ਜੀਵਨ ਦੀ ਹੋਂਦ ਲਈ ਰੁੱਖ ਜਰੂਰੀ - ਫੈਸਲ ਖਾਨ

ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸਤਾ ਹੈ।ਸੁਰੂ ਤੋ ਅੰਤ ਤੱਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ।ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫੇ ਹਨ।ਇਹ ਇਕ ਅਨਮੋਲ ਖਜਾਨਾ ਵੀ ਹੈ।ਰੁੱਖ ਕੇਵਲ ਸਾਡੇ ਲਈ ਹੀ ਨਹੀ ਸਗੋਂ ਧਰਤੀ ਤੇ ਰਹਿੰਦੇ ਹਰੇਕ ਸੰਜੀਵ ਪ੍ਰਣੀ ਲਈ ਬਹੁਤ ਜਰੂਰੀ ਹਨ।ਇੱਥੋ ਤੱਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚਲਦਾ ਰਹਿ ਸਕਦਾ ਹੈ।ਰੁੱਖ ਮਨੁੱਖ ਦੇ ਤਾ ਸੱਚੇ ਮਿੱਤਰ ਹਨ।ਜੋ ਅਜੇ ਤੱਕ ਸਾਇਸ ਨਹੀ ਕਰ ਸਕੀ ਉਹ ਫਰੀ ਵਿਚ ਸਾਡੇ ਲਈ ਕਰਦੇ ਹਨ ਰੁੱਖ।ਰੁੱਖ ਆਕਸੀਜਨ ਛੱਡਦੇ ਹਨ।ਇਹ ਕਾਰਬਨਡਾਈਆਕਸਾਈਡ ਨੂੰ ਆਕਸੀਜਨ ਵਿਚ ਪਰਿਵਰਤਿਤ ਕਰਦੇ ਹਨ।ਇਸ ਵਿਧੀ ਨੂੰ ਪ੍ਰਕਾਸ ਸੰਸਲੇਸਣ ਵਿਧੀ ਕਿਹਾ ਜਾਂਦਾ ਹੈ।ਪੋਦੇ ਸਾਡੀ ਧਰਤੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਰੱਖਦੇ ਹਨ।ਜੇਕਰ ਪ੍ਰਿਥਵੀ ਉੱਤੇ ਪੌਦੇ ਨਾ ਹੋਣ ਤਾ ਪ੍ਰਿਥਵੀ ਦਾ ਤਾਪਮਾਨ ਵਧਦਾ ਹੀ ਚਲਾ ਜਾਵੇਗਾ ਤੇ ਧਰਤੀ ਇੰਨੀ ਗਰਮ ਹੋ ਜਾਵੇਗੀ ਕਿ ਇਸ ਉਤੇ ਰਹਿਣਾ ਵੀ ਮੁਸਕਿਲ ਹੋ ਜਾਵੇਗਾ।ਜਿਆਦਾ ਵੱਡੀ ਗੱਲ ਨਹੀ, ਇਕ ਸਾਧਾਰਣ ਘਰ ਵਿਚ ਵਿਧੀ ਪੂਰਵਕ ਲਗਾਇਆ ਗਿਆ ਇਕ ਪੌਦਾ ਏ. ਸੀ. ਦਾ ਕੰਮ ਕਰ ਸਕਦਾ ਹੈ।ਅੰਦਾਜੇ ਮੁਤਾਬਿਕ ਇਹ 50% ਤੱਕ ਏ. ਸੀ. ਦਾ ਬਿਲ ਘਟਾ ਸਕਦਾ ਹੈ।
ਅੱਜ ਦੇ ਸਮੇ ਵਿਚ ਪ੍ਰਦੂਸਣ ਲਗਾਤਾਰ ਵੱਧਦਾ ਜਾ ਰਿਹਾ ਹੈ।ਜਿਸ ਕਾਰਨ ਅਤਿ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ।ਘਰ ਦੇ ਬਾਹਰ ਹੀ ਨਹੀ ਸਗੋਂ ਘਰ ਦੇ ਅੰਦਰ ਵੀ ਬਹੁਤ ਪ੍ਰਦੂਸਣ ਪੈਦਾ ਹੂੰਦਾ ਹੈ।ਜਿਸ ਦਾ ਇਕ ਕਾਰਣ ਘਰਾਂ ਦੀ ਬਣਤਰ ਵੀ ਹੈ।ਅੱਜ ਕੱਲ ਕਈ ਘਰਾਂ ਦੀ ਬਣਤਰ ਇਹੋ ਜਿਹੀ ਹੈ ਕਿ ਉਹਨਾਂ ਵਿਚੋਂ ਤਾਜੀ ਹਵਾ ਦਾ ਪੂਰਣ ਤੋਰ ਤੇ ਅਦਾਨ ਪ੍ਰਦਾਨ ਨਹੀ ਹੁੰਦਾ।ਜਿਸ ਕਾਰਨ ਦਮਾ, ਅਲਰਜੀ ਆਦਿ ਵਰਗੇ ਭਿਆਨਕ ਰੋਗ ਪੈਰ ਪਸਾਰ ਰਹੇ ਹਨ।ਨਾਸਾ ਦੇ ਕੁਝ ਛੋਟੇ ਪੌਦਿਆਂ ਦੀ ਖੋਜ ਕੀਤੀ ਜੋ ਕਿ ਘਰ ਦੀ ਸਜਾਵਟ ਲਈ ਵੀ ਵਰਤੇ ਜਾ ਸਕਦੇ ਹਨ ਤੇ ਇਹ ਸਾਡੇ ਘਰ ਵਿਚਲੇ ਪ੍ਰਦੂਸਣ ਨੂੰ ਘੱਟ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।ਇਹ ਪੌਦੇ ਉਹਨਾਂ ਘਰਾਂ ਲਈ ਬਹੁਤ ਜਿਆਦਾ ਲਾਹੇਵੰਦ ਹਨ ਜਿੱਥੇ ਤਾਜੀ ਹਵਾ ਦਾ ਬਹੁਤ ਘੱਟ ਅਦਾਨ ਪ੍ਰਦਾਨ ਹੁੰਦਾ ਹੈ।ਗਰਬੈਰਾ ਡੇਜੀ (Gerbera Daisy) ਇਕ ਬਹੁਤ ਹੀ ਮਹੱਤਵਪੂਰਨ ਪੌਦਾ ਹੈ ਜੋ ਕਿ ਕਈ ਜਹਿਰੀਲੀਆਂ ਗੈਸਾਂ ਨੂੰ ਬੜੀ ਹੀ ਅਸਾਨੀ ਨਾਲ ਸੋਖ ਕੇ ਖਤਮ ਕਰ ਦਿੰਦਾ ਹੈ।ਕਵਾਰ ਦਾ ਪੌਦਾ ਜਿੱਥੇ ਦੇਖਣ ਨੂੰ ਬਹੁਤ ਸੋਹਣਾ ਲਗਦਾ ਹੈ ਉੱਥੇ ਹੀ ਇਸ ਦੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ।ਇਹ ਕੀਟਾਣੂਨਾਸ਼ਕ ਵਜੋਂ ਕੰਮ ਕਰਦੇ ਹਨ।ਇਸਦੇ ਪੱਤੇ ਚਮੜੀ ਲਈ ਬਹੁਤ ਹੀ ਵਧੀਆ ਹੁੰਦੇ ਹਨ।ਇਸ ਤੋ ਇਲਾਵਾ ਵੀ ਬਹੁਤ ਸਾਰੇ ਛੋਟੇ ਪੌਦੇ ਹਨ ਜਿਵੇ : ਮਨੀ ਪਲਾਂਟ, ਅਰੇਕਾ ਪਾਮ, ਚਾਈਨੀਸ ਸਦਾਬਹਾਰ ਆਦਿ।
ਮਨੁੱਖ ਦੇ ਲਾਲਚ ਸਦਕਾ ਜੰਗਲ ਹੇਠ ਰਕਬਾ ਘੱਟਦਾ ਜਾ ਰਿਹਾ।ਜੇਕਰ ਵਰਖਾ ਵਣ ਦੀ ਗੱਲ ਕਰੀਏ ਤਾਂ 78 ਮਿਲੀਅਨ ਏਕੜ ਵਰਖਾ ਵਣ ਹਰ ਸਾਲ ਖਤਮ ਹੋ ਰਹੇ ਹਨ।ਜਾਣਕਾਰ ਮੰਨਦੇ ਹਨ ਕਿ 2020 ਤੱਕ 80 ਤੋ 90% ਵਰਖਾ ਵਣ ਖਤਮ ਹੋ ਜਾਣਗੇ।ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸਾ ਹੈ।ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਡਦਾ ਜਾ ਰਿਹਾ ਹੈ।ਜੰਗਲ ਘੱਟਣ ਨਾਲ ਜੈਵ ਵਿਭਿੰਨਤਾ ਦੇ ਬਹੁਤ ਬੁਰਾ ਅਸਰ ਪੈ ਰਿਹਾ ਹੈ।ਬਹੁਤ ਸਾਰੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ ਤੇ ਕਈ ਲੁਪਤ ਹੋਣ ਦੀ ਕਗਾਰ ਤੇ ਖੜੇ ਹਨ।ਕੇਵਲ ਪੌਦੇ ਹੀ ਨਹੀਂ ਸਗੋਂ ਬੇਅੰਤ ਪੰਛੀ, ਜਾਨਵਰ, ਛੋਟੇ ਜੀਵ ਜੰਗਲਾਂ ਦੇ ਖਾਤਮੇ ਨਾਲ ਖਤਮ ਹੋ ਰਹੇ ਹਨ।ਜੰਗਲ ਹੀ ਤਾਂ ਪੰਛੀਆਂ ਅਤੇ ਹੋਰ ਜੀਵਾਂ ਦਾ ਰਹਿਣ ਵਸੇਰਾ ਹਨ।ਗਰਮੀਆਂ ਦੀ ਛੁੱਟੀਆਂ ਹੁੰਦੇ ਸਾਰ ਹੀ ਕਈ ਲੋਕ  ਯੋਜਨਾ ਕਰਦੇ ਹਨ ਕਿ ਚਲੋ ਪਹਾੜੀ ਖੇਤਰਾਂ ਵਿਚ ਚੱਲੀਏ।ਸੋਹਣੇ ਸੋਹਣੇ ਰੁੱਖ, ਸੋਹਣੇ- ਸੋਹਣੇ ਪੰਛੀਆਂ ਦੀ ਮਧੁਰ ਅਵਾਜ, ਕੁਦਰਤੀ ਸੰਗੀਤ ਦਿਲ ਅਤੇ ਦਿਮਾਗ ਨੂੰ ਤਰੋ- ਤਾਜਾ ਕਰ ਦਿੰਦਾ ਹੈ।ਪਰ ਜਰਾ ਸੋਚੋ ਜੇਕਰ ਇਸੀ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਕਿ ਆਉਣ ਵਾਲੇ ਸਮੇ ਵਿਚ ਕਿ ਇਹ ਕੁਦਰਤੀ ਨਜਾਰਾ ਦੇਖਣ ਨੂੰ ਮਿਲੇਗਾ?? ਸ਼ਾਇਦ ਨਹੀ।
ਇਕ ਰਿਪੋਰਟ ਮੁਤਾਬਿਕ ਦੁਨੀਆਂ ਵਿਚ ਲਗਭਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸਣ ਕਾਰਨ ਹੋ ਜਾਦੀ ਹੈ।ਰੁੱਖ ਫਰੀ ਵਿਚ ਹਵਾ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੋਲਿਆਂ ਕਰ ਦਿੰਦੇ ਹਾਂ।ਲੱਖਾਂ ਰੁਪਏ ਦੀ ਆਕਸੀਜਨ ਤੋ ਇਲਾਵਾ ਰੁੱਖ ਆਰਥਿਕ ਤੌਰ ਤੇ ਵੀ ਬਹੁਤ ਮਦਦ ਕਰਦੇ ਹਨ।
ਸਾਡਾ ਭਾਰਤ ਦੇਸ ਕ੍ਰਿਸੀ ਪ੍ਰਧਾਨ ਦੇਸ ਹੈ।ਵੱਖ ਵੱਖ ਪ੍ਰਕਾਰ ਦੀਆਂ ਫਸਲਾਂ ਇੱਥੇ ਪੈਦਾ ਕੀਤੀਆਂ ਜਾਂਦੀਆਂ ਹਨ।ਪਰ ਪਿਛਲੇ ਕੁਝ ਦਹਾਕਿਆਂ ਤੋ ਭੂਮੀ ਦੀ ਉਪਜਾਊ ਸਕਤੀ ਵਿਚ ਕਮੀ ਦਰਜ ਕੀਤੀ ਗਈ ਹੈ।ਰਸਾਇਣਿਕ ਖਾਦਾ ਤੋ ਇਲਾਵਾ ਇਸ ਦਾ ਇਕ ਹੋਰ ਪ੍ਰਮੱਖ ਕਾਰਨ ਹੈ ਰੁੱਖਾਂ ਦੀ ਕਟਾਈ।ਰੁੱਖਾਂ ਦੀਆਂ ਜੜਾ੍ਹਂ ਉਪਜਾਊ ਮਿੱਟੀ ਦੀ ਪਰਤ ਨੂੰ ਜਕੜ ਕੇ ਰੱਖਦੀਆਂ ਹਨ।ਇਕ ਰਿਪੋਰਟ ਦੱਸਦੀ ਹੈ ਕਿ ਧਰਤੀ ਦੀ ਅੱਧੀ ਉਪਜਾਊ ਪਰਤ ਪਿਛਲੇ 150 ਸਾਲਾ ਦੌਰਾਨ ਨਸ਼ਟ ਹੋ ਚੁੱਕੀ ਹੈ।ਦੱਸਣਯੋਗ ਹੈ ਕਿ ਜਿੱਥੇ ਰੁੱਖ ਮਿੱਟੀ ਨੂੰ ਜਕੜ ਕੇ ਰੱਖਦੇ ਹਨ ਉੱਥੇ ਹੀ ਇਹ ਮਿੱਟੀ ਦੀ ਉਪਜਾਊ ਸਕਤੀ ਨੂੰ ਵੀ ਵਧਾਉਂਦੇ ਹਨ।ਇਨ੍ਹਾਂ ਦੇ ਪੱਤਿਆਂ ਤੋ ਖਾਦ ਤਿਆਰ ਹੁੰਦੀ ਹੈ।
ਰੁੱਖਾਂ ਦੀ ਦੇਣ ਨੂੰ ਦੇਖਦੇ ਹੋਏ ਹੀ ਸ੍ਰੀ ਕੇ. ਐਮ ਮੁਨਸੀ ਜੀ ਦੁਆਰਾ ਵਣ ਮਹਾਉਤਸਵ ਦੀ ਸੁਰੂਆਤ ਕੀਤੀ ਗਈ ਤਾ ਜੋ ਲੋਕ ਰੁੱਖਾਂ ਦੀ ਮਹਾਨਤਾ ਨੂੰ ਸਮਝ ਸਕਣ ਤੇ ਰੁੱਖਾਂ ਨੂੰ ਬਚਾਉਣ ਤੇ ਨਵੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਭਾਗ ਲੈ ਸਕਣ।ਇਕ ਜੁਲਾਈ ਤੋ ਸੱਤ ਜੁਲਾਈ ਤੱਕ ਵਣ ਮਹਾਉਤਸਵ ਮਨਾਇਆਂ ਜਾਦਾ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਹ ਉਤਸਵ ਕੇਵਲ ਸੋਸਲ ਮੀਡੀਆ, ਅਖਵਾਰਾਂ ਜਾ ਕੇਵਲ ਦਿਖਾਵੇ ਤੱਕ ਹੀ ਰਹਿ ਗਿਆ ਹੈ।ਲੋਕ ਬੜੇ ਉਤਸਾਹ ਨਾਲ ਰੁੱਖ ਤਾਂ ਲਗਾ ਦਿੰਦੇ ਹਨ ਪਰ ਬਾਅਦ ਵਿਚ ਉਹਨਾ ਦੀ ਕੋਈ ਸਾਰ ਨਹੀਂ ਲੈਂਦੇ। ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰੇਖ ਵੀ ਅਤਿ ਜਰੂਰੀ ਹੈ।ਸਭ ਤੋ ਵੱਧ ਪ੍ਰਦੂਸਿਤ ਸਹਿਰਾਂ ਵਿਚ ਸਾਮਿਲ ਸਾਡੀ ਰਾਜਧਾਨੀ ਦਿੱਲੀ।ਜਿੱਥੇ ਸਾਹ ਲੈਣਾ ਵੀ ਬਹੁਤ ਔਖਾ ਹੈ।ਉਥੇ ਦੇ ਰੁੱਖਾਂ ਤੇ ਵੀ ਅੱਜ ਕੱਲ ਸੰਕਟ ਦੇ ਬੱਦਲ ਮੰਡਰਾ ਰਹੇ ਹਨ।ਜਿੱਥੇ ਨਵੇਂ ਰੁੱਖ ਲਗਾਉਣੇ ਅਤੇ ਉਹਨਾਂ ਦੀ ਦੇਖ ਰੇਖ ਬਹੁਤ ਜਰੂਰੀ ਹੈ ਉੱਥੇ ਹੀ ਬਚੇ ਹੋਏ ਜੰਗਲਾਂ ਦੀ ਸਾਂਭ ਸੰਭਾਲ ਵੀ ਅਤਿ ਜਰੂਰੀ ਹੈ।
ਸੋ ਅੱਜ ਲੋੜ ਹੈ ਇਕ ਇਕ ਰੁੱਖ ਬਚਾਉਣ ਦੀ ਤੇ ਨਵੇ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦੀ ।ਅੱਜ ਜਰੂਰੀ ਹੈ ਕਿ ਹਰ ਵਿਅਕਤੀ ਰੁੱਖਾ ਦੀ ਮਹਤੱਤਾ ਨੂੰ ਸਮਝੇ ਤੇ ਕੁਦਰਤ ਨੂੰ ਪਿਆਰ ਕਰੇ।
ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਰੁੱਖਾਂ ਨੂੰ ਬਚਾਉਣ ਅਤੇ ਨਵੇ ਰੁੱਖਾਂ ਨੂੰ ਕਾਮਯਾਬ ਕਰਨ ਲਈ ਉਚ ਪੱਥਰੀ ਕਦਮ ਚੁੱਕਣੇ ਚਾਹੀਦੇ ਹਨ।
ਰੁੱਖਾਂ ਨੇ ਬਚਾਈ ਜਾਤ ਮਨੁੱਖ
ਮਨੁੱਖ ਹੁਣ ਬਚਾਵੇ ਹਰ ਇਕ ਰੁੱਖ॥


ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937

10 Nov. 2018