ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15 -06 -2026

 

ਪੰਜਾਬ ‘ਚ ਹੁਣ ਪ੍ਰਾਈਵੇਟ ਸਕੂਲ ਸਾਲਾਨਾ ਪੰਜ ਫ਼ੀ ਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕਣਗੇ- ਪੰਜਾਬ ਸਰਕਾਰ

ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

 

ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਬਾਦਲ ਦੀ ਲੀਡਰਸ਼ਿੱਪ ਨੂੰ ਕੀਤਾ ਬੇਨਕਾਬ- ਬਲਤੇਜ ਪੰਨੂੰ

 ਹਲਾ ਲਾਲਾ ਹਲਾ ਲਾਲਾ ਹੋ ਗਈ ਮਿੱਤਰਾ, ਜਦੋਂ ਚੁੱਕਿਆ ਘੜੇ ਤੋਂ ਕੌਲਾ

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਦਿਤਾ ਅਸਤੀਫ਼ਾ- ਇਕ ਖ਼ਬਰ

ਤੇਰੇ ਖ਼ੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।

ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਤੋਂ ਨਾਰਾਜ਼- ਦੀਪੇਂਦਰ ਹੁੱਡਾ 

ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਹਰ ਮੱਸਿਆ ਬਦਨਾਮੀ।

ਕੇਂਦਰ ਦੀਆਂ ਨੀਤੀਆਂ ਵਿਰੁੱਧ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਕੇਵਲ ਸਿੰਘ ਢਿੱਲੋਂ ਲਈ ਭਾਜਪਾ ਦੀ ਪ੍ਰਧਾਨਗੀ ਦਾ ਤਾਜ ਸੂਲ਼ਾਂ ਦੀ ਸੇਜ- ਉਜਾਗਰ ਸਿੰਘ ਪੱਤਰਕਾਰ

ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ।

ਮਮਤਾ ਬੈਨਰਜੀ ਨੇ ਦਿੱਲੀ ਵਿਚ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਭੱਜੀਆਂ ਬਾਹਾਂ ਗਲ਼ ਨੂੰ ਆਈਆਂ।

ਪੰਜਾਬ ਦੇ ਹਰ ਕਿਸਾਨ ‘ਤੇ ਔਸਤਨ 2.93 ਲੱਖ ਦਾ ਕਰਜ਼ਾ- ਇਕ ਖ਼ਬਰ

ਕਾਦਰਯਾਰ ਜੇ ਕੋਲ਼ ਗਵਾਹ ਹੁੰਦੇ, ਕਹਿੰਦੇ ਖੋਲ੍ਹ ਹਕੀਕਤ ਸਾਰੀ।

ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ਦੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ ‘ਚੋਂ 43000 ਕਰੋੜ ਰੁਪਏ ਕੱਢੇ- ਇਕ ਖ਼ਬਰ

ਚਲ ਉੜ ਜਾ ਰੇ ਪੰਛੀ ਕਿ ਅਬ ਯੇਹ ਦੇਸ਼ ਹੂਆ ਬੇਗਾਨਾ।

ਗਿਆਨੀ ਰਘਬੀਰ ਸਿੰਘ ਵਲੋਂ ਸਿੱਟ ਅੱਗੇ ਬਿਆਨ ਦਰਜ ਕਰਵਾਉਣਾ ਗ਼ਲਤ- ਗਿਆਨੀ ਹਰਪ੍ਰੀਤ ਸਿੰਘ

ਗਿ. ਹਰਪ੍ਰੀਤ ਸਿੰਘ ਜੀ ਕੀ ਗਿ. ਰਘਬੀਰ ਸਿੰਘ 2 ਦਸੰਬਰ 2024 ਨੂੰ ਹੋਈ ਕਾਰਵਾਈ ਤੋਂ ਮੁੱਕਰ ਜਾਂਦੇ?

ਮੈਂ ਸਿੱਟ ਨੂੰ ਬਿਆਨ ਦੇਣ ਨਹੀਂ ਗਿਆ, ਅਧਿਕਾਰੀ ਖ਼ੁਦ ਮੇਰੇ ਕੋਲ ਆਏ- ਗਿਆਨੀ ਰਘਬੀਰ ਸਿੰਘ

ਮੈਂ ਕੋਈ ਝੂਠ ਬੋਲਿਆ, ਮੈਂ ਕੋਈ ਕੁਫ਼ਰ ਤੋਲਿਆ, ਕੋਈ ਨਾ ਬਈ ਕੋਈ ਨਾ।

ਭਾਜਪਾ ਨੂੰ ਛੋਟਾ ਭਰਾ ਸਮਝਣ ਦੀ ਭੁੱਲ ਨਾ ਕਰੇ ਕੋਈ- ਹਰਦੀਪ ਪੁਰੀ

ਧੀਏ ਗੱਲ ਸੁਣ, ਨੂੰਹੇਂ ਕੰਨ ਕਰ।

ਬੀ.ਬੀ.ਐਮ.ਬੀ. ਦੀ ਚੇਤਾਵਨੀ ਨੂੰ ਗੰਭੀਰਤਾ ਨਾਲ਼ ਲਵੇ ਪੰਜਾਬ ਸਰਕਾਰ- ਸੁਖਜਿੰਦਰ ਸਿੰਘ ਰੰਧਾਵਾ

ਇਨ੍ਹਾਂ ਦੇ ਕੋਲ ਹੈ ਕੀ, ਚੇਤਾਵਨੀ ਨੂੰ ਗੰਭੀਰਤਾ ਨਾਲ ਲੈ ਕੇ ਕਰਨਗੇ ਕੀ?

ਅਸੀਂ ਲੜਾਂਗੇ ਤੇ ਅੱਗੇ ਵਧਾਂਗੇ- ਇੰਡੀਆ ਗੱਠਜੋੜ

ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ  ਲਈਂ।

ਧਾਰਮਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਏਗੀ ਪੰਜਾਬ ਸਰਕਾਰ- ਕੇਜਰੀਵਾਲ

ਨਿੱਤ ਨਿੱਤ ਨਹੀਂ ਬਜ਼ਾਰ ਵਿਚ ਆਉਣਾ, ਨੀਂ ਬਿੱਲੋ ਖਾ ਲੈ ਨਾਸ਼ਪਾਤੀਆਂ।