ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਨਾਮ ਸੱਤਾ - ਬਘੇਲ ਸਿੰਘ ਧਾਲੀਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ। ਜਦੋਂ ਵੀ ਕਿਸੇ ਹਾਕਮ ਨੇ ਇਸ ਅਥਾਰਟੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ, ਉਹ ਭਾਵੇਂ ਕੁਝ ਸਮੇਂ ਲਈ ਸਫਲ ਦਿਖਾਈ ਦਿੱਤਾ ਹੋਵੇ, ਪਰ ਅੰਤ ਨੂੰ ਇਤਿਹਾਸ ਵਿੱਚ ਉਸ ਨੂੰ ਹਾਰਿਆ ਹੋਇਆ ਹੀ ਦਰਜ ਕੀਤਾ ਗਿਆ ਹੈ।।ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਅਜਿਹੇ ਖਤਰਨਾਕ ਮੋੜ ਉੱਤੇ ਖੜ੍ਹੇ ਹਨ ਜਿੱਥੇ ਉਨ੍ਹਾਂ ਨੇ ਫੈਸਲਾ ਤਾਂ ਗੁਰੂ ਦੇ ਦਰ ਤੇ ਜਾਣ ਦਾ ਕਰਨਾ ਸੀ,ਪਰ ਸੱਤਾ ਦਾ ਹੰਕਾਰ ਉਹਨਾਂ ਨੂੰ ਗੁਰੂ ਨਾਲ ਟਕਰਾਉਣ ਵਾਲੇ ਪਾਸੇ ਨੂੰ ਧੱਕ ਰਿਹਾ ਹੈ।ਜੇ ਕੋਈ ਸਿੱਖ ਗਲਤੀ ਕਰਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਪਣੀ ਭੁੱਲ ਬਖਸਾਉਂਦਾ ਹੈ,ਤਾਂ ਸੱਚੇ ਪਾਤਸ਼ਾਹ ਦੇ ਉਸ ਰੁਹਾਨੀ ਤਖਤ ਤੋ ਗੁਨਾਹਗਾਰ ਵੀ ਬਖਸ਼ਿਆ ਜਾਂਦਾ ਹੈ।ਸਿੱਖ ਪਰੰਪਰਾ ਵਿੱਚ ਤਨਖਾਹ ਸਜ਼ਾ ਨਹੀਂ ਬਲਕਿ ਆਤਮਿਕ ਸ਼ੁੱਧੀ ਦਾ ਸਾਧਨ ਮੰਨੀ ਜਾਂਦੀ ਹੈ।ਇਸੇ ਲਈ ਸਿੱਖ ਇਤਿਹਾਸ ਵਿੱਚ ਤਨਖਾਹ ਲੱਗਣਾ ਬੇਇੱਜ਼ਤੀ ਨਹੀਂ ਮੰਨਿਆ ਗਿਆ। ਮਹਾਨ ਤੋਂ ਮਹਾਨ ਸ਼ਖ਼ਸੀਅਤਾਂ ਨੇ ਵੀ ਪੰਥ ਅੱਗੇ ਸਿਰ ਨਿਵਾਇਆ। ਉਨ੍ਹਾਂ ਨੇ ਆਪਣੀ ਪਦਵੀ ਨਹੀਂ ਵੇਖੀ, ਆਪਣਾ ਰੁਤਬਾ ਨਹੀਂ ਵੇਖਿਆ ਅਤੇ ਨਾ ਹੀ ਆਪਣੀ ਸਿਆਸੀ ਤਾਕਤ ਨੂੰ ਢਾਲ ਬਣਾਇਆ। ਉਨ੍ਹਾਂ ਨੇ ਪੰਥ ਦੀ ਮਰਯਾਦਾ ਅੱਗੇ ਸਮਰਪਣ ਕੀਤਾ ਹੈ।ਪਰ ਅੱਜ ਜੋ ਕੁਝ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਸਭ ਤੋ ਚਿੰਤਾਜਨਕ ਇਹ ਹੈ ਕਿ ਸੱਤਾ ਦੇ ਹੰਕਾਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ ਦਾ ਰਾਹ ਅਖਤਿਆਰ ਕਰ ਲਿਆ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਬਹਿਸ ਦਾ ਵਿਸ਼ਾ ਬਣਾਇਆ ਜਾਂਦਾ ਹੈ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਵੇਂ ਪੰਥਕ ਸੰਸਥਾਵਾਂ ਹੀ ਕਟਹਿਰੇ ਵਿੱਚ ਖੜ੍ਹੀਆਂ ਹੋਣ।ਇਹ ਰੁਝਾਨ ਕਿਸੇ ਇੱਕ ਵਿਅਕਤੀ ਲਈ ਨਹੀਂ, ਪੂਰੀ ਕੌਮ ਲਈ ਖ਼ਤਰਨਾਕ ਹੈ।ਜੇ ਕੱਲ੍ਹ ਨੂੰ ਹਰ ਸਿਆਸਤਦਾਨ ਇਹ ਕਹਿਣ ਲੱਗ ਪਏ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਆਪਣੀ ਸਿਆਸੀ ਸਹੂਲਤ ਮੁਤਾਬਕ ਮੰਨੇਗਾ ਜਾਂ ਰੱਦ ਕਰੇਗਾ, ਫਿਰ ਸੰਸਥਾ ਦੀ ਸਰਬਉੱਚਤਾ ਦੇ ਕੀ ਅਰਥ ਰਹਿ ਜਾਣਗੇ ? ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਤਰਕ ਦਿੰਦੇ ਹਨ ਕਿ ਜਥੇਦਾਰ ਸਾਹਿਬ ਪੰਥ  ਪਰਵਾਨਿਤ ਨਹੀ  ਹਨ। ਭਗਵੰਤ ਸਿੰਘ ਮਾਨ ਨੂੰ ਬਤੌਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਲੋਕ ਪਸੰਦ ਨਹੀ ਕਰਦੇ,ਕੀ ਉਹ ਸੂਬਾ ਸਰਕਾਰ ਦੇ ਹੁਕਮਾਂ ਨੂੰ ਮੰਨਣ ਤੋ ਇਨਕਾਰੀ ਹੋ ਸਕਦੇ ਹਨ ? ਜੇਕਰ ਭਾਰਤ ਦੇ ਪਰਧਾਨ ਮੰਤਰੀ ਸ੍ਰੀ ਨਿਰੇਂਦਰ ਮੋਦੀ ਨੂੰ ਜਾਂ ਉਹਨਾਂ ਦੀ ਪਾਰਟੀ ਦੀ ਸਰਕਾਰ ਨੂੰ ਦੇਸ ਦਾ ਵੱਡਾ ਹਿੱਸਾ ਪਸੰਦ ਨਹੀ ਵੀ ਕਰਦਾ,ਤਾਂ ਕੀ ਉਹਨਾਂ ਲੋਕਾਂ ਤੇ ਸਰਕਾਰ ਦੇ ਹੁਕਮ ਜਾਂ ਕਨੂੰਨ ਲਾਗੂ ਨਹੀ ਹੋਣਗੇ ? ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਤਾਂ ਦੁਨਿਆਵੀ ਸੱਤਾ ਅਤੇ ਸੱਤਾ ਦੇ ਕਨੂੰਨ ਤੋ ਕਿਤੇ ਉਪਰ ਹੈ।ਇਹ ਕੋਈ  ਤਰਕ ਸੰਗਤ ਨਹੀ ਕਿ ਉਸ ਸੰਸਥਾਂ ਤੇ ਸੇਵਾ ਕੌਣ ਨਿਭਾਅ ਰਿਹਾ ਹੈ,ਬਲਕਿ ਉਸ ਤਖਤ ਦੀ ਮਹਾਨਤਾ ਇਹ ਹੈ ਕਿ ਉਸ ਇਲਾਹੀ ਤਖਤ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਖੁਦ ਕੀਤੀ,ਤਾਂ ਕਿ ਸਿੱਖਾਂ ਨੂੰ ਇਹ  ਅਹਿਸਾਸ ਹਮੇਸਾ ਰਹੇ ਕਿ ਉਹ ਭਾਵੇਂ ਕਿੰਨੇ ਵੀ ਤਾਕਤਵਰ ਹੋ ਜਾਣ ਪਰ ਉਹਨਾਂ ਦੀ ਰਾਜਨੀਤੀ ਤੇ ਧਰਮ ਦਾ ਕੁੰਡਾ ਬਣਿਆ ਰਹੇਗਾ,ਉਹ ਭਾਂਵੇਂ ਖਾਲਸਾ ਰਾਜ ਦਾ ਮਹਾਨ ਬਾਦਸ਼ਾਹ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਵੇ,ਵੀਹਵੀ ਸਦੀ ਦੇ ਭਾਰਤ ਦਾ ਰਾਸ਼ਟਰਪਤੀ  ਗਿਆਨੀ ਜੈਲ ਸਿੰਘ ਹੋਵੇ,ਉਸ ਮੌਕੇ ਦਾ ਗ੍ਰਿਹ ਮੰਤਰੀ ਬੂਟਾ ਸਿੰਘ ਹੋਵੇ,ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਿਆ ਸੁਰਜੀਤ ਸਿੰਘ ਬਰਨਾਲਾ ਹੋਵੇ,ਜਾਂ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਦਾ ਮੁਖੀ ਬਾਬਾ ਸੰਤਾ ਸਿੰਘ ਹੋਵੇ,ਉਪਰੋਕਤ ਸਭਨਾਂ ਸਖਸੀਅਤਾਂ ਨੇ ਇਸ ਤਖਤ ਦੀ ਫਸੀਲ ਤੇ ਆਕੇ ਭੁੱਲਾਂ ਬਖਸ਼ਾਈਆਂ ਹਨ।ਅਜੇ ਕੱਲ੍ਹ ਦੀਆਂ ਗੱਲਾਂ ਹਨ ਜਦੋ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਸਰਕਾਰ ਸਮੇ ਦੀ ਸਾਰੀ ਕੈਬਨਿਟ ਦੇ ਨਾਲ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਸਜਾ ਲਗਵਾਈ ਸੀ।ਭਾਂਵੇ ਸੁਖਬੀਰ ਬਾਦਲ ਵੀ ਬਾਅਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋ ਆਹਨਾ ਕਾਹਨੀ ਕਰਨ ਲੱਗ ਪਏ ਜਿਸ ਦੇ ਨਤੀਜੇ ਵਜੋ ਉਹਨਾਂ ਨੂੰ ਪੰਥ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਆਲੇ-ਦੁਆਲੇ ਬੈਠੇ ਚਾਪਲੂਸ ਲੋਕ ਉਨ੍ਹਾਂ ਨੂੰ ਇਹ ਕਿਉਂ ਨਹੀਂ ਦੱਸਦੇ ਕਿ ਗੁਰੂ ਦੇ ਦਰ ਤੇ ਜਾਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਪੰਜਾਬ ਦਾ ਮੁੱਖ ਮੰਤਰੀ ਹੋਣਾ ਅਸਥਾਈ ਗੱਲ ਹੈ ਪਰ ਇੱਕ ਸਿੱਖ ਹੋਣਾ ਸਦੀਵੀ ਪਛਾਣ ਹੈ। ਸਿਆਸੀ ਜਿੱਤ ਨਾਲੋਂ ਆਤਮਿਕ ਨਿਮਰਤਾ ਵੱਡੀ ਹੁੰਦੀ ਹੈ। ਦਰਅਸਲ ਸੱਤਾ ਦੇ ਆਲੇ-ਦੁਆਲੇ ਅਕਸਰ ਅਜਿਹੇ ਲੋਕ ਇਕੱਠੇ ਹੋ ਜਾਂਦੇ ਹਨ ਜੋ ਸੱਚ ਬੋਲਣ ਦੀ ਥਾਂ ਉਹੀ ਗੱਲ ਕਰਦੇ ਹਨ ਜੋ ਹਾਕਮ ਸੁਣਨਾ ਚਾਹੁੰਦਾ ਹੈ। ਇਹ ਲੋਕ ਹਰੇਕ ਗਲਤੀ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਾਇਜ ਆਲੋਚਨਾ ਨੂੰ ਸਾਜ਼ਿਸ਼ ਦੱਸਦੇ ਹਨ।ਇਹੀ ਕਾਰਨ ਹੈ ਕਿ ਗਲਤੀ ਛੋਟੀ ਹੋਵੇ ਤਾਂ ਵੀ ਵੱਡੀ ਬਣ ਜਾਂਦੀ ਹੈ।ਇੱਕ ਸਮਾਂ ਸੀ ਜਦੋਂ ਦਿੱਲੀ ਦੀ ਸੱਤਾ ਨੂੰ ਲੱਗਦਾ ਸੀ ਕਿ ਉਹ ਸਭ ਕੁਝ ਕਰ ਸਕਦੀ ਹੈ। ਇੱਕ ਸਮਾਂ ਸੀ ਜਦੋਂ ਐਮਰਜੈਂਸੀ ਲਗਾਉਣ ਵਾਲਿਆਂ ਨੂੰ ਲੱਗਦਾ ਸੀ ਕਿ ਕੋਈ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। ਇੱਕ ਸਮਾਂ ਉਹ ਵੀ ਸੀ ਜਦੋਂ 1984 ਦੇ ਹਮਲੇ ਦੇ ਯੋਜਨਾਕਾਰਾਂ ਨੂੰ ਲੱਗਦਾ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਢਾਹ ਕੇ ਸਿੱਖ ਕੌਮ ਦੀ ਰੂਹ ਤੋੜੀ ਜਾ ਸਕਦੀ ਹੈ।ਪਰ ਸਮਾਂ ਅਤੇ ਸੱਤਾਵਾਂ ਬਦਲ ਗਈਆਂ। ਹਾਕਮ ਬਦਲ ਗਏ ਜਾਂ ਆਪਣੇ ਗੁਨਾਹਾਂ ਦੀ ਸਜਾ ਭੁਗਤ ਕੇ ਨਰਕਾਂ ਦੇ ਭਾਗੀ ਬਣ ਗਏ,ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਵੀ ਸਰਬ ਉੱਚ ਹੈ,ੳਥੋਂ ਦਾ ਸਿਧਾਂਤ ਸਰਬ ਉੱਚ  ਹੈ।ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਟਕਰਾਅ ਦਾ ਇਹ ਰਾਹ ਕਿਸੇ ਦੇ ਹੱਕ ਵਿੱਚ ਨਹੀਂ ਜਾਂਦਾ।ਭਗਵੰਤ ਮਾਨ ਲਈ ਵੀ ਨਹੀਂ।ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੂੰ ਲੋਕਾਂ ਨੂੰ ਜੋੜਨ ਵਾਲਾ ਸੁਨੇਹਾ ਦੇਣਾ ਚਾਹੀਦਾ ਹੈ, ਨਾ ਕਿ ਅਜਿਹਾ ਮਾਹੌਲ ਬਣਨ ਦੇਣਾ ਚਾਹੀਦਾ ਹੈ ਜਿਸ ਨਾਲ ਸਿੱਖ ਸੰਸਥਾਵਾਂ ਉੱਤੇ ਹੀ ਸਵਾਲ ਚੁੱਕੇ ਜਾਣ।ਅੱਜ ਜੇ ਉਹ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਜਾਣ ਤਾਂ ਕੀ ਹੋਵੇਗਾ?ਕੀ ਉਨ੍ਹਾਂ ਦੀ ਮੁੱਖ ਮੰਤਰੀ ਵਾਲੀ ਕੁਰਸੀ ਖੋਹ ਲਈ ਜਾਵੇਗੀ?ਕੀ ਉਨ੍ਹਾਂ ਦੀ ਸਿਆਸੀ ਜ਼ਿੰਦਗੀ ਖ਼ਤਮ ਹੋ ਜਾਵੇਗੀ?ਕੀ ਲੋਕ ਉਨ੍ਹਾਂ ਦਾ ਸਾਥ ਛੱਡ ਦੇਣਗੇ? ਨਹੀਂ, ਬਲਕਿ ਇਹ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਉੱਚਾ ਕਰੇਗਾ।ਪਰ ਜੇ ਹੰਕਾਰ ਦੇ ਰਾਹ ਉੱਤੇ ਚੱਲਦੇ ਰਹੇ ਤਾਂ ਵਿਵਾਦ ਹੋਰ ਵਧੇਗਾ, ਸਵਾਲ ਹੋਰ ਖੜ੍ਹੇ ਹੋਣਗੇ ਅਤੇ ਇਤਿਹਾਸ ਦੇ ਸਫ਼ਿਆਂ ਵਿੱਚ ਇੱਕ ਅਜਿਹਾ ਅਧਿਆਇ ਜੁੜੇਗਾ ਜਿਹੜਾ ਉਹਨਾਂ ਦੀਆਂ ਆਉਣ  ਵਾਲੀਆਂ ਪੀਹੜੀਆਂ ਨੂੰ ਸ਼ਰਮਸ਼ਾਰ ਕਰਦਾ ਰਹੇਗਾ। ਸਿੱਖੀ ਦਾ ਰਾਹ ਟਕਰਾਅ ਦਾ ਨਹੀਂ, ਤਿਆਗ ਦਾ ਹੈ, ਨਿਮਰਤਾ ਦਾ ਹੈ। ਇਸ ਲਈ ਗਲਤੀ ਤੇ ਪਰਦੇ ਪਾਉਣ ਦੀ ਬਜਾਏ ਭੁੱਲ ਬਖਸ਼ਾਉਣ ਵਿੱਚ ਹੀ ਭਲਾਈ ਹੈ।ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਦੋਖੀ ਕਰਾਰ ਦੇਣ ਵਾਲੇ ਗੁਰਮਤੇ ਦੇ ਸਾਹਮਣੇ ਉਹਨਾਂ ਵੱਲੋਂ ਪਿੰਡਾਂ ਦੀਆਂ ਸੱਥਾਂ ਵਿੱਚ ਮੰਜਿਆਂ ਤੇ ਬੈਠਕੇ ਕੀਤੇ ਜਾਣ ਵਾਲੇ ਸਮਾਗਮ ਟਿਕ ਨਹੀ ਸਕਣਗੇ। ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਓ ਭਗਵੰਤ ਸਿੰਘ ਮਾਨ ਦੇ ਸਿਆਸੀ ਪਤਨ ਦਾ ਕਾਰਨ ਵੀ ਬਣ ਸਕਦਾ ਹੈ। ਜੇ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਓ ਦਾ ਰਾਹ ਛੱਡ ਕੇ ਆਪਣੇ ਗੁਨਾਹਾਂ ਦੀ ਭੁੱਲ ਬਖਸ਼ਾ ਲੈਣ ਤਾਂ ਉਹ ਸਰਬ ਉੱਚ ਸੰਸਥਾ ਦੇ ਵਕਾਰ ਨੂੰ ਢਾਹ ਲਾਉਣ ਦੇ ਗੁਨਾਹਗਾਰ ਬਨਣ ਤੋ ਵੀ ਬਚ ਸਕਣਗੇ।
    ਬਘੇਲ ਸਿੰਘ ਧਾਲੀਵਾਲ
    99142-58142