
ਹਰਿ ਜੇਠਿ ਜੁੜੰਦਾ ਲੋੜੀਐ - ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਮੌਸਮ ਰੁੱਤਾਂ ਤਿਥਾਂ ਦੇ ਲਿਹਾਜ਼ ਨਾਲ ਸਾਡਾ ਖਿੱਤਾ ਵਧੀਆ ਮੰਨਿਆ ਜਾਂਦਾ ਹੈ। ਹਰ ਰੁੱਤ ਹਰ ਮੌਸਮ ਦਾ ਆਪਣਾ ਰੁਤਬਾ ਮੰਨਿਆ ਜਾਂਦਾ ਹੈ। ਮਨੁੱਖੀ ਜੀਵਨ ਅਤੇ ਫਸਲਾਂ ਲਈ ਵੀ ਹਰ ਮੌਸਮ ਵਰਦਾਨ ਹੁੰਦਾ ਹੈ। ਗਰਮੀ ਤੋਂ ਬਾਅਦ ਪੱਤਝੜ, ਪੱਤਝੜ ਤੋਂ ਬਾਅਦ ਗਰਮੀ, ਗਰਮੀ ਤੋਂ ਬਾਅਦ ਫਿਰ ਬਰਸਾਤ,ਫਿਰ ਇਸ ਤੋਂ ਬਾਅਦ ਸਰਦੀ ਦਾ ਚੱਕਰ ਚੇਤ ਮਹੀਨੇ ਤੋਂ ਲੈ ਕੇ ਫੱਗਣ ਮਹੀਨੇ ਤੱਕ ਚੱਲਦਾ ਰਹਿੰਦਾ ਹੈ। ਇਸੇ ਪ੍ਰਸੰਗ ਵਿੱਚ ਜੇਠ ਮਹੀਨਾ ਆਉਂਦਾ ਹੈ। ਇਹ ਮਹੀਨਾ ਲੂਆਂ ਦਾ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਠੰਡੇ ਪਾਣੀ, ਕੋਲ ਡਰਿੰਕ ਅਤੇ ਠੰਡੇ ਜੂਸਾਂ ਵਾਲਿਆਂ ਦਾ ਕਾਰੋਬਾਰ ਵੱਧਦਾ ਹੈ। ਹਰ ਬੰਦਾ ਠੰਡਾ ਪਾਣੀ ਪੀਣ ਦੀ ਚਾਹਤ ਰੱਖਦਾ ਹੈ।
ਜੇਠ ਮਹੀਨੇ ਦੁਪਹਿਰੇ ਟਿਕਣ ਲੱਗਦੇ ਹਨ। ਦੋਵੇਂ ਹੀ ਸੱਭਿਆਚਾਰ ਅਤੇ ਮੌਸਮ ਚ ਆਪਣਾ ਵੱਖਰਾ ਸੁਭਾਅ ਰੱਖਦੇ ਹਨ। ਗਰਮੀ ਜੋਰ ਫੜਕੇ ਸੂਰਜ ਤੋਂ ਅੱਗ ਵਰਾਉਂਦੀ ਹੈ। ਤੱਤੀਆਂ ਹਵਾਵਾਂ ਚੱਲਣ ਨਾਲ ਜਨ- ਜੀਵਨ ਪ੍ਰਭਾਵਿਤ ਹੁੰਦਾ ਹੈ। ਹਰ ਬੰਦਾ ਦੁਪਹਿਰ ਨੂੰ ਆਰਾਮ ਕਰਨ ਦੀ ਸੋਚਦਾ ਹੈ। ਇਸ ਮਹੀਨੇ ਹਾੜੀ ਦੀ ਪ੍ਰਮੁੱਖ ਫਸਲ ਕਣਕ ਛੋਲੇ ਕੱਟ ਕੇ ਮੈਦਾਨ ਰੜੇ ਹੋ ਜਾਂਦੇ ਹਨ। ਹਰੇ ਚਾਰੇ ਲਹਿਰਾਉਂਦੇ ਦਿਖਦੇ ਹਨ। ਉਹ ਵੀ ਪਾਣੀ ਦੇ ਜ਼ੋਰ ਨਾਲ ਹੀ ਹੁੰਦੇ ਹਨ। ਮਾਪੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਤਾਂ ਕਿ ਕਿਤੇ ਲੂ ਨਾ ਲੱਗ ਜਾਵੇ। ਦੁਪਹਿਰੇ ਇਸ ਤਰਹਾਂ ਟਿਕ ਜਾਂਦੇ ਹਨ ਕਿ ਅੱਖ ਫੁੱਟਦੀ ਹੈ। ਧਰਤੀ ਉਪਰੋਂ ਕਿਰਨਾਂ ਇਸ ਤਰਾਂ ਆਉਂਦੀਆਂ ਹਨ ਜਿਵੇਂ ਅਗਨੀ ਲੱਗੀ ਹੋਵੇ। ਉਂਝ ਕਿਸਾਨ ਲਈ ਇਹ ਮਹੀਨਾਂ ਬਾਕੀਆਂ ਵਾਂਗ ਹੁੰਦਾ ਹੈ। ਇਸ ਮਹੀਨੇ ਵਿੱਚ ਵੀ ਕਿਸਾਨਾਂ ਦੀ ਅਗਨ ਪ੍ਰੀਖਿਆ ਜਾਰੀ ਰਹਿੰਦੀ ਹੈ। ਇਹ ਮਹੀਨਾ ਤਪੱਸਿਆ ਵੀ ਕਰਵਾਉਂਦਾ ਹੈ।
ਪਵਿੱਤਰ ਗੁਰਬਾਣੀ ਵਿੱਚ ਇਸ ਮਹੀਨੇ ਨੂੰ ਪ੍ਰਭੂ ਨਾਲ ਜੁੜਨ ਦੇ ਸੰਦਰਭ ਚ ਯਾਦ ਕੀਤਾ ਜਾਂਦਾ ਹੈ। ਸਿੱਖ ਸੱਭਿਆਚਾਰ ਚ ਜੇਠ ਮਹੀਨੇ ਦਾ ਬਾਰਹਾਂ ਮਾਹਾਂ ਚ ਮਹੱਤਵ ਹੈ। ਜੇਠ ਮਹੀਨਾ ਗੁਰਬਾਣੀ ਚ ਬਾਹਰੀ ਤਪਸ਼ ਅਤੇ ਅੰਦਰੂਨੀ ਬਿਰਹੋਂ ਦੀ ਪ੍ਰਤੀਕ ਵਜੋਂ ਮੰਨਿਆ ਜਾਂਦਾ ਹੈ ਜੋ ਪ੍ਰਭੂ ਮਿਲਾਪ ਦੀ ਤਾਂਘ ਬਣਾਉਂਦਾ ਹੈ। 18 ਜੂਨ ਨੂੰ ਗੁਰਤਾ ਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਉਂਦੀ ਹੈ। ਨੌ ਜੇਠ ਨੂੰ ਗੁਰੂ ਅਮਰਦਾਸ ਜੀ ਦਾ ਜਨਮਦਿਨ ਆਉਂਦਾ ਹੈ। ਦੇਸੀ ਮਹੀਨਿਆਂ ਚ ਸਾਲ ਦਾ ਤੀਜਾ ਮਹੀਨਾ ਜੇਠ ਹੁੰਦਾ ਹੈ। 12 ਮਹੀਨੇ ਚ ਇਸ ਮਹੀਨੇ ਦਾ ਜਿਕਰ ਹੈ। "ਹਰ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭ ਨਿਵੰਨਿ ਹਰਿ ਸਜਣ ਦਾਵਣਿ ਲਗਿਆ, ਕਿਸੈ ਨ ਦੇਈ ਬੰਨਿ, ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ, ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ, ਜੋ ਹਰਿ ਲੋੜੈ ਸੋ ਕਹੈ ਸੋਈ ਜੀਅ ਕਰੰਨਿ ਜੋ ਪ੍ਰਭਿ ਕੀਤੇ ਅਪਣੇ ਸੇਈ ਕਹੀਅਹਿ ਧੰਨਿ, ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ, ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ, ਹਰ ਜੇਠਿ ਰੰਗੀਲਾ ਤਿਸੁ ਧਣੀ ਜਿਸ ਕੈ ਭਾਗ ਮਥੰਨਿ"
ਗਰਮ ਲੂ ਅਤੇ ਤਪਸ਼ ਦੇ ਮਹੀਨੇ ਜੇਠ ਵਿੱਚ ਅੰਬਾਂ ਦੀਆਂ ਅੰਬੀਆਂ ਹਰੇ ਰੰਗ ਦੀ ਲਿਸ਼ਕ ਮਾਰਦੀਆਂ ਹਨ। ਆੜੂ ਦੀ ਫਸਲ, ਲੀਚੀ ਦੀ ਫਸਲ ਅਤੇ ਅਨਾਰ ਧਰਤੀ ਉੱਤੇ ਸ਼ਿੰਗਾਰਦੇ ਨਜ਼ਰ ਆਉਂਦੇ ਹਨ। ਪਸ਼ੂ ਲਈ ਹਰਾ ਚਾਰਾ ਜਿਸ ਤਰ੍ਹਾਂ ਗਰਮੀ ਅਤੇ ਰੁੰਡ ਹੋਈ ਆਲੇ ਦੁਆਲੇ ਦੀ ਧਰਤੀ ਵਿੱਚ ਖੁਸ਼ਬੂ ਮਾਰਦਾ ਹੈ ਉਸ ਤੋਂ ਸੱਭਿਆਚਾਰ ਆਪ ਹੀ ਗਵਾਹੀ ਭਰਨ ਲੱਗਦਾ ਹੈ। ਕਣਕ ਮੰਡੀਆਂ ਅਤੇ ਢੋਲਾਂ ਵਿੱਚ ਤੂੜੀ ਛੱਪਰਾਂ ਤੇ ਕੁੱਪਾਂ ਵਿੱਚ ਸਾਲ ਭਰ ਦੇ ਰਹਿਣ ਬਸੇਰੇ ਬਣਾ ਲੈਂਦੀ ਹੈ। ਪਹਿਲੇ ਜ਼ਮਾਨੇ ਮਿੱਟੀ ਦੀ ਘਾਣੀ ਨਾਲ ਚੁੱਲੇ-ਚੌਂਕੇ ਲਿੱਪੇ ਜਾਂਦੇ ਸਨ। ਇਸ ਮਹੀਨੇ ਘਰ ਸਵਾਰਿਆ ਜਾਂਦਾ ਸੀ। ਅੱਜ ਇਹ ਅਲੋਪ ਹੋ ਚੁੱਕਾ ਹੈ।
ਕਿਸਾਨੀ ਜੀਵਨ ਲਈ ਹਰ ਮਹੀਨਾ ਕਠੋਰ ਹੈ। ਇਸ ਮਹੀਨੇ ਵਿਹਲੇ ਹੋਏ ਖੇਤਾਂ ਦੀ ਰੌਣੀ ਅਤੇ ਵਹਾਈ ਚੱਲਣ ਲੱਗਦੀ ਹੈ। ਇਸ ਤੋਂ ਇਲਾਵਾ ਆਪਣੇ ਢੇਰਾਂ ਦੀ ਦੇਸੀ ਰੂੜੀ ਵੀ ਖੇਤਾਂ ਵਿੱਚ ਪਾਉਣ ਦੀ ਮਸ਼ੱਕਤ ਚਲਦੀ ਰਹਿੰਦੀ ਹੈ। ਜਦੋਂ ਇਸ ਮਹੀਨੇ ਬੱਚਾ ਜੰਮਦਾ ਸੀ, ਤਾਂ ਉਸਦਾ ਨਾਮ ਵੀ ਜੇਠ ਮਹੀਨੇ ਤੇ ਰੱਖਿਆ ਜਾਂਦਾ ਸੀ। ਸੱਭਿਆਚਾਰ ਵਿੱਚ ਜੇਠ ਦੇ ਰਿਸ਼ਤੇ ਦੀ ਵੀ ਅਹਿਮੀਅਤ ਆਉਂਦੀ ਹੈ। ਜੇਠ ਮਹੀਨੇ ਵਿੱਚ ਝੋਨੇ ਦੀ ਪਨੀਰੀ ਦੀ ਬਜਾਈ ਅਤੇ ਝੋਨੇ ਦੀ ਲਵਾਈ ਦਾ ਖਾਕਾ ਤਿਆਰ ਕਰਕੇ ਅਗਲੇ ਛੇ ਮਹੀਨੇ ਦੇ ਸੁਪਨੇ ਸਿਰਜੇ ਜਾਂਦੇ ਹਨ। ਇਸ ਮਹੀਨੇ ਨੂੰ ਬੂਟੇ ਲਗਵਾ ਕੇ ਗਰਮੀ ਘਟਾਈ ਜਾ ਸਕਦੀ ਹੈ। ਕੂਲਰਾਂ ਅਤੇ ਏਸੀ ਅੱਗੇ ਬੈਠਿਆ ਜਾ ਸਕਦਾ ਹੈ ਪਰ ਇਸ ਮਹੀਨੇ ਖਿੱਤੇ ਦੇ ਪ੍ਰਭਾਵ ਅਤੇ ਕੁਦਰਤ ਨਿਯਮ ਸਦਕੇ ਗਰਮੀ ਦਾ ਸੁਨੇਹਾ ਹੀ ਮਿਲਦਾ ਰਹੇਗਾ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫਸਰ
9878111445