ਭਵਿੱਖ ਦੇ ਅਗਲੇ ਇਮਤਿਹਾਨ ਲਈ ਕਿਹੜਾ ਪੱਖ ਸੋਚਣ ਦੀ ਲੋੜ ਹੈ ਸਾਡੇ ਲੋਕਾਂ ਨੂੰ! - ਜਤਿੰਦਰ ਪਨੂੰ
ਆਹ ਹਫਤਾ ਬੀਤ ਜਾਣ ਦੇ ਨਾਲ ਹੀ ਨਰਿੰਦਰ ਮੋਦੀ ਸਰਕਾਰ ਦੇ ਸਹੀ ਮਾਅਨਿਆਂ ਵਿੱਚ ਸਾਢੇ ਚਾਰ ਸਾਲ ਬੀਤ ਜਾਣੇ ਹਨ। ਇਸ ਸਰਕਾਰ ਲਈ ਬਾਕੀ ਸਿਰਫ ਛੇ ਮਹੀਨੇ ਦਾ ਸਮਾਂ ਰਹਿੰਦਾ ਹੈ ਤੇ ਇਸ ਵਿੱਚੋਂ ਆਖਰੀ ਦੋ ਮਹੀਨੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵੰਡਵੀਆਂ ਚੋਣ-ਤਰੀਕਾਂ ਨੇ ਖਾ ਲੈਣੇ ਹਨ। ਅਮਲ ਵਿੱਚ ਸਿਰਫ ਚਾਰ ਮਹੀਨੇ ਬਾਕੀ ਹਨ। ਇਸ ਦੇਸ਼ ਦੇ ਲੋਕਾਂ ਨੇ ਅਗਲਾ ਸਾਲ ਚੜ੍ਹਦੇ ਸਾਰ ਆਪਣਾ ਭਵਿੱਖ ਸਿਰਜਣ ਲਈ ਇੱਕ ਇਮਤਿਹਾਨ ਦੇਣਾ ਹੈ। ਕਿਸੇ ਵੀ ਤਰ੍ਹਾਂ ਦਾ ਇਮਤਿਹਾਨ ਹੋਵੇ, ਉਸ ਦੀ ਅਹਿਮੀਅਤ ਘੱਟ ਨਹੀਂ ਸਮਝਣੀ ਚਾਹੀਦੀ ਤੇ ਜਦੋਂ ਇਮਤਿਹਾਨ ਆਪਣੇ ਨਾਲ ਆਪਣੀ ਅਗਲੀ ਪੀੜ੍ਹੀ ਦੇ ਨਸੀਬੇ ਨੂੰ ਡੌਲਣ ਵਾਲਾ ਹੋਵੇ ਤਾਂ ਇਸ ਗੰਭੀਰਤਾ ਨੂੰ ਹੋਰ ਵੱਧ ਸਮਝਣਾ ਚਾਹੀਦਾ ਹੈ। ਭਾਰਤ ਦੇ ਲੋਕ ਇਸ ਪੱਖ ਵੱਲੋਂ ਅਵੇਸਲੇ ਹਨ। ਉਹ ਅੱਜ ਤੱਕ ਚੋਣਾਂ ਨੂੰ ਸਿਰਫ ਲੀਡਰ ਦੀ ਚੋਣ ਦਾ ਦਿਨ ਮੰਨ ਰਹੇ ਹਨ। ਆਪਣੇ ਭਵਿੱਖ ਨੂੰ ਡੌਲਣ ਦਾ ਦਿਨ ਉਨ੍ਹਾਂ ਨੇ ਕਦੇ ਮੰਨਿਆ ਨਹੀਂ ਤੇ ਇਸੇ ਕਰ ਕੇ ਯੋਗ ਸਿੱਟੇ ਵੀ ਨਹੀਂ ਨਿਕਲਦੇ ਰਹੇ। ਇਸ ਵਾਰ ਜਦੋਂ ਫਿਰ ਇੱਕ ਮੌਕਾ ਮਿਲਣ ਦੀ ਘੜੀ ਨੇੜੇ ਆਈ ਜਾਂਦੀ ਹੈ ਤਾਂ ਇਸ ਮੁਸ਼ਕਲ ਇਮਤਿਹਾਨ ਦੇ ਮੁੱਖ ਮੁੱਦਿਆਂ ਬਾਰੇ ਮੈਂ ਕਿਸੇ ਹੋਰ ਨਾਲ ਨਹੀਂ, ਆਪਣੇ ਮਨ ਨਾਲ ਕੁਝ ਸੋਚਾਂ ਦਾ ਵਟਾਂਦਰਾ ਕਰਨ ਦਾ ਯਤਨ ਕੀਤਾ ਹੈ।
ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਸਾਡੇ ਲੋਕ ਵੋਟਾਂ ਨਾਲ ਆਪਣੇ ਪ੍ਰਤੀਨਿਧ ਚੁਣਦੇ ਅਤੇ ਸਰਕਾਰਾਂ ਸਿਰਜਦੇ ਆਏ ਹਨ, ਪਰ ਆਗੂਆਂ ਨੂੰ ਚੁਣਨ ਦਾ ਕੰਮ ਉਨ੍ਹਾਂ ਦੀ ਵੋਟਾਂ ਪਾਉਣ ਵਾਲੀ ਰਿਵਾਇਤ ਨੂੰ ਕਾਨੂੰਨੀ ਰੂਪ ਮਿਲਣ ਤੋਂ ਪਹਿਲਾਂ ਵੀ ਹੁੰਦਾ ਸੀ। ਲਸ਼ਕਰ ਚੜ੍ਹਿਆ ਕਰਦੇ ਸਨ, ਕਿਸੇ ਕੋਲੋਂ ਵੋਟਾਂ ਨਾਲ ਅਗਵਾਈ ਕਰਨ ਲਈ ਹੱਕ ਨਹੀਂ ਸੀ ਮੰਗਿਆ ਜਾਂਦਾ, ਆਪਣੀਆਂ ਬਾਂਹਾਂ ਦੇ ਜ਼ੋਰ ਨਾਲ ਇਹ ਹੱਕ ਲੈ ਲਿਆ ਜਾਂਦਾ ਸੀ ਤੇ ਜਿਸ ਪਿੱਛੇ ਵੱਧ ਲੋਕ ਮਰਨ ਤੇ ਮਾਰਨ ਲਈ ਤਿਆਰ ਹੁੰਦੇ ਸਨ, ਆਪਣੇ ਭਾਈਚਾਰੇ ਦਾ ਆਗੂ ਉਹ ਮੰਨਿਆ ਜਾਂਦਾ ਸੀ। ਅੱਜ ਲਸ਼ਕਰਾਂ ਦਾ ਜ਼ਮਾਨਾ ਨਹੀਂ, ਫਿਰ ਵੀ ਆਮ ਲੋਕਾਂ ਕੋਲੋਂ ਵੋਟਾਂ ਰਾਹੀਂ ਅਗਵਾਈ ਕਰਨ ਦਾ ਹੱਕ ਲੈਣ ਦੇ ਚਾਹਵਾਨ ਧੜਵੈਲ ਆਪਣੇ ਅਣ-ਐਲਾਨੇ ਲਸ਼ਕਰਾਂ ਨੂੰ ਵੀ ਵਰਤਦੇ ਤੇ ਸਾਮ-ਦਾਮ-ਦੰਡ-ਭੇਦ ਦੇ ਪੁਰਾਣੇ ਫਾਰਮੂਲੇ ਵੀ ਅਜ਼ਮਾਉਂਦੇ ਦਿਖਾਈ ਦੇਂਦੇ ਹਨ। ਅਸੀਂ ਸਾਰੇ ਲੋਕ ਇਸ ਮਾਹੌਲ ਦੀ ਨਿੰਦਾ ਕਰ ਸਕਦੇ ਹਾਂ, ਇਸ ਨਿੰਦਾ ਦਾ ਇੱਕ ਮਿਥੀ ਹੱਦ ਤੱਕ ਹੱਕ ਵੀ ਸਾਨੂੰ ਅਜੋਕੇ ਪ੍ਰਬੰਧ ਨੇ ਦਿੱਤਾ ਹੈ, ਪਰ ਏਦਾਂ ਦੀ ਨਿੰਦਾ ਜਾਂ ਆਲੋਚਨਾ ਜ਼ਰਾ ਤਿੱਖੀ ਹੋ ਜਾਵੇ ਤਾਂ ਸਿਸਟਮ ਦੀ ਨੁਕਤਾਚੀਨੀ ਕਰਨ ਵਾਲੇ ਨੂੰ ਪਹਿਲਾਂ 'ਸਮਝਾਉਣ' ਦੇ ਯਤਨ ਹੁੰਦੇ ਹਨ, ਫਿਰ ਕੁਝ ਲਾਲੀਪਾਪ ਪਰੋਸੇ ਜਾਂਦੇ ਹਨ ਤੇ ਅੰਤ ਵਿੱਚ ਮਰਨ-ਮਾਰਨ ਵਾਲੇ ਬੰਦੇ ਭੇਜੇ ਜਾਦੇ ਹਨ। ਇਹ ਕੰਮ ਕਿਸੇ ਧਿਰ ਦੇ ਆਗੂ ਵੀ ਕਰ ਸਕਦੇ ਹਨ। ਤਾਕਤ ਨਸੀਬ ਹੋਵੇ ਤਾਂ ਘੱਟ ਕੋਈ ਵੀ ਨਹੀਂ ਕਰਦਾ। ਲੋਕਤੰਤਰ ਵਿਖਾਵੇ ਦੀ ਤਖਤੀ ਬਣ ਕੇ ਰਹਿ ਜਾਂਦਾ ਹੈ ਤੇ ਰਾਜਤੰਤਰ ਤੋਂ ਲੈ ਕੇ ਫਾਸ਼ਿਜ਼ਮ ਤੱਕ ਸਭ ਹਰਬੇ ਵਰਤੇ ਜਾ ਸਕਦੇ ਹਨ।
ਸਾਡੇ ਸਾਹਮਣੇ ਜਿਹੋ ਜਿਹੇ ਹਾਲਾਤ ਹਨ, ਉਨ੍ਹਾਂ ਵਿੱਚ ਜਦੋਂ ਨਵੇਂ ਸਾਲ ਵਿੱਚ ਫਿਰ ਸਾਡੇ ਅੱਗੇ ਇਮਤਿਹਾਨ ਲਈ ਇੱਕ ਮੌਕਾ ਪੇਸ਼ ਹੋਣਾ ਹੈ, ਲੋਕ ਅਕਸਰ ਇਹ ਪੁੱਛ ਲੈਂਦੇ ਹਨ ਕਿ ਅਗਲੀ ਵਾਰ ਵੋਟ ਕਿੱਧਰ ਪਾਈ ਜਾਵੇ? ਅਸੀਂ ਸਲਾਹਾਂ ਦੇਣ ਵਾਲੇ ਭਾਵੇਂ ਨਹੀਂ, ਪਰ ਅਕਸਰ ਵੇਖਿਆ ਹੈ ਕਿ ਜਿਹੜੇ ਸਲਾਹਾਂ ਦੇਣ ਵਾਲੇ ਨਹੀਂ ਹੁੰਦੇ, ਉਨ੍ਹਾਂ ਕੋਲੋਂ ਵੀ ਲੋਕ ਬਹਾਨੇ ਨਾਲ ਕੁਝ ਨਾ ਕੁਝ ਅਖਵਾਉਣ ਦਾ ਯਤਨ ਕਰਦੇ ਹਨ ਤੇ ਕਈ ਵਾਰੀ ਮੂੰਹੋਂ ਕੁਝ ਨਿਕਲ ਵੀ ਜਾਂਦਾ ਹੈ। ਇਸ ਇਮਤਿਹਾਨ ਦੀ ਘੜੀ ਫਿਰ ਕਈ ਲੋਕ ਪੁੱਛੀ ਜਾਂਦੇ ਹਨ। ਸਵਾਲ ਔਖਾ ਹੈ ਅਤੇ ਜਵਾਬ ਜੇ ਸਹੀ ਦੇਣਾ ਹੈ ਤਾਂ ਸੁਖਾਵਾਂ ਨਹੀਂ। ਇਸ ਦੀ ਚਰਚਾ ਕਰਨ ਲਈ ਸਾਨੂੰ ਪਹਿਲਾਂ ਇਤਹਾਸ ਦੇ ਸਫਿਆਂ ਉੱਤੇ ਝਾਤੀ ਮਾਰਨ ਦੀ ਲੋੜ ਪੈ ਜਾਂਦੀ ਹੈ।
ਇੱਕ ਵਾਰੀ ਇੱਕ ਮੇਲੇ ਵਿੱਚ ਜੀਵ-ਜੰਤੂਆਂ ਦਾ ਵਪਾਰੀ ਅਠੂੰਹੇਂ ਵੇਚਣ ਵਾਸਤੇ ਦੁਕਾਨ ਸਜਾਈ ਬੈਠਾ ਸੀ, ਕਿਸੇ ਗ੍ਰਾਹਕ ਨੇ ਪੁੱਛ ਲਿਆ ਕਿ ਇਨ੍ਹਾਂ ਵਿੱਚੋਂ ਵੱਧ ਜ਼ਹਿਰੀਲਾ ਕਿਹੜਾ ਹੈ? ਵਪਾਰੀ ਨੇ ਜਵਾਬ ਵਿੱਚ ਕਿਹਾ ਸੀ ਕਿ ਕਿਸੇ ਇੱਕ ਦੀ ਪੂਛ ਨੂੰ ਹੱਥ ਲਾ ਕੇ ਵੇਖ ਲੈ, ਡੰਗ ਸਾਰਿਆਂ ਦਾ ਚੀਕਾਂ ਕਢਾਉਣ ਵਾਲਾ ਹੁੰਦਾ ਹੈ। ਸਿਆਸੀ ਮੈਦਾਨ ਦੇ ਚੋਣ-ਨਿਸ਼ਾਨ ਵੱਖੋ-ਵੱਖਰੇ ਹੋਣਗੇ, ਜਿਹੜੀਆਂ ਧਿਰਾਂ ਇਸ ਵੇਲੇ ਰਾਜ ਲੈਣ ਜਾਂ ਰਾਜ ਬਚਾਉਣ ਦੀ ਜੰਗ ਲੜ ਰਹੀਆਂ ਹਨ, ਰਾਜ ਕਰਨ ਦਾ ਮੌਕਾ ਮਿਲਦੇ ਸਾਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਪਿਛਲੇ ਸਮੇਂ ਵਿੱਚ ਘੱਟ ਨਹੀਂ ਗੁਜ਼ਾਰੀ ਅਤੇ ਭਵਿੱਖ ਵਿੱਚ ਵੀ ਸਾਡੀਆਂ ਚੀਕਾਂ ਕਢਾਉਣ ਵਿੱਚ ਕਿਸੇ ਨੇ ਕਸਰ ਨਹੀਂ ਛੱਡਣੀ। ਲੋਕਤੰਤਰ ਜੇ ਲੋਕਾਂ ਲਈ ਸੱਚਮੁਚ ਹੁੰਦਾ ਤਾਂ ਪਿਛਲੇ ਸੱਤਰ ਸਾਲਾਂ ਵਿੱਚ ਸਾਡੇ ਲੋਕ ਤਰੱਕੀ ਦੀਆਂ ਕਈ ਮੰਜ਼ਲਾਂ ਤੈਅ ਕਰ ਗਏ ਹੁੰਦੇ, ਪਰ ਹੋਇਆ ਇਹ ਕਿ ਸਿਆਸੀ ਆਗੂਆਂ ਨੇ ਲੋਕਾਂ ਨੂੰ ਸਬਸਿਡੀਆਂ ਦੀ ਮੰਗ ਕਰਨ ਵਾਲੇ ਮੰਗਤੇ ਬਣਾ ਕੇ ਆਪਣੇ ਆਪ ਨੂੰ ਲੋਕਤੰਤਰ ਵਿੱਚ ਨਵੀਂ ਕਿਸਮ ਦੇ ਰਾਜੇ ਬਣਾਇਆ ਪਿਆ ਹੈ। ਸ਼ਾਹੀ ਮਹਿਲਾਂ ਦਾ ਸੁਖ ਮਾਣਨ ਅਤੇ ਦੌਲਤਾਂ ਨੂੰ ਹੂੰਝਾ ਫੇਰਨ ਦਾ ਕੰਮ ਕਰ ਕੇ ਆਮ ਲੋਕਾਂ ਨੂੰ ਡੰਗ ਮਾਰਨ ਵਿੱਚ ਕਿਸੇ ਲੀਡਰ ਨੇ ਵੀ ਉਸ ਵਪਾਰੀ ਦੇ ਵੇਚਣ ਲਈ ਰੱਖੇ ਅਠੂਹਿਆਂ ਵਾਂਗ ਕਦੇ ਕਸਰ ਨਹੀਂ ਛੱਡੀ।
ਜਦੋਂ ਇਹ ਗੱਲ ਤੈਅ ਹੈ ਕਿ ਕੋਈ ਵੀ ਆ ਜਾਵੇ, ਫਰਕ ਨਹੀਂ ਲੱਭਣ ਲੱਗਾ, ਫਿਰ ਇੱਕ ਗੱਲ ਹੋਰ ਸੋਚਣ ਵਾਸਤੇ ਰਹਿ ਜਾਂਦੀ ਹੈ। ਉਹ ਇਹ ਕਿ ਇੱਕ ਲੁੱਟਦਾ ਹੈ, ਮੌਕਾ ਮਿਲੇ ਤਾਂ ਕੁੱਟਦਾ ਵੀ ਹੈ ਤੇ ਦੂਸਰਾ ਕੁੱਟਦਾ ਹੀ ਨਹੀਂ, ਜਾਨ ਲੈਣ ਤੱਕ ਜਾਂਦਾ ਤੇ ਏਦਾਂ ਦਾ ਬਹਾਨਾ ਬਣਾ ਲੈਂਦਾ ਹੈ ਕਿ ਉਸ ਦਾ ਕੀਤਾ ਕਤਲ ਵੀ ਜਾਇਜ਼ ਲੱਗਣ ਲੱਗ ਜਾਵੇ। ਓਦਾਂ ਦੇ ਦੌਰ ਬਾਰੇ ਵੱਖਰੇ ਪੱਖੋਂ ਸੋਚਣਾ ਪੈਂਦਾ ਹੈ। ਮੈਂ ਦੁਨੀਆ ਦੀਆਂ ਕਈ ਜੰਗਾਂ ਬਾਰੇ ਪੜ੍ਹਿਆ ਹੈ, ਜਿਨ੍ਹਾਂ ਵਿੱਚ ਰਾਜਿਆਂ ਵੱਲੋਂ ਰਾਜਾਂ ਦੀਆਂ ਹੱਦਾਂ ਵਧਾਉਣ ਵਾਲੀਆਂ ਟੱਕਰਾਂ ਵੀ ਸ਼ਾਮਲ ਸਨ ਤੇ ਆਪੋ ਆਪਣੇ ਧਰਮ ਦੀ ਚੜ੍ਹਦੀ ਕਲਾ ਲਈ ਲੜੀਆਂ ਜੰਗਾਂ ਦੇ ਕਾਂਡ ਵੀ ਸਨ। ਹਰ ਕਾਂਡ ਦੂਜੇ ਨਾਲੋਂ ਵੱਖਰਾ ਹੋਣ ਦੇ ਬਾਵਜੂਦ ਇੱਕ ਗੱਲ ਸਾਂਝੀ ਲੱਭ ਜਾਂਦੀ ਹੈ। ਜਦੋਂ ਰਾਜਾਂ ਦੀਆਂ ਹੱਦਾਂ ਵਧਾਉਣ ਲਈ ਜੰਗਾਂ ਹੁੰਦੀਆਂ ਸਨ, ਜੰਗਾਂ ਵਿੱਚ ਖੂਨ ਜਿੰਨਾ ਵੀ ਵਗ ਜਾਵੇ, ਬਹੁਤਾ ਕਰ ਕੇ ਜੰਗ ਦੀ ਗੱਲ ਜੰਗੀ ਮੈਦਾਨ ਤੱਕ ਸੀਮਤ ਰਹਿੰਦੀ ਜਾਂ ਜੰਗਾਂ ਤੋਂ ਬਾਅਦ ਜੰਗੀ ਮੁਕੱਦਮੇ ਵਿੱਚ ਮੁੱਖ ਦੋਸ਼ੀਆਂ ਨੂੰ ਫਾਂਸੀ ਤੱਕ ਚਲੀ ਜਾਂਦੀ ਹੈ। ਧਰਮ ਜਾਂ ਨਸਲਵਾਦ ਦਾ ਖੇਤਰ ਇਸ ਤੋਂ ਵੱਖਰੀ ਤਰ੍ਹਾਂ ਦਾ ਹੈ। ਇਸ ਵਿੱਚ ਜੇਤੂ ਧਿਰ ਦੇ ਲੋਕ ਹਾਰਨ ਵਾਲਿਆਂ ਨੂੰ ਤਸੀਹੇ ਦੇਣ ਦੀ ਵੀ ਓੜਕ ਕਰਨ ਲੱਗਦੇ ਹਨ। ਭਾਰਤੀ ਇਤਹਾਸ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਉੱਬਲਦੀ ਦੇਗ ਵਿੱਚ ਕੋਈ ਬੰਦਾ ਇਸ ਲਈ ਉਬਾਲਿਆ ਗਿਆ ਕਿ ਉਹ ਦੂਸਰੇ ਧਰਮ ਦੀ ਧੌਂਸ ਨਹੀਂ ਸੀ ਮੰਨਦਾ, ਆਰਿਆਂ ਨਾਲ ਏਸੇ ਲਈ ਚੀਰੇ ਗਏ ਤੇ ਜਿਉਂਦੇ ਨਾਬਾਲਗ ਬੱਚੇ ਵੀ ਨੀਂਹ ਵਿੱਚ ਏਸੇ ਲਈ ਚਿਣੇ ਗਏ ਸਨ ਕਿ ਉਨ੍ਹਾਂ ਨੇ ਕਿਸੇ ਹੋਰ ਧਰਮ ਦੀ ਧੌਂਸ ਨਹੀਂ ਸੀ ਮੰਨੀ। ਕਿਸੇ ਦੇ ਬੰਦ-ਬੰਦ ਕੱਟੇ ਗਏ ਤੇ ਕਿਸੇ ਦਾ ਮਾਸ ਜੰਬੂਰਾਂ ਨਾਲ ਨੋਚਿਆ ਗਿਆ। ਇਕੱਲਾ ਧਰਮ ਹੀ ਨਹੀਂ, ਆਪਣੀ ਨਸਲ ਅਤੇ ਆਪਣੀ ਕੌਮ ਨੂੰ ਦੂਸਰੇ ਸਾਰਿਆਂ ਤੋਂ ਵਧੀਆ ਮੰਨਣ ਵਾਲੇ ਵੀ ਇਹੋ ਕਰਦੇ ਹਨ। ਹਿਟਲਰ ਨੇ ਜਰਮਨਾਂ ਨੂੰ ਬਾਕੀ ਸਾਰੇ ਲੋਕਾਂ ਉੱਤੇ ਰਾਜ ਕਰਨ ਲਈ ਪੈਦਾ ਹੋਏ ਮੰਨ ਕੇ ਜਿਹੜੀ ਜੰਗ ਲਾਈ ਤੇ ਗੈਸ ਚੈਂਬਰਾਂ ਵਿੱਚ ਦੂਸਰੇ ਲੋਕਾਂ ਨੂੰ ਸੁੱਟ-ਸੁੱਟ ਕੇ ਮਾਰਿਆ ਸੀ, ਉਹ ਵੀ ਧਰਮ ਦੇ ਜਨੂੰਨ ਵਰਗਾ ਪਾਗਲਪਣ ਸੀ। ਦੂਸਰਿਆਂ ਨੂੰ ਛੱਡ ਦਿਓ ਤੇ ਸਾਡੇ ਆਪਣੇ ਦੇਸ਼ ਜਾਂ ਨੇੜਲੇ ਬੀਤੇ ਦੇ ਇਤਹਾਸ ਨੂੰ ਵੀ ਛੱਡ ਦਿਓ, ਇਸਾਈ ਧਰਮ ਵਿੱਚ ਇੱਕ ਮੁਟਿਆਰ ਇਹ ਦੋਸ਼ ਲਾ ਕੇ ਜਿੰਦਾ ਸਾੜ ਕੇ ਮਾਰੀ ਗਈ ਸੀ ਕਿ ਉਹ ਚੁੜੇਲ ਹੈ। ਡੇਢ ਸਦੀ ਮਗਰੋਂ ਇਸਾਈਆਂ ਦੇ ਚਰਚ ਨੇ ਖੁਦ ਹੀ ਮੰਨਿਆ ਸੀ ਕਿ ਜੌਹਨ ਆਫ ਆਰਕ ਨਾਂਅ ਦੀ ਉਹ ਕੁੜੀ ਚੁੜੇਲ ਨਹੀਂ, ਉਹ ਤਾਂ ਸੰਤਣੀ ਸੀ, ਵਿਚਾਰਕ ਸੀ, ਸਿਰਫ ਮੌਕੇ ਦੇ ਧਾਰਮਿਕ ਪੁਰਸ਼ਾਂ ਨੂੰ ਉਸ ਦੀ ਭਾਵਨਾ ਦੀ ਸਮਝ ਨਹੀਂ ਸੀ ਪਈ ਤੇ ਇਹ ਕਾਂਡ ਕਰ ਦਿੱਤਾ ਗਿਆ ਸੀ।
ਅੱਜ ਜਦੋਂ ਭਾਰਤ ਦੇ ਲੋਕ ਉਸ ਦੌਰ ਵਿੱਚ ਦਾਖਲ ਹੋਣ ਜਾ ਰਹੇ ਹਨ, ਜਿੱਥੇ ਉਨ੍ਹਾਂ ਨੇ ਆਪਣੇ ਨਾਲ ਅਗਲੀ ਪੀੜ੍ਹੀ ਦੇ ਬੱਚਿਆਂ ਦਾ ਭਵਿੱਖ ਸੰਵਾਰਨ ਜਾਂ ਵਿਗਾੜਨ ਵਾਸਤੇ ਆਪਣੀ ਵੋਟ, ਜਿਸ ਨੂੰ ਮੱਤ-ਪੱਤਰ ਕਹਿੰਦੇ ਹਨ, ਲਈ ਆਪਣੀ ਮੱਤ ਦੀ ਵਰਤੋਂ ਕਰਨੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਸਿਰਾਂ ਨਾਲ ਸੋਚਣ ਦੀ ਲੋੜ ਹੈ। ਮੈਂ ਕਿਸੇ ਪਾਰਟੀ ਜਾਂ ਗੱਠਜੋੜ ਬਾਰੇ ਇਹ ਕਹਿਣ ਵਿੱਚ ਝਿਜਕ ਨਹੀਂ ਰੱਖਾਂਗਾ ਕਿ ਜਿਹੜਾ ਵੀ ਜਿੱਤ ਗਿਆ, ਮੇਲੇ ਵਿੱਚ ਆਏ ਉਸ ਵਪਾਰੀ ਦੇ ਅਠੂਹਿਆਂ ਦੀ ਨਸਲ ਸਾਬਤ ਹੋ ਸਕਦਾ ਹੈ, ਇਸ ਲਈ ਜਦੋਂ ਇਸ ਪੱਖੋਂ ਕੋਈ ਫਰਕ ਨਹੀਂ ਪੈਣਾ ਤਾਂ ਇੱਕ ਹੋਰ ਪੱਖ ਸੋਚ ਲਿਆ ਜਾਣਾ ਬਣਦਾ ਹੈ। ਉਹ ਪੱਖ ਸਿਰਫ ਇਹ ਹੈ ਕਿ ਕਿਤੇ ਅਸੀਂ ਇਹੋ ਜਿਹਾ ਰਾਜ ਨਾ ਲੈ ਆਈਏ, ਜਿਹੜਾ ਕੰਨਾਂ ਵਿੱਚ ਪਿਘਲਿਆ ਸ਼ੀਸ਼ਾ ਪਾਉਣ ਵਾਲਾ ਹੋਵੇ, ਜਿਹੜਾ ਸਿਰਫ ਇੱਕ ਧਰਮ ਦੀ ਉੱਚਤਾ ਦੇ ਨਾਂਅ ਹੇਠ ਬਾਕੀਆਂ ਨੂੰ ਰਾਹਾਂ ਵਿੱਚ ਧੂਹ-ਧੂਹ ਕੇ ਮਾਰ ਦੇਣ ਨੂੰ ਜਾਇਜ਼ ਮੰਨਦਾ ਹੋਵੇ ਤੇ ਜਿਹੜਾ ਆਪਣੇ ਧਰਮ ਵਿੱਚੋਂ ਵੀ ਕੋਈ ਕਿੰਤੂ ਕਰਨ ਵਾਲਾ ਸਿਰ ਚੁੱਕਦਾ ਦਿਖਾਈ ਦੇਵੇ ਤਾਂ ਉਸ ਨੂੰ ਜੌਹਨ ਆਫ ਆਰਕ ਨਾਂਅ ਦੀ ਕੁੜੀ ਵਾਂਗ ਜਿੰਦਾ ਸਾੜ ਕੇ ਮਾਰਨ ਤੁਰ ਪਏ। ਇਮਤਿਹਾਨ ਦਾ ਸਮਾਂ ਛੇ ਮਹੀਨੇ ਦੂਰ ਹੈ, ਕਈਆਂ ਨੂੰ ਚੋਖੀ ਦੂਰ ਲੱਗੇਗਾ, ਪਰ ਅਸਲ ਵਿੱਚ ਇਹ ਬਹੁਤੀ ਦੂਰ ਨਹੀਂ ਰਹਿ ਗਿਆ।
18 Nov. 2018