ਸੁਖਵਿੰਦਰ ਕੰਬੋਜ ਦਾ ‘ਮਹਿਕ, ਹਵਾ ਤੇ ਬੱਦਲ’ ਵਿਸਮਾਦੀ ਕਾਵਿ ਸੰਗ੍ਰਹਿ - ਉਜਾਗਰ ਸਿੰਘ

ਸੁਖਵਿੰਦਰ ਕੰਬੋਜ ਪਰਵਾਸੀ ਸ਼ਾਇਰ ਹੈ। ਉਸਦੀਆਂ ਹੁਣ ਤੱਕ ਸੱਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਪੰਜ ਕਾਵਿ ਸੰਗ੍ਰਹਿ, ਚਾਰ ਪੰਜਾਬੀ ਤੇ ਇੱਕ ਹਿੰਦੀ, ਇੱਕ ਅੰਗਰੇਜ਼ੀ ਅਤੇ ਇੱਕ ਰਵਿੰਦਰ ਸਹਿਰਾਅ ਅਤੇ ਕੁਲਵਿੰਦਰ ਨਾਲ ਸਹਿ ਸੰਪਾਦਨਾ ਸ਼ਾਮਲ ਹਨ। ‘ਮਹਿਕ, ਹਵਾ ਤੇ ਬੱਦਲ ਉਸਦਾ ਅੱਠਵਾਂ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਵੱਖੋ-ਵੱਖਰੇ ਰੰਗ ਵਿਖੇਰਦੀਆਂ ਉਸਦੀਆਂ 49 ਕਵਿਤਾਵਾਂ ਹਨ। ਉਸਦੇ ਕਾਵਿ ਸੰਗ੍ਰਹਿ ਦੀ ਵਿਲੱਖਣਤਾ ਹੈ ਕਿ ਇਸਦਾ ਮੁੱਖਬੰਦ ਮੋਹਨਜੀਤ ਵੱਲੋਂ ਸੁਖਵਿੰਦਰ ਕੰਬੋਜ ਦੀ ਸਮੁੱਚੀ ਜੀਵਨ ਤੇ ਕਾਵਿ ਸ਼ੈਲੀ ਦੀ ਯਾਤਰਾ ਕਵਿਤਾ ‘ਦਿਨ ਬੇਲੇ ਰਾਤੀਂ ਪੱਤਣਾ ‘ਤੇ’ ਦੇ ਰਾਹੀਂ ਸ਼ਬਦ ਚਿਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਸੁਖਵਿੰਦਰ ਕੰਬੋਜ ਦਾ ਇਹ ਕਾਵਿ ਸੰਗ੍ਰਹਿ ਮੁਹੱਬਤ, ਆਸ ਦੀ ਕਿਰਨ, ਬਿਰਹਾ ਦੀ ਪੀੜ੍ਹ ਅਤੇ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸੰਵੇਦਨਸ਼ੀਲ, ਵਿਸਮਾਦੀ, ਵਾਤਾਵਰਨ, ਕੁਦਰਤ, ਨਸ਼ੇ, ਬੁਰਛਾਗਰਦੀ, ਅਹਿੰਸਾ, ਇਨਸਾਨੀ ਮਾਨਸਿਕਤਾ, ਰਿਸ਼ਤਿਆਂ, ਔਰਤ ਦੀ ਮਾਨਸਿਕਤਾ ਅਤੇ ਸੰਕੇਤਕ ਸ਼ਬਦਾਵਲੀ ਵਿੱਚ ਹਨ। ਉਹ ਜੋ ਕਹਿਣਾ ਚਾਹੁੰਦਾ ਹੈ, ਉਸਨੂੰ ਸੰਕੇਤਕ ਢੰਗਾਂ ਨਾਲ ਲਿਖਦਾ ਹੈ, ਸਮਝਦਾਰ ਤੇ ਸੰਵੇਦਨਸ਼ੀਲ ਪਾਠਕ ਹੀ ਉਸਦੀ ਸ਼ਾਇਰੀ ਦਾ ਆਨੰਦ ਮਾਣ ਸਕਦਾ ਹੈ। ਕਈ ਕਵਿਤਾਵਾਂ ਵਿੱਚ ਜੰਗ ਦੀ ਤ੍ਰਾਸਦੀ ਦਾ ਸੰਤਾਪ ਪਤਾ ਲੱਗਦਾ ਹੈ। ਪਰਵਾਸ ਦੀ ਜ਼ਿੰਦਗੀ ਭਾਵੇਂ ਸਥਾਪਤ ਹੋਣ ਲਈ ਜਦੋਜਹਿਦ ਕਰਨੀ ਪੈਂਦੀ ਹੈ, ਪ੍ਰੰਤੂ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਅਜਿਹੀ ਜ਼ਿੰਦਗੀ ਦਾ ਆਨੰਦ ਮਾਨਣ ਲਈ ਪ੍ਰੇਰਤ ਕਰਦੀਆਂ ਹਨ। ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਣ ਲਈ ਸ਼ਾਇਰ ‘ਨਵਾਂ ਸਾਲ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ:
ਲÑੱਭੀਏ ਦੱਬੇ ਪੁਰਾਣੇ ਰਿਸ਼ਤੇ
ਜੋ ਖੋਹ ਗਏ ਸਨ ਰੋਟੀ ਕਮਾਉਂਦਿਆਂ/ਖਾਂਦਿਆਂ
ਲÑੱਭੀਏ ਫਿਰ ਕਿਰਨਾ
ਸੂਰਜ ਦਾ ਜੱਸ ਗਾਉਂਦੀਆਂ
ਰਾਹਾਂ ਨੂੰ ਰੁਸ਼ਨਾਉਂਦੀਆਂ।
  ਸ਼ਾਇਰ ਦੀਆਂ ਬਹੁਤੀਆਂ ਕਵਿਤਾਵਾਂ ਵਿੱਚੋਂ ਆਸਾਵਾਦੀ ਹੋਣ ਦਾ ਸੰਕੇਤ ਬੂਹੇ ਦੀਆਂ ਝੀਤਾਂ ਵਿੱਚੋਂ ਆ ਰਹੀ ਰੌਸ਼ਨੀ ਦੀ ਕਿਰਨ ਦੀ ਤਰ੍ਹਾਂ ਵਿਖਾਈ ਦਿੰਦਾ ਹੈ। ਹਰ ਮੁਸ਼ਕਲ ਦੀ ਸਥਿਤੀ ਨੂੰ ਸ਼ਾਇਰ ਰੂਹ ਦੇ ਸੰਗੀਤ ਨਾਲ ਰੰਗੀਨ ਕਰ ਦਿੰਦਾ ਹੈ। ‘ਪੌਣਾਂ ਦਾ ਜਾਇਆ’, ‘ਫ਼ੋਨ ਆਉਣ ‘ਤੇ’, ‘‘ਗੁਲਾਬ’, ‘ਨਵਾਂ ਸਾਲ’, ‘ਨਵਦੀਪ ਲਈ’, ‘ਤੂੰ ਮੇਰੇ ਕੋਲ ਹੈਂ (ਨਵਦੀਪ ਲਈ)’, ‘ਮੇਰੀ ਚਾਹਤ (ਨਵਦੀਪ ਲਈ)’ ‘ਸੂਰਜਮੁਖੀ’, ‘ਮਿੱਲੀ ਲਈ’ ਅਤੇ ‘ਤੈਥੋਂ ਬਿਨਾਂ’  ਕਵਿਤਾਵਾਂ ਇੱਕ ਪ੍ਰਵਾਸੀ ਦੀ ਜ਼ਿੰਦਗੀ ਦੇ ਝਮੇਲਿਆਂ ਵਿੱਚੋਂ ਖ਼ੁਸ਼ਬੋਅ ਦੀ ਕਨਸੋਅ ਦੀਆਂ ਪ੍ਰਤੀਕ ਲੱਗਦੀਆਂ ਹਨ। ਜ਼ਿੰਦਗੀ ਕੋਈ ਭਾਰ ਨਹੀਂ ਹੁੰਦੀ, ਸਗੋਂ ਉਸ ਨੂੰ ਜਿਉਣ ਦਾ ਤਰੀਕਾ ਆਉਣਾ ਚਾਹੀਦਾ ਹੈ। ਇਹ ਕਵਿਤਾਵਾਂ ਅਜਿਹੀਆਂ ਸਥਿਤੀਆਂ ਵਿੱਚੋਂ ਵੀ ਮੋਹ ਮੁਹੱਬਤ ਦਾ ਪ੍ਰਗਟਾਵਾ ਕਰਦੀਆਂ ਹਨ। ‘ਪ੍ਰਦੇਸੀਆ’ ਅਤੇ ‘ਪਾਰਸ’ ਕਵਿਤਾਵਾਂ  ਬ੍ਰਿਹਾ ਦੀ ਪੀੜ ਦੀ ਚੀਸ ਨਾਲ ਮੋਹ ਦਾ ਦੀਵਾ ਜਗਾਉਂਦੀਆਂ ਹਨ। ‘ਰੂਹ ਦੀ ਸੰਥਾ’ ਕਵਿਤਾ ਵਿੱਚੋਂ ਬ੍ਰਿਹਾ ਦੀ ਹੂਕ ਵਿਖਾਈ ਦਿੰਦੀ ਹੈ। ਪਰਵਾਸ ਵਿੱਚ ਗਏ ਕੰਤ ਦੀ ਉਡੀਕ ਬ੍ਰਿਹਾ ਦੇ ਤੀਰ ਮਾਰਦੀ ਹੈ। ‘ਉਡੀਕ’ ਅਤੇ ‘ਸੰਵੇਦਨਾ’ ਕਵਿਤਾਵਾਂ ਵੀ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚ ਜਿਸਮਾ ਤੋਂ ਦੂਰ ਹੋ ਕੇ ਰੂਹ ਦੀ ਗੱਲ ਕੀਤੀ ਗਈ ਹੈ। ਇਹ ਕਵਿਤਾਵਾਂ ਜ਼ਿੰਦਗੀ ਦੀ ਜਦੋਜਹਿਦ ਦਾ ਪ੍ਰਤੀਕ ਹਨ। ਜੰਗ ਇਨਸਾਨੀਅਤ ਲਈ ਖ਼ਤਰਨਾਕ ਬਣਦੇ ਹਨ, ਹਿੰਸਕ ਕਾਰਵਾਈਆਂ ਇਨਸਾਨੀਅਤ ਦਾ ਘਾਣ ਕਰਦੀਆਂ ਹਨ। ‘ਵਾਵਰੋਲਾ’ ਗੀਤ ਭਾਵੇਂ ਸ਼ਾਇਰ ਨੇ ਸੋਗੀ ਗੀਤ ਕਿਹਾ ਹੈ, ਪ੍ਰੰਤੂ ਇਸ ਗੀਤ ਨੇ ਜ਼ਿੰਦਗੀ ਦੇ ਕਈ ਪੱਖਾਂ ਲਾਲਚ ਅਤੇ ਔਰਤ ਦੀਆਂ ਭਾਵਨਾਵਾਂ ਦੇ ਭੰਡਾਰ ਦੀ ਗੱਲ ਕਰਕੇ ਛੋਹਿਆ ਹੈ। ‘ਕਲਾਸ ਰੂਮ’ ਵਿੱਚ ਦਰਸਾਇਆ ਹੈ ਕਿ ਵਿਗਿਆਨੀਆਂ ਦੇ ਸਿਧਾਂਤ ਜ਼ਿੰਦਗੀ ਜਿਉਣ ਲਈ ਕਾਫੀ ਨਹੀਂ ਹੁੰਦੇ। ‘ਸਵੇਰਾਂ’, ‘ਮੀਂਹ ਕਿਥੇ ਪੈਂਦਾ ਹੈ’, ‘ਕਵਿਤਾ ਕਿਥੇ ਹੈ’ ਅਤੇ ‘ਸਮੁੰਦਰੀ ਬੀਚ’  ਕਵਿਤਾਵਾਂ ਵਿੱਚ ਵੀ ਪਰਵਾਸੀ ਜ਼ਿੰਦਗੀ ਦੇ ਝਮੇਲਿਆਂ ਦੀ ਜਾਣਕਾਰੀ ਅਤੇ ਮਾਪਿਆਂ ਤੇ ਪੰਜਾਬ ਦੀ ਮਿੱਟੀ ਦਾ ਮੋਹ ਤੰਗ ਕਰਦਾ ਦਰਸਾਇਆ ਗਿਆ ਹੈ। ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀ ਕਵਿਤਾ ਲਿਖਣ ਦੀ ਵਕਾਲਤ ਵੀ ਕੀਤੀ ਗਈ ਹੈ। ‘ਧੁੱਪ ਦੇ ਗੀਤ’ ਪੰਜਾਬ ਦੇ ਮਾੜੇ ਦਿਨਾਂ ਵਿੱਚ ਸਰਕਾਰ ਦੀਆਂ ਜ਼ਿਆਦਤੀਆਂ ਦੇ ਬਾਵਜੂਦ ਸ਼ਾਇਰ ਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ‘ਗੁਰੂ ਦੇਵ (.. ਦੇ ਲਈ)’, ‘ਸਦੀ ਦੇ ਅਸਤਣ ‘ਤੇ’, ‘ਮਾਰਕਸਵਾਦ ਦੀ ਵਾਪਸੀ’ ਅਤੇ ‘ਮੇਰੀ ਵਿਰਾਸਤ’ ਕਵਿਤਾਵਾਂ ਸਿਆਸਤਦਾਨਾ ਦੇ ਸਬਜ਼ਬਾਗਾਂ ਦੇ ਲਾਰਿਆਂ, ਖੁਦਗਰਜ਼ ਲੋਕਾਂ ਦੀਆਂ ਚਾਲਾਂ, ਗ਼ਰੀਬਾਂ ਲਈ ਲਾਰੇ, ਅਮੀਰਾਂ ਦੀ ਚੌਧਰ, ਫ਼ਿਰਕਾਪ੍ਰਸਤ ਸੋਚ, ਖੱਬੇ ਤੇ ਸੱਜੇ ਪੱਖੀ ਕਾਮਰੇਡਾਂ ਦੀ ਅਸਫਲਤਾ, ਬੇਰੋਜ਼ਗਾਰੀ, ਜ਼ਾਤਪਾਤ, ਧਰਮ ਦੀ ਆੜ ਅਤੇ ਝੂਠੇ ਸਮਾਜਵਾਦ ਦੀ ਦਾਸਤਾਂ ਦਰਸਾਉਂਦੀਆਂ ਹਨ। ‘ਉਹ ਜ਼ਿੰਦਾ ਹੈ’ ਕਵਿਤਾ ਮਾਰਕਸਵਾਦੀ ਸੋਚ ਦਾ ਪ੍ਰਤੀਕ ਹੈ। ‘ਸਵੈ ਦੀ ਮੌਤ’ ਅਤੇ ਟਿਕ-ਟਿਕ ਕਵਿਤਾਵਾਂ ਰਿਸ਼ਤਿਆਂ ਵਿੱਚ ਆਈ ਗਿਰਾਵਟ, ਕਬੀਲਿਆਂ ਦੀ ਪਰੰਪਰਵਾਦੀ ਸੋਚ ਦੀ ਲਖਾਇਕ ਹਨ। ‘ਪਰਤ ਪੰਜ’, ‘ਪਰਤ ਛੇ’ ਅਤੇ ‘ਪਰਤ ਸੱਤ’ ਸਮਾਜ ਵਿੱਚ ਔਰਤ ਦੀ ਹੋ ਰਹੀ ਦੁਰਗਤੀ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ, ਪ੍ਰੰਤੂ ਸਮੇਂ ਦੇ ਬਦਲਦੇ ਹਾਲਾਤ ਅਨੁਸਾਰ ਔਰਤ ਦੀ ਪ੍ਰਿਯ ਨੂੰ ਮਿਲਣ ਦੀ ਆਸ ਬਰਕਰਾਰ ਰਹਿੰਦੀ ਹੈ। ‘ਸਮੁੰਦਰ’ ਕਵਿਤਾ ਲੋਕਾਈ ਵੱਲੋਂ ਭਾਣਾ ਮੰਨਣ ਦੀ ਪ੍ਰਵਿਰਤੀ ਦੇ ਨੁਕਸਾਨ ਦਾ ਹੰਦੇਸ਼ਾ ਕਰਦੀ ਹੈ। ‘..ਤੋਂ ਬਾਅਦ’ ਅਤੇ ‘ਮਨੁੱਖ’ ਕਵਿਤਾਵਾਂ ਨਸਲੀ ਵਿਤਕਰੇ, ਧਾਰਮਿਕ ਪਵਿਤਰ ਗ੍ਰੰਥਾਂ ਤੋਂ ਭਟਕਣ, ਨਫ਼ਰਤ, ਪੈਸੇ ਕਮਾਉਣ ਲਈ ਅੰਨ੍ਹੀ ਦੌੜ, ਕਿਸਾਨਾ ਤੇ ਮਜ਼ਦੂਰਾਂ ਦੀ ਆਰਥਿਕ ਹਾਲਤ, ਭੂਤਰੇ ਇਨਸਾਨ ਅਤੇ ਲਾਲਚ ਨਾਲ ਜਾਇਦਾਦਾਂ ਇਕੱਤਰ ਕਰਨ ਦੇ ਢਕੌਂਸਲਿਆਂ ਦੇ ਪਰਦੇ ਫਾਸ਼ ਕਰਦੀਆਂ ਹਨ। ‘ਕਰਨਲ ਤੇ ਜਨਰਲ’, ‘ਬੱਚੇ ਤੇ ਹਥਿਆਰ’ ਅਤੇ ‘ਸਮਾਂ ਤੇ ਸਥਾਨ’ ਕਵਿਤਾਵਾਂ ਸ਼ਹੀਦ ਫ਼ੌਜੀਆਂ ਦੇ ਬੱਚਿਆਂ ਦੀ ਧੁੰਧਲੀ ਜ਼ਿੰਦਗੀ, ਜਿਨ੍ਹਾਂ ਦੇ ਭਵਿਖ ਸੁਰੱਖਿਅਤ ਨਹੀਂ ਅਤੇ ਜੰਗ ਦੇ ਭਿਆਨਕ ਨਤੀਜਿਆਂ ਦੇ ਸੰਤਾਪ ਦਾ ਵਰਣਨ ਕਰਦੀਆਂ ਹਨ। ‘ਡਾਲਰ ਮਾਇਆ’ ਕਵਿਤਾ ਵੀ ਅਤਿਅੰਤ ਸੰਵੇਦਨਸ਼ੀਲ ਹੈ, ਜਿਸ ਵਿੱਚ ਪਰਵਾਸ ਵਿੱਚ ਗਏ ਲੋਕਾਂ ਦੀਆਂ ਔਰਤਾਂ ਦੁੱਖ ਦਰਦ ਵਾਲੀ ਜ਼ਿੰਦਗੀ ਬਤੀਤ ਕਰਦੀਆਂ ਹਨ, ਪ੍ਰੰਤੂ ਉਨ੍ਹਾਂ ਦੇ ਪਿਤਾ ਡਾਲਰਾਂ ਦੇ ਲਾਲਚ ਵਿੱਚ ਲੱਗੇ ਰਹਿੰਦੇ ਹਨ। ਅਜਿਹੀ ਨਿਰਜ਼ਿੰਦ ਜ਼ਿੰਦਗੀ ਔਰਤਾਂ ਦੀ ਮਾਨਸਿਕਤਾ ਨੂੰ ਡਾਵਾਂਡੋਲ ਕਰ ਜਾਂਦੀ ਹੈ। ‘ਪੱਥਰਾਂ ਦੇ ਇਸ ਸ਼ਹਿਰ ਵਿੱਚ’ ਕਵਿਤਾ ਆਧੁਨਿਕ ਕੰਪਿਊਟਰ ਯੁਗ ਦੀ ਤ੍ਰਾਸਦੀ ਦਾ ਵਰਣਨ ਕਰਦੀ ਹੈ, ਜਿਸ ਵਿੱਚ ਲੱਗੇ ਬਿਹਤਰੀਨ ਕਾਬਲ ਲੋਕਾਂ ਦੇ ਆਨੰਦਮਈ ਜ਼ਿੰਦਗੀ ਜਿਉਣ ਦੇ ਸਪਨੇ ਤਹਿਸ ਨਹਿਸ ਹੋ ਜਾਂਦੇ ਹਨ। ‘ਰੁੱਖ’ ਕਵਿਤਾ ਲੋਕਾਂ ਵੱਲੋਂ ਜੰਗਲਾਂ ਦੀ ਅਹਿਮੀਅਤ ਨੂੰ ਅਣਡਿਠ ਕਰਦਿਆਂ ਬੇਵਜਾਹ ਕਟਾਈ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣ ਵੇਲੇ ਦੀ ਯਾਦ ਕਰਵਾਈ ਗਈ ਹੈ, ਪ੍ਰੰਤੂ ਲਾਲਚੀ ਲੋਕ ਜੰਗਲਾਂ ‘ਤੇ ਕੁਹਾੜੀ ਚਲਾਕੇ ਆਪਣੇ ਪੈਰੀਂ ਖੁਦ ਕੁਹਾੜਾ ਮਾਰ ਰਹੇ ਹਨ। ‘ਭਗਤ ਸਿੰਘ ਦਾ ਫ਼ੈਸਲਾ’ ਕਵਿਤਾ ਵੀ ਬਹੁਤ ਹੀ ਸੰਵੇਦਨਸ਼ੀਲ ਹੈ, ਕਿਉਂਕਿ ਭਗਤ ਸਿੰਘ ਧਰਮ ਦੇ ਚਕਰਾਂ ਵਿੱਚ ਪੈ ਕੇ ਗ਼ਲਤ ਵਿਚਾਰਧਾਰਾ ਦਾ ਹਾਮੀ ਬਣਨਾ ਨਹੀਂ ਚਾਹੁੰਦਾ ਸੀ। ਸ਼ਾਇਰ ਲਿਖਦਾ ਹੈ ਕਿ ਜੇਕਰ ਉਹ ਅਜਿਹੀ ਚਾਲ ਚਲਦਾ ਤਾਂ ਅੱਜ ਦੇ ਭਰਿਸ਼ਟ ਸਿਆਸਤਦਾਨਾ ਵਰਗਾ ਹੀ ਹੁੰਦਾ। ‘ਪਾਗਲ ਕੁੱਤਾ’ ਮਰਦ ਦੀ ਔਰਤਾਂ ਪ੍ਰਤੀ ਸਿਰਫ ਜਿਸਮਾ ਦੀ ਭੁੱਖ ਮਿਟਾਉਣ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ‘ਫਲੈਗ ਸਟੇਸ਼ਨ’ ਅਤੇ ‘ਅਸੁਰੱਖਿਅਤ ਵਿੱਚੋਂ’ ਕਵਿਤਾਵਾਂ ਗ਼ਰੀਬ ਉਤੇ ਹੋ ਰਹੀਆਂ ਜ਼ਿਆਦਤੀਆਂ, ਨਿਰਦੋਸ਼ਾਂ ਦੇ ਕਤਲ, ਹਓਮੈ ਦਾ ਸਿਰ ਚੜ੍ਹਕੇ ਅਮਰੀਕਾ ਦੀ ਤਰ੍ਹਾਂ ਬੋਲਣਾ ਆਦਿ ਦੀ ਸਮੱਸਿਆ ‘ਤੇ ਚਿੰਤਾ ਪ੍ਰਗਟ ਕਰਦੀਆਂ ਹੋਈਆਂ ਆਸ ਦੀ ਕਿਰਨ ਪੈਦਾ ਕਰਦੀਆਂ ਹਨ, ਕਿਉਂਕਿ ਸੰਸਾਰ ਵਿੱਚ ਕੋਈ ਅਜਿਹਾ ਨਿਸ਼ਾਨਾ ਨਹੀਂ ਜਿਹੜਾ ਪ੍ਰਾਪਤ ਨਹੀਂ ਹੋ ਸਕਦਾ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਸੁਖਵਿੰਦਰ ਕੰਬੋਜ ਸੰਵੇਦਨਸ਼ੀਲਤਾ ਦਾ ਮੁਜੱਸਮਾ ਹੈ, ਜਿਹੜਾ ਇਨਸਾਨੀਅਤ ਦੀਆਂ ਭਾਵਨਾਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ।
ਸੰਪਰਕ ਸੁਖਵਿੰਦਰ ਕੰਬੋਜ : 0019253083000
93 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਪ੍ਰਿਥਮ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                                                                                                                          
 ਮੋਬਾਈਲ-94178 13072
   ujagarsingh48@yahoo.com