'ਸਿੱਖ' ਖਾਲਸਾ ਸਦਾਇਆ - ਹਰਪਾਲ ਸਿੰਘ ਲੱਖਾ

'ਸਿੱਖ' ਖਾਲਸਾ ਸਦਾਇਆ
ਰੂਪ ਆਪਣਾ ਬਣਾਇਆ!
ਖਾਲਸਾ ਦਿਹਾੜੇ ਨੂੰ ਸਮਰਪਿਤ ਕਵਿਤਾ
ਸਾਨੂੰ ਸਭ ਨੂੰ ਹੈ ਮਾਣ, ਸਾਡਾ ਗੁਰੂ ਹੈ ਮਹਾਨ,
ਦਿੱਤਾ ਜੀਹਨੇ ਨਾਮ ਦਾਨ, ਅੰਮ੍ਰਿਤ ਛਕਾਇਕੈ॥
ਪਹਿਲੋਂ ਬਾਣੀਆਂ ਨੂੰ ਪੜ੍ਹ, ਫੇਰ ਖੰਡਾ ਹੱਥ ਫੜ,
ਲਾਇਆ ਸਾਹਿਬ ਦੇ ਲੜ, ਜਾਤ-ਪਾਤ ਨੂੰ ਮਿਟਾਇਕੈ॥
'ਸਿੱਖ' 'ਖਾਲਸਾ' ਸਦਾਇਆ, ਰੂਪ ਆਪਣਾ ਬਣਾਇਆ,
ਭਰਮ-ਭੇਦ ਨੂੰ ਮਿਟਾਇਆ, ਗੁਰਬਾਣੀ ਨੂੰ ਪੜ੍ਹਾਇਕੈ॥
ਜਿਹੜਾ ਲਵੇ ਰੱਬੀ ਦਾਤ, ਸੁਖ ਪਾਵੈ ਦਿਨ-ਰਾਤ,
ਸਭ ਪੂਰੀ ਹੋਵੈ ਆਸ, ਗੁਰੂ ਫਤਿਹ ਨੂੰ ਬੁਲਾਇਕੈ॥
ਕਰੇ ਨਾਮ ਦੀ ਕਮਾਈ, ਸੇਵਾ ਸੰਗਤ ਦੇ ਤਾਂਈ,
ਕਰੇ ਸਦਾ ਚਾਂਈ-ਚਾਂਈ, ਦਿਨੇ ਰਾਤ ਥੱਕੇ ਨਾ॥
ਸੱਚੀ ਕਰੇ ਸਦਾ ਕਿਰਤ, ਉਚੀ ਰੱਖੇ ਸਦਾ ਬਿਰਤ,
ਜਿਹੜਾ ਧਰਮ ਤੋਂ ਗਿਰਤ, ਉਸ ਨਾਲ ਸਾਂਝ ਰੱਖੇ ਨਾ॥
ਸਦਾ ਸਾਹਿਬ ਨੂੰ ਲੋੜੇ, ਭੈੜੇ ਪਾਸਿਓਂ ਮੂੰਹ ਮੋੜੇ,
ਚਿੱਤ ਚਰਨਾਂ 'ਚ ਜੋੜੇ, ਕਿਸੇ ਵੇਲੇ ਅੱਕੇ ਨਾ॥
ਬੋਲੇ ਸਿੰਘ ਹਰਪਾਲ, ਗੁਰੂ ਸਦਾ ਹੈ ਦਿਆਲ,
ਕਰੇ ਨਦਰਿ ਨਿਹਾਲ, ਔਗਣਾਂ ਨੂੰ ਤੱਕੇ ਨਾ॥