ਜੈਵ ਵਿਭਿੰਨਤਾ :- ਜੀਵਨ ਦਾ ਜਾਲ - ਫੈਸਲ ਖਾਨ
ਲੱਖਾਂ ਹੀ ਸਾਲ ਲੱਗੇ ਇਸ ਧਰਤੀ ਦੇ ਨਿਰਮਾਣ ਹੋਣ ਨੂੰ ਅਤੇ ਲੱਖਾਂ ਹੀ ਸਾਲ ਲੱਗੇ ਇਸ ਧਰਤੀ ਤੇ ਜੀਵਨ ਇਜ਼ਾਦ ਹੋਣ ਨੂੰ।ਪਹਿਲਾਂ ਇਕ ਸੈਲੀ, ਫਿਰ ਬਹੁ ਸੈਲੀ, ਆਦਿ ਮਾਨਵ ਤੇ ਹੋਲ਼ੀ ਹੋਲ਼ੀ ਆਧੁਨਿਕ ਮਾਨਵ ਹੋਂਦ ਵਿਚ ਆਇਆ।ਇੰਨੇ ਲੰਮੇਂ ਪੈਂਡੇ ਦੌਰਾਨ ਧਰਤੀ ਤੇ ਬਹੁਤ ਸਾਰੀਆਂ ਤਬਦੀਲੀਆਂ ਵੀ ਆਈਆਂ।ਇਸ ਦੋਰਾਨ ਕਈ ਪ੍ਰਜਾਤੀਆਂ ਬਿਲਕੁਲ ਹੀ ਲੁਪਤ ਹੋ ਗਈਆਂ ।ਇਸ ਦੇ ਬਾਵਜੂਦ ਵੀ ਲੱਖਾਂ ਪ੍ਰਕਾਰ ਦਾ ਜੀਵਨ ਧਰਤੀ ਦੇ ਨਿਵਾਸ ਕਰਦਾ ਹੈ।ਹਜ਼ਾਰਾਂ ਹੀ ਪ੍ਰਕਾਰ ਦੇ ਜੀਵ-ਜੰਤੂ ਪਾਣੀ ਵਿਚ, ਥਲ ਤੇ ਜਾ ਦਰਖਤਾਂ ਤੇ ਆਪਣਾ ਨਿਵਾਸ ਕਰਦੇ ਹਨ।ਧਰਤੀ ਤੇ ਨਿਵਾਸ ਕਰਦੇ ਹਰ ਪ੍ਰਕਾਰ ਦੇ ਜੀਵਨ ਨੂੰ ਹੀ ਜੈਵ ਵਿਭਿੰਨਤਾ ਕਿਹਾ ਜਾਂਦਾ ਹੈ।ਜੈਵ ਵਿਭਿੰਨਤਾ ਵਿਚ ਹਰੇਕ ਪ੍ਰਜਾਤੀ ਭਾਵੇਂ ਉਹ ਵੱਡੀ ਤੋ ਵੱਡੀ ਹੋਵੇ ਜਾ ਛੋਟੀ ਤੋ ਛੋਟੀ, ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ।ਜੈਵ ਵਿਭਿੰਨਤਾ ਮੁੱਖ ਤੌਰ ਤੇ ਤਿੰਨ ਕਿਸਮਾਂ ਦੀ ਹੁੰਦੀ ਹੈ।
ਜਾਤੀ ਵਿਭਿੰਨਤਾ,ਜਣਨਿਕ ਵਿਭਿੰਨਤਾ,ਪਰਿਸਥਿਤਿਕ ਵਿਭਿੰਨਤਾ।
ਜਾਤੀ ਵਿਭਿੰਨਤਾ ਵਿਚ ਵੱਖ ਵੱਖ ਕਿਸਮਾਂ ਦੀਆਂ ਵੱਖ ਵੱਖ ਪ੍ਰਜਾਤੀਆਂ ਸਾਮਿਲ ਹਨ।ਜਿਵੇ:- ਮਨੁੱਖ,ਰੁੱਖ, ਕੁੱਤਾ, ਸ਼ੇਰ ਆਦਿ।
ਜਣਨਿਕ ਵਿਭਿੰਨਤਾ ਵਿਚ ਇਕੋ ਪ੍ਰਕਾਰ ਦੀਆਂ ਪ੍ਰਜਾਤੀਆਂ ਸ਼ਾਮਿਲ ਹਨ ਪਰ ਉਹਨਾਂ ਵਿਚ ਜੀਨਸ ਪੱਖੋਂ ਵਖਰੇਵਾਂ ਪਾਇਆ ਜਾਂਦਾ ਹੈ।ਜਿਵੇਂ ਅੰਬ ਇਕ ਜਾਤੀ ਹੈ ਪਰ ਇਸ ਵਿਸ ਸਾਮਿਲ ਵੱਖ ਵੱਖ ਪ੍ਰਕਾਰ ਦੇ ਅੰਬਾਂ ਦੀਆਂ ਕਿਸਮਾ ਜਿਵੇਂ ਤੋਤਾ ਅੰਬ, ਸੰਧੁਰੀ ਅੰਬ, ਲੰਗੜਾ ਅੰਬ ਆਦਿ।
ਪਰਿਸਥਿਤਿਕ ਵਿਭਿੰਨਤਾ ਵਿਚ ਵੱਖ ਵੱਖ ਪ੍ਰਕਾਰ ਦੇ ਜੀਵਾਂ ਦਾ ਵੱਖਰਾ ਵੱਖਰਾ ਰਹਿਣ ਸਥਾਨ ਸ਼ਾਮਿਲ ਹੈ।ਜਿਵੇਂ ਕੁਝ ਜੀਵਨ ਜਲ ਵਿਚ ਰਹਿੰਦਾ ਹੈ ,ਕੁਝ ਥਲ ਤੇ ਅਤੇ ਕੁਝ ਜੀਵਨ ਪੋਦਿਆਂ ਜਾ ਹੋਰ ਥਾਂਵਾ ਤੇ ਨਿਵਾਸ ਕਰਦਾ ਹੈ।
ਧਰਤੀ ਤੇ ਰਹਿੰਦੇ ਕਈ ਜੀਵਾਂ ਦਾ ਜੀਵਨ ਬੜਾ ਰੋਚਕ ਹੈ ਜਿਵੇਂ ਦੁਨੀਆਂ ਦਾ ਖੰਭ ਰਹਿਤ ਪੰਛੀ ਕੀਵੀ ਹੈ ਜੋ ਨਿਊਜੀਲੈਂਡ ਵਿਚ ਪਾਇਆ ਜਾਂਦਾ ਹੈ।ਬਿਜਲਈ ਬਾਮ ਮੱਛੀ ਤੁਹਾਨੂੰ ਇਕ ਤਕੜਾ ਬਿਜਲੀ ਦਾ ਝਟਕਾ ਦੇ ਸਕਦੀ ਹੈ।ਧਰਤੀ ਤੇ ਰਹਿੰਦੇ ਹਰੇਕ ਪ੍ਰਜਾਤੀ ਵਿਚੋਂ ਕੀੜੇ-ਮਕੌੜਿਆਂ ਦੀ ਜਨਸੰਖਿਆ ਸਭ ਤੋ ਵੱਧ ਦੱਸੀ ਜਾਂਦੀ ਹੈ।ਸਭ ਤੋ ਵੱਧ ਬੋਲਣ ਵਾਲਾ ਪੰਛੀ ਅਫਰੀਕਨ ਗ੍ਰੇਅ ਤੋਤਾ ਹੈ।
ਜੈਵ ਵਿਭਿੰਨਤਾ ਸਾਡੇ ਜੀਵਨ ਵਿਚ ਬਹੁਤ ਅਹਿਮੀਅਤ ਰੱਖਦੀ ਹੈ।ਅਨੇਕਾਂ ਪ੍ਰਕਾਰ ਦੀਆਂ ਜੜੀ-ਬੂਟੀਆਂ ਤੋ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ।ਕਈ ਪੌਦਿਆਂ ਨੂੰ ਸਿੱਧੇ ਹੀ ਵਰਤ ਲਿਆ ਜਾਂਦਾ ਹੈ ਜਿਵੇਂ ਨਿੰਮ , ਸਿਨਕੋਨਾ ਆਦਿ।ਇਸ ਤੋ ਇਲਾਵਾ ਜੈਵ ਵਿਭਿੰਨਤਾ ਜਲਵਾਯੂ ਨੂੰ ਸਥਿਰ ਰੱਖਣ, ਪ੍ਰਦੂਸ਼ਣ ਨੂੰ ਘਟਾਉਣ ,ਮਿੱਟੀ ਦੀ ਉਪਜਾਊ ਸਕਤੀ ਬਰਕਰਾਰ ਰੱਖਣ, ਈਕੋ ਪ੍ਰਬੰਧ ਦਾ ਸੰਤੁਲਨ ਬਣਾਈ ਰੱਖਣ , ਬਾਲਣ, ਭੋਜਨ , ਸਜਾਵਟੀ ਚੀਜਾਂ ਫਰਨੀਚਰ, ਕੱਚਾ ਮਾਲ, ਦੇਸ ਦੀ ਆਰਥਿਕਤਾ, ਸੈਰ-ਸਪਾਟਾ,ਸਿੱਖਿਆ ਅਤੇ ਖੋਜ ਕਾਰਜਾਂ ਆਦਿ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਜਿੱਥੇ ਜੈਵ ਵਿਭਿੰਨਤਾ ਦੇ ਅਨੇਕਾਂ ਲਾਭ ਹਨ ਮਨੁੱਖੀ ਜੀਵਨ ਵਿਚ ,ਉੱਥੇ ਹੀ ਮਨੁੱਖੀ ਗਤੀਵਿਧੀਆਂ ਜੈਵ ਵਿਭਿੰਨਤਾ ਨੂੰ ਖੌਰਾ ਲਗਾ ਰਹੀਆਂ ਹਨ।ਜਿਸ ਵਿਚ ਜਲਵਾਯੂ ਪਰਿਵਰਤਨ, ਲਗਾਤਾਰ ਘੱਟਦਾ ਜੰਗਲਾ ਹੇਠ ਰਕਬਾ, ਪ੍ਰਦੂਸ਼ਣ, ਹੱਦੋਂ ਵੱਧ ਸ਼ਿਕਾਰ,ਗਲਤ ਸਮੇਂ ਤੇ ਸ਼ਿਕਾਰ, ਜੀਵਾਂ ਦਾ ਕੁਦਰਤੀ ਨਿਵਾਸ ਨਸ਼ਟ ਹੋਣਾਂ ਪ੍ਰਮੁੱਖ ਰੂਪ ਵਿਚ ਸ਼ਾਮਿਲ ਹਨ।ਆਈ. ਯੂ.ਸੀ.ਐਨ. ਦੀ ਇਕ ਰਿਪੋਰਟ ਮੁਤਾਬਿਕ ਵਿਸ਼ਵ ਦੀਆਂ 1/3 ਪ੍ਰਜਾਤੀਆਂ ਵਿਲੁਪਤ ਹੋਣ ਦੀ ਕਗਾਰ ਤੇ ਖੜ੍ਹੀਆਂ ਹਨ।ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਇਕ ਅੰਦਾਜ਼ੇ ਮੁਤਾਬਿਕ 25% ਥਣਧਾਰੀ ਜੀਵਾਂ ਦੀ ਪ੍ਰਜਾਤੀਆਂ ਆਉਣ ਵਾਲੇ ਕੁਝ ਸਾਲਾਂ ਤੱਕ ਖਤਮ ਹੋ ਜਾਣਗੀਆਂ।ਜਾਣਕਾਰ ਮੰਨਦੇ ਹਨ ਕਿ ਜੇਕਰ ਜਲਵਾਯੂ ਪਰਿਵਰਤਨ ਦੀ ਦਰ ਇਸੇ ਪ੍ਰਕਾਰ ਚਲਦੀ ਰਹੀ ਤਾਂ ਜੈਵ ਵਿਭਿੰਨਤਾ ਦੇ ਕ੍ਰਿਆਸ਼ੀਲ ਸਥਾਨ ਆਉਣ ਵਾਲੇ 20-40 ਸਾਲਾ ਤੱਕ ਖਤਮ ਹੋ ਜਾਣਗੇ।ਅਨੇਕਾਂ ਪ੍ਰਕਾਰ ਦੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਣ ਦੀ ਕਗਾਰ ਤੇ ਹਨ ਜਿਸ ਦਾ ਪ੍ਰਮੁੱਖ ਕਾਰਨ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਸ਼ਕਤੀਸ਼ਾਲੀ ਤਰੰਗਾਂ ਆਦਿ ਮੰਨਿਆਂ ਗਿਆ ਹੈ।ਜਲੀ ਵਿਭਿੰਨਤਾ ਵੀ ਮਨੁੱਖੀ ਗਤੀਵਿਧੀਆਂ ਤੋ ਬਚ ਨਾ ਸਕੀ।ਕਈ ਵਾਰੀ ਰਸਾਇਣਾਂ ਦੇ ਰਿਸਾਵ ਅਤੇ ਹੋਰ ਕਈ ਕਾਰਨਾਂ ਕਰਕੇ ਅਨੇਕਾਂ ਹੀ ਜਲੀ ਜੀਵ ਮੌਤ ਦੀ ਗੋਦ ਵਿਚ ਸੋ ਜਾਂਦੇ ਹਨ।ਇਕ ਰਿਪੋਰਟ ਦੱਸਦੀ ਹੈ ਕਿ ਕਰਨਾਟਕਾ ਵਿਚ ਲਗਭਗ 201 ਤਾਜੇ ਪਾਣੀ ਦੀਆਂ ਮੱਛੀਆਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਜਿੰਨ੍ਹਾ ਵਿਚੋ 40 ਕਿਸਮਾਂ ਤੇ ਖਤਰਾ ਮੰਡਰਾ ਰਿਹਾ ਹੈ।ਜਿੰਨ੍ਹਾ ਦੀ ਦੇਖ ਰੇਖ ਅਤਿ ਜਰੂਰੀ ਹੈ।ਮੱਛੀ ਦੀ ਕਿਸਮ 'ਮਹਾਸ਼ੇਰ' ਦੀਆਂ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ਤੇ ਹਨ।ਇਸ ਤੋ ਇਲਾਵਾ ਇਕ ਸਿੰਗੀ ਗੈਂਡਾ, ਬੰਗਾਲ ਟਾਈਗਰ,ਕਾਲਾ ਹਿਰਨ ਆਦਿ ਜੀਵ ਖਤਮ ਹੋਣ ਦੀ ਕਗਾਰ ਤੇ ਖੜ੍ਹੇ ਹਨ।ਅੰਧ ਵਿਸ਼ਵਾਸ ਇਕ ਹੋਰ ਕਾਰਨ ਹੈ ਜੈਵ ਵਿਭਿੰਨਤਾ ਨੂੰ ਖੌਰਾ ਲਗਾਉਣ ਵਿਚ।ਕਈ ਅੰਧ ਵਿਸਵਾਸੀ ਲੋਕ ਆਪਣੇ ਅੰਧ ਵਿਸਵਾਸ ਦੇ ਚੱਲਦੇ ਕਈ ਜੀਵਾਂ ਨੂੰ ਜਾਨੋਂ ਮਾਰ ਦਿੰਦੇ ਹਨ।ਫਸਲਾਂ ਦੀ ਕਟਾਈ ਤੋ ਬਾਅਦ ਨਾੜ੍ਹਾਂ ਨੂੰ ਖੇਤਾਂ ਵਿਚ ਜਲਾਉਣਾ ਵੀ ਇਕ ਚਿੰਤਾ ਦਾ ਵਿਸ਼ਾ ਹੈ।ਖੇਤਾਂ ਵਿਚ ਰਸਾਇਣਿਕ ਖਾਦਾਂ ਅਤੇ ਦਵਾਈਆਂ ਦਾ ਪ੍ਰਯੋਗ ਕਰਕੇ ਵੀ ਅਸੀਂ ਜੈਵ ਵਿਭਿੰਨਤਾ ਨੂੰ ਸੰਕਟ ਵਿਚ ਪਾ ਰਹੇ ਹਾਂ।ਰਸਾਇਣਿਕ ਖਾਦਾਂ ਨਾਲ ਸਾਡੇ ਕਈ ਮਿੱਤਰ ਕੀੜੇ ਜੋ ਕਿ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਇਕ ਹੁੰਦੇ ਹਨ ਜਿਵੇ ਗੰਡੋਏ ਆਦਿ ਵੀ ਮਰ ਜਾਂਦੇ ਹਨ।ਰਸਾਇਣਿਕ ਖਾਦਾਂ ਦੀ ਅੰਨੇਵਾਹ ਵਰਤੋ ਦੇ ਚਲਦੇ ਬਹੁਤ ਹੀ ਸੁੰਦਰ ਜੀਵ 'ਬੀਰ-ਬੋਟੀਆਂ' ਲਗਭਗ ਖਤਮ ਹੋਣ ਦੀ ਕਗਾਰ ਤੇ ਹਨ।ਜੈਵ ਵਿਭਿੰਨਤਾ ਤੋ ਬਿਨਾਂ ਸਾਡਾ ਜੀਵਨ ਚਲ ਹੀ ਨਹੀ ਸਕਦਾ।ਜੈਵ ਵਿਭਿੰਨਤਾ ਸਾਡੀ ਅਨਮੋਲ ਧਰੋਹਰ ਹੈ। ਇਸ ਦੀ ਸਾਂਭ ਸੰਭਾਲ ਸਾਡਾ ਸਭ ਦਾ ਫਰਜ ਹੈ।ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਲਈ ਹਰ ਸਾਲ 22 ਮਈ ਨੂੰ ਅੰਤਰਰਾਸਟਰੀ ਜੈਵ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਅੱਜ ਲੋੜ ਹੈ ਜੈਵ ਵਿਭਿੰਨਤਾ ਨੂੰ ਬਚਾਉਣ ਦੀ। ਜੇਕਰ ਜੈਵ ਵਿਭਿੰਨਤਾ ਖਤਮ ਹੋ ਗਈ ਤਾਂ ਸਾਡੇ ਜੀਵਨ ਚੱਕਰ ਨੂੰ ਵੀ ਖਤਮ ਹੋਣ ਵਿਚ ਦੇਰ ਨਹੀ ਲੱਗਣੀ।
ਫੈਸਲ ਖਾਨ
ਜਿਲ੍ਹਾ ਰੋਪੜ
ਮੋਬ: 99149-65937
11 Nov. 2018