
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
24-08-2026 ਇਮਰਾਨ ਖ਼ਾਨ ਨੂੰ ਹਸਪਤਾਲ ਭੇਜਣ ਦੇ ਫ਼ੈਸਲੇ ਵਿਰੁੱਧ ਸਰਕਾਰ ਪਹੁੰਚੀ ਸੁਪਰੀਮ ਕੋਰਟ- ਇਕ ਖ਼ਬਰ ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫ਼ਰਿਆਦ ਕੀ, ਘੁਟ ਕੇ ਮਰ ਜਾਊਂ ਮਰਜ਼ੀ ਹੈ ਮਿਰੇ ਸੱਯਾਦ ਕੀ। ਪੰਥ ਵਿਰੋਧੀ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ‘ਚ ਰੁੱਝੀਆਂ- ਗੜਗੱਜ ਮੰਜੀ ਫੇਰ ਕਿਸੇ ਦੀ ਦੇਖੀਏ ਜੀ, ਪੀੜ੍ਹੀ ਆਪਣੀ ਹੇਠ ਸੋਟਾ ਫੇਰ ਲਈਏ। ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਧਾਮੀ ਵਲੋਂ 21 ਅਗਸਤ ਦੇ ਪੰਜਾਬ ਬੰਦ ਦੀ ਹਮਾਇਤ- ਇਕ ਖ਼ਬਰ ਜਦੋਂ ਤੁਹਾਡੇ ਆਕਾ ਸੱਤਾ ‘ਚ ਸਨ, ਉਦੋਂ ਇਹ ਹਮਾਇਤ ਕਿੱਥੇ ਸੀ? ਜੱਜ ਕੋਈ ਰੱਬ ਨਹੀਂ, ਹਰ ਫ਼ੈਸਲਾ ਸਹੀ ਨਹੀਂ ਹੁੰਦਾ- ਜਸਟਿਸ ਕਰੋਲ ਬਿਲਕੁਠ ਠੀਕ ! ਅਦਾਲਤਾਂ ‘ਚ ਫ਼ੈਸਲੇ ਹੁੰਦੇ ਨੇ ਇਨਸਾਫ਼ ਨਹੀਂ ਹੁੰਦਾ। ਅਕਾਲੀ ਦਲ ਬਾਦਲ ਗੱਠਜੋੜ ਕਰਨ ਲਈ ਭਾਜਪਾ ਦੇ ਮਿੰਨਤਾਂ ਤਰਲੇ ਕਰ ਰਿਹਾ ਹੈ-ਵੜਿੰਗ ਮੈਂ ਮਰ ਗਈ ਰਾਂਝਣਾਂ ਵੇ, ਕਦ ਗਲ਼ ਨਾਲ਼ ਲਾਵੇਂਗਾ। ਟਰੰਪ ਨੇ ਕੈਨੇਡਾ ‘ਤੇ 50 ਫ਼ੀ ਸਦੀ ਟੈਰਿਫ਼ ਲਾਇਆ- ਇਕ ਖ਼ਬਰ ਜ਼ੋਰ ਨਾ ਕੁੜੀ ਦਾ ਕੋਈ, ਰੋਂਦੀ ਨੂੰ ਤੋਰ ਦੇਣਗੇ। 326 ਸੰਸਦ ਮੈਂਬਰਾਂ ਅਤੇ 14 ਮੁੱਖ ਮੰਤਰੀਆਂ ਵਿਰੁੱਧ ਅਪਰਾਧਕ ਮਾਮਲੇ ਦਰਜ- ਇਕ ਖ਼ਬਰ ਧਰਤੀ ਖੇੜਿਆਂ ਦੀ, ਵੱਢ ਵੱਢ ਹੀਰ ਨੂੰ ਖਾਂਦੀ। ਅਮਰੀਕੀ ਸੰਗਠਨ ਨੇ ਆਰ.ਐੱਸ.ਐੱਸ. ‘ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ- ਇਕ ਖ਼ਬਰ ਸਲਵਾਨ ਜੱਲਾਦਾਂ ਨੂੰ ਆਖਦਾ, ਕਰੋ ਪੂਰਨ ਜਲਦ ਹਲਾਲ। ਪੰਜਾਬ ‘ਚ ਭਾਜਪਾ ਸਰਕਾਰ ਬਣਾਉਣ ਲਈ ਪੂਰੀ ਤਾਕਤ ਲਗਾ ਦੇਵਾਂਗੇ- ਨਾਇਬ ਸਿੰਘ ਸੈਣੀ ਕਾਹਨੂੰ ਆ ਗਿਉਂ ਬਸੰਤੀ ਚੀਰਾ ਬੰਨ੍ਹ ਕੇ, ਮਾਪਿਆਂ ਨੇ ਨਹੀਉਂ ਤੋਰਨੀ। ਆਰਥਕ ਹਮਲਿਆਂ ਨਾਲ ਇਰਾਨ ਨੂੰ ਦੁਨੀਆਂ ਨਾਲੋਂ ਤੋੜ ਦੇਵਾਂਗੇ- ਟਰੰਪ ਕੀ ਮੁਨਿਆਦਾਂ ਤੇਰੀਆਂ, ਪਾਣੀ ਦਿਆ ਬੁਲਬੁਲਿਆ। ਟਰੰਪ ਨੇ ਭਾਰਤੀ ਚੋਣ ਪ੍ਰਣਾਲੀ ਦੀ ਕੀਤੀ ਪ੍ਰਸ਼ੰਸਾ- ਇਕ ਖ਼ਬਰ ਲੰਡੇ ਨੂੰ ਮੀਣਾ ਸੌ ਵਲ਼ ਪਾ ਕੇ ਵੀ ਮਿਲ ਲੈਂਦਾ। ਔਰਤਾਂ ਲਈ ਰਾਖਵਾਂਕਰਣ ਕਾਨੂੰਨ ਲਾਗੂ ਕਰਨ ਦੇਣ ਰਾਹੁਲ ਗਾਂਧੀ- ਸਮ੍ਰਿਤੀ ਇਰਾਨੀ ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ। ਮੋਦੀ ਸਰਕਾਰ ਜੈੱਨ ਜ਼ੀ ਨਾਲ ਬਣਾਏਗੀ ਰਾਬਤਾ- ਇਕ ਖ਼ਬਰ ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ। ਸਪਾ ਗੱਠਜੋੜ ਨਹੀਂ ਤੋੜੇਗੀ, ਸਾਡੀ ਲੜਾਈ ਭਾਜਪਾ ਵਿਰੁੱਧ- ਅਖਿਲੇਸ਼ ਯਾਦਵ ਪਿੱਠਾਂ ਨਾਲ ਪਿੱਠਾਂ ਜੋੜ ਕੇ, ਅਸੀਂ ਹੈ ‘ਦੁਸ਼ਮਣ’ ਨੂੰ ਢਾਉਣਾ। ਅਮਰੀਕੀ ਜੱਜ ਵਲੋਂ 75 ਦੇਸ਼ਾਂ ਦੇ ਵੀਜ਼ੇ ਰੱਦ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਰੱਦ- ਇਕ ਖ਼ਬਰ ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਗਿਆ।