
ਸ਼ਹੀਦਾਂ ਦੇ ਸਿਰਤਾਜ : ਗੁਰੂ ਅਰਜਨ ਸਾਹਿਬ - ਭਾਈ ਹਰਪਾਲ ਸਿੰਘ ਲੱਖਾ
ਗੋਵਿੰਦਵਾਲ ਸਿੱਖੀ ਦਾ ਕੇਂਦਰ, ਰਚਿਆ ਨਦੀ ਕਿਨਾਰੇ॥
ਤੀਜੇ ਸਤਿਗੁਰ ਅਮਰ ਦਾਸ ਜੀ, ਸੱਭੇ ਕਾਜ ਸਵਾਰੇ॥
ਚੌਥੇ ਸਤਿਗੁਰ ਰਾਮਦਾਸ ਜੀ, ਗੁਰਗੱਦੀ ਬਖਸ਼ਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥
ਬਾਣੀ ਦਾ ਹੈ ਬੋਹਿਥਾ ਦੋਹਤਾ, ਨਾਨਾ ਜੀ ਵਰ ਦਿੱਤਾ॥
ਬੀਬੀ ਭਾਨੀ ਦਾ ਏ ਪੁੱਤਰ, ਪ੍ਰੇਮ ਨਾਲ ਭਰ ਦਿੱਤਾ॥
ਬਾਬਾ ਮੋਹਨ ਤੇ ਮੋਹਰੀ ਨੇ, ਆਪਣੀ ਗੋਦ ਖਿਡਾਏ॥
ਗੁਰ ਅਰਜਨ ਦਾ ਰੂਪ ਧਾਰ ਕੇ, ਪੰਜਵੇਂ ਨਾਨਕ ਆਏ॥
ਚੱਕ ਰਾਮਦਾਸ ਦੇ ਅੰਦਰ , ਸੱਚਖੰਡ ਰਚਿਆ ਸੋਹਣਾ॥
ਅੰਮ੍ਰਿਤਸਰ ਦੇ ਵਿੱਚ ਸਰੋਵਰ, ਪਾਵਨ ਤੇ ਮਨ ਮੋਹਣਾ॥
ਤਨ ਮਨ ਦੇ ਦੁਖ ਦੂਰ ਹੋਂਵਦੇ, ਜੋ ਸ਼ਰਧਾ ਕਰ ਨ੍ਹਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਸਾਰੀ ਬਾਣੀ ਇਕ ਥਾਂ ਕਰਕੇ, ਗ੍ਰੰਥ ਸਾਹਿਬ ਰਚਾਏ॥
ਰੱਬੀ ਰੰਗ 'ਚ ਰੰਗੇ ਭਗਤ ਜੋ, ਓਹ ਵੀ ਨਾਲ ਬੈਠਾਏ॥
ਪੜ੍ਹੇ ਸੁਣੇ ਜੋ ਗਾਵੈ ਬਾਣੀ, ਜੀਵਨ ਮੁਕਤ ਕਰਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਤਰਨ ਤਾਰਨ ਗੁਰਧਾਮ ਸਰੋਵਰ, ਪੰਜਵੇਂ ਗੁਰਾਂ ਵਸਾਇਆ॥
ਦੁਖੀਆਂ ਦੇ ਇਲਾਜ ਕਰਨ ਲਈ, ਅਉਖਦ ਲੰਗਰ ਲਾਇਆ॥
ਰੋਗੀ ਸੋਗੀ ਸਾਰੇ ਦੁਖੀਏ, ਬੇੜੇ ਪਾਰ ਲੰਘਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਪਿੰਡ ਵਡਾਲੀ ਜਾਕੇ ਸਤਿਗੁਰ, ਮਿੱਠਾ ਖੂਹ ਲਗਾਇਆ॥
ਹਰਿਗੋਬਿੰਦ ਜੀ ਪ੍ਰਗਟ ਹੋਏ, ਆਲਮ ਹੈ ਰੁਸ਼ਨਾਇਆ॥
ਦਲ-ਭੰਜਨ ਉਪਕਾਰੀ ਸੂਰਾ , ਜ਼ਾਲਮ ਨਾਸ਼ ਕਰਾਏ॥
ਗੁਰ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਪੜ੍ਹੀ-ਸੁਣੀ ਜਿਨਾਂ ਨੇ ਬਾਣੀ, ਪੀਰ ਮਨਾਉਣੋ ਹਟਗੇ॥
ਬਿਪਰਾਂ ਵਾਲੀ ਸੋਚ ਤਿਆਗੀ, ਰੋਟ ਪਕਾਉਣੋ ਹਟਗੇ॥
ਜੋ ਵੀ ਸਰਣ ਗੁਰਾਂ ਦੀ ਆਏ, ਬੰਧਨ ਤੇ ਛੁਟਕਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਕੱਟੜ ਕਾਜੀ, ਮਨੂਵਾਦੀ , 'ਕੱਠੇ ਹੋ ਗਏ ਸਾਰੇ॥
ਦੁਸ਼ਟ ਬ੍ਰਾਹਮਣ ਚੰਦੂ ਲੈ ਕੇ, ਪੁੱਜਾ ਰਾਜ ਦੁਆਰੇ॥
ਗ੍ਰੰਥ ਸਾਹਿਬ ਦੇ ਬਰਖਿਲਾਫ ਹੋ, ਝੂਠੇ ਦੋਸ਼ ਲਗਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਜਹਾਂਗੀਰ ਜ਼ਾਲਮ ਹੰਕਾਰੀ, ਭੇਜ ਦਿਤਾ ਹਰਕਾਰਾ॥
ਸਿੱਖੀ ਤਾਈਂ ਖਤਮ ਕਰਾਂਗਾ, ਬੰਦ ਕਰੂੰ ਗੁਰਦੁਆਰਾ॥
ਬਾਗ਼ੀ ਖੁਸਰੋ ਕੰਠ ਲਗਾਏ, ਜੋ ਆਇ ਸ਼ਰਣਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਸੰਗਤ ਨੂੰ ਸਮਝਾਇਆ ਸਤਿਗੁਰ, ਪਹਿਨ ਸ਼ਹੀਦੀ ਬਾਣਾ॥
ਹਰਿਗੋਬਿੰਦ ਜੀ ਗੁਰੂ ਹੋਣਗੇ, ਸਭ ਨੇ ਮੰਨਣਾ ਭਾਣਾ॥
ਮੀਰੀ ਪੀਰੀ ਬਖ਼ਸ਼ਿਸ ਹੋਈ, ਸੱਚੇ ਤਖਤ ਬੈਠਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਛੱਡੋ ਧਰਮ ਜਾਂ ਪਾਓ ਸ਼ਹੀਦੀ, ਰਾਜੇ ਹੁਕਮ ਸੁਣਾਇਆ॥
ਚੰਦੂ ਪਿਰਥੀ ਦੁਸ਼ਟ-ਚੌਕੜੀ, ਰਲ਼ ਕੇ ਕਹਿਰ ਕਮਾਇਆ
'ਯਾਸਾਂ' ਰਾਹੀਂ ਕਸ਼ਟ ਦਵਾਏ, ਤੱਤੀ ਤਵੀ ਬਿਠਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥
ਤੱਤਾ ਕਰਕੇ ਰੇਤਾ ਦੁਸ਼ਟਾਂ, ਸੀਸ ਗੁਰਾਂ 'ਤੇ ਪਾਇਆ॥
ਫੇਰ ਉਬਲਦੇ ਪਾਣੀ ਦੇ ਵਿਚ, ਸਤਿਗੁਰ ਤਾਈਂ ਬੈਠਾਇਆ॥
ਹਰਪਾਲ ਸਿੰਘਾ ਸ਼ਹੀਦੀ ਪਾਕੇ, ਹਾਕਮ ਦੁਸ਼ਟ ਹਰਾਏ॥
ਗੁਰੂ ਅਰਜਨ ਦਾ ਰੂਪ ਧਾਰਕੇ, ਪੰਜਵੇਂ ਨਾਨਕ ਆਏ॥