ਪ੍ਰਗਤੀਵਾਦੀ ਸ਼ਾਇਰੀ ਨੂੰ ਰੁਮਾਂਸਵਾਦੀ ਪਿਉਂਦ ਦੇਣ ਵਾਲਾ ਗ਼ਜ਼ਲ ਦਾ ਬਾਦਸ਼ਾਹ : ਮਹਿੰਦਰਦੀਪ ਗਰੇਵਾਲ - ਉਜਾਗਰ ਸਿੰਘ

ਗ਼ਜ਼ਲ ਦੇ ਖੇਤਰ ਵਿੱਚ ਮਹਿੰਦਰਦੀਪ ਗਰੇਵਾਲ ਜਾਣਿਆਂ ਪਛਾਣਿਆਂ ਨਾਮ ਹੈ।  ਆਪਣੇ ਸਮੇਂ ਦੇ ਉਹ ਪ੍ਰਮੁੱਖ ਗ਼ਜ਼ਲਕਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਸੀ। ਮਹਿੰਦਰਦੀਪ ਗਰੇਵਾਲ ਨੇ ਪਿ੍ਰੰਸੀਪਲ ਤਖ਼ਤ ਸਿੰਘ ਜੋ ਉਸ ਸਮੇਂ ਸਿਰਮੌਰ ਗ਼ਜ਼ਲਗੋ ਸੀ, ਉਸਨੂੰ ਆਪਣਾ ਸਾਹਿਤਕ ਗੁਰੂ ਧਾਰਿਆ, ਜਿਸ ਕੋਲੋਂ ਉਸਨੇ ਗ਼ਜ਼ਲ ਦੇ ਗੁਰ ਸਿੱਖੇ ਸਨ। ਉਸਦਾ ਸਰਕਾਰੀ ਰਿਕਾਰਡ ਵਿੱਚ ਨਾਮ ਗੁਰਦੀਪ ਸਿੰਘ ਹੈ, ਪ੍ਰੰਤੂ ਉਸਨੇ ਆਪਣਾ ਕਲਮੀ ਨਾਮ ਮਹਿੰਦਰਦੀਪ ਗਰੇਵਾਲ ਰੱਖਿਆ ਹੋਇਆ ਹੈ। ਸਾਹਿਤਕ ਖੇਤਰ ਵਿੱਚ ਉਹ ਮਹਿੰਦਰਦੀਪ ਗਰੇਵਾਲ ਦੇ ਤੌਰ ‘ਤੇ ਪ੍ਰਸਿੱਧ ਹੈ। ਉਹ ਸਥਾਪਤ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ। ਉਹ ਪ੍ਰਤਿਭਾਵਾਨ ਜ਼ਮੀਨੀ ਹਕੀਕਤਾਂ ਨੂੰ ਮਹਿਸੂਸ ਕਰਨ ਵਾਲਾ ਸ਼ਾਇਰ ਹੈ। ਮਹਿੰਦਰਦੀਪ ਗਰੇਵਾਲ ਮੁੱਢਲੇ ਤੌਰ ‘ਤੇ ਪ੍ਰਗਤੀਵਾਦੀ, ਲੋਕ ਪੱਖੀ ਅਤੇ ਮਨੁੱਖੀ ਹੱਕਾਂ ਦਾ ਪਹਿਰੇਦਾਰ ਸ਼ਾਇਰ ਹੈ, ਪ੍ਰੰਤੂ ਉਹ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਇਆ ਹੋਇਆ ਹੈ ਤੇ ਆਪਣੀ ਗ਼ਜ਼ਲ ਨੂੰ ਰੁਮਾਂਸਵਾਦ ਦੀ ਪਿਉਂਦ ਦੇ ਕੇ ਦਿਲਚਸਪ ਬਣਾ ਲੈਂਦਾ ਹੈ। ਮਹਿੰਦਰਦੀਪ ਗਰੇਵਾਲ ਦੀਆਂ ਗ਼ਜ਼ਲਾਂ/ਕਵਿਤਾਵਾਂ ਦੇ ਵਿਸ਼ੇ ਮੁੱਖ ਤੌਰ ‘ਤੇ ਪਿਆਰ, ਸ਼ਾਂਤੀ, ਭਰਾਤਰੀ ਭਾਵ, ਇਨਸਾਫ, ਲੋਕ ਹਿਤੈਸ਼ੀ, ਮਨੁੱਖੀ ਰਿਸ਼ਤੇ ਅਤੇ ਅਗਾਂਹਵਧੂ ਵਿਚਾਰਾਂ ਦੀ ਪਹਿਰੇਦਾਰੀ ਨਾਲ ਸੰਬੰਧਤ ਹੁੰਦੇ ਹਨ। ਉਹ ਆਪਣੀਆਂ ਗ਼ਜ਼ਲਾਂ/ਕਵਿਤਾਵਾਂ ਵਿੱਚ ਲੋਕਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਦੋਜਹਿਦ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਹ ਅਗਾਂਹਵਧੂ ਵਿਚਾਰਧਾਰਾ ਦਾ ਸਮਰਥੱਕ ਸਮਰੱਥ ਗ਼ਜ਼ਲਗ਼ੋ  ਹੈ। ਉਹ ਗ਼ਜ਼ਲ ਲਹਿਰ ਦੀ ਉਪਜ ਹੈ, ਜਿਸਨੇ ਗ਼ਜ਼ਲ ਨੂੰ ਰੁਮਾਂਸਵਾਦ ਦੀ ਥਾਂ ਲੋਕ ਭਲਾਈ ਨੂੰ ਪ੍ਰਮੁੱਖਤਾ ਦਿੱਤੀ ਹੈ । ਇਸ ਕਰਕੇ ਗ਼ਜ਼ਲ ਨੂੰ ਨਵਾਂ ਰੂਪ ਦੇਣ ਦਾ ਸਿਹਰਾ ਵੀ ਮਹਿੰਦਰਦੀਪ ਗਰੇਵਾਲ ਨੂੰ ਜਾਂਦਾ ਹੈ। ਅੰਗਰੇਜ਼ੀ ਲਿਟਰੇਚਰ ਦੀ ਐਮ ਏ ਹੋਣ ਕਰਕੇ ਉਸਦੀਆਂ ਰਚਨਾਵਾਂ ‘ਤੇ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਦਾ ਪ੍ਰਗਟਾਵਾ ਹੁੰਦਾ ਹੈ। ਜਿਸ ਕਰਕੇ ਉਸਦੀ ਸ਼ਾਇਰੀ ਵਿੱਚੋਂ ਸਮਾਜਿਕ ਤ੍ਰਾਸਦੀ ਅਤੇ ਆਮ ਮਨੁੱਖ ਦੀ ਪੀੜਾ ਨੂੰ ਨਵੇਂ ਰੂਪ ਦੀ ਦਿੱਤੀ ਝਲਕ ਨਜ਼ਰ ਆਉਂਦੀ ਹੈ।  ਮਹਿੰਦਰਦੀਪ ਗਰੇਵਾਲ ਦੀਆਂ ਗ਼ਜ਼ਲਾਂ ਵਿੱਚ ਵਿਸ਼ਵ ਵਿਆਪੀ  ਸੋਚ ਅਤੇ ਆਧੁਨਿਕ ਮੁਹਾਵਰਿਆਂ ਦੀ ਵਰਤੋਂ ਆਮ ਵੇਖੀ ਜਾ ਸਕਦੀ ਹੈ। ਉਸ ਦੀਆਂ ਪੰਜਾਬੀ ਗ਼ਜ਼ਲ/ਕਵਿਤਾ ਦੀਆਂ 7 ਪੁਸਤਕਾਂ ‘ਲਹੂ ਬੋਲਦਾ ਹੈ’, ‘ਸਫ਼ਰ ਦੀ ਰੁੱਤ’, ‘ਦਿਲ ਦੀ ਪਰਵਾਜ’,‘ਅੱਖ਼ਰਾਂ ਦੇ ਦੀਵੇ’, ‘ਅੱਗ ਧੂੰਆਂ ਤੇ ਮੈਂ’, ‘ਰੰਗਾਂ ਦਾ ਸਾਗਰ’ ਅਤੇ ਅੰਗਰੇਜ਼ੀ ਦੀ ਇੱਕ ਪੁਸਤਕ ‘ਲਾਈਟ ਐਂਡ ਫਰਾਗਰੈਂਸ ਆਫ ਵਰਲਡ ਪੋਇਟਰੀ’ ਪ੍ਰਕਾਸ਼ਤ ਹੋਈ ਹੈ। ‘ਸਫ਼ਰ ਦੀ ਰੁੱਤ’ ਕਵਿਤਾ ਦੀ ਪੁਸਤਕ ਹੈ ਤੇ ਬਾਕੀ ਸਾਰੀਆਂ ਗ਼ਜਲਾਂ ਦੀਆਂ ਅਤੇ ‘ਲਾਈਟ ਐਂਡ ਫਰਾਗਰੈਂਸ ਆਫ ਵਰਲਡ ਪੋਇਟਰੀ’ ਆਲੋਚਨਾ ਦੀ ਪੁਸਤਕ ਹੈ। ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਭਾਸ਼ਵਾਂ ਵਿੱਚ ਉਸਦੀ ਮੁਹਾਰਤ ਹੈ। ਇਸ ਕਰਕੇ ਉਸਦੀਆਂ ਗ਼ਜ਼ਲਾਂ ਵਿੱਚ ਪਰਪੱਕਤਾ ਮੌਜੂਦ ਹੈ। 
      ਮਹਿੰਦਰਦੀਪ ਗਰੇਵਾਲ ਨੇ ਪਹਿਲੀ ਕਵਿਤਾ ਮਹਿਜ 21 ਸਾਲ ਦੀ ਉਮਰ ਵਿੱਚ 1963 ਵਿੱਚ ਲਿਖੀ ਸੀ, ਜਦੋਂ ਉਹ ਬੀ ਐਸ ਸੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਪੰਜਾਬੀ ਗ਼ਜ਼ਲ ਦੇ ਰੰਗ ਵਿੱਚ ਰੰਗਿਆ ਹੋਇਆ,  ਗੂੜ੍ਹਾ ਸੁਰਖ ਰੰਗ ਹੈ। ਮਹਿੰਦਰਦੀਪ ਗਰੇਵਾਲ ਨੂੰ ਇਨਕਲਾਬੀ ਸੋਚ ਵਾਲਾ ਸ਼ਾਇਰ ਕਿਹਾ ਜਾ ਸਕਦਾ ਹੈ, ਕਿਉਂਕਿ ‘ਲਹੂ ਬੋਲਦਾ ਹੈ’ ਪੁਸਤਕ ਦੀਆਂ ਗ਼ਜ਼ਲਾਂ ਵਿੱਚ ਉਹ ਮਨੁੱਖੀ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਅਵਾਜ਼ ਬੁਲੰਦ ਕਰਦਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ‘ਅੱਖਰਾਂ ਦੇ ਦੀਵੇ’ ਪੁਸਤਕ ਵਿੱਚ ਉਹ ਗ਼ਰੀਬਾਂ ਅਤੇ ਮਜ਼ਦੂਰਾਂ ਦੀ ਬਿਹਤਰੀ ਲਈ ਲਾਮਬੰਦ ਹੋ ਕੇ ਗਿਆਨ ਦੀ ਰੌਸ਼ਨੀ ਫੈਲਾਉਣ ਦੀ ਵਕਾਲਤ ਕਰਦਾ ਹੈ, ਕਿਉਂਕਿ ਜੇਕਰ ਮਨੁੱਖਤਾ ਕੋਲ ਗਿਆਨ ਨਹੀਂ ਹੋਵੇਗਾ ਤਾਂ ਉਹ ਆਪਣੇ ਹੱਕਾਂ ਲਈ ਇਕੱਮੁੱਠ ਹੋ ਕੇ ਲੜਾਈ ਨਹੀਂ ਲੜ ਸਕਦੇ। ਮਾਨਵਤਾ ਦੀ ਰੂੜੀਵਾਦੀ ਸੋਚ ਤਾਂ ਹੀ ਖ਼ਤਮ ਹੋ ਸਕਦੀ ਹੈ, ਜੇਕਰ ਉਹ ਪੜ੍ਹ ਲਿਖ ਸਕਣਗੇ। ਇਸ ਲਈ ਸਮਾਜ ਦੀ ਖ਼ੁਸ਼ਹਾਲੀ ਵਾਸਤੇ ਗਿਆਨ ਜ਼ਰੂਰੀ ਹੈ। ‘ਸਫ਼ਰ ਦੀ ਰੁੱਤ’ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਕਵੀ ਲਿਖਦਾ ਹੈ ਕਿ ਨਿਰੰਤਰ ਬਦਲਾਅ ਜ਼ਿੰਦਗੀ ਲਈ ਸਫਲਤਾ ਦੀ ਕੁੰਜੀ ਬਣ ਸਕਦਾ ਹੈ, ਭਾਵ ਇਨਸਾਨ ਨੂੰ ਸਮੇਂ ਅਨੁਸਾਰ ਬਦਲਣਾ ਵੀ ਅਤਿਅੰਤ ਲਾਭਦਾਇਕ ਹੋ ਸਕਦਾ ਹੈ। ਬਦਲਾਅ ਦਾ ਦੂਜਾ ਨਾਮ ਹੀ ਜ਼ਿੰਦਗੀ ਹੈ। ਉਸ ਦੀਆਂ ਕਵਿਤਾਵਾਂ ਮਨੁੱਖ ਨੂੰ ਰਵਾਇਤੀ ਬੰਦਸ਼ਾਂ ਨੂੰ ਤੋੜਕੇ  ਆਪਣੇ ਹੱਕਾਂ ਲਈ ਜਾਗਰੂਕ ਹੋ ਕੇ ਹਮੇਸਾਂ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ। ਉਸਦੀ ਇਸ ਸੋਚ ਦੇ ਲਖਾਇਕ ਦੋ ਸ਼ਿਅਰ ਇਸ ਪ੍ਰਕਾਰ ਹਨ :
ਪੁਰਾਣੇ ਖੰਡਰ ‘ਚੋਂ ਹੁਣ ਕੋਈ ਆਵਾਜ਼ ਨਹੀਂ ਆਉਣੀ,
 ਨਵੇਂ ਰਸਤੇ ਬਣਾਉਣੇ ਪੈਣਗੇ ਜੇ ਰੁੱਤ ਬਦਲਣੀ ਹੈ।
ਸਫ਼ਰ ਦੀ ਰੁੱਤ  ਹੈ, ਰੁਕਣਾ ਸਾਡੀ ਫ਼ਿਤਰਤ ਨਹੀ,
ਨਵੇਂ ਯੁੱਗ ਦੇ ਨਵੇਂ ਹਾਣੀ ਬਣਕੇ ਅੱਗੇ ਵੱਧਣਾ ਹੈਂ।
 ਇਨਸਾਫ਼ ਲੈਣ ਲਈ ਮਨੁੱਖੀ ਅਣਖ ਅਤੇ  ਹੱਕਾਂ ਦੀ ਲੜਾਈ ਇੱਕਮੁੱਠ ਹੋ ਕੇ ਲੜਨੀ ਪਵੇਗੀ ਤਾਂ ਹੀ ਸਮਾਜ ਵਿੱਚ ਤਬਦੀਲੀ ਆ ਸਕਦੀ ਹੈ। ਇਸ ਮੰਤਵ ਲਈ ਲੋਕਾਈ ਦੇ ਸਹਿਯੋਗ ਦੀ ਲੋੜ ਹੋਵੇਗੀ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਸਮਾਜ ਪੜਿ੍ਹਆ ਲਿਖਿਆ ਹੋਵੇਗਾ। ਇਹ ਸ਼ਿਅਰ ਇਸਦੀ ਗਵਾਹੀ ਭਰਦਾ ਹੈ :
ਜਦੋਂ ਲੋਕ ਹਿਤਾਂ ਦੀ ਬਾਤ ਚਲੇਗੀ ਜ਼ਮਾਨੇ ਵਿੱਚ,
ਤਾਂ ਹਰ ਇੱਕ ਅੱਖ਼ਰ ਸਾਡਾ ਦੀਵਾ ਬਣਕੇ ਜਾਗ ਪਵੇਗਾ।
  ਮਹਿੰਦਰਦੀਪ ਗਰੇਵਾਲ ‘ਅੱਖ਼ਰਾਂ ਦੇ ਦੀਵੇ’ ਪੁਸਤਕ ਵਿੱਚ  ਲੋਕਾਂ ਨੂੰ ਸੰਘਰਸ਼ ਕਰਨ ਤਿਆਰ--ਬਰ-ਤਿਆਰ ਰਹਿਣ ਦੀ ਪ੍ਰੇਰਨਾ ਦਿੰਦਾ ਹੋਇਆ, ਆਸ਼ਾਵਾਦੀ ਸੋਚ ਅਪਨਾਉਣ ਦੀ ਸਲਾਹ ਦਿੰਦਾ ਹੈ, ਕਿਉਂਕਿ ਨਿਰਾਸ਼ਾ ਕਰਨ ਵਾਲਿਆਂ ਦੇ ਪੱਲੇ ਅਸਫਲਤਾ ਹੀ ਪੈਂਦੀ ਹੈ, ਇਸ ਲਈ ਹੌਸਲਾ ਨਹੀਂ ਛੱਡਣਾ ਚਾਹੀਦਾ। ਇਹ ਸਿਸ਼ਅ ਉਸਦੀ ਗਵਾਹੀ ਭਰਦੇ ਹਨ :
ਮੁਸ਼ਕਲ ਹਾਲਾਤ ਵਿੱਚ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ,
ਸੱਚ ਦੀ ਰੌਸ਼ਨੀ ਹਮੇਸ਼ਾ ਬਰਕਰਾਰ ਰਹਿੰਦੀ ਹੈ। 
ਹਨ੍ਹੇਰਾ ਜਿੰਨਾ ਵੀ ਸੰਘਣਾ ਹੋਵੇ,      ਡਰਨ ਦੀ ਲੋੜ ਨਹੀਂ।
ਸਾਡੇੇ ਹੱਥਾਂ ‘ਚ ਜੋ ਅੱਖ਼ਰ ਨੇ, ਇਹ ਦੀਵੇ ਬਣਕੇ ਚਮਕਣਗੇ।
      ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਵਿੱਚ ਆਈ ਗਿਰਾਵਟ ਦਾ ਜ਼ਿਕਰ ਕਰਦਿਆਂ ਸ਼ਾਇਰ ਲਿਖਦਾ ਹੈ ਕਿ ਸਮਾਜ ਦੀ ਸੋਚ ਵਿੱਚ ਆਈ ਤਬਦੀਲੀ ਖ਼ੁਸ਼ੀ ਦੇਣ ਦੀ ਥਾਂ ਦੁੱਖ ਦਿੰਦੀ ਹੈ : 
ਉਹੀ ਰਿਸ਼ਤਾ ਸਦਾ ਰਹਿੰਦਾ, ਉਹੀ ਘਰ ਵਸਦਾ ਹੈ,
ਬਹੁਤ ਹੁੰਦੇ ਨੇ ਜੋ ਘਰ ਤੋੜਕੇ ਦੂਜੇ ਦਾ ਖ਼ੁਸ਼ ਹੁੰਦੇ,
ਦੁੱਖੀ ਹੁੰਦੇ ਜਦੋਂ ਟੁੱਟਿਆ ਹੋਇਆ ਹਰ ਘਰ ਵਸਦਾ।
ਇਸ ਲਈ ਉਸਨੂੰ ਯਥਾਰਵਾਦੀ ਕਵੀ ਵੀ ਕਿਹਾ ਜਾ ਸਕਦਾ ਹੈ।
   ਮਹਿੰਦਰਦੀਪ ਗਰੇਵਾਲ ਦਾ ਜਨਮ ਬਰਤਾਨੀਆਂ ਭਾਰਤ ਦੇ ਕਸੂਰ ਜਿਲ੍ਹੇ ਦੀ ਪੱਤੋਕੀ ਤਹਿਸੀਲ ਦੇ ਪਿੰਡ ਝੋਕ ਬਲੋਚਾਂ ਵਿਖੇ 1942 ਵਿੱਚ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਜਿਲ੍ਹੇ ਦੇ ਪਿੰਡ ਧਾਂਦਰਾ ਵਿਖੇ ਆ ਕੇ ਵਸ ਗਿਆ ਸੀ, ਪ੍ਰੰਤੂ ਉਸਦੇ ਪਿਤਾ ਮਹਿੰਦਰਦੀਪ ਗਰੇਵਾਲ ਦੇ ਬਚਪਨ ਵਿੱਚ ਹੀ ਸਵਰਗਵਾਸ ਹੋ ਗਏ ਸਨ। ਪਿਤਾ ਦੀ ਮੌਤ ਤੋਂ ਬਾਅਦ ਉਸਦੀ ਜ਼ਿੰਦਗੀ ਦੀ ਜਦੋਜਹਿਦ ਸ਼ੁਰੂ ਹੁੰਦੀ ਹੈ। ਇਸ ਕਰਕੇ ਮਹਿੰਦਰਦੀਪ ਗਰੇਵਾਲ ਦੀ ਮਾਤਾ ਉਸਨੂੰ ਲੈ ਕੇ ਆਪਣੇ ਪੇਕਿਆਂ ਦੇ ਪਿੰਡ ਸਲੇਮਪੁਰ ਨੇੜੇ ਲੁਧਿਆਣਾ ਆ ਗਏ ਸਨ। ਫਿਰ ਉਹ ਆਪਣੇ ਨਾਨਕੇ ਪਿੰਡ ਰਹਿਕੇ ਹੀ ਵੱਡਾ ਹੋਇਆ ਤੇ ਪੜਿ੍ਹਆ। ਉਸਨੇ ਦਸਵੀਂ ਤੱਕ ਦੀ ਪੜ੍ਹਾਈ  ਸਰਕਾਰੀ ਹਾਈ ਸਕੂਲ ਜਗਰਾਉਂ, ਬੀ ਐਸ ਸੀ ਨਾਨ ਮੈਡੀਕਲ ਦੀ ਡਿਗਰੀ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਅਤੇ ਬੀ ਐਡ ਗੁਰੂ ਹਰਿ ਗੋਬਿੰਦ ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸਿਧਾਰ ਜਿਲ੍ਹਾ ਲੁਧਿਆਣਾ ਤੋਂ ਪਾਸ ਕੀਤੀਆਂ। ਮਹਿੰਦਰਦੀਪ ਗਰੇਵਾਲ ਨੇ ਸਾਇੰਸ ਅਤੇ ਅੰਗਰੇਜ਼ੀ ਲਿਟਰੇਚਰ ਦੀਆਂ ਐਮ ਏ ਕੀਤੀਆਂ ਹੋਈਆਂ ਹਨ। ਇਸ ਤੋਂ ਬਾਅਦ ਅਪ੍ਰੈਲ 1965 ਵਿੱਚ ਉਹ ਸਰਕਾਰੀ ਅਧਿਆਪਕ ਦੀ ਨੌਕਰੀ ‘ਤੇ ਨਿਯੁਕਤ ਹੋ ਗਿਆ। ਤਰੱਕੀ ਕਰਦਾ ਉਹ ਬਤੌਰ ਲੈਕਚਰਾਰ ਸਾਲ 2000 ਵਿੱਚ ਸੇਵਾ ਮੁਕਤ ਹੋਇਆ ਹੈ। ਨੌਕਰੀ ‘ਤੇ ਲੱਗਣ ਤੋਂ ਬਾਅਦ ਮਹਿੰਦਰਦੀਪ ਗਰੇਵਾਲ ਨੇ ਆਪਣਾ ਮਕਾਨ ਪਹਿਲਾਂ ਤਹਿਸੀਲ ਰੋਡ ਜਗਰਾਉਂ ਵਿਖੇ ਬਣਾਕੇ ਪੱਕੀ ਰਿਹਾਇਸ਼ ਏਥੇ ਹੀ ਕਰ ਲਈ ਸੀ। ਉਹ ਜਲਦੀ ਹੀ ਇਸ ਇਲਾਕੇ ਵਿੱਚ ਪ੍ਰਸਿੱਧ ਸ਼ਾਇਰ ਦੇ ਤੌਰ ‘ਤੇ ਹਰਮਨ ਪਿਆਰਾ ਹੋ ਗਿਆ, ਉਸਦੀ ਸਾਹਿਤਕ ਪ੍ਰਸਿੱਧਤਾ ਕਰਕੇ ਜਿਥੇ ਉਹ ਰਹਿ ਰਿਹਾ ਸੀ, ਉਸ ਕਾਲੋਨੀ ਦਾ ਨਾਮ ਉਸਦੇ ਨਾਮ ਨਾਲ ‘ਗੁਰਦੀਪ ਨਗਰ’ ਬਣ ਗਿਆ। ਜਗਰਾਉਂ ਵਿਖੇ ਵੀ ਉਹ ਸਾਹਿਤਕ ਸਭਾਵਾਂ ਦਾ ਹਿੱਸਾ ਬਣ ਗਿਆ। ਉਨ੍ਹਾਂ ਸਮਿਆਂ ਵਿੱਚ ਕੁਲਵੰਤ ਜਗਰਾਉਂ ਅਤੇ ਮਹਿੰਦਰਦੀਪ ਗਰੇਵਾਲ ਦੀ ਜੋੜੀ ਸਾਹਿਤਕ  ਸਰਗਰਮੀਆਂ ਦਾ ਕੇਂਦਰ ਹੁੰਦੀ ਸੀ। ਇਸ ਸਮੇਂ ਦੌਰਾਨ ਉਸਨੇ ਬਹੁਤ ਸਾਰੇ ਸਾਹਿਤਕ ਪ੍ਰੋਗਰਾਮ ਕਰਵਾਏ ਸਨ। ਕਈ ਸਾਹਿਤਕ ਸੰਸਥਾਵਾਂ ਦਾ ਉਹ ਪੈਟਰਨ ਤੇ ਪ੍ਰਧਾਨ ਰਿਹਾ ਹੈ। ਸਰਕਾਰੀ ਨੌਕਰੀ ਦੀ ਤਾਇਨਾਤੀ ਅਤੇ ਸਾਹਿਤਕ ਪ੍ਰਵਿਰਤੀ ਦੀ ਪ੍ਰਫ਼ੁਲਤਾ ਲਈ ਉਹ 1970 ਵਿੱਚ ਲੁਧਿਆਣਾ ਆ ਗਿਆ। ਏਥੇ ਉਸਦਾ ਸਾਹਿਤਕ ਤਾਲਮੇਲ ਪੰਜਾਬੀ ਦੇ ਸਾਹਿਤਕਾਰਾਂ ਨਾਲ ਵਧੇਰੇ ਹੋ ਗਿਆ। ਪੰਜਾਬੀ ਸਾਹਿਤ ਅਕਾਡਮੀ ਦਾ ਦਫ਼ਤਰ ਵੀ ਉਸ ਦੀਆਂ ਸਾਹਿਤਕ ਸਰਗਰਮੀਆਂ ਲਈ ਵਰਦਾਨ ਸਾਬਤ ਹੋਇਆ।  ਇਸ ਤੋਂ ਇਲਾਵਾ ਉਸਨੇ ਸਾਹਿਤਕ ਸੰਸਥਾਵਾਂ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜੀਵਨ ਭਰ ਲਈ ਮੈਂਬਰ ਬਣ ਗਿਆ। ਉਹ ਕੇਂਦਰੀ ਲੇਖਕ ਸਭਾ ਦਾ ਜਨਰਲ ਸਕੱਤਰ ਵੀ ਰਿਹਾ ਹੈ। ਜਗਦੇਵ ਸਿੰਘ ਜੱਸੋਵਾਲ ਵੱਲੋਂ ਲੁਧਿਆਣਾ ਵਿਖੇ ਪ੍ਰੋ ਮੋਹਨ ਸਿੰਘ ਦੀ ਯਾਦ ਵਿੱਚ ਬਣਾਈ ਗਈ ‘ਪ੍ਰੋ ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ’ ਦੇ ਮੁੱਢਲੇ ਸਹਿਯੋਗੀਆਂ ਵਿੱਚ ਮਹਿੰਦਰਦੀਪ ਗਰੇਵਾਲ ਸੀ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਮਹਿੰਦਰਦੀਪ ਗਰੇਵਾਲ ਆਪਣੇ ਪਰਿਵਾਰ ਕੋਲ ਕੈਨੇਡਾ ਪਹੁੰਚ ਗਿਆ। ਕੈਨਡਾ ਵਿਖੇ ਵੀ ਉਹ ਸਾਹਿਤਕ ਸਮਾਗਮਾਂ ਵਿੱਚ ਸਰਗਰਮੀ ਨਾਲ ਵਿਚਰਦਾ ਰਿਹਾ। ਉਹ ਵਰਲਡ ਐਸੋਸੀਏਸ਼ਨ ਆਫ਼ ਇੰਗਲਿਸ਼ ਪੋਇਟਰੀ, ਕੈਨੇਡੀਅਨ ਪੰਜਾਬੀ ਸਾਹਿਤ  ਸਭਾ ਟਰਾਂਟੋ ਅਤੇ ਕਲਮ ਫ਼ਾਊਂਡੇਸ਼ਨ ਨਾਲ ਜੁੜਿਆ ਰਿਹਾ ਹੈ। ਫਿਰ ਉਹ ਅਮਰੀਕਾ ਆ ਗਿਆ। ਵਡੇਰੀ ਉਮਰ ਕਰਕੇ ਹੁਣ ਉਹ ਬਹੁਤਾ ਸਰਗਰਮ ਨਹੀਂ ਹੈ। ਏਥੇ ਉਹ ਕੈਲੇਫੋਰਨੀਆਂ ਰਾਜ ਦੇ ਸੈਂਡੀਆਗੋ ਸ਼ਹਿਰ ਵਿੱਚ ਆਪਣੇ ਸਪੁੱਤਰ ਸਤਵਿੰਦਰ ਸਿੰਘ ਗਰੇਵਾਲ ਕੋਲ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ।
ਤਸਵੀਰਾਂ : ਮਹਿੰਦਰਦੀਪ ਗਰੇਵਾਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
ujagarsingh48@yahoo.com