ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20.08.2026

ਸੁਖਬੀਰ ਬਾਦਲ ਵਲੋਂ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਸਿੱਖ ਕੌਮ ਨਾਲ ਧੋਖਾ ਹੈ- ਮਨਜੀਤ ਦਸੂਹਾ

ਇਹਦਾ ਬਾਪੂ ਵੀ ਨਾਲ ਦਿਆਂ ਨੂੰ ਹਨ੍ਹੇਰੇ ‘ਚ ਰੱਖ ਕੇ ਇਕੱਲਾ ਹੀ ਭਾਜਪਾ ਨਾਲ ਗੱਠਜੋੜ ਕਰ ਆਇਆ ਸੀ।

ਕਰਤਾਰ ਪੁਰ ਲਾਂਘਾ ਖੋਲ੍ਹਣ ਲਈ ਸੰਗਤ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਕੀਤੀ ਮਹੀਨਾਵਾਰੀ ਅਰਦਾਸ- ਇਕ ਖਬ਼ਰ

ਬਸ ਇਹੋ ਕੁਝ ਪੱਲੇ ਰਹਿ ਗਿਆ, ਕੋਈ ਹੋਰ ਆਜ਼ਾਦੀ ਲੈ ਗਿਆ।

ਦੇਸ਼ ਨੇ ਕਈ ਚੁਣੌਤੀਆਂ ਪਾਰ ਕੀਤੀਆਂ, ਅਜੇ ਬਹੁਤ ਕੰਮ ਬਾਕੀ- ਚੀਫ਼ ਜਸਟਿਸ ਸੁਪਰੀਮ ਕੋਰਟ

ਅਜੇ ਕਾਕਰੋਚਾਂ ਲਈ ਕੋਈ ਹੋਰ ਢੁੱਕਵਾਂ ਨਾਮ ਲੱਭਣਾ।

ਅਮਰੀਕੀ ਅਦਾਲਤ ਨੇ ਗੌਤਮ ਅਡਾਨੀ ਵਿਰੁੱਧ ਅਪਰਾਧਕ ਮਾਮਲਾ ਕੀਤਾ ਖ਼ਾਰਜ- ਇਕ ਖ਼ਬਰ

ਇਕ ਹੱਥ ਦੇਹ, ਇਕ ਹੱਥ ਲੈ।

ਬਿਨਾਂ ਪੜ੍ਹੇ-ਸਮਝੇ ਬਿੱਲ ਪਾਸ ਕਰਵਾਉਣਾ ਲੋਕਤੰਤਰ ਦੇ ਉਲਟ- ਕੇਵਲ ਸਿੰਘ ਢਿੱਲੋਂ

ਢਿੱਲੋਂ ਸਾਹਿਬ ਜਿਹੜੀ ਕੜ੍ਹੀ ਸੰਸਦ ‘ਚ ਘੁਲ਼ਦੀ ਐ, ਉਸ ਬਾਰੇ ਕੀ ਕਹੋਗੇ?

ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾ ਰਹੀ- ਅਮਨ ਅਰੋੜਾ

ਤੇਰੇ ਅੱਗੇ ਥਾਨ ਸੁੱਟਿਆ, ਚਾਹੇ ਸੁੱਥਣ ਸੰਵਾ ਲੈ ਚਾਹੇ ਲਹਿੰਗਾ।

ਝੂੰਦਾਂ ਸਮੇਤ ਕਈ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ- ਇਕ ਖ਼ਬਰ

ਕਦੀ ਏਧਰ ਕਦੀ ਉੱਧਰ ਜਾਂਦੇ, ਕੰਧਾਂ ਵਿਚ ਵੱਜਦੇ ਫਿਰਦੇ ਨੇ।

ਮੇਰੀ ਕਾਕਰੋਚ ਸਬੰਧੀ ਟਿੱਪਣੀ ਦਾ ਗ਼ਲਤ ਇਸਤੇਮਾਲ ਕੀਤਾ ਗਿਆ- ਸੂਰਿਆ ਕਾਂਤ

ਕਿੱਥੇ ਚੱਲਿਆਂ ਬੂਬਨਿਆਂ ਸਾਧਾ, ਛੇੜ ਕੇ ਭ੍ਰਿੰਡ ਰੰਗੀਆਂ।

‘ਇੰਡੀਆ’ ਗੱਠਜੋੜ ਵਲੋਂ ਸਪੀਕਰ ਬਿਰਲਾ ਦੀ ਚਾਹ ਪਾਰਟੀ ਦਾ ਬਾਈਕਾਟ- ਇਕ ਖ਼ਬਰ

ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਜੰਤਰ ਮੰਤਰ ਸੀਜ਼ਨ 2 ਜਲਦੀ ਹੀ ਸ਼ੁਰੂ ਕੀਤਾ ਜਾਵੇਗਾ- ਅਭਿਜੀਤ ਦੀਪਕੇ

ਚੌਕੀਦਾਰੀ ਲੈ ਲੈ ਮਿੱਤਰਾ, ਤੇਰੇ ਲਗਦੇ ਨੇ ਬੋਲ ਪਿਆਰੇ।

ਸੰਸਦ ਸੈਸ਼ਨ ਦੇ ਆਖਰੀ ਦਿਨ ਵੀ ਐੱਨ.ਡੀ.ਏ. ਅਤੇ ‘ਇੰਡੀਆ’ ਆਹਮੋ ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।

ਪੰਜਾਬ ਦੇ ਮੁੱਦੇ ਛੱਡ, ਕੁਰਸੀ ਦੀ ਲੜਾਈ ਲੜ ਰਹੀਆਂ ਸਿਆਸੀ ਧਿਰਾਂ- ਸਤਨਾਮ ਸੰਧੂ

ਸੁੱਤੀ ਪਈ ਨੇ ਲੁਹਾਈਆਂ ਚੂੜੀਆਂ, ਅਜੇ ਵੀ ਘੁਰਾੜੇ ਮਾਰਦੀ।

ਇਤਿਹਾਸ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਵਜੋਂ ਯਾਦ ਰੱਖੇਗਾ- ਸੋਨੀਆ ਗਾਂਧੀ

ਅਲਫ਼ ਅੱਲਾ ‘ਚੰਬੇ’ ਦੀ ਬੂਟੀ, ਮੁਰਸ਼ਦ ਮਨ ਵਿਚ ਲਾਈ ਹੂ।

ਨਵੀਆਂ ਨਿਯੁਕਤੀਆਂ ਨੇ ਪੰਜਾਬ ਭਾਜਪਾ ‘ਚ ਛੇੜਿਆ ‘ਅੰਦਰੂਨੀ ਤੂਫ਼ਾਨ’- ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਵਿਦਿਆਰਥੀਆਂ ‘ਤੇ ਹੋਏ ਅੱਤਿਆਚਾਰ ਦਾ ਜਵਾਬ ਅਮਿਤ ਸ਼ਾਹ ਨੂੰ ਦੇਣਾ ਹੀ ਪਵੇਗਾ- ਰਾਹੁਲ ਗਾਂਧੀ

ਇਨ੍ਹਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

======================================================================