ਪੰਜਾਬ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਬਹੁ-ਧਰਮੀ ਅਤੇ ਬਹੁ-ਸੱਭਿਆਚਾਰਕ ਵਿਰਾਸਤ ਰਹੀ ਹੈ।-ਬਘੇਲ ਸਿੰਘ ਧਾਲੀਵਾਲ

ਪੰਜਾਬ ਅੰਦਰ ਪੰਥਕ ਸਿਆਸਤ ਦਾ ਉਭਾਰ ਅਤੇ ਵਿਰੋਧੀ ਤਾਕਤਾਂ ਦੀ ਬੇਚੈਨੀ

ਪੰਜਾਬ ਅੰਦਰ ਪੰਥਕ ਸਿਆਸਤ ਦਾ ਮੁੜ ਉਭਾਰ ਪੰਜਾਬ ਅਤੇ ਪੰਥ ਵਿਰੋਧੀ ਤਾਕਤਾਂ ਲਈ ਫਿਕਰਮੰਦੀ ਦਾ ਕਾਰਨ ਬਣਿਆ ਹੋਇਆ ਹੈ। ਇਹ ਗੱਲ ਹੁਣ ਕਿਸੇ ਤੋਂ ਲੁਕੀ ਹੋਈ ਨਹੀਂ ਰਹੀ ਕਿ ਪੰਜਾਬ ਦੀ ਸਿਆਸਤ ਅੰਦਰ ਲੰਮੇ ਸਮੇਂ ਬਾਅਦ ਇੱਕ ਅਜਿਹੀ ਸਿਆਸੀ ਧਾਰਾ ਮੁੜ ਆਪਣੀ ਥਾਂ ਬਣਾਉਣ ਵੱਲ ਵਧ ਰਹੀ ਹੈ, ਜਿਸ ਦਾ ਕੇਂਦਰ ਪੰਜਾਬ ਦੀਆਂ ਮੰਗਾਂ, ਸਿੱਖ ਪਛਾਣ, ਪੰਜਾਬੀਅਤ ਅਤੇ ਸੂਬੇ ਦੇ ਆਪਣੇ ਹੱਕਾਂ ਨਾਲ ਜੁੜਿਆ ਹੋਇਆ ਹੈ।ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਸਿਆਸੀ ਉਭਾਰ ਪੰਜਾਬ ਦੀ ਰਾਜਨੀਤਕ ਮਾਨਸਿਕਤਾ ਵਿੱਚ ਆ ਰਹੀ ਤਬਦੀਲੀ ਦਾ ਸਪੱਸਟ ਸੰਕੇਤ ਵੀ ਹੈ।ਜਦੋਂ ਵੀ ਪੰਜਾਬ ਆਪਣੇ ਹੱਕਾਂ, ਆਪਣੀ ਪਛਾਣ ਅਤੇ ਆਪਣੀ ਸਿਆਸੀ ਤਾਕਤ ਨੂੰ ਲੈ ਕੇ ਇਕੱਠਾ ਹੋਣ ਵੱਲ ਵਧਿਆ ਹੈ, ਉਦੋਂ ਹੀ ਪੰਜਾਬ ਨੂੰ ਅੰਦਰੋਂ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਵੀ ਸਰਗਰਮ ਹੋ ਜਾਂਦੀਆਂ ਹਨ। ਇਸ ਨੁਕਤੇ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਨੂੰ ਬਾਹਰੋਂ ਜਿੰਨਾ ਨੁਕਸਾਨ ਹੋਇਆ, ਉਸ ਤੋ ਕਿਤੇ ਵੱਧ ਨੁਕਸਾਨ ਅੰਦਰੂਨੀ ਵੰਡੀਆਂ, ਧੜੇਬੰਦੀਆਂ ਅਤੇ ਆਪਸੀ ਬੇਭਰੋਸਗੀ ਨੇ ਕੀਤਾ ਹੈ। ਅੱਜ ਵੀ ਸਭ ਤੋਂ ਵੱਡਾ ਖ਼ਤਰਾ ਇਹ ਨਹੀਂ ਕਿ ਪੰਜਾਬ ਅੰਦਰ ਵੱਖ-ਵੱਖ ਸਿਆਸੀ ਧੜੇ ਹਨ। ਲੋਕਤੰਤਰ ਵਿੱਚ ਵੱਖਰੀਆਂ ਰਾਜਨੀਤਕ ਧਾਰਾਵਾਂ ਦਾ ਹੋਣਾ ਸੁਭਾਵਿਕ ਹੈ। ਅਸਲ ਖ਼ਤਰਾ ਉਸ ਵੇਲੇ ਪੈਦਾ ਹੁੰਦਾ ਹੈ ਜਦੋਂ ਧੜੇਬੰਦੀ ਸਿਧਾਂਤਕ ਵਿਰੋਧ ਤੋਂ ਅੱਗੇ ਵਧ ਕੇ ਨਿੱਜੀ ਕਿਰਦਾਰਕੁਸ਼ੀ ਤੱਕ  ਪਹੁੰਚ ਜਾਵੇ। ਇੱਥੇ ਸਿੱਖ, ਹਿੰਦੂ, ਮੁਸਲਮਾਨ ਅਤੇ ਹੋਰ ਭਾਈਚਾਰੇ ਸਦੀਆਂ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਪੰਜਾਬ ਨੇ ਹਮੇਸ਼ਾ ਫਿਰਕੂ ਵੰਡ ਦੀ ਰਾਜਨੀਤੀ ਦਾ ਵਿਰੋਧ ਕੀਤਾ ਹੈ। ਇਸੇ ਲਈ ਜੇਕਰ ਕੋਈ ਤਾਕਤ ਪੰਜਾਬ ਦੀ ਪੰਥਕ ਸਿਆਸਤ ਦੇ ਉਭਾਰ ਨੂੰ ਬਦਨਾਮ ਕਰਨ ਲਈ ਫਿਰਕੂ ਟਕਰਾਅ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਉਸ ਸਾਜ਼ਿਸ਼ ਨੂੰ ਸਮਝਣ ਦੀ ਲੋੜ ਹੈ।ਪਰ ਇੱਥੇ ਇੱਕ ਹੋਰ ਸਵਾਲ ਵੀ ਖੜ੍ਹਾ ਹੁੰਦਾ ਹੈ,ਕੀ ਪੰਥਕ ਧੜੇ ਖੁਦ ਇਸ ਚੁਣੌਤੀ ਨੂੰ ਸਮਝ ਰਹੇ ਹਨ? ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਰੇ ਪੰਥਕ ਧੜਿਆਂ ਦਾ ਜ਼ੋਰ ਇਸ ਗੱਲ ਉੱਤੇ ਨਹੀਂ ਲੱਗ ਰਿਹਾ ਕਿ ਪੰਜਾਬ ਅੰਦਰ ਉਭਰ ਰਹੀ ਪੰਥਕ ਤਾਕਤ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ, ਪੰਜਾਬ ਦੇ ਲੋਕਾਂ ਦੀ ਸਾਂਝੀ ਤਾਕਤ ਨੂੰ ਕਿਵੇਂ ਇਕੱਠਾ ਕੀਤਾ ਜਾਵੇ ਅਤੇ ਪੰਜਾਬ ਵਿਰੋਧੀ ਰਾਜਨੀਤੀ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ,ਸਗੋਂ ਇਸ ਦੇ ਉਲਟ ਕਈ ਪੰਥਕ ਧੜਿਆਂ ਦੀ ਸਿਆਸਤ ਇਸ ਸੋਚ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਦੇ ਰਹੀ ਹੈ ਕਿ ਅਸੀਂ ਜਿੱਤ ਭਾਵੇਂ ਨਾ ਸਕੀਏ, ਪਰ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ ਹਰਾਉਣ ਵਿੱਚ ਆਪਣੀ ਭੂਮਿਕਾ ਜ਼ਰੂਰ ਨਿਭਾਵਾਂਗੇ। ਇਹ ਸੋਚ ਪੰਥਕ ਤੌਰ ’ਤੇ ਵੀ ਬੇਹੱਦ ਨੁਕਸਾਨਦੇਹ ਹੈ।ਪੰਜਾਬ ਦੇ ਵਡੇਰੇ ਹਿੱਤਾਂ ਲਈ ਇਹ ਬੇਹੱਦ ਜਰੂਰੀ ਹੈ ਕਿ “ਅਕਾਲੀ ਦਲ ਵਾਰਿਸ ਪੰਜਾਬ ਦੇ” ਦੇ ਵਧ ਰਹੇ ਰਾਜਨੀਤਕ ਪਰਭਾਵ ਨੂੰ ਹੋਰ ਤਕੜਾ ਕੀਤਾ ਜਾਵੇ। ਜੇਕਰ ਇੱਕ ਪੰਥਕ ਧੜੇ ਨੂੰ ਹਰਾਉਣ ਲਈ ਦੂਜੇ ਪੰਥਕ ਧੜੇ ਦੀ ਸਾਰੀ ਸਿਆਸੀ ਤਾਕਤ ਵਰਤੀ ਜਾਵੇਗੀ ਤਾਂ ਇਸ ਦਾ ਫਾਇਦਾ ਸਿੱਧੇ ਰੂਪ ਵਿੱਚ ਕੇਂਦਰੀ ਤਾਕਤਾਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ, ਆਮ ਆਦਮੀ ਪਾਰਟੀ, ਕਾਂਗਰਸ ਜਾਂ ਭਾਜਪਾ ਵਰਗੀਆਂ ਪਾਰਟੀਆਂ ਨੂੰ ਹੋਵੇਗਾ।ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਦੁਖਾਂਤ ਇਹ ਰਿਹਾ ਹੈ ਕਿ ਅਕਸਰ ਆਪਣੇ ਵੱਡੇ ਦੁਸ਼ਮਣ ਨੂੰ ਪਛਾਣਨ ਦੀ ਬਜਾਏ ਆਪਣੇ ਘਰ ਦੇ ਵਿਰੋਧੀ ਨੂੰ ਹੀ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝ ਲੈਂਦੇ ਹਨ।ਸਿਆਸਤ ਵਿੱਚ ਮੁਕਾਬਲਾ ਹੋਣਾ ਚਾਹੀਦਾ ਹੈ, ਵਿਚਾਰਾਂ ਦਾ ਵਿਰੋਧ ਹੋਣਾ ਚਾਹੀਦਾ ਹੈ, ਨੀਤੀਆਂ ਉੱਤੇ ਸਵਾਲ ਹੋਣੇ ਚਾਹੀਦੇ ਹਨ, ਪਰ ਜਦੋਂ ਮੁਕਾਬਲਾ ਦੁਸ਼ਮਣੀ ਵਿੱਚ ਬਦਲ ਜਾਵੇ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਉਸੇ ਧਿਰ ਨੂੰ ਹੁੰਦਾ ਹੈ। ਅੱਜ ਦੇ ਭਾਰਤ ਦੇ ਬਦਲਦੇ ਸਿਆਸੀ ਹਾਲਾਤਾਂ ਨੂੰ ਪੰਜਾਬ ਦੇ ਸੰਦਰਭ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਦੇਸ਼ ਅੰਦਰ ਕੇਂਦਰੀਕਰਨ ਦੇ ਰੁਝਾਨਾਂ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ। ਅਜਿਹੇ ਮਾਹੌਲ ਵਿੱਚ ਕਿਸੇ ਵੀ ਸੂਬੇ ਲਈ ਆਪਣੀ ਮਜ਼ਬੂਤ ਖੇਤਰੀ ਸਿਆਸੀ ਪਾਰਟੀ ਹੋਣਾ ਬੇਹੱਦ ਜ਼ਰੂਰੀ ਹੈ। ਜਿਹੜੇ ਸੂਬੇ ਆਪਣੀਆਂ ਖੇਤਰੀ ਪਾਰਟੀਆਂ ਅਤੇ ਆਪਣੀ ਸਿਆਸੀ ਪਛਾਣ ਨੂੰ ਮਜ਼ਬੂਤ ਰੱਖਦੇ ਹਨ, ਉਹ ਕੇਂਦਰੀ ਤਾਕਤਾਂ ਨਾਲ ਆਪਣੇ ਹੱਕਾਂ ਲਈ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰ ਸਕਦੇ ਹਨ।ਬਿਨਾ ਸ਼ੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨੁਮਾਇੰਦਾ ਧਿਰ ਵਜੋ ਮਜਬੂਤ ਰਿਹਾ ਹੈ।ਹੁਣ “ਅਕਾਲੀ ਦਲ ਵਾਰਿਸ ਪੰਜਾਬ ਦੇ” ਦਾ ਉਭਾਰ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਅੰਦਰ ਪੰਥਕ ਮੁੱਦਿਆਂ ਅਤੇ ਪੰਜਾਬ ਦੀ ਆਪਣੀ ਸਿਆਸੀ ਆਵਾਜ਼ ਲਈ ਮੁੜ ਮਜਬੂਤੀ ਨਾਲ ਥਾਂ ਬਣ ਰਹੀ ਹੈ।ਇਸ ਉਭਾਰ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਹਰ ਕਿਸੇ ਦਾ ਆਪਣਾ ਅਧਿਕਾਰ ਹੈ। ਲੋਕਤੰਤਰ ਵਿੱਚ ਕਿਸੇ ਵੀ ਪਾਰਟੀ ਦੀ ਆਲੋਚਨਾ ਹੋ ਸਕਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਨਾਲ ਵੀ ਹਰ ਵਿਅਕਤੀ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਪਰ ਜੇਕਰ ਕੋਈ ਪੰਥਕ ਤਾਕਤ ਲੋਕਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋ ਰਹੀ ਹੈ ਤਾਂ ਉਸ ਨੂੰ ਸਿਰਫ਼ ਇਸ ਕਰਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨੀ ਕਿ ਉਹ ਸਾਡੇ ਧੜੇ ਨਾਲ ਨਹੀਂ, ਪੰਜਾਬ ਦੇ ਵਡੇਰੇ ਹਿੱਤਾਂ ਦੀ ਰਾਜਨੀਤੀ ਨਹੀਂ ਹੋ ਸਕਦੀ।ਅੱਜ ਲੋੜ ਇਸ ਗੱਲ ਦੀ ਹੈ ਕਿ ਪੰਥਕ ਸਿਆਸਤ ਅੰਦਰ ਆਪਸੀ ਮੁਕਾਬਲੇ ਦੀ ਥਾਂ ਵਿਚਾਰਧਾਰਕ ਸੰਵਾਦ ਪੈਦਾ ਕੀਤਾ ਜਾਵੇ। ਜਿਹੜੇ ਮੁੱਦੇ ਸਾਂਝੇ ਹਨ, ਉਨ੍ਹਾਂ ਉੱਤੇ ਸਾਂਝੀ ਆਵਾਜ਼ ਬਣਾਈ ਜਾਵੇ। ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ, ਪੰਜਾਬੀ ਭਾਸ਼ਾ ਦਾ ਮੁੱਦਾ ਹੋਵੇ, ਪੰਜਾਬ ਦੇ ਹੱਕਾਂ ਦਾ ਸਵਾਲ ਹੋਵੇ,ਬੱਮਦੀ ਸਿੱਖਾਂ ਦੀ ਰਿਹਾਈ,ਕਿਸਾਨੀ ਅਤੇ ਨੌਜਵਾਨੀ ਦਾ ਸੰਕਟ ਹੋਵੇ, ਕੇਂਦਰ-ਸੂਬਾ ਸਬੰਧਾਂ ਦਾ ਮਸਲਾ ਹੋਵੇ ਜਾਂ ਸਿੱਖ ਪਛਾਣ ਨਾਲ ਜੁੜੇ ਮੁੱਦੇ, ਇਨ੍ਹਾਂ ਉੱਤੇ ਪੰਥਕ ਧਿਰਾਂ ਨੂੰ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਸਾਂਝੀ ਰਣਨੀਤੀ ਬਣਾਉਣੀ ਚਾਹੀਦੀ ਹੈ।ਜੇਕਰ ਪੰਥਕ ਸਿਆਸਤ ਸਿੱਖ ਸਿਧਾਂਤਾਂ, ਪੰਜਾਬੀਅਤ, ਮਨੁੱਖੀ ਅਧਿਕਾਰਾਂ, ਇਨਸਾਫ਼ ਅਤੇ ਸੂਬੇ ਦੇ ਹੱਕਾਂ ਦੀ ਗੱਲ ਕਰਦੀ ਹੈ ਤਾਂ ਉਸ ਨੂੰ ਫਿਰਕੂ ਸਿਆਸਤ ਕਹਿ ਕੇ ਬਦਨਾਮ ਕਰਨ ਦੀ ਕੋਈ ਵੀ ਕੋਸ਼ਿਸ਼ ਪੰਜਾਬ ਦੇ ਹਿੱਤ ਵਿੱਚ ਨਹੀਂ ਹੋਵੇਗੀ। ਇਸ ਲਈ ਪੰਥਕ ਧਿਰਾਂ ਦੀ ਆਪਣੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਭਾਸ਼ਾ, ਆਪਣੀ ਸਿਆਸਤ ਅਤੇ ਆਪਣੇ ਵਿਹਾਰ ਰਾਹੀਂ ਪੰਜਾਬ ਦੇ ਹਰ ਭਾਈਚਾਰੇ ਨੂੰ ਭਰੋਸਾ ਦੇਣ ਕਿ ਉਨ੍ਹਾਂ ਦੀ ਲੜਾਈ ਕਿਸੇ ਭਾਈਚਾਰੇ ਦੇ ਵਿਰੁੱਧ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਇਨਸਾਫ਼ ਲਈ ਹੈ।ਪੰਜਾਬ ਦੀ ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦੇਣਾ ਚਾਹੀਦਾ। ਪੰਜਾਬ ਦੀ ਅਸਲ ਤਾਕਤ ਸਮੂਹ ਪੰਜਾਬੀਆਂ ਦੀ ਸਾਂਝ ਹੈ।ਆਉਣ ਵਾਲਾ ਸਮਾ ਪੰਜਾਬ ਦੀ ਸਿਆਸੀ ਦਿਸ਼ਾ ਤੈਅ ਕਰਨ ਦਾ ਸਮਾਂ ਹੋਵੇਗਾ। ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਉਭਰ ਰਹੀ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ ਹੋਰ ਤਕੜਾ ਕਰਨ ਦੀ ਜਰੂਰਤ ਹੈ।ਜਦੋਂ ਪੰਜਾਬ ਇਕੱਠਾ ਹੋਇਆ ਹੈ ਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਨੂੰ ਵੀ ਪੰਜਾਬ ਦੀ ਆਵਾਜ਼ ਸੁਣਨੀ ਪਈ ਹੈ। ਪਰ ਜਦੋਂ ਤੋ ਪੰਜਾਬ ਅਤੇ ਪੰਥ ਵੰਡਿਆ ਗਿਆ ਹੈ ਤਾਂ ਬਾਹਰੀ ਤਾਕਤਾਂ ਲਈ ਇੱਥੇ ਆਪਣੀ ਪਕੜ ਮਜ਼ਬੂਤ ਕਰਨੀ ਸੌਖੀ ਹੋ ਗਈ ਹੈ।ਇਸ ਲਈ ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਰੂਪ ਵਿੱਚ ਆ ਰਹੇ ਪੰਥਕ ਸਿਆਸਤ ਦੇ ਉਭਾਰ ਨੂੰ ਆਪਸੀ ਈਰਖਾ, ਧੜੇਬੰਦੀ ਅਤੇ ਨਿੱਜੀ ਵਿਰੋਧਾਂ ਦੀ ਭੇਟ ਨਾ ਚੜ੍ਹਾਇਆ ਜਾਵੇ। ਜੇਕਰ ਆਉਣ ਵਾਲਾ ਸਮਾਂ ਸੱਚਮੁੱਚ ਪੰਥਕ ਸਿਆਸਤ ਦਾ ਬਣ ਰਿਹਾ ਹੈ ਤਾਂ ਇਸ ਨੂੰ ਸਿਰਫ਼ ਇੱਕ ਪਾਰਟੀ ਦੀ ਜਿੱਤ ਨਹੀਂ, ਸਗੋਂ ਪੰਜਾਬ ਦੀ ਸਿਆਸੀ ਚੇਤਨਾ ਦੀ ਜਿੱਤ ਸਮਝਿਆ ਜਾਣਾ ਚਾਹੀਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142