> ਸ੍ਰੀ ਅਕਾਲ ਤਖਤ ਸਹਿਬ ਦਾ ਫੈਸਲਾ,ਸਿੱਖ ਸੰਸਥਾਵਾਂ ਦਾ ਵਕਾਰ ਅਤੇ ਰਾਜਨੀਤੀ> ਬਘੇਲ ਸਿੰਘ ਧਾਲੀਵਾਲ

> ਪਿਛਲੇ ਦਿਨਾਂ ਤੋ ਜਦੋ ਤੋ ਬਹਿਰੀਨ ਵਾਲੀ ਬੀਬੀ ਦੀ ਅਮਰਜੀਤ ਸਿੰਘ ਚਾਵਲੇ ਸਮੇਤ ਸਰੋਮਣੀ ਕਮੇਟੀ ਦੇ ਕੁੱਝ ਹੋਰ ਮੁਲਾਜਮਾਂ ਤੇ ਲਾਏ ਗਏ ਸਿੱਧੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਸਿੱਖ ਸਿਆਸਤ ਲੜਖੜਾਈ ਮਹਿਸੂਸ ਹੋਈ।ਸਿੱਖ ਕਿਰਦਾਰ ਤੇ ਉੱਠੀ ਉਂਗਲ ਹਰ ਸਿੱਖ ਨੂੰ ਆਪਣੇ ਵੱਲ਼ ਉਠਦੀ ਜਾਪੀ।ਸਿੱਖ ਸਿਧਾਂਤਾਂ ਦਾ ਮਜਾਕ ਉਡਦਾ ਪਰਤੀਤ ਹੋਇਆ।ਹੋਣਾ ਵੀ ਸੀ,ਕਿਉਕਿ ਜਿੰਨਾਂ ਸੰਸਥਾਵਾਂ ਨੇ ਗੁਰੂ ਦੇ ਸਿਧਾਂਤ ਦੀ ਰਾਖੀ ਕਰਨੀ ਸੀ,ਉਹ ਖੁਦ ਸਿਧਾਂਤਹੀਣ ਹੋ ਗਈਆਂ।ਜਿੰਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾ ਕੇ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣਾ ਸੀ,ਉਹਨਾਂ ਤੇ ਵਿਭਚਾਰੀ ਹੋਣ ਦੇ ਦੋਸ਼ ਲੱਗਣ ਲੱਗ ਗਏ।ਜਿੰਨਾਂ ਸਿੱਖੀ ਸਿਧਾਂਤਾਂ ਕਰਕੇ ਸਿੱਖ ਪੰਥ ਨੂੰ ਮਜਲੂਮਾਂ ਦਾ ਰਾਖਾ,ਗੈਰ ਬਹੂ ਬੇਟੀਆਂ ਦੀਆਂ ਇਜਤਾਂ ਦੀ ਰਾਖੀ ਖਾਤਰ ਜਾਨਾਂ ਕੁਰਬਾਨ ਕਰਨ ਵਾਲਾ ਸਮਝਿਆ ਜਾਂਦਾ ਸੀ,ਉਸ ਪੰਥ ਦੇ ਖੈਰ ਖਵਾਹ ਖੁਦ ਹੀ  ਇੱਜਤਾਂ ਦੇ ਡਕੈਂਤ ਪਰਤੀਤ ਹੋਣ ਲੱਗੇ ਹਨ।ਸੋ ਇਹ ਸਮੁੱਚੀ ਨਮੋਸੀ ਵਾਲਾ ਵਰਤਾਰਾ  ਕੋਈ ਇੱਕ ਦਿਨ ਵਿੱਚ ਪੈਦਾ ਨਹੀ ਹੋਇਆ।ਇਸ ਵਰਤਾਰੇ ਨੂੰ  ਵਾਪਰਦਿਆਂ ਅਰਸਾ ਬੀਤ ਗਿਆ ਹੈ।ਕਦੇ ਸਮਾ ਸੀ ਜਦੋ ਮੱਸੇ ਰੰਘੜ ਵਰਗਿਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਦਾ ਹੌਸਲਾ ਕੀਤਾ ਸੀ,ਪਰ ਉਦੋ ਸਿੱਖਾਂ ਲਈ ਸਭ ਤੋ ਮਾਣ ਵਾਲੀ ਗੱਲ ਇਹ ਸੀ ਕਿ ਉਦੋ ਸਿੱਖ ਜੰਗਲਾਂ ਵਿੱਚ ਰਹਿ ਕੇ ਵੀ ਕਿਰਦਾਰ ਦੇ ਪਾਕਿ ਪਵਿੱਤਰ ਰਹੇ ਕਿਉਂਕਿ ਉਸ ਮੌਕੇ ਦੇ ਸਿੱਖ ਗੁਰੂ ਨੂੰ ਆਪਣੇ ਕਰੀਬ ਸਮਝਦੇ ਸਨ,ਹਾਜਰ ਨਾਜ਼ਰ ਸਮਝਦੇ ਸਨ।ਇਹੋ ਤਾਕਤ ਉਹਨਾਂ ਨੂੰ ਸੈਕੜੇ ਮੀਲਾਂ ਤੋ ਚੱਲ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਦੋਸ਼ੀ ਨੂੰ ਸਜਾ ਦੇਣ ਲਈ ਹਿੰਮਤ ਹੌਸਲਾ ਦਲੇਰੀ ਅਤੇ ਉਤਸਾਹ ਬਖਸਦੀ ਸੀ।ਲਿਹਾਜ਼ਾ ਲੱਖੀ ਦੇ ਜੰਗਲਾਂ ਚੋ ਆਏ ਦੋ ਸਿੱਖ ਨੌਜਵਾਨਾਂ ਨੇ ਮੱਸੇ ਦਾ ਗਲ ਵੱਢ ਕੇ ਜਾ ਆਪਣੇ ਜਥੇਦਾ੍ਰ ਦੇ ਪੈਰਾਂ ਵਿੱਚ ਸੁੱਟ ਦਿੱਤਾ ਸੀ।ਇਹ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੀ ਸੀ।ਜਿੰਨਾਂ ਨੇ ਗੁਰੂ ਨੂੰ ਅੰਗ ਸੰਗ ਸਮਝਿਆ ਉਹਨਾਂ ਨੇ ਆਪਣੇ ਪਵਿੱਤਰ ਅਸਥਾਨਾਂ ਦੀ ਰਾਖੀ ਖਾਤਰ ਸਿਰ ਕੱਟੇ ਜਾਣ ਦੇ ਬਾਅਦ ਲੜਨਾ ਨਹੀ ਛੱਡਿਆ,ਕਿਉ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਰਦਾਸ ਕਰਕੇ ਤੁਰੇ ਸਨ,ਜਿੰਨਾਂ ਨੇ ਅਰਦਾਸ ਚ ਕੀਤੇ ਬਚਨ ਪੁਗਾਕੇ ਦੁਨੀਆਂ ਨੂੰ ਇਹ ਸੰਦੇਸ ਦਿੱਤਾ ਕਿ ਸਿੱਖਾਂ ਦੇ ਗੁਰੂ ਦੀ ਤਾਕਤ ਦਾ ਕੋਈ ਸਾਨੀ ਨਹੀ,ਜੇਕਰ ਸਿੱਖ ਅਤੇ ਗੁਰੂ ਇੱਕ ਮਿਕ ਹੋਣ , ਤਾਂ ਅੱਸੀਆਂ ਸਾਲਾਂ ਦੇ ਬਾਬਾ ਦੀਪ ਸਿੰਘ ਵਰਗੇ ਬਜੁਰਗ ਕੱਟਿਆ ਸੀਸ ਤਲੀ ਤੇ ਰੱਖ ਕੇ ਜਾ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋ ਜਾਂਦੇ ਹਨ।ਸੋ ਅਜਿਹੇ ਅਲੌਕਿਕ ਕਾਰਨਾਮੇ ਸਿੱਖਾਂ ਦੀ ਵਿਰਾਸਤ ਹਨ।ਪਰ ਇਹ  ਵੀ ਸੱਚ ਹੈ ਕਿ ਨਰੈਣੂ ਮਹੰਤ ਵਰਗੇ ਦੁਸ਼ਟਾਂ ਤੋ ਬਾਅਦ ਵੀ ਉਹਨਾਂ ਦੇ ਵਾਰਸ ਸਿੱਖਾਂ ਵਿੱਚ ਪੈਦਾ ਹੁੰਦੇ ਰਹੇ ਹਨ, ਜਿੰਨਾਂ ਨੇ ਸਿੱਖੀ ਵਿਰਾਸਤ ਨੂੰ ਮਜਾਕ ਦਾ ਪਾਤਰ ਬਣਾ ਦਿੱਤਾ।ਉਸ ਸਮੇ ਤੋ ਬਾਅਦ ਮੌਜੂਦਾ ਸਮੇ ਤੱਕ ਆਉਂਦਿਆਂ ਸਿੱਖਾਂ ਦੇ ਗੁਰੂ ਤੋ ਬੇਮੁੱਖ ਹੋਏ ਆਗੂਆਂ ਦੀ ਬਦੌਲਤ ਆਪਣੇ ਕਿਰਦਾਰ ਤੇ ਇੱਕ ਨਹੀ ਅਨੇਕਾਂ ਦਾਗ ਲਵਾ ਲਏ।ਲਿਹਾਜ਼ਾ ਨਰੈਣੂ ਮਹੰਤ ਤੋ ਲੈ ਕੇ ਅੱਜ ਤੱਕ ਦਾ ਵਿਰਤਾਂਤ ਆਪਸ ਵਿੱਚ ਕਾਫੀ ਮਿਲਦਾ ਜੁਲਦਾ ਦਿਖਾਈ ਦੇ ਰਿਹਾ ਹੈ। ਸਵਾਲ ਇਹ ਨਹੀ ਕਿ ਬੀਬੀ ਦਾ ਕਿਰਦਾਰ ਕਿਹੋ ਜਿਹਾ ਹੈ,ਬਲਕਿ ਸਵਾਲ ਤਾਂ ਇਹ ਹੈ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਦਾ ਕਿਰਦਾਰ ਕਿੰਨਾਂ ਨੀਚ,ਕਿੰਨਾ ਹੌਲਾ,ਕਿੰਨਾ ਬੇਰਹਿਮ ਅਤੇ ਕਿੰਨਾ ਗਰਕ ਚੁੱਕਾ ਹੈ।ਭਾਵੇ ਸਿੰਘ ਸਾਹਿਬਾਨ ਵੱਲੋਂ ਅਮਰਜੀਤ ਸਿੰਘ ਚਾਵਲਾ ਅਤੇ ਇੱਕ ਹੋਰ ਵਿਅਕਤੀ ਨੂੰ ਬਜ਼ਰ ਕੁਰਿਹਤਾਂ ਬਦਲੇ ਪੰਥ ਚੋ ਖਾਰਜ ਕਰ ਦਿੱਤਾ ਹੈ,ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕਿਉਂ ਨਹੀ ਕੀਤਾ ਗਿਆ ਜਿਸ ਦੀ ਸਰਪ੍ਰਸਤੀ ਤੋ ਬਗੈਰ ਅਜਿਹਾ ਕੁੱਝ ਵੀ ਵਾਪਰਨਾ ਬੇਹੱਦ ਅਸੰਭਵ ਹੈ।ੳਸਨੂੰ ਤਲਬ ਕਰਕੇ ਇਹ ਕਿਉਂ ਨਹੀ ਪੁੱਛਿਅ ਜਾ ਰਿਹਾ ਕਿ ਉਸ ਬੀਬੀ ਨੂੰ ਐਨੀਆਂ ਸਹੂਲਤਾਂ ਪਰਦਾਨ ਕਰਨ ਪਿੱਛੇ ਦੀ ਮਣਸਾ ਕੀ ਸੀ।ਇਹਦੇ ਵਿੱਚ ਇਕੱਲਾ ਚਾਵਲਾ ਦੋਸ਼ੀ ਨਹੀ ਬਲਕਿ ਉਹ ਸਾਰੇ ਬਰਾਬਰ ਦੇ ਦੋਸ਼ੀ ਹਨ ਜਿੰਨਾਂ ਦੇ ਦਸਤਖਤਾਂ ਹੇਠ ਅਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਰਹੀਆਂ ਹਨ।ਜਿੰਨਾਂ ਨੇ ਉਸ ਬੀਬੀ ਨੂੰ ਬਹਿਰੀਨ ਤੋ ਲਿਆ ਕੇ ਸਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਰੱਖ ਕੇ ਉਹਦੀ ਮਹਿਮਾਨ ਨਿਵਾਜੀ ਚ ਕੋਈ ਕਸਰ ਨਹੀ ਛੱਡੀ।ਅਜੇ ਇਹ ਮਾਮਲਾ ਕਿਸੇ ਬੰਨੇ ਨਹੀ ਲੱਗਿਆ ਇੱਕ ਹੋਰ ਸਰੋਮਣੀ ਕਮੇਟੀ ਮੈਬਰ ਦੀ ਅਜਿਹੀ ਹੀ ਕਰਤੂਤ ਦਾ ਸੱਚ ਸ਼ੋਸ਼ਲ ਮੀਡੀਏ ਤੇ ਸਿੱਖ ਪੰਥ ਨੂੰ ਸ਼ਰਮਸਾਰ ਕਰ ਰਿਹਾ ਹੈ। ਵਾਹਿਗੁਰੂ ਮਿਹਰ ਕਰੇ ਕਿ ਉਹ ਵੀਡੀਓ ਝੂਠੀ ਹੋਵੇ,ਨਹੀ ਤਾਂ ਸਿੱਖ ਆਗੂਆਂ ਇਖਲਾਕੋਂ ਗਿਰੇ ਕਿਰਦਾਰ ਦੀ ਨਮੋਸ਼ੀ ਕੌਂਮ ਨੂੰ ਦੁਨੀਆਂ ਸਾਹਮਣੇ ਹੋਰ ਵੀ ਸ਼ਰਮਸ਼ਾਰ ਕਰੇਗੀ।ਸਵਾਲ ਇਹ ਵੀ ਹੈ ਕਿ ਜਿਹੜੀ ਕਾਰਵਾਈ ਸਿੰਘ ਸਾਹਿਬਾਨ ਵੱਲੋਂ ਹੁਣ ਬੇਹੱਦ ਕਾਹਲ ਵਿੱਚ ਕੀਤੀ ਗਈ ਹੈ,ਇਹ ਉਦੋ ਕਿਉਂ ਨਹੀ ਕੀਤੀ ਗਈ ਜਦੋ ਬੀਬੀ ਨੇ ਜਥੇਦਾਰ ਸਾਹਿਬ ਤੱਕ ਪਹੁੰਚ ਕਰਕੇ ਸ਼ਿਕਾਇਤ ਕੀਤੀ ਸੀ। ਸੋ ਅਜਿਹੇ ਅਨੇਕਾਂ ਸਵਾਲਾਂ ਦਾ ਜਵਾਬ ਸਿੰਘ ਸਾਹਿਬ ਨੂੰ ਗੁਰੂ ਨੂੰ ਹਾਜਰ ਨਾਜਰ ਮੰਨਕੇ ਦੇਣਾ ਪਵੇਗਾ,ਤਾਂ ਹੀ ਭਰੋਸੇ ਦੀ ਕੱਚੀ ਡੋਰ ਟੁੱਟਣ ਤੋ ਬਚ ਸਕੇਗੀ।ਹੁਣ ਮਾਮਲੇ ਨੇ ਨਵਾਂ ਮੋੜ ਇਸ ਕਰਕੇ ਲੈ ਲਿਆ ਹੈ ਜਾਂ ਦਵਾਇਆ ਗਿਆ ਹੈ,ਕਿਉਂਕਿ ਬੀਬੀ ਆਪਣੇ ਪਹਿਲੇ ਬਿਆਨਾਂ ਤੋ ਕੁੱਝ ਕੁ ਪਾਸੇ ਹੋ ਗਈ ਹੈ।ਉਹਦੇ ਵੱਲੋਂ  ਜਾਰੀ ਕੀਤੀ ਗਈ ਨਵੀ ਵੀਡੀਓ ਸਪੱਸਟ ਕਰਦੀ ਹੈ ਕਿ ਬੀਬੀ ਨਾਲ ਕੋਈ ਸਮਝੌਤਾ ਸਹੀਬੱਧ ਹੋ ਚੁੱਕਾ ਹੈ,ਜਿਸ ਵਿੱਚ ਸੱਪ ਨੂੰ ਮਾਰ ਕੇ ਸੋਟਾ ਬਚਾਉਣ ਦੀ ਕੋਸ਼ਿਸ਼  ਕੀਤੀ ਗਈ ਹੈ।ਸਰੋਮਣੀ ਕਮੇਟੀ ਪ੍ਰਧਾਨ ਅਤੇ ਸਿੰਘ ਸਾਹਿਬ ਤੇ ਲਾਏ ਗਏ ਦੋਸ਼ਾਂ ਵਾਲੇ ਆਪਣੇ ਪਹਿਲੇ ਬਿਆਨਾਂ ਤੋ ਪਾਸਾ ਪਰਤਦਿਆਂ ਬੀਬੀ ਨੇ ਬੜੀ ਚਲਾਕੀ ਨਾਲ ਇਹ ਕਹਿੰਦਿਆਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਵੱਲੋ ਮੈਨੂੰ ਬਹੁਤ ਸਤਿਕਾਰ ਦਿੱਤਾ ਗਿਆ ਸੀ ਅਤੇ ਪੁਲਿਸ ਰਿਪੋਰਟ ਕਰਵਾਉਣ ਲਈ ਕਿਹਾ ਗਿਆ ਸੀ।ਸੋ ਮਾਮਲਾ ਬਹੁਤਾ ਗੁੰਜਲ਼ਦਾਰ ਨਹੀ ਹੈ,ਪਰ ਇੱਕ ਪਾਸੇ ਸੂਬਾ ਸਰਕਾਰ ਹੈ ਜਿਹੜੀ ਇਸ ਮਾਮਲੇ ਦੇ ਜਰੀਏ ਸ੍ਰੀ ਅਕਾਲ ਤਖਤ ਸਾਹਬ ਤੋ ਆਪਣਾ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਲਾਹਾ ਲੈਣਾ ਚਹੁੰਦੀ ਹੈ।ਦੂਜੇ ਪਾਸੇ ਅਕਾਲੀ ਆਗੂ,ਸਰੋਮਣੀ ਕਮੇਟੀ ਅਤੇ ਸ੍ਰੀ ਅਕਲ ਤਖਤ  ਸਾਹਿਬ ਦਾ ਵਕਾਰ ਦਾਅ ਤੇ ਲੱਗਾ ਹੋਇਆ ਹੈ।ਦੇਖਣਾ ਇਹ ਹੋਵੇਗਾ ਕਿ ਸਿੱਖ ਪੰਥ ਅੰਦਰ ਪੈਦਾ ਹੋਈ ਨਮੋਸ਼ੀ ਨੂੰ ਦੂਰ ਕਿਵੇਂ ਕੀਤਾ ਜਵੇਗਾ।ਕੀ ਸਿੰਘ ਸਾਹਿਬ ਆਪਣੇ ਸਪੱਸਟੀਕਰਨ ਸਮੇਤ ਕੋਈ ਅਜਿਹਾ ਸਖਤ ਕਦਮ ਪੁੱਟਣ ਦਾ ਹੌਸਲਾ ਕਰ ਸਕਣਗੇ,ਜੀਹਦੇ ਨਾਲ ਸਿੱਖਾਂ ਦਾ ਭਰੋਸ਼ਾ ਮੁੜ ਤੋ ਬਹਾਲ ਹੋ ਸਕੇ ਅਤੇ ਸਿੱਖ ਸੰਸਥਾਵਾਂ ਵਿੱਚ ਆਈ ਗਿਰਾਵਟ ਨੂੰ ਮੁੜ ਗੁਰੂ ਆਸ਼ੇ ਅਨੁਸਾਰ ਦੂਰ ਕਰਕੇ ਸਿੱਖੀ ਅਤੇ ਸਿੱਖ ਕਿਰਦਾਰ ਵਿੱਚ ਸ਼ਰਧਾ ਸਤਿਕਾਰ ਰੱਖਣ ਵਾਲੇ ਗੈ੍ਰ ਸਿੱਖਾਂ ਦੇ ਮਨਾਂ ਚ ਪੈਦਾ ਹੋਏ ਸਿੱਖ ਕਰਦਾਰ ਪ੍ਰਤੀ ਸ਼ੱਕੀ ਤੌਖਲੇ ਨੂੰ  ਦੂਰ ਕੀਤਾ ਜਾ ਸਕੇ।
> ਬਘੇਲ ਸਿੰਘ ਧਾਲੀਵਾਲ