ਮੀਰੀ-ਪੀਰੀ ਦੇ ਦਰ ਤੋਂ ਵਰਤੀ ਕਲਾ, ਸਕੱਤਰੇਤ ਸ੍ਰੀ ਅਕਾਲ ਤਖਤ ਸਾਹਬ ਵਿਖੇ ਸਿੱਖ ਵਿਧਾਇਕਾਂ ਦੀ ਇਕੱਤਰਤਾ ਦਾ ਰੁਹਾਨੀ ਵਰਤਾਰਾ - ਬਘੇਲ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਆਜ਼ਾਦ, ਖ਼ੁਦਮੁਖ਼ਤਿਆਰ ਅਤੇ ਸਰਬਉੱਚ ਸੰਸਥਾ ਹੈ,ਜਿੱਥੋਂ ਪੰਥ ਨੂੰ ਹਰ ਔਖੇ ਸਮੇ ਵਿੱਚ ਰਹਿਨੁਮਾਈ ਮਿਲਦੀ ਹੈ।ਇਹ ਉਹ ਦਰ ਹੈ, ਜਿੱਥੋਂ ਸਦੀਆਂ ਤੋਂ ਜ਼ੁਲਮ ਦੇ ਵਿਰੁੱਧ ਅਵਾਜ਼ ਉੱਠਦੀ ਰਹੀ ਹੈ, ਜਿੱਥੇ ਮੀਰੀ ਅਤੇ ਪੀਰੀ ਦਾ ਅਦਭੁੱਤ ਸੰਕਲਪ ਸਿਰਫ਼ ਸਿਧਾਂਤ ਨਹੀਂ, ਸਗੋਂ ਜੀਵੰਤ ਪਰੰਪਰਾ ਵਜੋਂ ਪ੍ਰਗਟ ਹੁੰਦਾ ਰਿਹਾ ਹੈ। ਇਸੇ ਲਈ ਜਦੋਂ ਵੀ ਸਿੱਖ ਪੰਥ 'ਤੇ ਕੋਈ ਵੱਡੀ ਬਿਪਤਾ ਆਉਂਦੀ ਹੈ ਜਾਂ ਕੌਮੀ ਏਕਤਾ ਦੀ ਲੋੜ ਪੈਂਦੀ ਹੈ, ਤਾਂ ਨਿਗਾਹਾਂ ਆਪੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰ ਤੇ ਟਿਕ ਜਾਂਦੀਆਂ ਹਨ।ਹਾਲ ਹੀ ਵਿੱਚ ਬੀਤੇ ਕੱਲ੍ਹ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਸਿੱਖ ਵਿਧਾਇਕਾਂ ਦੀ ਹੋਈ ਇਕੱਤਰਤਾ ਨੇ ਇੱਕ ਵਾਰ ਫਿਰ ਇਸ ਇਤਿਹਾਸਕ ਸੱਚਾਈ ਨੂੰ ਦੁਹਰਾਇਆ ਹੈ ਕਿ ਜਦੋਂ ਪੰਥ ਨੂੰ ਲੋੜ ਪੈਂਦੀ ਹੈ, ਤਾਂ ਮੀਰੀ-ਪੀਰੀ ਦਾ ਸੰਕਲਪ ਮੁੜ ਜੀਵੰਤ ਹੋ ਜਾਂਦਾ ਹੈ। ਇਸ ਇਕੱਤਰਤਾ ਦਾ ਮਾਹੌਲ, ਇਸ ਦੀ ਗੰਭੀਰਤਾ ਅਤੇ ਇਸ ਦੇ ਸਿਆਸੀ ਤੇ ਧਾਰਮਿਕ ਸੰਦੇਸ਼ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਆਸ ਜਗਾਈ ਹੈ। ਇਸ ਇਕੱਤਰਤਾ ਦੀ ਸੁਖਾਵੇ ਮਹੌਲ ਵਿੱਚ ਸੰਪੂਰਨਤਾ ਤੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਾਬਲੀਅਤ ਵੀ ਪਰਖੀ ਗਈ ਹੈ।ਉਹਂਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿੰਮੇਵਾਰੀ ਨਿਭਾਉਂਦਿਆਂ ਸਰਬ ਸਾਂਝੇ ਹੋਣ ਦਾ ਪਰਮਾਣ ਵੀ ਬਾਖੂਬੀ ਨਾਲ ਦਿੱਤਾ ਗਿਆ। ਗੁਰੂ ਦੀ  ਭੈਅ ਭਾਵਨੀ ਵਿੱਚ ਹੋਈ ਇਹ ਇਕੱਤਰਤਾ ਉਸ ਇਤਿਹਾਸਕ ਪਰੰਪਰਾ ਦਾ ਝਲਕਾਰਾ ਸੀ, ਜਿਸ ਨੇ ਸਿੱਖਾਂ ਨੂੰ ਹਮੇਸ਼ਾ ਉਤਸ਼ਾਹ ਬਖਸ਼ਿਆ ਅਤੇ ਵਿਰੋਧੀ ਤਾਕਤਾਂ ਨੂੰ ਕੰਬਣੀ ਛੇੜੀ।ਇਹ ਉਹੀ ਅਹਿਸਾਸ ਹੈ, ਜੋ 2 ਦਸੰਬਰ 2024 ਨੂੰ ਵੀ ਮਹਿਸੂਸ ਹੋਇਆ ਸੀ, ਜਦੋਂ ਪੰਜ ਸਿੰਘ ਸਾਹਿਬਾਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਸੀ।ਉਸ ਵੇਲੇ ਵੀ ਜਾਪਿਆ ਸੀ ਕਿ ਸ਼ਾਇਦ ਸਿੱਖ ਰਾਜਨੀਤੀ ਅਤੇ ਸਿੱਖ ਧਾਰਮਿਕ ਸੰਸਥਾਵਾਂ ਵਿਚਕਾਰ ਇੱਕ ਨਵਾਂ ਸੰਤੁਲਨ ਸਥਾਪਤ ਹੋਣ ਜਾ ਰਿਹਾ ਹੈ।  ਸਿੱਖ ਪੰਥ ਅੰਦਰ ਇਹ ਭਰੋਸਾ ਪੈਦਾ ਹੋਇਆ ਸੀ ਕਿ ਪੰਥਕ ਮਰਿਆਦਾ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਮੁੜ ਸਵੀਕਾਰ ਕਰਨ ਦਾ ਮਾਹੌਲ ਬਣ ਰਿਹਾ ਹੈ। ਪਰ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਪੰਥ ਅੰਦਰ ਏਕਤਾ ਅਤੇ ਸਵੈ-ਨਿਰਣੇ ਦੀ ਭਾਵਨਾ ਉੱਭਰਦੀ ਹੈ, ਤਾਂ ਸਿੱਖ ਵਿਰੋਧੀ ਤਾਕਤਾਂ ਇਸ ਨੂੰ ਸਵੀਕਾਰ ਨਹੀਂ ਕਰਦੀਆਂ।ਇਹ ਵੀ ਸਚਾਈ ਹੈ ਕਿ ਕੁਝ ਸਮੇਂ ਬਾਅਦ ਹੀ ਅਕਾਲੀ ਲੀਡਰਸ਼ਿਪ, ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਮਰਿਆਦਾ ਤੋਂ ਦੂਰ ਜਾਂਦੀ ਦਿਖਾਈ ਦਿੱਤੀ। ਇਸ ਨਾਲ ਪੰਥ ਦੇ ਅੰਦਰ ਇੱਕ ਵਾਰ ਫਿਰ ਨਿਰਾਸ਼ਾ ਦਾ ਮਾਹੌਲ ਬਣਿਆ। ਪਰ ਇਸ ਸਾਰੇ ਘਟਨਾਕ੍ਰਮ ਨੇ ਇੱਕ ਗੱਲ ਜ਼ਰੂਰ ਸਾਬਤ ਕੀਤੀ ਕਿ ਸਿੱਖ ਪੰਥ ਦੀ ਅਸਲ ਤਾਕਤ ਕਿਸੇ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਵਿੱਚ ਨਹੀਂ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਵਿੱਚ ਵਸਦੀ ਹੈ।ਅੱਜ ਦੀ ਇਹ ਇਕੱਤਰਤਾ ਵੀ ਇਸੇ ਸੱਚਾਈ ਦਾ ਪ੍ਰਤੀਕ ਹੋ ਨਿਬੜੀ ਹੈ। ਇਹ ਸਿਰਫ਼ ਪੰਜਾਬ ਲਈ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਅਤ ਲਈ ਇੱਕ ਸ਼ੁਭ ਸੰਕੇਤ ਹੈ। ਅਜਿਹੇ ਸਮੇਂ ਵਿੱਚ, ਜਦੋਂ ਪੰਜਾਬ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਿੱਖ ਪੰਥ ਦੀ ਇੱਕਜੁੱਟਤਾ ਅਤੇ ਮੀਰੀ-ਪੀਰੀ ਦੇ ਸਿਧਾਂਤਾਂ ਦੀ ਪੁਨਰ-ਸੁਰਜੀਤੀ ਬੇਹੱਦ ਜ਼ਰੂਰੀ ਹੈ।ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦੀਆਂ ਅਜਿਹੀਆਂ ਇਕੱਤਰਤਾਵਾਂ ਹਮੇਸ਼ਾਂ ਸਿੱਖ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਰਹੀਆਂ ਹਨ। ਚਾਹੇ ਉਹ ਮੁਗਲ ਹਕੂਮਤ ਹੋਵੇ, ਬ੍ਰਿਟਿਸ਼ ਸਾਮਰਾਜ ਹੋਵੇ ਜਾਂ ਆਧੁਨਿਕ ਰਾਜਨੀਤਿਕ ਪ੍ਰਬੰਧ ਹੋਵੇ,ਹਰ ਦੌਰ ਵਿੱਚ ਇਹ ਕੋਸ਼ਿਸ਼ ਹੁੰਦੀ ਰਹੀ ਹੈ ਕਿ ਸਿੱਖ ਪੰਥ ਨੂੰ ਉਸ ਦੀ ਕੇਂਦਰੀ ਤਾਕਤ, ਉਸ ਦੀ ਸਕਤੀ ਦੇ ਰੁਹਾਨੀ ਸੋਮੇ,ਉਸ ਦੀ ਸਾਂਝੀ ਲੀਡਰਸ਼ਿਪ ਅਤੇ ਉਸ ਨੂੰ ਉਹਦੇ ਸਵੈ-ਨਿਰਣੇ ਦੇ ਅਧਿਕਾਰ ਤੋਂ ਵੱਖ ਕੀਤਾ ਜਾਵੇ।ਇਸ ਲਈ ਇਹ ਮੰਨਣਾ ਭੁੱਲ ਹੋਵੇਗੀ ਕਿ ਇਸ ਇਕੱਤਰਤਾ ਤੋਂ ਬਾਅਦ ਸਾਰਾ ਕੁਝ ਸੁਚਾਰੂ ਚੱਲੇਗਾ। ਸੰਭਾਵਨਾ ਇਹੀ ਹੈ ਕਿ ਇਸ ਪੂਰੇ ਵਰਤਾਰੇ ਨੂੰ ਵੀ ਤੋੜਨ, ਕਮਜ਼ੋਰ ਕਰਨ ਅਤੇ ਵਿਵਾਦਾਂ ਵਿੱਚ ਘਸੀਟਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਣਗੀਆਂ। ਇਹ ਪਹਿਲਾਂ ਵੀ ਹੁੰਦਾ ਆਇਆ ਹੈ ਅਤੇ ਅੱਗੇ ਵੀ ਹੋਵੇਗਾ।ਸਵਾਲ ਇਹ ਨਹੀਂ ਕਿ ਵਿਰੋਧ ਹੋਵੇਗਾ ਜਾਂ ਨਹੀਂ,ਸਗੋਂ ਸਵਾਲ ਇਹ ਹੈ ਕਿ ਕੀ ਸੱਤਾਧਾਰੀ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦੀ  ਸਮੁੱਚੀ ਟੀਮ ਤਖਤ ਸਾਹਿਬ ਦੀ ਮਹਾਨਤਾ ਨੂੰ ਬਹਾਲ ਕਰਵਾ ਸਕੇਗੀ ? ਸਿੱਖ ਪੰਥ ਨੂੰ ਪੂਰਨ ਰੂਪ ਵਿੱਚ ਸੁਚੇਤ ਰਹਿਣ ਦੀ ਜਰੂਰਤ ਹੈ। ਬੇਅਦਬੀ ਸਬੰਧੀ ਕਨੂੰਨ ਬਣਾਉਣ ਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਰਵੱਈਆ ਵੀ ਪਿਛਲੇ ਸਮੇਂ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਕਈ ਮੌਕਿਆਂ 'ਤੇ ਉਨ੍ਹਾਂ ਵੱਲੋਂ ਵਰਤੀ ਗਈ ਭਾਸ਼ਾ ਅਤੇ ਸਿਆਸੀ ਟਿੱਪਣੀਆਂ ਨੇ ਨਾ ਸਿਰਫ਼ ਪੰਥਕ ਹਲਕਿਆਂ ਵਿੱਚ ਨਾਰਾਜ਼ਗੀ ਪੈਦਾ ਕੀਤੀ, ਸਗੋਂ ਪੰਜਾਬ ਦੀ ਸਿਆਸਤ ਨੂੰ ਵੀ ਬੇਲੋੜੇ ਟਕਰਾਅ ਵੱਲ ਧੱਕਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੀ ਰਾਜਨੀਤੀ ਨਾ ਤਾਂ ਕਿਸੇ ਸਰਕਾਰ ਲਈ ਲਾਭਕਾਰੀ ਸਾਬਤ ਹੋਈ ਹੈ ਅਤੇ ਨਾ ਹੀ ਪੰਜਾਬ ਲਈ,ਜਦੋਂਕਿ ਪੰਥ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਉਣ ਵਾਲੇ ਨੂੰ ਕੀਤੇ ਦੀ ਸਜਾ ਜਰੂਰ ਮਿਲਦੀ ਹੈ। ਸਿੱਖ ਇਤਿਹਾਸ ਦਾ ਇੱਕ ਹੋਰ ਸਦੀਵੀ ਸੱਚ ਇਹ ਵੀ ਹੈ ਕਿ ਜਦੋਂ ਵੀ ਪੰਥ 'ਤੇ ਕੋਈ ਵੱਡੀ ਬਿਪਤਾ ਆਉਂਦੀ ਹੈ, ਤਾਂ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਅਜਿਹੀ ਕਲਾ ਵਰਤਦੀ ਹੈ, ਜੋ ਆਮ ਰਾਜਨੀਤਿਕ ਹਿਸਾਬ-ਕਿਤਾਬ ਤੋਂ ਪਰੇ ਹੁੰਦੀ ਹੈ। ਇਹ ਉਹੀ ਕਲਾ ਸੀ, ਜਿਸ ਨੇ ਬੇਦਾਵਾ ਦੇਕੇ ਗੁਰੂ ਨੂੰ ਬਿਪਤਾ ਵਿੱਚ ਛੱਡ ਜਾਣ ਵਾਲਿਆਂ ਨੂੰ ਸੋਝੀ ਦੇਕੇ ਮੁੜ ਅਜਿਹੀ ਸੇਵਾ ਲਈ ਕਿ ਉਹਨਾਂ ਨੂੰ ਚਾਲੀ ਮੁਕਤਿਆਂ ਵਜੋਂ ਮਾਨਤਾ ਮਿਲੀ।ਇਹ ਉਹੀ ਕਲਾ ਸੀ, ਜਿਸ ਨੇ ਬੈਰਾਗੀ ਨੂੰ ਗੁਰੂ ਦਾ ਬੰਦਾ ਬਣਾ ਕੇ ਸਿੱਖ ਬਾਦਸ਼ਾਹ ਬਣਾ ਦਿੱਤਾ।ਇਸ ਕਲਾ ਨੇ ਮਿਸਲਾਂ ਨੂੰ ਇਕੱਠਾ ਕਰਕੇ ਖਾਲਸਾ ਰਾਜ ਸਥਾਪਤ ਕਰ ਦਿੱਤਾ। ਇਹ ਉਹੀ ਕਲਾ ਸੀ, ਜਿਸ ਨੇ ਸਰਬੱਤ ਖ਼ਾਲਸਾ ਦੀ ਪਰੰਪਰਾ ਨੂੰ ਜਨਮ ਦਿੱਤਾ।ਅੱਜ ਫਿਰ ਇੱਕ ਵਾਰ ਉਹੀ ਕਲਾ ਵਰਤਦੀ ਹੋਈ ਜਾਪਦੀ ਹੈ। ਇਹ ਕਲਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ, ਕਿਸੇ ਪਾਰਟੀ ਦੀ ਨਹੀਂ, ਸਗੋਂ ਗੁਰੂ ਪੰਥ ਦੀ ਹੈ। ਇਸ ਲਈ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਇਸ ਇਕੱਤਰਤਾ ਨੂੰ ਸਿਰਫ਼ ਇੱਕ ਰਾਜਨੀਤਿਕ ਘਟਨਾ ਵਜੋਂ ਨਾ ਦੇਖਿਆ ਜਾਵੇ, ਸਗੋਂ ਇਸ ਨੂੰ ਸਿੱਖ ਕੌਮ ਦੀ ਸਾਂਝੀ ਚੇਤਨਾ ਦੇ ਪੁਨਰ-ਜਾਗਰਨ ਵਜੋਂ ਸਮਝਿਆ ਜਾਵੇ।ਆਉਣ ਵਾਲਾ ਸਮਾਂ ਪੰਜਾਬ ਅਤੇ ਸਿੱਖ ਕੌਮ ਲਈ ਬਹੁਤ ਹੀ ਗੰਭੀਰ ਚੁਣੌਤੀਆਂ ਨਾਲ ਭਰਿਆ ਹੋਇਆ ਹੈ। ਧਾਰਮਿਕ ਆਜਾਦੀ ਅਤੇ ਹੋਂਦ ਨੂੰ ਖਤਰਾ, ਕੌਮੀ ਖ਼ੁਦਮੁਖ਼ਤਿਆਰੀ, ਆਰਥਿਕ ਸੰਕਟ, ਨਸ਼ਿਆਂ ਦੀ ਸਮੱਸਿਆ, ਪਾਣੀਆਂ ਦਾ ਮੁੱਦਾ ਅਤੇ ਪੰਜਾਬ ਦੀ ਜਨਸੰਖਿਅਕ ਬਣਤਰ ਵਰਗੇ ਅਨੇਕਾਂ ਗੰਭੀਰ ਮੁੱਦੇ ਸਿੱਖ ਕੌਂਮ ਦੇ ਸਾਹਮਣੇ ਖੜ੍ਹੇ ਹਨ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੋਈ ਇਕੱਲੀ ਪਾਰਟੀ ਜਾਂ ਇਕੱਲਾ ਆਗੂ ਨਹੀਂ ਕਰ ਸਕਦਾ।ਇਸ ਲਈ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰ ਤੋਂ ਇੱਕ ਵਾਰ ਫਿਰ ਮੀਰੀ-ਪੀਰੀ ਦਾ ਸੰਕਲਪ ਜੀਵੰਤ ਹੋ ਰਿਹਾ ਹੈ, ਤਾਂ ਇਹ ਕੇਵਲ ਇੱਕ ਧਾਰਮਿਕ ਘਟਨਾ ਨਹੀਂ, ਸਗੋਂ ਇੱਕ ਇਤਿਹਾਸਕ ਮੌਕਾ ਹੈ,ਜਿਸ ਨੂੰ ਅਜਾਈ ਗੁਆਉਣਾ ਪੰਥ ਹਿਤ ਵਿੱਚ ਨਹੀ ਹੋਵੇਗਾ।ਅਜਿਹੇ ਮੌਕਿਆਂ ਤੇ ਸਿੱਖ ਪੰਥ ਆਪਣੇ ਅੰਦਰੂਨੀ ਵਿਰੋਧਾਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਭਵਿੱਖ ਦੀ ਰਚਨਾ ਕਰ ਸਕਦਾ ਹੈ,ਸਿੱਖ ਰਾਜਨੀਤੀ ਨੂੰ ਤਕੜਾ ਕਰ ਸਕਦਾ ਹੈ,ਨਵੀ ਲੀਡਰਸ਼ਿੱਪ ਉਭਾਰ ਸਕਦਾ ਹੈ,ਅਰਦਾਸ ਇਹੀ ਹੈ ਕਿ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਇਹ ਕਲਾ ਸਥਾਈ ਰੂਪ ਧਾਰਨ ਕਰੇ, ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਹਰ  ਸਿੱਖ ਹਿਰਦੇ ਵਿੱਚ ਅੰਗੜਾਈ ਭਰੇ,ਜਿਸ ਨਾਲ ਪੰਥ ਦੀ ਚੜ੍ਹਦੀ ਕਲਾ ਦੇ ਬੋਲ ਬਾਲੇ ਹੋਣ ਅਤੇ ਸਿੱਖ ਕੌਮ ਆਉਣ ਵਾਲੇ ਬੇਹੱਦ ਗੰਭੀਰ ਸਮਿਆਂ ਦਾ ਸਾਹਮਣਾ ਕਰਨ ਲਈ ਇੱਕਜੁੱਟ ਹੋ ਸਕੇ।
ਬਘੇਲ ਸਿੰਘ ਧਾਲੀਵਾਲ
99142-58142