
ਪ੍ਰੋ.ਸ਼ੇਰ ਸਿੰਘ ਕੰਵਲ ਦਾ ਕਾਵਿ ਸੰਗ੍ਰਹਿ ‘ਤਿਲ਼ਫੁੱਲ’ ਗੁੱਝੇ ਤੀਰਾਂ ਦਾ ਪੁਲੰਦਾ - ਉਜਾਗਰ ਸਿੰਘ
ਪ੍ਰੋ.ਸ਼ੇਰ ਸਿੰਘ ਕੰਵਲ ਸਥਾਪਤ ਪਰਵਾਸੀ ਸ਼ਾਇਰ ਹੈ। ਉਸ ਦੀਆਂ ਹੁਣ ਤੱਕ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗਿਆਰਾਂ ਕਾਵਿ ਸੰਗ੍ਰਹਿ, ਇੱਕ ਗ਼ਜ਼ਲ ਸੰਗ੍ਰਹਿ, ਦੋ ਵਿਅੰਗ ਸੰਗ੍ਰਹਿ, ਇੱਕ ਕਿੱਸਾ ਕਾਵਿ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਸ਼ਾਮਲ ਹਨ। ਪੜਚੋਲ ਅਧੀਨ ਉਸਦਾ ਕਾਵਿ ਸੰਗ੍ਰਹਿ ‘ਤਿਲ਼ਫੁੱਲ’ ਵਿਅੰਗ-ਵਹਿਣ ਅਤੇ ਕਾਵਿ-ਰੰਗ ਦੀ ਖ਼ੁਸ਼ਬੋ ਵਾਲਾ ਹੈ। ਹੈਰਾਨੀ ਤੇ ਸੰਤੁਸ਼ਟੀ ਦੀ ਗੱਲ ਹੈ ਕਿ ਪ੍ਰੋ.ਸ਼ੇਰ ਸਿੰਘ ਕੰਵਲ ਰਹਿੰਦਾ ਤਾਂ ਪਰਵਾਸ ਵਿੱਚ ਹੈ, ਪ੍ਰੰਤੂ ਪੰਜਾਬ ਨਾਲ ਉਸਦਾ ਮੋਹ, ਉਸਦੀਆਂ ਕਵਿਤਾਵਾਂ ਤੋਂ ਸਾਫ਼ ਝਲਕਦਾ ਹੈ। ਉਸਦਾ ਕਾਵਿ ਸੰਗ੍ਰਹਿ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸਨੇ ਪੰਜਾਬ ਵਿੱਚ ਰਹਿੰਦਿਆਂ ਹੋਇਆਂ ਸਾਰਾ ਕੁਝ ਅੱਖੀਂ ਵੇਖਿਆ ਹੈ। ਕਾਵਿ ਸੰਗ੍ਰਹਿ ਦੇ ਪਹਿਲੇ 115 ਪੰਨਿਆਂ ਵਿੱਚ ਵਿਅੰਗਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਵਰਤਮਾਨ ਸਮਾਜਿਕ, ਰਾਜਨੀਤਕ, ਆਰਥਿਕ, ਸਭਿਆਚਾਰਿਕ ਅਤੇ ਹੋਰ ਵਿਸੰਗਤੀਆਂ ਨੂੰ ਵਿਅੰਗ ਦੀ ਪਾਣ ਦੇ ਕੇ ਤਿੱਖੇ ਤੀਰ ਮਾਰੇ ਗਏ ਹਨ, ਤਾਂ ਜੋ ਪੰਜਾਬੀਆਂ ਵਿੱਚ ਆਪਣੀ ਅਮੀਰ ਵਿਰਾਸਤ ‘ਤੇ ਪਹਿਰਾ ਦੇਣ ਦੀ ਭਾਵਨਾ ਪੁਨਰ ਸੁਰਜੀਤ ਹੋ ਸਕੇ। ਪਹਿਲਾ ਭਾਗ ਬਹੁਤ ਹੀ ਬੇਬਾਕੀ ਨਾਲ ਲਿਖਿਆ ਗਿਆ ਹੈ। ਸ਼ਾਇਰ ਦੇ ਆਪਣੇ ਮਨ ਦਾ ਗੁੱਸਾ ਸੰਸਾਰ ਦੀ ਵਰਤਮਾਨ ਸਥਿਤੀ ਬਾਰੇ ਕਵਿਤਾਵਾਂ ਵਿੱਚੋਂ ਝਲਕਦਾ ਹੈ। ਪ੍ਰੋ.ਸ਼ੇਰ ਸਿੰਘ ਕੰਵਲ ਦੇ ਇਹ ਸ਼ਿਅਰ ਪੰਜਾਬ, ਦੇਸ਼ ਅਤੇ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਦੇ ਪ੍ਰਤੀਕਰਮ ਵਜੋਂ ਲਿਖੇ ਗਏ ਹਨ। ਇਹ ਸ਼ਿਅਰ ਕਿਸੇ ਇੱਕ ਸਮੇਂ ਅਤੇ ਸਥਾਨ ਦੀ ਤਰਤੀਬ ਅਨੁਸਾਰ ਨਹੀਂ ਹਨ। ਕਦੀ ਪੰਜਾਬ ਦੀ ਘਟਨਾ ਸੰਬੰਧੀ, ਕਦੀ ਦੇਸ਼ ਅਤੇ ਕਦੀ ਸੰਸਾਰ ਵਿੱਚ ਵਾਪਰੀ ਕਿਸੇ ਵੀ ਘਟਨਾ ਜਾਂ ਸਮੱਸਿਆ ਹੋਵੇ ਉਸ ਬਾਰੇ ਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕਵੀ ਨੇ ਇਤਨੀ ਬੇਬਾਕੀ ਨਾਲ ਲਿਖਿਆ ਹੈ ਕਿ ਸਿਆਸਤਦਾਨਾ ਦੇ ਨਾਮ ਲਿਖੇ ਗਏ ਹਨ। ਵੈਸੇ ਬਹੁਤੀ ਵਾਰੀ ਅਕਾਲੀ ਦਲ ਦੇ ਬਾਦਲ ਧੜੇ ਅਤੇ ਵਰਤਮਾਨ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਾਰੇ ਸ਼ਿਅਰ ਹਨ। ਵਿਅੰਗ ਦੇ ਤੀਰ ਇਤਨੇ ਤਿੱਖੇ ਹਨ ਕਿ ਪਾਠਕਾਂ ਵਿੱਚ ਵੀ ਜੋਸ਼ ਭਰ ਦਿੰਦੇ ਹਨ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਕੇਂਦਰ ਸਰਕਾਰ ਦੇ ਪੰਜਾਬੀਆਂ ਨਾਲ ਲਗਾਤਾਰ ਕੀਤੇ ਜਾ ਰਹੇ ਵਿਤਕਰਿਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਇਰ ਨੇ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂਆਂ ਦੀ ਪਾਰਟੀ ਦੀ ਸਰਕਾਰ ਵੱਲੋਂ ਅਵੇਸਲੇਪਣ ਅਤੇ ਗ਼ੈਰ ਸੰਜੀਦਗੀ ਵਾਲੀਆਂ ਨੀਤੀਆਂ ਨੂੰ ਆੜੇ ਹੱਥੀਂ ਲਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ‘ਤੇ ਇੱਕ ਪਰਿਵਾਰ ਦੇ ਕਬਜ਼ੇ ਨੂੰ ਪੰਜਾਬ ਦੀ ਅਧੋਗਤੀ ਦਾ ਕਾਰਨ ਕਿਹਾ ਗਿਆ ਹੈ। ਅਕਾਲੀ ਸਰਕਾਰ ਦਾ ਸਿੱਖ ਸਿਧਾਂਤਾਂ ਅਤੇ ਸਿੱਖ ਸੰਸਥਾਵਾਂ ਨੂੰ ਅਣਡਿਠ ਕਰਕੇ ਉਨ੍ਹਾਂ ਦੀ ਬੇਕਦਰੀ, ਜਥੇਦਾਰਾਂ ਦਾ ਸਿੱਖ ਪਰੰਪਰਾਵਾਂ ਤੋਂ ਪਾਸਾ ਵੱਟਣਾ, ਪੰਥਕ ਪਹਿਰੇਦਾਰੀ ਨੂੰ ਤਿਲਾਂਜ਼ਲੀ ਦੇਣਾ ਅਤੇ ਨੇਤਾਵਾਂ ਦੀ ਚਮਚਾਗਿਰੀ ਕਰਨ ਨੂੰ ਆਪਣੀਆ ਕਵਿਤਾਵਾਂ ਦੇ ਵਿਸ਼ੇ ਬਣਾਕੇ ਵਿਅੰਗਾਤਮਿਕ ਹੁਜਾਂ ਮਾਰੀਆਂ ਗਈਆਂ ਹਨ। ਧਾਰਮਿਕ ਰਹਿਬਰ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੇ ਵਿਰੁੱਧ ਕਾਰੋਬਾਰ ਕਰ ਰਹੇ ਹਨ। ਭਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਰਕੇ ਪੰਜਾਬੀ ਅਤਿਅੰਤ ਦੁੱਖੀ ਤੇ ਬੇਬਸ ਵਿਖਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿਆਸੀ ਦਖ਼ਲਅੰਦਾਜ਼ੀ ਨੇ ਸਿੱਖੀ ਦਾ ਘਾਣ ਕੀਤਾ ਹੈ। ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਘੱਟਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਕੇਂਦਰ ਵਿੱਚ ਇੱਕ ਮੰਤਰੀ ਬਣਨ ਲਈ ਪੰਜਾਬ ਨੂੰ ਗਹਿਣੇ ਕਰ ਦਿੱਤਾ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੀਆਂ ਗ਼ਲਤੀਆਂ ਨੂੰ ਨੰਗਿਆਂ ਕੀਤਾ ਗਿਆ ਹੈ, ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਬਖ਼ਸ਼ਿਆ ਨਹੀਂ ਗਿਆ, ਪ੍ਰੰਤੂ ਚੰਗਾ ਕੰਮ ਕਰਨ ਵਾਲਿਆਂ ਦੀ ਪ੍ਰਸੰਸਾ ਵੀ ਕੀਤੀ ਗਈ ਹੈ। ਪੰਜਾਬ ਦੇ ਨੇਤਾ ਆਪਣੇ ਆਪਨੂੰ ਪੰਜਾਬ ਦੇ ਖੈਰ ਖਵਾਹ ਕਹਿੰਦੇ ਹਨ, ਪ੍ਰੰਤੂ ਅਸਲ ਵਿੱਚ ਪੰਜਾਬ ਦਾ ਨੁਕਸਾਨ ਕਰਨ ਦੇ ਜ਼ਿੰਮੇਵਾਰ ਹੀ ਉਹ ਹਨ। ਸ਼ਾਇਰ ਨੇ ਇਕੱਲੇ ਪੰਜਾਬ ਦੇ ਨੇਤਾਵਾਂ ਦੇ ਭਰਿਸ਼ਟਾਚਾਰ ਦੀ ਹੀ ਗੱਲ ਨਹੀਂ ਕੀਤੀ, ਸਗੋਂ ਸਮੁੱਚੇ ਦੇਸ਼ ਦੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੇ ਪੋਲ ਖੋਲ੍ਹੇ ਹਨ। ਜ਼ਾਅਲੀ ਨੇਤਾ ਤੇ ਉਨ੍ਹਾਂ ਦੀਆਂ ਜ਼ਾਅਲੀ ਡਿਗਰੀਆਂ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਹੈ। ਡੇਰਾਵਾਦ ਨੇ ਸਿੱਖ ਸਿਧਾਂਤਾਂ ਨੂੰ ਠੇਸ ਪਹੁੰਚਾਈ ਹੈ ਅਤੇ ਡੇਰਾਵਾਦ ਦੀ ਪ੍ਰਫੁਲਤਾ ਦੇ ਨੁਕਸਾਨ ਦਾ ਵੀ ਹੰਦੇਸ਼ਾ ਪ੍ਰਗਟ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਨ ਲਈ ਸੰਸਾਰ ਦਾ ਭ੍ਰਮਣ ਪੈਦਲ ਯਾਤਰਾ ਕਰਕੇ ਕੀਤਾ ਸੀ, ਪ੍ਰੰਤੂ ਅੱਜ ਦੇ ਬਾਬੇ ਜਹਾਜਾਂ ਦੇ ਝੂਟੇ ਲੈਂਦੇ ਹਨ ਤੇ ਲੋਕਾਈ ਦਾ ਭਲਾ ਵੀ ਨਹੀਂ ਕਰਦੇ, ਸਗੋਂ ਬੇਵਕੂਫ਼ ਬਣਾਕੇ ਲੁੱਟਦੇ ਹਨ। ਡੇਰਾਵਾਦ ਦਾ ਪ੍ਰਫੁੱਲਤ ਹੋਣਾ ਸਿਆਸਤਦਾਨਾ ਦੀ ਵੋਟਾਂ ਦੀ ਰਾਜਨੀਤੀ ਦਾ ਨਤੀਜਾ ਹੈ। ਸਿਆਸੀ ਮਾਫ਼ੀਆ ਭਾਰੂ ਹੋ ਗਿਆ ਹੈ। ਸਾਰੇ ਸਿਆਸਤਦਾਨ ਇੱਕੋ ਬੇੜੀ ਦੇ ਚੱਟੇ ਵੱਟੇ ਹਨ। ਕਿਸਾਨ ਖੁਦਕਸ਼ੀਆਂ ਚਿੰਤਾ ਦਾ ਵਿਸ਼ਾ ਹਨ। ਪੰਜਾਬ ਦੀ ਖ਼ੁਸ਼ਹਾਲੀ ਨੂੰ ਗ੍ਰਹਿਣ ਲੱਗਣ ‘ਤੇ ਨਸ਼ਿਆਂ ਦੇ ਪ੍ਰਕੋਪ ਦਾ ਜ਼ਿਕਰ ਕਰਦਾ ਸ਼ਾਇਰ ਲਿਖਦਾ ਹੈ:
ਵਿੰਹਦੇ-ਵਿੰਹਦੇ ਬਦਲਿਆ ਵੇਖੋ ਕਿਵੇਂ ਪੰਜਾਬ।
ਬਿਲਕੁੱਲ ਚਿੱਟਾ ਹੋ ਗਿਆ ਸੂਹਾ ਫੁੱਲ ਗੁਲਾਬ।
ਸੂਹਾ ਫੁੱਲ ਗੁਲਾਬ ਕਿਵੇਂ ਚਿੱਟੇ ਨੇ ਖਾਧਾ।
ਰਹਿੰਦੇ ਤਾਈਂ ਖਾ ਗਿਆ ਹੈ ਬਾਦਲ-ਵਾਧਾ।
ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਚਲ ਰਿਹਾ ਹੈ। ਇਹ ਦਰਿਆ ਸਿਆਸਤਦਾਨਾ ਅਤੇ ਪੁਲਿਸ ਦੀ ਮਿਲੀਭੁਗਤ ਦਾ ਨਤੀਜਾ ਹੈ। ਸਿਆਸਤਦਾਨਾ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਸ਼ਾਇਰ ਜ਼ਿੰਮੇਵਾਰ ਕਹਿੰਦਾ ਹੈ:
ਨਸ਼ਾ ਪੰਜਾਬ ਨੂੰ ਪੱਟੀ ਜਾਵੇ ਜਾਂ ਪੱਟਦੀ ਅੱਜ ਰੈਲੀ।
ਧਰਤ ਗੁਰਾਂ ਦੀ ਪੱਟੀ ਜਾਂਦੇ ਲੀਡਰ ਹੋਗੇ ਵੈਲੀ।
ਲੀਡਰ ਹੋਗੇ ਵੈਲੀ ਇਹਨਾਂ ਚੋਂ ਮੁਖੀ ਅਕਾਲੀ।
ਧਰਕੇ ਵਰਤਣ ਧਰਮ ਬਾਗ਼ ਨੂੰ ਖਾਗੇ ਮਾਲੀ।
ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲੋਕ ਪੰਥਕ ਸਰਕਾਰ ਕਹਿੰਦੇ ਹਨ, ਪ੍ਰੰਤੂ ਇਹ ਨਾਮ ਦੀ ਹੀ ਪੰਥਕ ਹੈ। ਪੰਥਕ ਸਰਕਾਰ ਬਾਰੇ ਇਹ ਸ਼ਿਅਰ ਇਸ ਪ੍ਰਕਾਰ ਲਿਖਿਆ ਹੈ:
ਵਿੱਚ ਪੰਜਾਬ ਦੇ ਸਾਰੇ ਆਖਣ ਮੈਂ ‘ਪੰਥਕ ਸਰਕਾਰ’।
ਪਰ ਇਸ ਪੰਥਕ ਫ਼ੱਤੋ ਦੇ ਹਨ ਭੈੜੇ ਯਾਰ।
ਪੰਥਕ ਪੱਤਾ ਖੇਡ੍ਹਦਾ ਸਮੇਂ ‘ਤੇ ਬਾਦਲ ਆਣ।
ਮੂਰਖ ਹੀ ਹਨ ਸਿੱਖ ਜੇ ਫਿਰ ਮੂਰਖ ਬਣ ਜਾਣ।
ਹੁਣ ਬਾਦਲ ਨੂੰ ਯਾਦ ਆਂਵਦਾ ਰਹਿ ਰਹਿ ਪੰਥ ਏਜੰਡਾ।
ਨਿਕਲੇ ਜੀਭ ਤੇ ਹੱਥੂ ਆਵੇ ਦਿਸੇ ਦਿੱਲੀ ਦਾ ਡੰਡਾ।
ਭਰਿਸ਼ਟਾਚਾਰ ਸੰਬੰਧੀ ਕਵੀ ਕਹਿੰਦਾ ਹੈ ਕਿ ਲਾਲਚ ਇਤਨਾ ਵੱਧ ਗਿਆ ਹੈ ਕਿ ਹਰ ਪਾਸੇ ਪੈਸਾ ਹੀ ਪੈਸਾ ਇਕੱਠਾ ਕਰਨ ਦੀ ਗੱਲ ਹੋ ਰਹੀ ਹੈ:
ਰੇਤਾ ਖਾਧੀ ਬਜਰੀ ਖਾਧੀ ਰੱਜ ਅਜੇ ਨਹੀਂ ਆਇਆ।
ਉਤੇ ਪਾਉਣ ਲਈ ਬਾਲਣ ਵਾਂਗੂੰ ਜੋੜ ਲਿਆ ਸਰਮਾਇਆ।
ਕਾਂਗਰਸ ਪਾਰਟੀ ਦੀ ਫੁੱਟ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ:
ਦੇਸ਼ ਪੰਜਾਬ ਦਾ ਹਾਲ ਦੇਖਲੋ ਜਿਸ ਨੂੰ ‘ਕਾਲੀ’ ਲੁੱਟਣ।
ਕਾਂਗਰਸੀਏ ਵੀ ਕਹੀ ਕੁਹਾੜੀ ਇਕ ਦੂਜੇ ਨੂੰ ਕੱਟਣ।
ਦੇਸ਼ ਵਿੱਚ ਭਗਵਾਂ ਭਾਰੂ ਹੋ ਗਿਆ ਹੈ, ਮਨਮਾਨੀਆਂ ਕਰ ਰਿਹਾ ਹੈ ਅਤੇ ਸਮੁੱਚੇ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਣ ਦੀਆਂ ਨੀਤੀਆਂ ਬਣਾ ਰਿਹਾ ਹੈ। ਪਰਜਾ ਬੇਬਸ ਹੈ, ਕਿਉਂਕਿ ਰਾਜ ਭਾਗ ਵਿੱਚ ਬਹੁਮਤ ਹੀ ਜ਼ਿਆਦਾ ਹੈ। ਕਿਸੇ ਵੀ ਸਿਆਸਤਦਾਨ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਹੈ। ਜਿਹੜਾ ਬੋਲਦਾ ਉਸਨੂੰ ਜੇਲ੍ਹਾਂ ਦਾ ਡਰ ਬਣਾਇਆ ਹੋਇਆ ਹੈ। ਭਗਵਾਂਕਰਨ ਵਾਲੀ ਸਰਕਾਰ ਦੀ ਧੱਕੇਸ਼ਾਹੀ ਬਾਰੇ ਸ਼ਾਇਰ ਲਿਖਦਾ ਹੈ :
ਜਣੇ-ਖਣੇ ਨੂੰ ਕਹਿਣ ਸਾਧ-ਸਿੱਧੇ ਹੋ ਜਾਓ।
ਜੇ ਭਾਰਤ ਵਿੱਚ ਰਹਿਣਾ ਰਿੜ੍ਹਕੇ ਸ਼ਰਨ ‘ਚ ਆਓ।
ਰਿੜ੍ਹਕੇ ਸ਼ਰਨ ‘ਚ ਆਓ ਆਪਣੇ ਧਰਮ ਨੂੰ ਭੁੱਲੋ।
ਭਾਅ ਘਟਾ ਕੇ ਆਪਣਾ ਸੰਘ ਦੇ ਤੱਕੜ ਤੁੱਲੋ।
ਧਰਮ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ ਕਿ ਉਹ ਭਾਰਤ ਵਿੱਚ ਪਾਰਟੀ ਦਾ ਰਾਜ ਬਰਕਰਾਰ ਰੱਖਣ ਲਈ ਵੋਟਾਂ ਵਟੋਰਨ ਵਾਸਤੇ ਭਗਵਾਂਕਰਨ ਕਰ ਰਿਹਾ ਹੈ। ਕਵੀ ਲਿਖਦਾ ਹੈ:
ਗੀਤਾ ਕੌਮੀ ਗ੍ਰੰਥ ਥਾਪਣਾ ਮੰਦਰ ਰਾਮ ਬਣਾਉਣਾ।
ਮੁੱਛਣੀਆਂ ਵੋਟਾਂ, ਭਾਰਤ ਉਤੇ ਭਗਵਾਂ ਹੈ ਲਹਿਰਾਉਣਾ।
ਦੂਜੇ ਭਾਗ ਕਾਵਿ ਰੰਗ ਵਿੱਚ 7 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲੋਕਾਂ ਦੀ ਕਦਰ ਦੀ ਦਾਸਤਾਂ ਅਤੇ ਬਾਕੀ ਪੰਜ ਕਵਿਤਾਵਾਂ ਵਿੱਚ ਵਰਤਮਾਨ ਪੰਜਾਬ ਦੀ ਤ੍ਰਾਸਦੀ ਦੇ ਸੰਤਾਪ ਬਾਰੇ ਦੁੱਖ ਪ੍ਰਗਟ ਕੀਤਾ ਗਿਆ ਹੈ।
132 ਪੰਨਿਆਂ, 395 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਯੂਨੀਸਟਾਰ ਬੁਕਸ ਪ੍ਰਾਈਵੇਟ ਲਿ: ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ : ਪ੍ਰੋ.ਸ਼ੇਰ ਸਿੰਘ ਕੰਵਲ: 6024822276
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com