
ਸਾਉਣ ਮਹੀਨੇ ਦੀ ਆਮਦ । - ਤਰਸੇਮ ਬਸ਼ਰ
ਪੰਜਾਬ ਦੇ ਹਾਲਾਤ ਸ਼ਾਇਦ ਖਰਾਬ ਨਹੀਂ ਸਨ ਹੋਏ ਜਾਂ ਫਿਰ ਸਾਨੂੰ ਬੱਚਿਆਂ ਨੂੰ ਇਲਮ ਨਹੀਂ ਸੀ । ਅਸੀਂ ਬੇਨਿਆਜ ਸੀ ਬੇਫ਼ਿਕਰ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਰੌਣਕਾਂ ਇਹ ਮਸਤੀ ਕੁਝ ਸਾਲਾਂ ਬਾਦ ਸਿਰਫ ਯਾਦਾਂ ਚ ਰਹਿ ਜਾਏਗੀ , ਲੋਕ ਇਸ ਤਰਾਂ ਜੁਦਾ ਹੋ ਜਾਣਗੇ ਕਿ ਫਿਰ ਸ਼ਾਇਦ ਮਿਲਣਾ ਵੀ ਨਾ ਹੋਵੇ ।
ਉਦੋਂ ਗਰਮੀ ਮਹਿਸੂਸ ਹੀ ਨਹੀਂ ਹੋਈ ਕਦੇ । ਖੂਹ ਤੇ ਜਾਨਾ, ਪਾਣੀ ਨਾਲ ਚੁਬੱਚਾ ਭਰਿਆ ਹੁੰਦਾ , ਸਾਫ ਸ਼ੀਸ਼ੇ ਵਰਗਾ ਪਾਣੀ ਠੰਡਾ ਪਾਣੀ ਨੇ ਕੰਬਣ ਲਾ ਦੇਣਾ । ਕੱਲੇ ਨਹਾਉਂਦੇ ਹੀ ਨਹੀਂ ਸੀ , ਪੁੱਠੀਆਂ ਸਿੱਧੀਆਂ ਛਾਲਾਂ ਮਾਰਦੇ , ਖੇਡਦੇ । ਹੁਣ ਜਦੋਂ ਕਦੇ ਵੱਡੇ ਪੰਜ ਸਿਤਾਰੇ ਹੋਟਲਾਂ ਦਾ ਸਵਿਮਿੰਗ ਪੂਲ ਦੇਖਦੇ ਹਾਂ ਤਾਂ ਮੈਨੂੰ ਅਕਸਰ ਇਹ ਚੁਬੱਚਾ ਯਾਦ ਆਉਂਦਾ ਹੈ । ਪਿਆਰੇਆਨਾ ਸਾਡਾ ਪਿੰਡ ਸੇਮਨਾਲਿਆਂ ਨਾਲ ਦੋ ਪਾਸਿਆਂ ਤੋਂ ਘਿਰਿਆ ਹੋਇਆ ਹੈ ਤੇ ਸੇਮ ਨਾਲਿਆਂ ਨੂੰ ਮੈਂ ਛੋਟੇ ਛੋਟੇ ਦਰਿਆਵਾਂ ਦੇ ਤੌਰ ਤੇ ਦੇਖਦਾ । ਅਕਸਰ ਸੁੱਕੇ ਪਏ ਰਹਿੰਦੇ ਸੇਮ ਨਾਲਿਆਂ ਵਿੱਚ ਇਹਨਾਂ ਦਿਨਾਂ ਦਰਮਿਆਨ ਭੂਰੇ ਰੰਗ ਦਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਜਿਸ ਵਿੱਚ ਹਰੀ ਹਰੀ ਬੂਟੀ ਦੇ ਪੌਦੇ ਅਕਸਰ ਤਰਦੇ ਨਜ਼ਰ ਆਉਂਦੇ । ਜਿਆਦਾਤਰ ਝੁੰਡਾਂ ਵਿੱਚ ਹੁੰਦੇ ਪਰ ਜਦੋਂ ਕਦੇ ਇਕੱਲਾ ਕਹਿਰਾ ਪੌਦਾ ਦੇਖਦਾ ਤਾਂ ਮੈਨੂੰ ਕਿਸੇ ਇਕੱਲੇ ਸ਼ਖਸ ਦਾ ਖਿਆਲ ਆਉਂਦਾ । ਅਸੀਂ ਦੋਸਤ ਇੱਕ ਅੱਧਾ ਗੇੜਾ ਸੇਮ ਨਾਲੇ ਵੱਲ ਵੀ ਕੱਢ ਆਉਂਦੇ, ਨਵੇਂ ਦ੍ਰਿਸ਼ ਨੂੰ ਦੇਖਣ ਵਾਸਤੇ ।
ਮੈਂ ਉਹਨਾਂ ਟਿੱਬਿਆਂ ਨੂੰ ਹਰਿਆਲੀ ਨਾਲ ਢਕਿਆ ਦੇਖ ਕੇ ਹੈਰਾਨ ਹੁੰਦਾ, ਉਹਨਾਂ ਨੂੰ ਦੇਖ ਕੇ ਛੋਟੇ ਜਿਹੇ ਪਹਾੜ ਦਾ ਤਸਵਰ ਪੈਦਾ ਹੁੰਦਾ ਜੋ ਖੇਤਾਂ ਚ ਵਾਧੂ ਮਿੱਟੀ ਕਾਰਨ ਖੇਤਾਂ ਵਿੱਚ ਹੀ ਲਗਾ ਦਿੱਤੇ ਗਏ ਸੀ।
ਇਹ ਜਮੀਨਾਂ ਪੱਧਰ ਕਰਨ ਦਾ ਦੌਰ ਸੀ ।
ਹਰਿਆਲੀ ਇਹਨਾਂ ਟਿੱਬਿਆਂ ਤੇ ਹੀ ਨਹੀਂ ਹੁੰਦੀ ਸੀ ਅਸਲ ਵਿੱਚ ਸਭ ਪਾਸੇ ਹਰਿਆਲੀ ਹੁੰਦੀ । ਸੇਮ ਨਾਲੇ ਦੀ ਪਟੜੀਆਂ ਤੇ ਖੇਤਾਂ ਨੂੰ ਜਾਂਦਿਆਂ ਰਾਹਾਂ ਤੇ ਸਾਰੀਆਂ ਉਹਨੇ ਕੱਚੀਆਂ ਥਾਵਾਂ ਤੇ, ਇਥੋਂ ਤੱਕ ਕਿ ਗਰੀਬ ਘਰਾਂ ਦੇ ਕੱਚੇ ਕੋਠਿਆਂ ਦੀਆਂ ਛੱਤਾਂ ਤੇ ਵੀ । ਸਭ ਥਾਵਾਂ ਤੇ ਜਿੱਥੇ ਸਾਉਣ ਮਹੀਨੇ ਦੀਆਂ ਕਣੀਆਂ ਦਸਤਕ ਦਿੰਦੀਆਂ ਸਨ, ਇਨਾ ਦੀ ਠੰਡੀ ਸਿੱਲ ਪਹੁੰਚਦੀ ਸੀ ।
ਸੇਮ ਨਾਲੇ ਪਟੜੀਆਂ ਤੇ ਇਹਨਾਂ ਦਿਨਾਂ ਵਿੱਚ ਖੁੰਭਾ ਉਗਦੀਆਂ । ਪਿੰਡ ਦੇ ਕਈ ਸਿਆਣੇ ਤੇ ਬੱਚੇ ਇਹਨਾਂ ਖੁੰਭਾਂ ਦੀ ਭਾਲ ਵਿੱਚ ਉੱਥੇ ਘੁੰਮਦੇ ।
ਪਟੜੀਆਂ ਥੱਲੇ ਤੱਕ ਹਰਿਆਲੀ ਨਾਲ ਢੱਕੀਆਂ ਹੁੰਦੀਆਂ ਸਨ , ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਰਿਆਲੀ ਦਾ ਦਰਿਆ ਵਹਿ ਰਿਹਾ ਹੋਵੇ ।
ਸਾਡੇ ਘਰ ਦੇ ਨਾਲ ਅਤੇ ਨੇੜਿਓਂ ਲੰਘ ਰਹੀ ਸੜਕ ਦੇ ਵਿਚਾਲੇ ਵੱਡਾ ਸਾਰਾ ਕਿੱਕਰ ਦਾ ਦਰਖਤ ਸੀ , ਇਹ ਜਗਹਾ ਸ਼ਾਇਦ ਚਾਚੇ ਹਰੀ ਦੇ ਪਰਿਵਾਰ ਸੀ । ਇਹਨਾਂ ਦਿਨਾਂ ਵਿੱਚ ਕੁੜੀਆਂ ਉੱਥੇ ਪੀਂਘ ਪਾ ਲੈਂਦੀਆਂ ਸਨ ਲੰਮੀ ਸਾਰੀ ਪੀਂਘ , ਰੱਸਾ ਕਾਫੀ ਮੋਟਾ ਹੁੰਦਾ ਸੀ , ਜਿਸ ਵਿੱਚ ਬੈਠਣ ਲਈ ਇੱਕ ਫੱਟੀ ਫਸਾਈ ਜਾਂਦੀ ਸੀ । ਇਹ ਫੱਟੀ ਅਕਸਰ ਸਾਡੇ ਘਰ ਪਈ ਹੁੰਦੀ ਸੀ ।
ਭਾਵੇਂ ਅਸੀਂ ਛੋਟੇ ਬੱਚੇ ਸਾਂ ਪਰ ਸਾਡਾ ਉੱਥੇ ਉਹਨਾਂ ਕੋਲ ਪੀਂਘ ਝੂਟਨਾ ਵੀ ਵਰਜਿਤ ਸੀ । ਉਥੇ ਕੁੜੀਆਂ ਹੀ ਜਿਆਦਾ ਹੁੰਦੀਆਂ ,ਉਹਨਾਂ ਵਿੱਚ ਉਹ ਕੁੜੀਆਂ ਵੀ ਸ਼ਾਮਿਲ ਹੁੰਦੀਆਂ ਜੋ ਵਿਆਹੀਆਂ ਗਈਆਂ ਸਨ ਅਤੇ ਇਸ ਮਹੀਨੇ ਪਿੰਡ ਆ ਜਾਂਦੀਆਂ ਸਨ । ਜਦੋਂ ਕਦੇ ਰੱਸਾ ਖਾਲੀ ਦੇਖਣਾ ਆਪਣੇ ਪੀਂਘ ਝੂਟਣ ਦਾ ਚਾਅ ਵੀ ਲਾ ਲੈਣਾ ਤੇ ਜਲਦੀ ਖੂਹ ਵੱਲ ਭੱਜ ਜਾਣਾ ।
ਬਹੁਤਾ ਸਪਸ਼ਟ ਤਾਂ ਨਹੀਂ ਯਾਦ ਪਰ ਕਈ ਵਾਰ ਦੇਖਿਆ ਕਿ "ਬੌਰੀਆਂ "ਦੇ ਘਰਾਂ ਵਿੱਚ ਸਾਉਣ ਦੀ ਵਿਸ਼ੇਸ਼ ਹਲਚਲ ਹੁੰਦੀ । ਉਨਾਂ ਦੀਆਂ ਔਰਤਾਂ ਘਗਰਾ ਕੁੜਤਾ ਪਾ ਕੇ ਹੱਥ ਵਿੱਚ ਥਾਲੀ ਲੈ ਕੇ ਕਿਤੇ ਮੱਥਾ ਟੇਕਣ ਜਾਂਦੀਆਂ ਸਨ । ਇਹ ਪਹਿਰਾਵਾ ਉਹ ਇਹਨਾਂ ਦਿਨਾਂ ਵਿੱਚ ਹੀ ਪਹਿਨਦੀਆਂ ਸਨ ਜਿਨਾਂ ਨੂੰ ਅਸੀਂ ਚਾਚੀ ਹਾਂ ਤਾਈਆਂ ਤੇ ਭਰਜਾਈ ਦੇ ਤੌਰ ਤੇ ਜਾਣਦੇ ਸਾਂ । ਉਹਨਾਂ ਦੀਆਂ ਆਪਣੀਆਂ ਰਸਮਾਂ ਹਨ ਆਪੇ ਨਹੀਂ ਬੋਲੀ ਹੈ ਤੇ ਆਪਣਾ ਪਹਿਰਾਵਾ ਵੀ ।
ਝੋਨਾ ਲੱਗ ਚੁੱਕਿਆ ਹੁੰਦਾ ਸੀ , ਅਸਮਾਨ ਤੇ ਬੱਦਲ ਅਤੇ ਵਾਤਾਵਰਨ ਵਿੱਚ ਠੰਡੀ ਹਵਾ ਦੀਆਂ ਸਰਗੋਸ਼ੀਆਂ , ਨਾਲ ਦੀਆਂ ਝੁਗੀਆਂ (ਪਿਆਰਿਆਨੇ ਪਿੰਡ ਦੇ ਹਿੱਸੇ ਵਿੱਚ ਹੀ ਆਉਂਦੇ ਕੁਝ ਘਰਾਂ ਦਾ ਸਮੂਹ ) ਵਿੱਚੋਂ ਸਪੀਕਰ ਤੇ ਵੱਜਦੇ ਨਾਗਿਨ ਫਿਲਮ ਦੇ ਗਾਣਿਆਂ ਦੀ ਆਵਾਜ਼ ਹੋਰ ਸਪਸ਼ਟ ਤੇ ਉੱਚੀ ਹੋ ਜਾਂਦੀ , ਕਿਤੇ ਦੂਰ ਕੋਹਲੂ ਦੀ ਕੁਕ ਕੂਕ ਆਵਾਜ਼ ਵੀ ਫਿਜਾਂ ਚ ਗੂੰਜਦੀ, ਨਾਗਿਨ ਦੇ ਗੀਤਾਂ ਵਿੱਚ ਵੱਜਦੀ ਵੀਰ ਨੇ ਜਿਵੇਂ ਪੂਰੀ ਕਾਇਨਾਤ ਨੂੰ ਕੀਲ਼ ਲਿਆ ਹੋਵੇ ।
ਅਜਬ ਦਿਲਕਸ਼ ਵਾਯੂਮੰਡਲ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਸ਼ਾਇਦ ਬਿਆਨਿਆ ਨਹੀ ਜਾ ਸਕਦਾ ।
ਮੇਰੇ ਜਿਹਨ ਵਿੱਚ ਅੱਜ ਵੀ ਪਾਣੀ ਨਾਲ ਭਰੇ ਹੋਏ ਝੋਨੇ ਦੇ ਖੇਤ ਲਹਰਾ ਜਾਂਦੇ ਹਨ ਜਦੋਂ ਕਦੇ ਝੋਨੇ ਦੇ ਖੇਤ ਉੱਤੇ ਬਾਰਿਸ਼ ਪਈ ਦੇਖਦਾ ਹਾਂ ।
" ਮਾਨੇ ਆਲੇ" ਨੂੰ ਜਾਂਦੀ ਸੜਕ ਤੇ ਇੱਕ ਸੇਮ ਨਾਲਾ ਹੋਰ ਆਉਂਦਾ ਸੀ ਜਿਸ ਦੀ ਪਟੜੀ ਤੋਂ ਖੜ ਕੇ ਸਾਹਮਣੇ ਪਿੰਡ ਦਿਸਦਾ । ਪਰ ਇਹਨਾਂ ਦਿਨਾਂ ਚ ਪਹਿਲਾਂ ਝੋਨੇ ਨਾਲ ਹਰੇ ਹਰੇ ਖੇਤ ਭਰੇ ਹੋਏ ਦਿਖਾਈ ਦਿੰਦੇ , ਫਿਰ ਕੁਝ ਘਰ , ਮੰਦਰ ਤੇ ਫਿਰ ਪਿੰਡ । ਉਸ ਹਰਿਆਲੀ ਤੇ ਕਦੇ ਕਦਾਈ ਬਹੁਤ ਕਾਲੀ ਘਟਾ ਵੀ ਛਾਈ ਹੁੰਦੀ । ਜਿਵੇਂ ਕਿਸੇ ਮੁਟਿਆਰ ਨੇ ਗੂੜੇ ਰੰਗ ਦਾ ਸੁਰਮਾ ਪਾ ਲਿਆ ਹੋਵੇ ।
ਇਹ ਦ੍ਰਿਸ਼ ਅੱਜ ਵੀ ਜਿਹਨ ਵਿੱਚ ਤਾਜ਼ਾ ਹਨ ਇਹਨਾਂ ਨੂੰ ਦੁਬਾਰਾ ਦੇਖਣ ਲਈ ਕਈ ਵਾਰ ਪਿੰਡ ਵੀ ਗਿਆ ਹਾਂ ਪਰ ਇਹ ਦ੍ਰਿਸ਼ ਨਹੀਂ ਮਿਲੇ ।
" ਚਾਚੇ ਮੱਲੇ "ਦਾ ਘਰ ਵੀ ਸੜਕ ਤੇ ਲਗਦਾ ਸੀ, ਸਾਡੇ ਵਾਲੀ ਸਾਈਡ ਦੇ ਬਿਲਕੁਲ ਉਲਟ ਸਾਹਮਣੇ ,ਥੋੜੀ ਦੂਰ ਤੇ। ਉਹਨਾਂ ਦਾ ਗੱਡਾ ਦਰਵਾਜ਼ੇ ਤੇ ਖੜਾ ਰਹਿੰਦਾ ,ਨਲਕੇ ਦੇ ਨਾਲ । ਜਦੋਂ ਮੀਂਹ ਪੈਂਦਾ ਅਸੀਂ ਸਾਰੇ ਗੱਡੇ ਕੋਲ ਖੇਡਦੇ ,ਕਦੇ ਗੱਡੇ ਥੱਲੇ ਲੁਕ ਜਾਂਦੇ । ਕਦੇ ਨਲਕੇ ਵਿੱਚੋਂ ਪਾਣੀ ਭਰ ਕੇ ਮੀਂਹ ਦੇ ਦਰਮਿਆਨ ਫਿਰ ਤੋਂ ਨਹਾ ਲੈਂਦੇ ।
ਉਦੋਂ ਨਲਕਿਆਂ ਵਿੱਚ ਦਮ ਸੀ ਧਰਤੀ ਹੇਠ ਪਾਣੀ ਤੇ ਸ਼ਕਤੀ ਸੀ , ਮਾੜਾ ਜਿਹਾ ਗੇੜੇ ਤੋਂ ਛੱਲਾਂ ਭਾਰ ਆਉਂਦੀਆਂ । ਬਾਰਸ਼ਾਂ ਵੀ ਅੱਜ ਦੀ ਤਰ੍ਹਾਂ ਨਹੀਂ ਸਨ, ਉਦੋਂ ਬੱਦਲ ਰੱਜ ਕੇ ਵਰਦਾ ਸੀ ਇਸ ਵਿੱਚ ਭਰਪੂਰ ਪਾਣੀ ਵੀ ਹੁੰਦਾ ਸੀ।
ਜਦੋਂ ਕਦੇ ਵੀ ਮੌਸਮ ਬਦਲਦਾ ਹੈ ਸਾਉਣ ਮਹੀਨੇ ਦਾ ਜਿਕਰ ਆਉਂਦਾ ਹੈ ਤਾਂ ਖਿਆਲ ਆਪ ਮਹਾਰੇ ਬਚਪਨ ਦੇ ਉਹਨਾਂ ਦੇ ਨਾਲ ਜੁੜ ਜਾਂਦੇ ਹਨ । ਬੜੇ ਵਾਰ ਸੋਚਿਆ ਹੈ ਨਾਦਾਨੀ ਹੈ , ਹੁਣ ਉਹ ਨਜਾਰੇ ਨਹੀਂ ਬਨਨੇ ।
ਮੌਸਮ ਬਦਲ ਗਏ ਹਨ, ਲੋਕਾਂ ਦੇ ਨੈਣ ਨਕਸ਼ ਹੀ ਨਹੀਂ ਬਦਲੇ , ਰਫਤਾਰ ਨੇ ਉਹਨਾਂ ਨੂੰ ਵੀ ਬਦਲ ਦਿੱਤਾ ਹੈ ਤੇ ਬਹੁਤ ਸਾਰੇ ਤਾਂ ਸਦਾ ਲਈ ਚਲੇ ਵੀ ਗਏ ਹਨ ।
ਹੁਣ ਪਿੰਡ ਵੀ ਤਾਂ ਜਿਆਦਾ ਨਹੀਂ ਜਾਇਆ ਜਾਂਦਾ । ਇਹ ਤਾਂ ਨਹੀਂ ਕਿ ਜਦੋਂ ਸੋਚਿਆ ਚਲੇ ਜਾਓ , ਜਿੰਦਗੀ ਦੀਆਂ ਉਲਝਣਾ ਇਸ ਤਰਾਂ ਉਲਝ ਗਈਆਂ ਹਨ ਕਿ ਮਰਜੀ ਨਹੀਂ ਚਲਦੀ ।
ਪਰ ਬਚਪਨ ਦੇ ਇਹ ਦਿਨ ਅੱਜ ਵੀ ਕਿਸੇ ਫਿਲਮ ਦੀ ਤਰ੍ਹਾਂ ਦਿਲ ਵਿੱਚ ਜਿੰਦਾ ਹਨ ,ਤੇ ਸ਼ਾਇਦ ਰਹਿਣਗੇ ਵੀ । ਬਚਪਨ ਦੇ ਉਹਨਾਂ ਕਿਰਦਾਰਾਂ ਬਾਰੇ ਕਦੇ ਸੋਚਦਾ ਹਾਂ ਤਾਂ ਲੱਗਦਾ ਹੈ ਇਹ ਕੋਈ ਮਿਕਨਾਤੀਸੀ ਸੁਪਨਾ ਸੀ ,ਕੋਈ ਕਲਾਤਮਕ ਫਿਲਮ ਸੀ ਸ਼ਾਇਦ ।
ਅਜਿਹੇ ਲੋਕ ਧਰਤੀ ਤੇ ਕਿੱਥੇ ਹੁੰਦੇ ਹਨ । ਅਜਿਹੇ ਦਿਨ ਵੀ ਧਰਤੀ ਤੇ ਕਿੱਥੇ ਹੁੰਦੇ ਹੋਣਗੇ ।