀ ਕਮਾਈ ਕਰਕੇ ਅੱਗੇ ਵਧਣ ਦੀ ਜੋ ਯੋਜਨਾ ਬਣਾ ਰਹੇ ਹਨ ਉਨ੍ਹਾਂ ਨੂੰ ਵੀ ਇਸ ਵਰਤਾਰੇ ਨਾਲ ਧੱਕਾ ਲੱਗਦਾ ਹੈ । ਕਿਉਂਕਿ ਜੇਕਰ ਇੱਕ ਮੱਝ ਲਿੱਬੜੀ ਹੋਵੇਗੀ ਤਾਂ ਉਹ ਬਾਕੀਆਂ ਨੂੰ ਵੀ ਲਬੇੜ ਦੇਵੇਗੀ ਇਹੀ ਕੁਝ ਵਿਦੇਸ਼ਾਂ ਅੰਦਰ ਵਾਪਰ ਰਿਹਾ ਹੈ ਜੋ ਬੇਹੱਦ ਮਾੜਾ ਹੈ । ਅਸੀਂ ਕਮਾਈਆਂ ਕਰਕੇ ਆਪਣੇ ਮਾਂ ਪਿਉ ਦਾ ਸਿਰ ਉੱਚਾ ਕਰਨ ਵਾਲੇ ਲੋਕ ਸਾਂ ਪਰ ਅਸੀਂ ਕਿੱਧਰ ਨੂੰ ਤੁਰ ਪਏ । ਸਿਤਮ ਦੀ ਗੱਲ ਹੈ ਕਿ ਲੜਕੀਆਂ ਇਸ ਮਾਮਲੇ ਵਿਚ ਬਿਨਾਂ ਰੋਕ ਟੋਕ ਅੱਗੇ ਵਧ ਰਹੀਆਂ ਹਨ । ਪਿਛਲੇ ਦਿਨੀਂ ਕਿਸੇ ਲੜਕੀ ਦੀ ਜਾਰੀ ਹੋਈ ਵੀਡੀਓ ਨੇ ਕਿੰਨੇ ਮਾਪਿਆਂ ਦੇ ਦਿਲਾਂ ਨੂੰ ਸੱਟ ਮਾਰੀ ਹੋਵੇਗੀ ਕਹਿਣ ਦੀ ਲੋੜ ਨਹੀਂ ਪਰ ਉਸ ਲੜਕੀ ਵੱਲੋਂ ਜੋ ਕੁਝ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਉਸ ਨੂੰ ਸਾਡਾ ਸਮਾਜ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰ ਸਕਦਾ ਇਹ ਗਲਤ ਗੱਲ ਹੈ । ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਹਨ ਜਿਸ ਨੇ ਮਾਪਿਆਂ ਦਾ ਸਿਰ ਨੀਵਾਂ ਕੀਤਾ ਹੈ ।    ਭਾਵੇਂ ਸੋਸ਼ਲ ਮੀਡੀਆ ਸਾਡੇ ਸੰਸਾਰ ਅੰਦਰ ਵੱਡੇ ਪੱਧਰ ਤੇ ਫੈਲ ਚੁੱਕਿਆ ਹੈ ਪਰ ਇਸ ਦੀਆਂ ਊਣਤਾਈਆਂ ਵੀ ਨਾਲੋਂ ਨਾਲ ਫੈਲ ਰਹੀਆਂ ਹਨ । ਸੋ ਆਉ ਵਾਪਸ ਪਰਤੀਏ ਅਸੀਂ ਗੁਰੂ ਸਾਹਿਬਾਨ ਦੀ ਦਿੱਤੀ ਸਿੱਖਿਆ ਨੂੰ ਜੇਕਰ ਥੋੜ੍ਹਾ ਵੀ ਧਿਆਨ ਰੱਖ ਕੇ ਪੜ੍ਹੀਏ ਅਤੇ ਸੁਣੀਏ ਤਾਂ ਅਸੀਂ ਅੱਗੇ ਵਧ ਸਕਦੇ ਹਾਂ । ਸਾਡਾ ਇਹ ਵਰਤਾਰਾ ਨਹੀਂ ਸਾਡੀ ਸੋਚ ਉੱਚੀ ਹੋਣੀ ਚਾਹੀਦੀ ਹੈ ਮਾਪੇ ਵਿਦੇਸ਼ਾਂ ਅੰਦਰ ਕਮਾਈ ਕਰਦੇ ਹਨ ਪਰ ਬੱਚੇ ਮਗਰੋਂ ਘਰਾਂ ਵਿੱਚ ਬੈਠ ਕੇ ਕੀ ਕਰਦੇ ਹਨ ਇਹ ਵੀ ਇੱਕ ਵੱਖਰਾ ਵਿਸ਼ਾ ਹੈ । ਖ਼ਾਸਕਰ ਨੌਜਵਾਨ ਲੜਕੀਆਂ ਵੱਲੋਂ ਜੋ ਸੋਸ਼ਲ ਮੀਡੀਆ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹ ਵਿਨਾਸ਼ ਦਾ ਵੱਡਾ ਕਾਰਨ ਹੋਵੇਗਾ । ਸਿਰਾਂ ਤੇ ਦੁਪੱਟੇ ਲੈ ਕੇ ਪੰਜਾਬ ਦੀਆਂ ਰਾਣੀਆਂ ਧੀਆਂ ਸਚਮੁੱਚ ਰਾਣੀਆਂ ਬਣਕੇ ਪੇਸ਼ ਆਉਣ ਤਾਂ ਕਿੰਨਾ ਚੰਗਾ ਹੋਵੇਗਾ । ਬਿਨਾਂ ਸ਼ੱਕ ਇਹ ਵਰਤਾਰਾ ਇੱਕ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ । ਸੋਸ਼ਲ ਮੀਡੀਅਾ ਦੀ ਚੰਗੀ ਵਰਤੋਂ ਕਰੀਏ ਤਾਂ ਚੰਗੇ ਰਹਾਂਗੇ ਨਹੀਂ ਤਾਂ ਤਬਾਹੀ ਵੱਲ ਧੱਕੇ ਜਾਵਾਂਗੇ ਸਾਡੇ ਬੱਚੇ ਕਿੱਧਰ ਜਾ ਰਹੇ ਹਨ ਮਾਪਿਆਂ ਨੂੰ ਵੀ ਸਮਝਣ ਦੀ ਲੋੜ ਹੈ ।
          ਲੇਖਕ-ਸਿੰਦਰ ਸਿੰਘ ਮੀਰਪੁਰੀ
          ‎ ਫਰਿਜ਼ਨੋ ਯੂ.ਐਸ.ਏ.
          ‎5592850841
                  ‎