ਤੁਰ ਗਿਆ ਲੋਕ ਹਿਤਾਂ ਦਾ ਪਹਿਰੇਦਾਰ ਲੇਖਕ ਦਲੀਪ ਸਿੰਘ ਉਪਲ -  ਉਜਾਗਰ ਸਿੰਘ


    ਲੋਕ ਹਿਤਾਂ ਦੇ ਪਹਿਰੇਦਾਰ ਲੇਖਕ ਦਲੀਪ ਸਿੰਘ ਉਪਲ 88 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਸਨੇ ਅਜੇ 11 ਜੂਨ 2026  ਨੂੰ ਆਪਣਾ ਜਨਮ ਦਿਨ ਮਨਾਇਆ ਸੀ। ਦਲੀਪ ਸਿੰਘ ਉਪਲ ਬਹੁ-ਮੰਤਵੀ, ਬਹੁ-ਦਿਸ਼ਾਵੀ, ਦੂਰ ਅੰਦੇਸ਼ ਅਤੇ ਸੰਵੇਦਨਸ਼ੀਲ ਲੇਖਕ ਸੀ। ਦਲੀਪ ਸਿੰਘ ਉਪਲ ਨੇ ਇੱਕ ਦਰਜਨ ਦੇ ਲਗਪਗ ਪੁਸਤਕਾਂ ਲਿਖੀਆਂ, ਸੰਪਾਦਤ ਅਤੇ ਅਨੁਵਾਦ ਕੀਤੀਆਂ ਸਨ। ਤਿੰਨ ਪੁਸਤਕਾਂ ਉਸਦੀਆਂ ਬਹੁਤ ਹੀ ਪਸੰਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸੰਵੇਦਨਾ ਦੇ ਰੰਗ, ਦੋ ਤੇਰੀਆਂ ਦੋ ਮੇਰੀਆਂ ਅਤੇ ਹਿੰਮਤ ਦੇ ਹਾਸਲ ਸਵੈ-ਜੀਵਨੀ ਸ਼ਾਮਲ ਹਨ। ਦਲੀਪ ਸਿੰਘ ਉਪਲ ਵਿਲੱਖਣ ਬਿਰਤੀ ਵਾਲਾ ਬਹੁ-ਰੰਗੀ ਤੇ ਬਹੁ-ਪੱਖੀ ਵਿਦਵਾਨ ਸੀ। ਉਸਦੀ ਜ਼ਿੰਦਗੀ ਤੇ ਬਿਰਤੀ ਦੇ ਰੰਗਾਂ ਦੀਆਂ ਪਰਤਾਂ ਦੀ ਜਾਣਕਾਰੀ ਲੈਣ ਲਈ, ਉਸਦੀਆਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਪੜ੍ਹਨੀਆਂ ਪੈਣਗੀਆਂ। ਉਨ੍ਹਾਂ ਪੁਸਤਕਾਂ ਵਿੱਚੋਂ ਦਲੀਪ ਸਿੰਘ ਉਪਲ ਦਾ ਵਿਅਕਤਿਤਵ ਨਿਖਰਕੇ ਸਾਹਮਣੇ ਆਉਂਦਾ ਹੈ। ‘ਸੰਵੇਦਨਾ ਦੇ ਰੰਗ’ ਪੁਸਤਕ ਪੜ੍ਹਨ ਤੋਂ ਬਾਅਦ ਉਸਦੀ ਬਿਰਤੀ ਦੇ ਕਈ ਪੱਖਾਂ ਦਾ ਖੁਲਾਸਾ ਹੁੰਦਾ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਇੱਕ ਪਾਸੇ ਉਹ ਪੰਜਾਬੀ ਦਾ ਵਿਦਵਾਨ ਸੀ, ਪੰਜਾਬੀ ਵਿੱਚ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕਿਆ ਸੀ, ਰਾਜਨੀਤੀ ਵਿਗਿਆਨ ਦਾ ਗਿਆਤਾ, ਕਾਨੂੰਨੀ ਦਾਅ ਪੇਚਾਂ ਦਾ ਮਾਹਿਰ ਅਤੇ ਵਿਤ ਅਧਿਕਾਰੀ ਸੀ। ਉਨ੍ਹਾਂ ਨੇ ਆਪਣੇ ਪਿੰਡ ਦੇ ਸਕੂਲ ਵਿੱਚ ਇਕ ਲਾਇਬਰੇਰੀ ਵੀ ਸਥਾਪਤ ਕੀਤੀ ਹੋਈ ਸੀ, ਜਿਸ ਵਿੱਚ 5000 ਤੋਂ ਵੱਧ ਪੁਸਤਕਾਂ ਹਨ ਤਾਂ ਜੋ ਪਿੰਡ ਦੇ ਬੱਚੇ ਵਿਦਿਅਕ ਚਾਨਣ ਦਾ ਫੈਲਾ ਕਰ ਸਕਣ। ਪਿੰਡਾਂ ਦੇ ਬੱਚਿਆਂ ਦੀ ਸਿਖਿਆ ਵਿੱਚ ਉਹ ਵਿਸ਼ੇਸ਼ ਦਿਲਚਸਪੀ ਲੈਂਦੇ ਸਨ। 
 ਦਲੀਪ ਸਿੰਘ ੳੁੱਪਲ ਇਕ ਸਾਧਾਰਨ ਕਿਸਾਨ ਪਰਿਵਾਰ ਦੇ ਘਰ ਜਨਮ ਲੈ ਕੇ ਸਮਾਜਿਕ ਰੁਤਬਿਆਂ ਦੀਆਂ ਬੁਲੰਦੀਆਂ ‘ਤੇ ਪਹੁੰਚਣ ਵਾਲਾ ਹਿੰਮਤੀ ਇਨਸਾਨ ਸੀ। ਉਸਦੀ ਮਿਹਨਤ ਅਤੇ ਦਿ੍ਰੜ੍ਹਤਾ ਹੀ ਉਸਦੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣ ਵਿੱਚ ਸਹਾਈ ਸਾਬਤ ਹੋਈ ਸੀ। ਉਸਨੇ ਆਪਣਾ ਕੈਰੀਅਰ ਆਪ ਸਿਰਜਿਆ। ਦਸਵੀਂ ਤੱਕ ਦੀ ਉਸਦੀ ਪੜ੍ਹਾਈ ਮਾਪਿਆਂ ਨੇ ਕਰਵਾਈ, ਉਸਤੋਂ ਬਾਅਦ ਉਸਨੇ ਆਪਣੀ ਸਾਰੀ ਉਚ ਸਿਖਿਆ ਸਰਕਾਰੀ ਨੌਕਰੀ ਦੌਰਾਨ ਆਪਣੀ ਕਮਾਈ ਅਤੇ ਮਿਹਨਤ ਨਾਲ ਕੀਤੀ। ਸਾਰੀ ਦਿਹਾੜੀ ਪੰਜਾਬ ਸਿਵਲ ਸਕੱਤਰੇਤ ਵਿੱਚ ਨੌਕਰੀ ਕਰਦਾ ਸੀ, ਸ਼ਾਮ ਨੂੰ ਟਿਊਸ਼ਨਾ ਪੜ੍ਹਾਉਂਦਾ ਅਤੇ ਰਾਤ ਨੂੰ ਆਪਣੀ ਪੜ੍ਹਾਈ ਕਰਦਾ ਸੀ। ਇਥੇ ਹੀ ਬਸ ਨਹੀਂ ਸਗੋਂ ਵਿਆਹ ਤੋਂ ਬਾਅਦ ਆਪਣੀ ਪਤਨੀ ਕਮਲੇਸ਼ ਉਪਲ ਨੂੰ ਵੀ ਐਮ ਏ ਤੱਕ ਪੜ੍ਹਾਇਆ। ਉਹ ਸੱਚਾ-ਸੁੱਚਾ ਸਾਫ ਸਪੱਸ਼ਟ ਮੂੰਹ ‘ਤੇ ਕਹਿਣ ਵਾਲਾ ਵਿਅਕਤੀ ਸੀ। ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਦਾ ਜ਼ਿਕਰ ਕਰਦਿਆਂ ਆਪਣੇ ਪਰਿਵਾਰ ਨੂੰ ਬੱਕਰੀਆਂ ਚਾਰਨ ਵਾਲਾ ਪਰਿਵਾਰ ਕਹਿੰਦਾ ਸੀ। ਜ਼ਮੀਨ ਨਾਲ ਜੁੜਿਆ ਹੋਇਆ ਸਾਹਿਤਕਾਰ ਸੀ। ਆਪਣੇ ਪਿਤਾ ਨੂੰ ਆਪਣਾ ਰਹਿਨੁਮਾ ਮੰਨਦਾ ਸੀ, ਜਿਸਨੇ ਗ਼ਰੀਬੀ ਦੀ ਹਾਲਤ ਵਿੱਚ ਉਸਨੂੰ ਪੜ੍ਹਾਇਆ, ਪ੍ਰੰਤੂ ਪਿਤਾ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਤੋਂ ਝਿਜਕਦਾ ਨਹੀਂ ਸੀ। ਇੱਕ ਆਮ ਵਿਅਕਤੀ ਲਈ ਆਪਣੀ ਮੰਜ਼ਲ ਸਰ ਕਰਨਾ ਵੀ ਵੱਡੀ ਉਪਲਭਦੀ ਹੁੰਦੀ ਹੈ, ਪ੍ਰੰਤੂ ਦੂਜਿਆਂ ਦੀ ਮਦਦ ਲਈ ਤਤਪਰ ਰਹਿਣਾ ਅਤੇ ਉਨ੍ਹਾਂ ਦੇ ਭਵਿਖ ਦੀ ਚਿੰਤਾ ਕਰਨਾ ਇਨਸਾਨ ਦਾ ਵਿਲੱਖਣ ਗੁਣ ਹੁੰਦਾ ਹੈ। ਦਲੀਪ ਸਿੰਘ ਉੱਪਲ ਇਸ ਗੁਣ ਦਾ ਮਾਲਕ ਸੀ। ਉਹ ਨੌਕਰੀ ਵਿੱਚ ਲੱਗਣ ਤੋਂ ਬਾਅਦ ਸਮਾਜ ਸੇਵਾ ਖਾਸ ਤੌਰ ‘ਤੇ ਲੜਕੀਆਂ ਦੀ ਪੜ੍ਹਾਈ ਵਿੱਚ ਮਦਦ ਕਰਦਾ ਰਹਿੰਦਾ ਸੀ।
   ਦਲੀਪ ਸਿੰਘ ਉਪਲ ਦੀ ਮਾਪਿਆਂ ਦੀ ਆਰਥਿਕ ਕਮਜ਼ੋਰੀ ਕਰਕੇ ਬਹੁਤੀ ਪੜ੍ਹਾਈ ਕਠਨਾਤਿਮਿਕ ਸਥਿਤੀਆਂ ਦੌਰਾਨ ਹੀ ਹੋਈ। ਕਈ ਮੀਲ ਸਕੂਲ ਪੈਦਲ ਜਾਣਾ ਪੈਂਦਾ ਸੀ। ਸਾਈਕਲ ਵੀ ਨਸੀਬ ਨਹੀਂ ਹੁੰਦਾ ਸੀ। ਸਰਦੀਆਂ ਵਿੱਚ ਪਾਉਣ ਲਈ ਗਰਮ ਕਪੜੇ ਨਹੀਂ ਮਿਲਦੇ ਸਨ। ਇਕ ਵਾਰ ਪੜ੍ਹਾਈ ਅੱਧ ਵਿਚਕਾਰ ਛੱਡਣੀ ਵੀ ਪਈ। ਆਪਣੀ ਪੜ੍ਹਾਈ ਜ਼ਾਰੀ ਰੱਖਣ ਲਈ ਮਦਦ ਕਰਨ ਵਾਲੇ ਪਰਿਵਾਰ ਦੀ ਮੱਝ ਲਈ ਪੱਠੇ ਵੱਢ ਕੇ ਲਿਆਉਣੇ। ਕਿਰਾਏ ਦੇ ਮਕਾਨ ਵਿੱਚ ਹੀਰ ਵਾਰਿਸ ਗਾਉਣ ਕਰਕੇ ਮਾਲਕ ਮਕਾਨ ਦਾ ਝਿੜਕਣਾ ਆਦਿ ਉਸਨੇ ਝੱਲਿਆ ਪ੍ਰੰਤੂ ਪੜ੍ਹਾਈ ਜ਼ਾਰੀ ਰੱਖੀ।। ਉਹ ਗਾਉਂਦਾ ਵੀ ਕਮਾਲ ਦਾ ਸੀ। ਉਹ ਸੰਗੀਤ ਪ੍ਰੇਮੀ ਸੀ, ਹਰ ਸਾਹਿਤਕ ਤੇ ਸੰਗੀਤਕ ਪ੍ਰੋਗਰਾਮ ਵਿੱਚ ਸ਼ਾਮਲ ਹੁੰਦਾ ਸੀ। ਸੀਨੀਅਰ ਸਿਟੀਜਨ ਦੀ ਮੀਟਿੰਗ ਵਿੱਚ ਹੀਰ ਵਾਰਿਸ ਗਾ ਕੇ ਰੰਗ ਬੰਨ੍ਹ ਦਿੰਦਾ ਸੀ। ਦਸਵੀਂ ਤੋਂ ਬਾਅਦ ਬੀ.ਏ. ਪ੍ਰਾਈਵੇਟ ਪਾਸ ਕੀਤੀ। ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਨੌਕਰੀ ਦੌਰਾਨ ਸ਼ਾਮ ਦੀਆਂ ਕਲਾਸਾਂ ਵਿੱਚ ਪੜ੍ਹਕੇ ਪ੍ਰਾਪਤ ਕੀਤੀਆਂ। ਇਨ੍ਹਾਂ ਗੱਲਾਂ ਤੋਂ ਪੜ੍ਹਾਈ ਅਤੇ ਆਪਣੇ ਕੈਰੀਅਰ ਬਾਰੇ ਉਨ੍ਹਾਂ ਦੇ ਸੁਚੇਤ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਕਈ ਲੋੜਬੰਦਾਂ ਦੀ ਆਰਥਿਕ ਮਦਦ ਕੀਤੀ ਅਤੇ ਕਈਆਂ ਨੂੰ ਆਪਣੇ ਕੋਲ ਰੱਖਕੇ ਪੜ੍ਹਾਇਆ। 
  ਦਲੀਪ ਸਿੰਘ ਉਪਲ ਨੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਤੋਂ ਬਾਅਦ ਅੰਤਰਜਾਤੀ ਵਿਆਹ ਵੀ ਸਾਧਾਰਨ ਢੰਗ ਨਾਲ ਬਿਨਾ ਦਾਜ ਕਰਵਾਇਆ। ਉਸ ਸਮੇਂ ਅੰਤਰਜ਼ਾਤੀ ਵਿਆਹ ਕਰਵਾਉਣਾ ਕੋਈ ਸੌਖਾ ਕਾਰਜ਼ ਨਹੀਂ ਸੀ। ਉਸ ਜ਼ਮਾਨੇ ਵਿੱਚ ਅੰਤਰਜ਼ਾਤੀ ਵਿਆਹ ਕਰਵਾ ਕੇ ਪਰੰਪਰਾਤਮਿਕ ਪਰੰਪਰਾਵਾਂ ਨੂੰ ਵੰਗਾਰਨਾ ਇਕ ਵਿਲੱਖਣ ਦਲੇਰੀ ਭਰਿਆ ਕਦਮ ਸੀ। ਅੱਜ ਤੱਕ ਵੀ ਅੰਤਰਜ਼ਾਤੀ ਵਿਆਹ ਕਰਨ ਵਾਲਿਆਂ ਦੇ ਕਤਲ ਹੋ ਜਾਂਦੇ ਹਨ। ਖਾਸ ਤੌਰ ‘ਤੇ ਜੱਟ ਪਰਿਵਾਰ ਦੇ ਲੜਕੇ ਲਈ ਤਾਂ ਹੋਰ ਵੀ ਜੋਖ਼ਮ ਭਰਿਆ ਕੰਮ ਹੁੰਦਾ ਹੈ। ਬੇਲਦਾਰ ਤੋਂ ਨੌਕਰੀ ਸ਼ੁਰੂ ਕਰਕੇ ਪੌੜੀ-ਦਰ-ਪੌੜੀ ਟਾਈਪਿਸਟ, ਜੂਨੀਅਰ ਸਕੇਲ ਸਟੈਨੋ ਗ੍ਰਾਫਰ, ਸੀਨੀਅਰ ਸਕੇਲ ਸਟੈਨੋ ਗ੍ਰਾਫਰ, ਮੰਤਰੀ ਦੇ ਨਿੱਜੀ ਸਹਾਇਕ, ਪ੍ਰਬੰਧਕ ਅਧਿਕਾਰੀ, ਡਿਪਟੀ ਰਜਿਸਟਰਾਰ ਅਤੇ ਅਖ਼ੀਰ ਪੰਜਾਬੀ ਯੂਨੀਵਰਸਿਟੀ ਦੇ ਵਿਤ ਅਧਿਕਾਰੀ ਸੇਵਾ ਮੁਕਤ ਹੋਏ। ਇਹ ਸਾਰੀਆਂ ਸਫਲਤਾਵਾਂ, ਮਿਹਨਤ, ਲਗਨ, ਦਿ੍ਰੜ੍ਹਤਾ, ਨਮਰਤਾ, ਸਹਿਯੋਗ ਅਤੇ ਮਿਲਵਰਤਨ ਦੀ ਪ੍ਰਵਿਰਤੀ ਕਰਕੇ ਰੰਗ ਲਿਆਈਆਂ ਸਨ। ਦਲੀਪ ਸਿੰਘ ਉਪਲ ਸੰਜੀਦਾ, ਸੰਵੇਦਨਸ਼ੀਲ, ਸ਼ਹਿਣਸ਼ੀਲ ਅਤੇ ਸਬਰ ਸੰਤੋਖ ਦਾ ਪੁਤਲਾ ਸੀ। ਇੱਕ  ਸਿੱਖ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਿਅਕਤੀ ਵਿੱਚ ਨਮ੍ਰਤਾ ਵਰਗਾ ਗਹਿਣਾ ਉਸ ਲਈ ਵਰਦਾਨ ਸਾਬਤ ਹੋਇਆ। ਉਸਨੂੰ ਮਿਹਨਤ ਦਾ ਮੁਜੱਸਮਾ ਵੀ ਕਿਹਾ ਜਾ ਸਕਦਾ ਹੈ।

 ਦਲੀਪ ਸਿੰਘ ਉੱਪਲ ਦੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋ ਸਕਦੀਆਂ ਹਨ। ਉਨ੍ਹਾਂ ਨਿਧੱੜਕ ਹੋ ਕੇ ਆਪਣੇ ਫ਼ਰਜ਼ ਨਿਭਾਏ। ਇਨਸਾਨ ਨੂੰ ਜੇਕਰ ਚੰਗੇ ਗੁਣ ਸਿੱਖਣ ਦਾ ਮੌਕਾ ਮਿਲੇ ਤਾਂ ਅਜਾਈਂ ਨਹੀਂ ਗੁਆਉਣੇ ਚਾਹੀਦੇ। ਫਿਰ ਉਹ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ। ਦਲੀਪ ਸਿੰਘ ਉੱਪਲ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ੳੁੱਪਲ ਨੂੰ ਜ਼ਿੰਦਗੀ ਵਿੱਚ ਸਫਲਤਾਵਾਂ ਪ੍ਰਾਪਤ ਕਰਨ ਲਈ ਕਈ ਵੇਲਣ ਵੇਲਣੇ ਪਏ। ਕਮਲੇਸ਼ ਉਪਲ ਪੰਜਾਬੀ ਯੂਨੀਵਰਸਿਟੀ ਵਿੱਚੋਂ ਪ੍ਰੇਫੈਸਰ ਤੇ ਮੁਖੀ ਨਾਟਕ ਤੇ ਰੰਗ ਮੰਚ ਵਿਭਾਗ ਸੇਵਾ ਮੁਕਤ ਹੋਏ ਹਨ। ਪੜ੍ਹਾਈ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰੰਤੂ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਆਪ ਵੀ ਉਚੇਰੀ ਪੜ੍ਹਾਈ ਕੀਤੀ ਅਤੇ ਆਪਣੇ ਦੋਵੇਂ ਬੱਚੇ ਲੜਕੀ ਡਾ.ਨਿਵੇਦਤਾ ਸਿੰਘ ਅਤੇ ਲੜਕਾ ਡਾ.ਅਲੰਕਾਰ ਸਿੰਘ ਨੂੰ ਉਚ ਪੜ੍ਹਾਈ ਕਰਵਾਈ, ਜਿਸ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਦੋਵੇਂ ਪ੍ਰੋਫ਼ੈਸਰ ਅਤੇ ਡੀਨ ਹਨ। ਉਨ੍ਹਾਂ ਦਾ ਦਾਮਾਦ ਡਾ ਭੀਮਇੰਦਰ ਸਿੰਘ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ  ਹਨ।     ਦਲੀਪ ਸਿੰਘ ਉੱਪਲ ਦਾ ਜਨਮ ਉਨ੍ਹਾਂ ਦੀ ਮਾਤਾ ਦੇ ਨਾਨਕੇ ਪਿੰਡ ਪਿਤਾ ਪ੍ਰੀਤਮ ਸਿੰਘ ਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪੱਛਵੀਂ ਪਾਕਿਸਤਾਨ ਦੇ ਲਾਇਲਪੁਰ (ਸੈਫ਼ਦਾਵਾਦ) ਜਿਲ੍ਹੇ ਦੀ ਜੜ੍ਹਾਂਵਾਲਾ ਤਹਿਸੀਲ ਦੇ ਪਿੰਡ ਚੱਕ ਨੰਬਰ 31 ਵਿਚ 11 ਜੂਨ 1938 ਨੂੰ ਹੋਇਆ। ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਤੋਂ ਅਤੇ ਅੱਠਵੀਂ ਤੱਕ ਦੀ ਖਾਲਸਾ ਹਾਈ ਸਕੂਲ  ਨੰਗਲ ਅੰਬੀਆਂ ਤੋਂ ਪ੍ਰਾਪਤ ਕੀਤੀ। ਪੜ੍ਹਾਈ ਲਈ ਉਨ੍ਹਾਂ ਨੂੰ ਬੜੇ ਵੇਲਣ ਵੇਲਣੇ ਪਏ। ਉਨ੍ਹਾਂ ਦਾ ਜੱਦੀ ਪਿੰਡ ਸ਼ਾਹਕੋਟ ਨੇੜੇ ਲਸੂੜੀ ਜਿਲ੍ਹਾ ਜਲੰਧਰ ਵਿੱਚ ਹੈ। ਦਲੀਪ ਸਿੰਘ ਉਪਲ ਦੀ ਕਮਾਲ ਹੈ ਕਿ ਉਸਨੂੰ ਜੀਵ ਵਿਗਿਆਨ, ਸਮਾਜ ਸੇਵਾ ਅਤੇ ਸਾਹਿਤ ਬਾਰੇ ਬਾਖ਼ੂਬੀ ਜਾਣਕਾਰੀ ਸੀ। ਉਸਨੇ ਪ੍ਰਸਿੱਧ ਸਿਖਿਆ ਸਾਸ਼ਤਰੀਆਂ, ਨਾਮਵਰ ਵਿਦਵਾਨਾ, ਉਚ ਕੋਟੀ ਦੇ ਵਿਗਿਆਨੀਆਂ ਅਤੇ ਪ੍ਰਮੁੱਖ ਸਾਹਿਤਕਾਰਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਰੇਖਾ ਚਿਤਰਾਂ ਦੀ ਇੱਕ ਪੁਸਤਕ ਵੀ ਪ੍ਰਕਾਸ਼ਤ ਕਰਵਾਈ ਸੀ। ਉਹ ਹਰ ਵਿਸ਼ੇ ਦਾ ਗਿਆਨ ਰੱਖਣ ਵਲੇ ਵਿਦਵਾਨ ਸਾਹਿਤਕਾਰ  ਸਨ।
 ਉਹ ਪੰਜਾਬ ਦੇ ਵਰਤਮਾਨ ਹਾਲਾਤ  ਤੇ ਚਿੰਤਾ ਪ੍ਰਗਟ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗ੍ਰਤ ਕਰਨ, ਅਪਰਾਧਕ ਬਿਰਤੀਆਂ ਬਾਰੇ ਸੁਚੇਤ ਕਰਨ, ਜਵਾਨੀ ਨੂੰ ਖੇਡਾਂ ਅਤੇ ਕਿਤਾਬਾਂ ਨਾਲ ਜੋੜਨਾ, ਸੱਚੀ-ਸੁੱਚੀ ਕਿਰਤ ਦੀ ਚੇਤਨਾ ਪੈਦਾ ਕਰਨ ਦੀ ਕੋਸਿਸ਼ ਵਿੱਚ ਰਹਿੰਦੇ ਸਨ।  ਉਹ ਸੁਚੱਜੀ ਜੀਵਨ ਜਾਚ ਦੇ ਪੂਰਨੇ ਪਾਉਣ ਬਾਰੇ ਸਹੀ ਢੰਗ ਨਾਲ ਪ੍ਰੇਰਿਤ ਕਰਨ ਵਿੱਚ ਵੀ ਉਹ ਮੋਹਰੀ ਦੀ ਭੂਮਿਕਾ ਨਿਭਾਉਂਦੇ ਸਨ। ਦਲੀਪ ਸਿੰਘ ਉਪਲ 26 ਜੂਨ 2026 ਨੂੰ ਸਵਰਗਵਾਸ ਹੋ ਗਏ ਸਨ। ਉਨ੍ਹਾਂ ਨੇ ਆਪਣਾ ਸਰੀਰ ਰਾਜਿੰਦਰਾ ਮੈਡੀਕਲ ਕਾਲਜ ਨੂੰ ਦਾਨ ਕੀਤਾ ਹੋਇਆ ਸੀ।
ਤਸਵੀਰਾਂ ਦਲੀਪ ਸਿੰਘ ਉਪਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  ujagarsingh48@yahoo.com