ਪੰਥਕ ਸੋਚ ਦਾ ਉਭਾਰ,ਜੋਸ਼ ਅਤੇ ਜ਼ਾਬਤੇ ਦਾ ਇਮਤਿਹਾਨ - ਬਘੇਲ ਸਿੰਘ ਧਾਲੀਵਾਲ

ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਜੇਕਰ ਭਾਵਨਾਵਾਂ ਦੀ ਥਾਂ ਇਤਿਹਾਸਿਕ ਤਜਰਬੇ ਅਤੇ ਰਾਜਨੀਤਿਕ ਹਕੀਕਤਾਂ ਦੀ ਰੌਸ਼ਨੀ ਵਿੱਚ ਵੇਖਿਆ ਜਾਵੇ ਤਾਂ ਇੱਕ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ ਕਿ ਸਿਰਫ਼ ਜੋਸ਼ ਨਾਲ ਕੋਈ ਕੌਮ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਦੀ,ਬਲਕਿ ਜਾਬਤੇ, ਅਨੁਸ਼ਾਸਨ ਅਤੇ ਸੂਝ-ਬੂਝ ਨਾਲ ਹੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ। ਬੇਸ਼ੱਕ ਸਿੱਖ ਪੰਥ ਦੇ ਬਹੁਤ ਸਾਰੀਆਂ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਨਾਲ ਡੂੰਘੇ ਸਿਧਾਂਤਕ ਮੱਤਭੇਦ ਹੋ ਸਕਦੇ ਹਨ। ਉਹਨਾਂ ਦੀ ਰਾਜਨੀਤਿਕ ਸੋਚ ਅਤੇ ਪੰਥਕ ਸੋਚ ਵਿੱਚ ਵੱਡਾ ਫ਼ਰਕ ਹੋ ਸਕਦਾ ਹੈ। ਪਰ ਸੱਚ ਨੂੰ ਸੱਚ ਕਹਿਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਉਹਨਾਂ ਕੋਲ ਇੱਕ ਅਜਿਹੀ ਤਾਕਤ ਹੈ, ਜਿਸ ਤੋਂ ਪੰਜਾਬ ਦੀ ਸਿੱਖ ਜਵਾਨੀ ਨੂੰ ਸਿੱਖਣ ਦੀ ਲੋੜ ਹੈ, ਅਤੇ ਉਹ ਹੈ ਕਿ ਜਾਬਤਾ (ਅਨੁਸ਼ਾਸਨ)। ਹਜ਼ਾਰਾਂ ਦੀ ਭੀੜ ਵੀ ਬੇਅਸਰ ਹੋ ਜਾਂਦੀ ਹੈ ਜੇਕਰ ਉਹ ਲੀਡਰਸ਼ਿਪ ਦੇ ਫ਼ੈਸਲਿਆਂ ਨੂੰ ਮੰਨਣ ਤੋ ਬਾਗੀ ਹੋ ਜਾਵੇ। ਦੂਜੇ ਪਾਸੇ, ਅਨੁਸ਼ਾਸ਼ਨ ਵਿੱਚ ਰਹਿਣ ਵਾਲੇ ਥੋੜ੍ਹੇ ਲੋਕ ਵੀ ਇਤਿਹਾਸ ਬਦਲ ਸਕਦੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ ਤਾਂ ਸਭ ਤੋਂ ਪਹਿਲਾਂ ਜ਼ਾਬਤੇ ਵਿੱਚ ਰਹਿਣ ਦਾ ਖਾਲਸਾਹੀ ਸਿਧਾਂਤ ਹੀ ਹੋਂਦ ਵਿੱਚ ਆਇਆ, ਲਿਹਾਜ਼ਾ ਪੰਜ ਪਿਆਰਿਆਂ ਨੂੰ ਗੁਰੂ ਦਾ ਦਰਜਾ ਦੇ ਕੇ ਕੌਂਮ ਨੂੰ ਜਾਬਤੇ ਵਿੱਚ ਰੱਖਣ ਲਈ ਪੰਚ ਪ੍ਰਧਾਨੀ ਸਿਧਾਂਤ ਦੀ ਬਖਸ਼ਿਸ਼ ਕੀਤੀ। ਰਹਿਤ ਵਿੱਚ ਰਹਿਣਾ ਅਤੇ ਪੰਜਾਂ ਦਾ ਹੁਕਮ ਮੰਨਣਾ ਹੀ ਖ਼ਾਲਸੇ ਦੀ ਤਾਕਤ ਹੈ। ਇਹੀ ਕਾਰਨ ਸੀ ਕਿ ਗਿਣਤੀ ਵਿੱਚ ਘੱਟ ਹੋਣ ਦੇ ਬਾਵਜੂਦ ਖ਼ਾਲਸੇ ਨੇ ਵੱਡੀਆਂ ਤਾਕਤਾਂ ਦੇ ਮੂੰਹ ਮੋੜੇ। ਵਿਸ਼ਾਲ ਹਲੇਮੀ ਖਾਲਸਾ ਰਾਜ ਵੀ ਕਾਇਮ ਕੀਤਾ।ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਜਜ਼ਬਾ ਹੈ। ਨਿਡਰਤਾ ਹੈ। ਕੁਰਬਾਨੀ ਦਾ ਜਜ਼ਬਾ ਵੀ ਹੈ। ਪਰ ਜੇ ਇਹ ਜਜ਼ਬਾ ਜਾਬਤੇ ਤੋਂ ਵਾਹਰਾ ਹੋਕੇ ਚੱਲਿਆ ਤਾਂ ਉਹੀ ਜਜ਼ਬਾ ਕਈ ਵਾਰ ਆਪਣੇ ਹੀ ਮਕਸਦ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ।ਪਿਛਲੇ ਦਿਨੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਜਥੇਬੰਦੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਚੰਡੀਗੜ ਵਿੱਚ ਕੀਤੇ ਰੋਸ ਮਾਰਚ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਕਈ ਵੀਡੀਓਆਂ ਵਿੱਚ ਗੁੱਸਾ, ਭਾਵਨਾਵਾਂ ਅਤੇ ਜਜ਼ਬਾਤਾਂ ਦੇ ਵੇਗ ਵਿੱਚ ਬਹਿ ਕੇ ਸਾਂਤ ਮਈ ਸਫਲ ਮਾਰਚ ਨੂੰ ਟਕਰਾਅ ਵੱਲ ਧੱਕਣ ਵਾਲੀਆਂ ਘਟਨਾਵਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।ਅਜਿਹੇ ਮਾਹੌਲ ਵਿੱਚ ਕੁਝ ਲੋਕ ਅਣਜਾਣੇ ਵਿੱਚ ਅਤੇ ਕੁਝ ਜਾਣਬੁੱਝ ਕੇ ਅੱਗ ‘ਤੇ ਘਿਉ ਪਾਉਣ ਦਾ ਕੰਮ ਕਰਦੇ ਹਨ। ਹਰ ਵੱਡੇ ਇਕੱਠ ਵਿੱਚ ਕੁਝ ਅਜਿਹੇ ਤੱਤ ਵੀ ਦਾਖ਼ਲ ਹੋ ਜਾਂਦੇ ਹਨ ਜਾਂ ਕਰ ਦਿੱਤੇ ਜਾਂਦੇ ਹਨ,ਜਿਨ੍ਹਾਂ ਦਾ ਮਕਸਦ ਮਸਲੇ ਦਾ ਹੱਲ ਨਹੀਂ, ਸਗੋਂ ਟਕਰਾਅ ਪੈਦਾ ਕਰਨਾ ਹੁੰਦਾ ਹੈ। ਭਾਰਤ ਦਾ ਸੰਵਿਧਾਨ ਸ਼ਾਂਤਮਈ ਇਕੱਠ ਅਤੇ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੰਦਾ ਹੈ, ਪਰ ਜਿੱਥੇ ਹਿੰਸਾ ਜਾਂ ਜਨਤਕ ਕਾਨੂੰਨ ਵਿਵਸਥਾ ਭੰਗ ਹੋਣ ਦੀ ਸਥਿਤੀ ਬਣਦੀ ਹੈ, ਉੱਥੇ ਰਾਜ ਆਪਣੇ ਕਾਨੂੰਨੀ ਅਧਿਕਾਰ ਵਰਤਦਾ ਹੈ,ਇਹ ਹਕੀਕਤ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਅਕਸਰ ਫੌਜਦਾਰੀ ਮਾਮਲੇ ਦਰਜ ਹੁੰਦੇ ਹਨ, ਗ੍ਰਿਫ਼ਤਾਰੀਆਂ ਹੁੰਦੀਆਂ ਹਨ ਅਤੇ ਲੰਬੀਆਂ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਨਾਲਾ ਕਾਂਡ ਦੀ ਉਦਾਹਰਣ ਸਭ ਦੇ ਸਾਹਮਣੇ ਹੈ ਕਿ ਕਿਸਤਰਾਂ ਗਲਤ ਅਨਸਰਾਂ ਦੇ ਗੜਬੜ ਕਰਨ ਤੋ ਬਾਅਦ ਬਹਾਨਾ ਬਣਾ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਝੂਠੇ ਵਿਰਤਾਂਤ ਦਾ ਸਹਾਰਾ ਲੈ ਕੇ ਐਨ ਐਸ ਏ ਲਾ ਅਸਾਮ ਦੀ ਡਿਬਰੂਗੜ ਜੇਲ ਵਿੱਚ ਬੰਦ ਕਰ ਦਿੱਤਾ ਗਿਆ।ਇਸ ਲਈ ਹਰ ਇੱਕ ਨੌਜਵਾਨ ਨੂੰ ਭਾਵਨਾ ਦੇ ਨਾਲ-ਨਾਲ ਕਾਨੂੰਨੀ ਨਤੀਜਿਆਂ ਦੀ ਵੀ ਸਮਝ ਹੋਣੀ ਚਾਹੀਦੀ ਹੈ,ਖਾਸ ਕਰਕੇ ਉਦੋ,ਜਦੋਂ ਘੱਟ ਗਿਣਤੀਆਂ ਦੇ ਮੁਢਲੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਹਾ ਹੋਵੇ। ਇਤਿਹਾਸ ਵਿੱਚ ਜਦੋਂ-ਜਦੋਂ ਫ਼ੈਸਲੇ ਸਾਂਝੀ ਸੂਝ-ਬੂਝ ਨਾਲ ਹੋਏ, ਉਹ ਲੰਮੇ ਸਮੇਂ ਲਈ ਕੌਮ ਦੇ ਹੱਕ ਵਿੱਚ ਸਾਬਤ ਹੋਏ,ਪਰ ਜਦੋਂ ਫੌਜਾਂ ਬਹਿਕਾਵੇ ਵਿੱਚ ਆ ਕੇ ਆਪ ਮੁਹਾਰਾ ਹੋ ਗਈਆਂ ਤਾਂ ਜਿੱਤ ਕੇ ਵੀ ਪੱਲੇ ਹਾਰ ਹੀ ਪਈ।ਦਿੱਲੀ ਕਿਸਾਨ ਅੰਦੋਲਨ ਨੇ ਵੀ ਕਈ ਸਬਕ ਦਿੱਤੇ ਹਨ। ਲੱਖਾਂ ਲੋਕ ਮਹੀਨਿਆਂ ਤੱਕ ਡਟੇ ਰਹੇ। ਹਰ ਗੱਲ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ, ਪਰ ਇਹ ਮੰਨਣਾ ਪਵੇਗਾ ਕਿ ਵੱਡੇ ਪੱਧਰ ਦਾ ਜਾਬਤਾ ਉਸ ਅੰਦੋਲਨ ਦੀ ਇੱਕ ਮਹੱਤਵਪੂਰਨ ਤਾਕਤ ਸੀ।ਅੱਜ ਪੰਜਾਬ ਦੀ ਸਿੱਖ ਜਵਾਨੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜਾਬਤੇ ਵਿੱਚ ਰਹਿ ਕੇ ਆਪਣੀ ਤਾਕਤ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਦੀ ਹੈ। ਜੇ ਪੰਥਕ ਲੀਡਰਸ਼ਿਪ ਕਿਸੇ ਸ਼ਾਂਤਮਈ ਅਤੇ ਕਾਨੂੰਨੀ ਰਣਨੀਤੀ 'ਤੇ ਚੱਲਣ ਦਾ ਫ਼ੈਸਲਾ ਕਰਦੀ ਹੈ ਤਾਂ ਮੈਦਾਨ ਵਿੱਚ ਮੌਜੂਦ ਹਰ ਨੌਜਵਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਅਨੁਸ਼ਾਸਨ ਦੀ ਪਾਲਣਾ ਕਰੇ। ਨਹੀਂ ਤਾਂ ਕੁਝ ਮਿੰਟਾਂ ਦੀ ਭਾਵਨਾਤਮਕ ਪ੍ਰਤੀਕਿਰਿਆ ਪੰਥ ਨੂੰ ਸਾਲਾਂ ਬੱਧੀ ਪਿੱਛੇ ਵੀ ਪਾ ਸਕਦੀ ਹੈ। ਜਿਸਤਰਾਂ ਵਾਰਸ ਪੰਜਾਬ ਦੇ ਜਥੇਬੰਦੀ ਰਾਜਨੀਤਕ ਤੌਰ ਤੇ ਮਜਬੂਤ ਹੋ ਰਹੀ ਹੈ,ਉਸ ਤੋ ਇਹ ਆਸ ਬੱਝ ਰਹੀ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ 2027 ਦੀ ਚੋਣ ਦੇ ਨਤੀਜੇ ਪੰਥ ਦੇ ਹੱਕ ਵਿੱਚ ਆਉਣਗੇ। ਬੰਦੀ ਸਿੱਖਾਂ ਅਤੇ 25000 ਲਾਸ਼ਾਂ ਦੀ ਛਾਣਬੀਣ ਦੇ ਮਤੇ ਵਿਧਾਨ ਸਭਾ ਵਿੱਚ ਪਾਸ ਹੋ ਸਕਦੇ ਹਨ।ਲੋਕਤੰਤਰ ਦੇ ਅੰਦਰ ਸੰਸਥਾਵਾਂ ਦੀ ਆਪਣੀ ਮਹੱਤਤਾ ਹੁੰਦੀ ਹੈ। ਵਿਧਾਨ ਸਭਾ ਵਿੱਚ ਪਾਸ ਹੋਇਆ ਕੋਈ ਵੀ ਮਤਾ ਆਪਣੇ ਆਪ ਵਿੱਚ ਇੱਕ ਵਿਧਾਨਿਕ ਰਿਕਾਰਡ ਬਣਦਾ ਹੈ। ਭਾਵੇਂ ਹਰ ਮਤਾ ਤੁਰੰਤ ਲਾਗੂ ਨਾ ਹੋਵੇ, ਪਰ ਉਹ ਕਿਸੇ ਮੁੱਦੇ 'ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਰਾਏ ਨੂੰ ਦਰਜ ਕਰਦਾ ਹੈ ਅਤੇ ਅਗਲੀਆਂ ਕਾਨੂੰਨੀ ਜਾਂ ਰਾਜਨੀਤਿਕ ਚਰਚਾਵਾਂ ਦਾ ਆਧਾਰ ਬਣ ਸਕਦਾ ਹੈ। ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਉਭਾਰ ਬਹੁਤ ਸਾਰੇ ਨਵੇਂ ਮੀਲ ਪੱਥਰ ਗੱਡਣ ਦੇ ਸਮਰੱਥ ਹੋਣ ਵੱਲ ਵਧ ਰਿਹਾ ਹੈ, ਪਰੰਤੂ ਇਸ ਉਭਾਰ ਨੂੰ ਰਾਜਨੀਤਕ ਤਾਕਤ ਵਿੱਚ ਬਦਲਣ ਲਈ ਨੌਜੁਆਨੀ ਦਾ ਲੀਡਰਸ਼ਿੱਪ ਦੇ ਕਹਿਣੇ ਵਿੱਚ ਰਹਿਣਾ ਬੇਹੱਦ ਮਹੱਤਵਪੂਰਨ ਹੈ। ਇਹ ਵੀ ਸੱਚ ਹੈ ਕਿ ਪੰਜਾਬ ਅੱਜ ਕਈ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ,ਜਿੰਨਾਂ ਵਿੱਚ ਖੇਤੀਬਾੜੀ, ਪਾਣੀ, ਪਰਵਾਸ, ਨਸ਼ੇ, ਬੇਰੁਜ਼ਗਾਰੀ, ਆਰਥਿਕ ਦਬਾਅ ਅਤੇ ਪਛਾਣ ਦੇ ਮੁੱਦੇ ਜਿਕਰਯੋਗ ਹਨ।ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਸਿਰਫ਼ ਗੁੱਸੇ ਨਾਲ ਨਹੀਂ, ਸਗੋਂ ਲੰਬੀ ਰਣਨੀਤੀ, ਮਜ਼ਬੂਤ ਜਥੇਬੰਦੀ ਅਤੇ ਰਾਜਨੀਤਕ ਭਾਗੀਦਾਰੀ ਨਾਲ ਹੀ ਨਿਕਲ ਸਕਦਾ ਹੈ। ਅੱਜ ਪੰਜਾਬ ਨੂੰ ਸਭ ਤੋਂ ਵੱਧ ਲੋੜ ਹੈ ਅਜਿਹੀ ਨੌਜਵਾਨੀ ਦੀ, ਜੋ ਜਥੇਬੰਦਕ ਤੌਰ ਤੇ ਮਜਬੂਤ,ਨਿਡਰ,ਸੂਝ ਬੂਝ ਵਾਲੀ ਅਤੇ ਅਨੁਸ਼ਾਸਿਤ ਵੀ ਹੋਵੇ,ਜੋ ਆਪਣੇ ਇਤਿਹਾਸ ਦੀ ਰੌਸ਼ਨੀ ਵਿੱਚ ਆਪਣੇ ਅਧਿਕਾਰਾਂ ਨੂੰ ਸਮਝਦੀ ਹੋਵੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਬਤੇ ਵਿੱਚ ਰਹਿ ਕੇ ਨਿਭਾਉਣ ਦੇ ਸਮਰੱਥ ਹੋਵੇ। ਜੋਸ਼ ਹਰ ਨੌਜਵਾਨ ਵਿੱਚ ਹੁੰਦਾ ਹੈ। ਪਰ ਜੋਸ਼ ਨੂੰ ਦਿਸ਼ਾ ਦੇਣਾ ਹੀ ਲੀਡਰਸ਼ਿੱਪ ਦੀ ਸੂਝ ਸਿਆਣਪ ਹੁੰਦੀ ਅਤੇ ਉਸ ਦਿਸ਼ਾ ਵਿੱਚ ਚੱਲਣਾ ਹੀ ਅਸਲ ਸੱਚੇ ਸਿਪਾਹੀ ਦਾ ਫਰਜ਼ ਹੁੰਦਾ ਹੈ। ‘ਵਾਰਸ ਪੰਜਾਬ ਦੇ’ ਜਥੇਬੰਦੀ ਦੀ ਲੀਡਰਸ਼ਿੱਪ ਨੂੰ ਇਹ ਸਮਝਣਾ ਪਵੇਗਾ ਕਿ ਲੋਕਾਂ ਦਾ ਭਰੋਸਾ ਸਿਰਫ਼ ਭਾਵਨਾਤਮਕ ਭਾਸ਼ਣਾਂ ਨਾਲ ਨਹੀਂ ਬਣਦਾ। ਉਹ ਬਣਦਾ ਹੈ ਜਦੋਂ ਲੋਕ ਵੇਖਦੇ ਹਨ ਕਿ ਪਾਰਟੀ ਆਪਣੇ ਨਿਯਮਾਂ ਤੇ ਪਹਿਰਾ ਦਿੰਦੀ ਹੈ, ਆਪਣੇ ਨੌਜਵਾਨਾਂ ਨੂੰ ਸੰਜਮ ਸਿਖਾਉਂਦੀ ਹੈ ਅਤੇ ਔਖੇ ਵੇਲੇ ਵੀ ਉਕਸਾਵਿਆਂ ਤੋਂ ਬਚਣ ਦੀ ਜਾਚ ਸਿਖਾਉਂਦੀ ਹੈ। ਪੰਜਾਬ ਦੀ ਜਵਾਨੀ ਵਿੱਚ ਊਰਜਾ ਦੀ ਕੋਈ ਕਮੀ ਨਹੀਂ,ਸਗੋਂ ਉਸ ਊਰਜਾ ਨੂੰ ਇੱਕ ਲੰਬੀ ਰਣਨੀਤੀ ਨਾਲ ਜੋੜਨ ਦੀ ਲੋੜ ਹੈ।ਜਿਹੜੀਆਂ ਕੌਮਾਂ ਹਰ ਘਟਨਾ 'ਤੇ ਤੁਰੰਤ ਪ੍ਰਤੀਕਿਰਿਆ ਦਿੰਦੀਆਂ ਹਨ, ਉਹ ਆਪਣੀ ਤਾਕਤ ਹੌਲੀ-ਹੌਲੀ ਖ਼ਤਮ ਕਰ ਲੈਂਦੀਆਂ ਹਨ। ਜਿਹੜੀਆਂ ਕੌਮਾਂ ਦੂਰ ਦੀ ਸੋਚਦੀਆਂ ਹਨ, ਉਹੀ ਆਪਣੇ ਭਵਿੱਖ ਨੂੰ ਆਪਣੇ ਹੱਥਾਂ ਵਿੱਚ ਸੁਰੱਖਿਅਤ ਰੱਖਦੀਆਂ ਹਨ।ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੰਜਮ ਕਮਜ਼ੋਰੀ ਨਹੀਂ ਹੁੰਦਾ। ਸੰਜਮ ਉਹ ਤਾਕਤ ਹੈ ਜੋ ਗੁੱਸੇ ਨੂੰ ਵੀ ਆਪਣੇ ਕਾਬੂ ਵਿੱਚ ਰੱਖਦੀ ਹੈ। ਸੰਜਮ ਕੋਈ ਸਮਝੌਤਾ ਨਹੀਂ, ਸਗੋਂ ਦੂਰਅੰਦੇਸ਼ੀ ਹੈ। ਸੋ ਪੰਥਕ ਰਾਜਨੀਤੀ ਵਿੱਚ ਆ ਰਹੇ ਉਭਾਰ ਨੂੰ ਅੰਜਾਮ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਨੋਜਵਾਨਾਂ ਦੇ ਹੱਥ ਵਿੱਚ ਹੈ,ਜਿੰਨਾਂ ਨੇ ਸਿਆਸੀ ਚਾਲਾਂ ਤੋ ਸੁਚੇਤ ਰਹਿੰਦੇ ਹੋਏ ਸੱਤਾ ਵੱਲ ਵਧਣਾ ਹੈ ਅਤੇ ਇਹ ਸੱਤਾ ਦਾ ਰਸਤਾ ਹੀ ਖਾਲਸਾ ਰਾਜ ਦਾ ਖੁਰਾ ਖੋਜ ਲੱਭਣ ਲਈ ਮਦਦਗਾਰ ਹੋਣ ਵਿੱਚ ਸਹਾਈ ਹੋ ਸਕਦਾ ਹੈ।
ਬਘੇਲ ਸਿੰਘ ਧਾਲੀਵਾਲ
99142-58142