
ਕਿਹੜੇ ਰਾਹ ਤੁਰੇ ਪੰਜਾਬੀ ਸੱਭਿਆਚਾਰ ਦੇ ਰਾਖੇ .... - ਸ਼ਿੰਦਰ ਸਿੰਘ ਮੀਰਪੁਰੀ
ਬਿਨਾਂ ਸੱਕ ਸੱਭਿਆਚਾਰ ਕਿਸੇ ਵੀ ਕੌਮ ਦੀ ਰੂਹ ਹੁੰਦਾ ਹੈ । ਕਿਸੇ ਖੇਤਰ ਦਾ ਵਜੂਦ ਤੇ ਉਸ ਦੀ ਪਹਿਚਾਣ ਹੁੰਦਾ ਹੈ । ਇਹ ਉਨ੍ਹਾਂ ਰਿਵਾਜਾਂ, ਰੀਤੀਆਂ, ਭਾਸ਼ਾਵਾਂ, ਕਲਾਵਾਂ, ਧਰਮਾਂ, ਤੇ ਜੀਵਨ ਸ਼ੈਲੀ ਦਾ ਸੁੰਦਰ ਮਿਲਾਪ ਹੈ ਜੋ ਸਦੀਆਂ ਤੋਂ ਲੋਕਾਂ ਦੇ ਜੀਵਨ ਵਿੱਚ ਰਚੇ-ਵਸੇ ਹਨ । ਜੋ ਸਾਡੇ ਵੱਡ-ਵਡੇਰਿਆਂ ਦਾ ਸੰਭਾਲਿਆ ਹੋਇਆ, ਸਾਡੇ ਲਈ ਇੱਕ ਉਹ ਖਜ਼ਾਨਾਂ ਹੈ ਜਿਸ ਦੀ ਹਿਫ਼ਾਜ਼ਤ ਉਹ ਸਦੀਆਂ ਸਦੀਆਂ ਤੋਂ ਕਰਦੇ ਆ ਰਹੇ ਹਨ । ਸੱਭਿਆਚਾਰ ਸਾਨੂੰ ਸਿਰਫ਼ ਆਪਣੀ ਇਤਿਹਾਸਕ ਵਿਰਾਸਤ ਨਾਲ ਹੀ ਨਹੀਂ ਜੋੜਦਾ, ਸਗੋਂ ਸਾਡੇ ਵਰਤਮਾਨ ਅਤੇ ਭਵਿੱਖ ਲਈ ਵੀ ਮਜ਼ਬੂਤ ਬੁਨਿਆਦ ਤਿਆਰ ਕਰਦਾ ਹੈ । ਕਿਸੇ ਵੀ ਰਾਸ਼ਟਰ ਦੀ ਪਛਾਣ ਉਸ ਦੇ ਸੱਭਿਆਚਾਰ ਨਾਲ ਹੀ ਹੁੰਦੀ ਹੈ। ਜਿਵੇਂ ਕਿ ਪੰਜਾਬ ਦਾ ਸੱਭਿਆਚਾਰ ਖੁੱਲ੍ਹੇ ਦਿਲ, ਭੰਗੜੇ-ਗਿੱਧੇ, ਮਿੱਠੀ ਬੋਲੀ, ਤੇ ਮਹਿਮਾਨ ਨਵਾਜ਼ੀ ਲਈ ਜਾਣਿਆ ਜਾਂਦਾ ਹੈ । ਪੰਜਾਬ ਦੀ ਗਿੱਧੇ ਵਿੱਚ ਨੱਚਦੀ ਜਵਾਨੀ, ਠਾਠਾਂ ਮਾਰਦਾ ਹੁਸਨ, ਰੂਹੀਂ ਸੰਗੀਤ ਜਿਸ ਨੂੰ ਸੁਣ ਕੇ ਮੁਰਦੇ ਵਿੱਚ ਵੀ ਜਾਨ ਪੈ ਜਾਵੇ । ਸਾਡੇ ਪੰਜਾਬ ਦੇ ਕੁਝ ਕੁ ਖੇਤਰਾਂ ਦੀ ਬੋਲੀ ਤਾਂ ਗੁੜ ਨਾਲੋਂ ਵੀ ਜਿਆਦਾ ਮਿੱਠੀ ਹੈ ।
ਪੰਜਾਬ ਦੇ ਲੜਕੇ ਭੰਗੜੇ ਵਿੱਚ ਇਹੋ ਜਿਹਾ ਰੰਗ ਬੰਨਦੇ ਹਨ ਜੋ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ, ਉਹ ਸਿਰਫ ਪੰਜਾਬ ਦੇ ਹਿੱਸੇ ਹੈ । ਉੱਚੇ ਲੰਬੇ ਸੋਹਣੇ ਸ਼ੋਕੀਨ ਗੱਭਰੂ ਸਮਾਜ ਅੰਦਰ ਵਿੱਚ ਇੱਕ ਵੱਖਰਾ ਹੀ ਮੁਕਾਮ ਬਣਾ ਲੈਂਦੇ ਹਨ ।ਸੱਭਿਆਚਾਰ ਵਿੱਚ ਲੋਕ-ਗੀਤ ਲੋਕ-ਨਾਚ, ਪਹਿਰਾਵੇ, ਖਾਣ-ਪੀਣ ਅਤੇ ਮੇਲੇ-ਤਿਉਹਾਰ ਖਾਸ ਮਹੱਤਵ ਰੱਖਦੇ ਹਨ । ਮੇਲਿਆਂ 'ਤੇ ਜਾਣਾ ਭਾਂਤ ਭਾਂਤ ਦੀਆਂ ਸਟਾਲਾਂ ਲੱਗੀਆਂ ਹੋਣੀਆਂ, ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਦੀ ਹੋਂਦ ਦਿਲ ਨੂੰ ਖੁਸ਼ੀਆਂ ਖੇੜਿਆਂ ਨਾਲ ਭਰ ਦਿੰਦੀ ਹੈ । ਇਹ ਮੌਕੇ ਸਾਡੇ ਜੀਵਨ ਨੂੰ ਰੰਗੀਂ ਅਤੇ ਖੁਸ਼ਹਾਲ ਬਣਾਉਂਦੇ ਹਨ । ਸੱਭਿਆਚਾਰ ਸਾਨੂੰ ਆਪਸੀ ਪਿਆਰ, ਭਰਾਤਰੀ ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਪਾਠ ਪੜ੍ਹਾਉਂਦਾ ਹੈ । ਸੱਭਿਆਚਾਰ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਨਿਰੰਤਰ ਜ਼ਿੰਦਗੀ ਵਿੱਚ ਚਲਦੀ ਰਹਿੰਦੀ ਹੈ, ਇਹ ਜਨਮ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਮਰਨ ਦੇ ਨਾਲ ਹੀ ਖਤਮ ਹੁੰਦੀ ਹੈ । ਇਸ ਵਿੱਚ ਵਿਅਕਤੀ ਸਮਾਜਿਕ ਵੰਦਨਾ ਵਿੱਚ ਰਹਿ ਕੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ, ਜੋ ਨਿਯਮ ਸਾਡੇ ਵੱਡ-ਵਡੇਰਿਆਂ ਨੇ ਬਣਾਏ ਹਨ, ਆਪਣਾ ਜੀਵਨ ਬਸ਼ਰ ਕਰਦਾ ਹੈ ।
ਪਰ ਅੱਜ ਦੇ ਸਮੇਂ ਵਿੱਚ, ਜਦੋਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵਧ ਰਿਹਾ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਅਤੇ ਸਾਡੇ ਹੁਣ ਦੇ ਜੰਮਪਲ ਜੋ ਆਪਣਾ ਪਿਛੋਕੜ ਭੁੱਲਣ ਦੇ ਨਾਲ-ਨਾਲ ਸੱਭਿਆਚਾਰ ਭੁੱਲ ਚੁੱਕੇ ਹਨ, ਉਨ੍ਹਾਂ ਨੂੰ ਸੱਭਿਆਚਾਰ ਬਾਰੇ ਦੱਸਣਾ, ਸਾਹਿਤ ਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ । ਕਿਉਂਕਿ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਆਪਣੀ ਆਉਣ ਵਾਲੀ ਪੀੜੀ ਵਾਸਤੇ ਕੁਝ ਅਜਿਹੀਆਂ 'ਲਿਖਤਾਂ ਰੂਪੀ ਨੀਹਾਂ' ਤਿਆਰ ਕਰਨੀਆਂ ਪੈਣਗੀਆਂ, ਜਿਸ ਵਿੱਚ ਆਪਣੇ ਸੱਭਿਆਚਾਰ ਬਾਰੇ ਭਰਪੂਰ ਮਾਤਰਾ ਵਿੱਚ ਜਾਣਕਾਰੀ ਦਿੱਤੀ ਜਾ ਸਕੇ । ਆਪਣੀ ਭਾਸ਼ਾ, ਜੋ ਬਹੁਮੁੱਲੀ ਹੈ ਅਤੇ ਬਹੁਰੰਗੀ ਹੈ ਇਸ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ । ਆਉਣ ਵਾਲੀਆਂ ਪੀੜੀਆਂ ਲਈ ਕੁਝ ਅਜੇਹੀਆਂ ਲਿਖਤਾਂ ਸਮਾਜ ਦੀ ਝੋਲੀ ਪਾਉਣੀਆ ਚਾਹੀਦੀਆ ਹਨ ਜੋ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਬਣ ਸਕਣ ।
ਸੰਗੀਤ ਵਿੱਚ ਵੀ ਗਾਇਕਾਂ ਤੇ ਲੇਖਕਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਗੀਤ ਲਿਖੇ, ਗਾਏ ਜਾਣ ਜਿਸ ਵਿੱਚ ਮਨੋਰੰਜਨ ਤਾਂ ਹੋਵੇ ਹੀ ਨਾਲ ਕੁਝ ਚੰਗੇ ਵਿਚਾਰ ਵੀ ਹੋਣ । ਲੋਕ-ਕਲਾ ਨੂੰ ਜਿਉਂਦੇ ਰੱਖਣ ਲਈ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸਭ ਲੋਕ ਕਲਾਵਾਂ ਸਿਖਾਉਣੀਆ ਚਾਹੀਦੀਆਂ ਹਨ ਜਿਵੇਂ ਮੰਜਾ ਬੁਣਨਾ, ਪੋਰੀਆ ਵਾਲੇ ਨਾਲੇ, ਪੱਖੀ ਬੁਣਨਾ ਆਦਿ ਸਭ ਉਨ੍ਹਾਂ ਨੂੰ ਸਿਖਾਉਣਾ ਅੱਜ ਦੀ ਲੋੜ ਹੈ ਅਤੇ ਰਸਮੋ-ਰਿਵਾਜਾਂ ਨੂੰ ਜੀਵਤ ਰੱਖਣਾ ਸਾਡਾ ਸਮਾਜਿਕ ਫ਼ਰਜ਼ ਹੈ । ਨਤੀਜਨ ਸੱਭਿਆਚਾਰ ਉਹ ਸ਼ੀਸ਼ਾ ਹੈ, ਜਿਸ ਵਿੱਚ ਕਿਸੇ ਕੌਮ ਦੀ ਪਹਿਚਾਣ ਅਤੇ ਉਸ ਦੇ ਮੁੱਲ ਵਿਖਾਈ ਦਿੰਦੇ ਹਨ । ਇਸ ਲਈ ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਦਾ ਕਰਨਾ ਚਾਹੀਦਾ ਹੈ । ਸਾਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਦੇ ਵਿੱਚ ਸੱਭਿਆਚਾਰ ਦਾ ਪੱਖ ਮਜ਼ਬੂਤੀ ਨਾਲ ਪੇਸ਼ ਕੀਤਾ ਹੋਵੇ ।
ਲੇਖਕ - ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ
5592850841