ਮੰਜੇ ਦੇ ਟੱਪੇ--ਰਵਿੰਦਰ ਸਿੰਘ ਕੁੰਦਰਾ

ਸੁਣ ਮੰਜਿਆ ਬਾਣ ਦਿਆ, ਸੁਣ ਮੰਜਿਆ ਬਾਣ ਦਿਆ,
ਜ਼ਮਾਨਾ ਬਦਲ ਗਿਆ, ਤੈਨੂੰ ਹਰ ਕੋਈ ਮਾਣ ਗਿਆ।

ਮੰਜੇ ਦੀਏ ਨੀ ਦੌਣੇ, ਮੰਜੇ ਦੀਏ ਨੀ ਦੌਣੇ,
ਕੌਣ ਤੈਨੂੰ ਕੱਸ ਕੇ ਗਿਆ, ਕਿਹੜੇ ਆਉਣ ਵਾਲੇ ਨੇ ਪ੍ਰਾਹੁਣੇ।

ਮੰਜੇ ਦਿਓ ਸੁਣੋ ਪਾਵਿਓ, ਮੰਜੇ ਦਿਓ ਸੁਣੋ ਪਾਵਿਓ,
ਜ਼ਰਾ ਤਕੜੇ ਹੋ ਕੇ ਰਿਹੋ, ਕਿਤੇ ਐਵੇਂ ਨਾ ਢਹਿ ਜਾਵਿਓ।

ਸੁਣ ਮੰਜੇ ਦੀਏ ਨੀ ਬਾਹੀਏ, ਸੁਣ ਮੰਜੇ ਦੀਏ ਨੀ ਬਾਹੀਏ, 
ਕਿੰਨੇ ਤੇਰੇ ਨਾਲ ਸੁੱਤੇ ਨੀ, ਕਿੰਨੇ ਤੁਰ ਗਏ ਬਣ ਰਾਹੀਏ।

ਸੁਣ ਬਾਣ ਪੁਰਾਣਿਆ ਵੇ, ਸੁਣ ਬਾਣ ਪੁਰਾਣਿਆ ਵੇ,
ਰੋਜ਼ ਸੁੱਖ ਸਭ ਨੂੰ ਦਿੱਤਾ ਵੇ, ਤੈਨੂੰ ਕਿਸੇ ਨਾ ਸਿਆਣਿਆ ਵੇ।

ਵੇ ਸਰਾਵਿਆ ਸਰਦਾਰਾ, ਵੇ ਸਰਾਵਿਆ ਸਰਦਾਰਾ,
ਸਿਰ ਸੁੱਟ ਸੁਣਦਾ ਰਹੀਂ ਵੇ, ਜੋ ਵੀ ਹੁੰਦਾ ਰਹੇ ਵਰਤਾਰਾ।

ਹੁਣ ਚੀਕਣਾ ਛੱਡ ਚੂਲ਼ੇ, ਹੁਣ ਚੀਕਣਾ ਛੱਡ ਚੂਲ਼ੇ,
ਹੱਡ ਤੇਰੇ ਘਸ ਗਏ ਨੇ, ਹਿੱਲ ਗਏ ਤੇਰੇ ਸਭ ਚੂਲ਼ੇ।

ਸੁਣ ਮੰਜਿਆ ਬਾਣ ਦਿਆ, ਸੁਣ ਮੰਜਿਆ ਬਾਣ ਦਿਆ,
ਜ਼ਮਾਨਾ ਬਦਲ ਗਿਆ, ਤੈਨੂੰ ਹਰ ਕੋਈ ਮਾਣ ਗਿਆ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ