
ਅੰਬੇਡਕਰ ਜਯੰਤੀ ਲਈ ਵਿਸ਼ੇਸ਼ ਲੇਖ : ਮਨੁੱਖੀ ਅਧਿਕਾਰਾਂ ਲਈ ਲੜ੍ਹਨ ਵਾਲਾ ਯੋਧਾ ਭਾਰਤ ਰਤਨ ਡਾਕਟਰ ਅੰਬੇਡਕਰ - ਪ੍ਰੋਫ਼ੈਸਰ ਮਨਜੀਤ ਤਿਆਗੀ
ਭਾਰਤ ਦੇ ਇਤਿਹਾਸ ਵਿੱਚ ਡਾ. ਭੀਮਰਾਓ ਅੰਬੇਡਕਰ ਉਹ ਮਹਾਨ ਯੋਧਾ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੱਬੇ-ਕੁਚਲੇ, ਸ਼ੋਸ਼ਿਤ ਅਤੇ ਪਿਛੜੇ ਵਰਗਾਂ ਦੀ ਅਜ਼ਾਦੀ, ਸਮਾਨਤਾ ਅਤੇ ਇੱਜ਼ਤ ਲਈ ਸਮਰਪਿਤ ਕੀਤੀ। ਉਹ ਸਿਰਫ਼ ਇੱਕ ਵਿਦਵਾਨ, ਸੰਵਿਧਾਨ ਰਚਨਹਾਰਾ ਜਾਂ ਕਾਨੂੰਨ ਮੰਤਰੀ ਹੀ ਨਹੀਂ ਸਨ, ਬਲਕਿ ਇੱਕ ਐਸੀ ਮਿਸ਼ਨਰੀ ਸ਼ਖ਼ਸੀਅਤ ਸਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਭਾਰਤ ਦੇ ਨਵ-ਨਿਰਮਾਣ ਦਾ ਸੁਪਨਾ ਸੀ। ਡਾ. ਅੰਬੇਡਕਰ ਦਾ ਮਿਸ਼ਨ ਬਹੁ-ਨੁਕਾਤੀ ਸੀ। ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਬਕਾਇਦਾ ਉਨ੍ਹਾਂ ਨੇ ਇੱਕ ਰੋਡ-ਮੈਪ ਤਿਆਰ ਕਰ ਰੱਖਿਆ ਸੀ, ਜਿਸ ਵਿੱਚ ਸਮਾਜਿਕ ਬੇਇਨਸਾਫ਼ੀਆਂ ਦਾ ਅੰਤ, ਜਾਤਪਾਤ ਤੇ ਛੂਆਛੂਤ ਦਾ ਨਾਸ, ਸਿੱਖਿਆ ਦਾ ਪ੍ਰਸਾਰ, ਆਰਥਿਕ ਸਮਾਨਤਾ ਦੀ ਸਥਾਪਨਾ, ਮਹਿਲਾਵਾਂ ਨੂੰ ਅਧਿਕਾਰ, ਲੋਕਤੰਤਰ ਤੇ ਸੰਵਿਧਾਨਕ ਮੁੱਲਾਂ ਦੀ ਰੱਖਿਆ ਆਦਿ ਸ਼ਾਮਿਲ ਸਨ। ਡਾ. ਅੰਬੇਡਕਰ ਦਾ ਸਭ ਤੋਂ ਪਹਿਲਾ ਤੇ ਕੇਂਦਰੀ ਮਿਸ਼ਨ ਜਾਤਪਾਤ ਦੀ ਗ਼ੁਲਾਮੀ ਦਾ ਅੰਤ ਕਰਨਾ ਸੀ। ਉਹ ਸਮਝਦੇ ਸਨ ਕਿ ਜਾਤੀ ਪ੍ਰਥਾ ਨੇ ਭਾਰਤ ਨੂੰ ਹਜ਼ਾਰਾਂ ਸਾਲਾਂ ਤੱਕ ਪਿੱਛੇ ਧੱਕਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇੱਕ ਮਨੁੱਖ ਨੂੰ ਦੂਜੇ ਮਨੁੱਖ ਤੋਂ ਨੀਵਾਂ ਮੰਨਿਆ ਜਾਣਾ ਮਨੁੱਖਤਾ ਦੀ ਸਭ ਤੋਂ ਵੱਡੀ ਬੇਇਨਸਾਫ਼ੀ ਹੈ। ਡਾ. ਅੰਬੇਡਕਰ ਦਾ ਮਕਸਦ ਸੀ ਕਿ ਹਰ ਵਿਅਕਤੀ, ਭਾਵੇਂ ਉਹ ਕਿਸੇ ਵੀ ਜਾਤੀ, ਧਰਮ ਜਾਂ ਵਰਗ ਨਾਲ ਸੰਬੰਧਤ ਹੋਵੇ, ਉਸ ਨੂੰ ਬਰਾਬਰੀ ਦਾ ਹੱਕ ਮਿਲੇ। ਉਨ੍ਹਾਂ ਨੇ ਆਰਥਿਕ ਅਜ਼ਾਦੀ ਦਾ ਹੀ ਨਹੀਂ ਸਗੋਂ ਸਮਾਜਿਕ, ਆਰਥਿਕ ਅਤੇ ਨੈਤਿਕ ਤਿੰਨੇ ਪੱਖਾਂ ਤੋਂ ਪੂਰਾ ਸਮਾਜਿਕ ਕ੍ਰਾਂਤੀਕਾਰੀ ਮਾਡਲ ਦਿੱਤਾ।
ਡਾ. ਅੰਬੇਡਕਰ ਨੂੰ ਸੰਤ ਕਬੀਰ ਜੀ ਦੇ ਵਿਚਾਰਾਂ ਤੋਂ ਪ੍ਰੇਰਨਾ ਮਿਲੀ ਸੀ। ਉਨ੍ਹਾਂ ਦਾ ਮਿਸ਼ਨ ਸਿਰਫ਼ ਦਲਿਤਾਂ ਤੱਕ ਸੀਮਿਤ ਨਹੀਂ ਸੀ। ਉਹ ਔਰਤਾਂ ਦੇ ਅਧਿਕਾਰਾਂ, ਮਜ਼ਦੂਰਾਂ ਦੇ ਹੱਕਾਂ ਅਤੇ ਆਰਥਿਕ ਸਮਾਨਤਾ ਲਈ ਵੀ ਲੜੇ। ਉਨ੍ਹਾਂ ਨੇ ਭਾਰਤ ਨੂੰ ਇੱਕ ਲੋਕਤੰਤਰੀ ਗਣਰਾਜ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸੰਵਿਧਾਨ ਵਿੱਚ ਅਜਿਹੀਆਂ ਵਿਵਸਥਾਵਾਂ ਕੀਤੀਆਂ ਜੋ ਸਮਾਜ ਦੇ ਹਰ ਵਰਗ ਨੂੰ ਬਰਾਬਰੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਦੀ ਜੀਵਨ ਯਾਤਰਾ ਪੜ੍ਹਨ 'ਤੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਨਿੱਜੀ ਸੰਘਰਸ਼ਾਂ ਨੂੰ ਰਾਸ਼ਟਰੀ ਲਹਿਰ ਵਿੱਚ ਬਦਲ ਦਿੱਤਾ। ਉਨ੍ਹਾਂ ਦੇ ਮਿਸ਼ਨ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਨ੍ਹਾਂ ਦੇ ਬਚਪਨ ਤੋਂ ਲੈ ਕੇ ਅੰਤ ਤੱਕ ਦੇ ਸਫ਼ਰ ਦੌਰਾਨ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਡਾ. ਅੰਬੇਡਕਰ ਦਾ ਬਚਪਨ ਜਾਤੀਵਾਦ ਦੇ ਸਾਏ ਹੇਠ ਬੀਤਿਆ। ਉਨ੍ਹਾਂ ਦੇ ਪਰਿਵਾਰ ਨੂੰ ਅਛੂਤ ਮੰਨਿਆ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਸਕੂਲ ਵਿੱਚ ਵੱਖਰੇ ਬੈਠਣਾ ਪੈਂਦਾ ਸੀ ਅਤੇ ਅਧਿਆਪਕ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਸਨ। ਇੱਕ ਵਾਰ ਜਦੋਂ ਉਨ੍ਹਾਂ ਨੂੰ ਪਿਆਸ ਲੱਗੀ ਤਾਂ ਪਿਓਨ (ਚਪੜਾਸੀ) ਦੇ ਸਕੂਲ ਵਿੱਚ ਨਾ ਹੋਣ ਕਾਰਨ ਉਨ੍ਹਾਂ ਨੂੰ ਪਿਆਸੇ ਹੀ ਮਰਨਾ ਪਿਆ। ਵੱਡੇ ਹੋਣ ਉਪਰੰਤ ਇਸ ਘਟਨਾ ਨੂੰ ਉਨ੍ਹਾਂ ਨੇ 'ਨੋ ਪਿਓਨ, ਨੋ ਵਾਟਰ' ਵਜੋਂ ਯਾਦ ਕੀਤਾ। ਜਾਤੀਵਾਦ ਦੇ ਅਜਿਹੇ ਕੌੜੇ ਅਨੁਭਵ ਉਨ੍ਹਾਂ ਨੂੰ ਸਮਾਜ ਵਿੱਚ ਫ਼ੈਲੀ ਵਿਆਪਕ ਅਸਮਾਨਤਾ ਨੂੰ ਸਮਝਣ ਵਿੱਚ ਮੱਦਦ ਕਰਦੇ ਰਹੇ। ਅੰਬੇਡਕਰ ਨੇ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਉੱਚ ਵਿੱਦਿਆ ਹਾਸਲ ਕੀਤੀ ਤੇ ਆਪਣੇ ਸਮਾਜ ਲਈ ਇੱਕ ਪ੍ਰੇਰਕ ਮਿਸਾਲ ਬਣੇ। ਉਨ੍ਹਾਂ ਨੇ ਆਪਣੇ ਮਿਸ਼ਨ ਨੂੰ ਤਿੰਨ ਸ਼ਬਦਾਂ ਵਿੱਚ ਵਰਣਨ ਕੀਤਾ ; 'ਸਿੱਖਿਆ ਲਵੋ, ਸੰਗਠਿਤ ਹੋਵੋ, ਸੰਘਰਸ਼ ਕਰੋ।' ਇਹ ਵਾਕ ਉਨ੍ਹਾਂ ਦੇ ਮਿਸ਼ਨ ਦਾ ਮੂਲ ਮੰਤਰ ਬਣ ਗਿਆ। ਉਹ ਸਮਝ ਗਏ ਕਿ ਸਿੱਖਿਆ ਹੀ ਅਸਮਾਨਤਾ ਨੂੰ ਖ਼ਤਮ ਕਰਨ ਦਾ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਨੇ ਆਪਣੇ ਅਨੁਭਵਾਂ ਨੂੰ ਆਧਾਰ ਬਣਾ ਕੇ ਦਲਿਤਾਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਮਿਸ਼ਨ ਵਿੱਚ ਸਿੱਖਿਆ ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਗਈ ਕਿਉਂਕਿ ਉਹ ਜਾਣਦੇ ਸਨ ਕਿ ਬਿਨਾਂ ਗਿਆਨ ਦੇ ਸੰਘਰਸ਼ ਅਧੂਰਾ ਰਹਿ ਜਾਂਦਾ ਹੈ। ਉਨ੍ਹਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਵਰਗੀਆਂ ਸੰਸਥਾਵਾਂ ਬਣਾਈਆਂ ਜੋ ਦਲਿਤ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦੀਆਂ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ, ਕਾਲਜ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਕਰਵਾਈ। ਇਹ ਪੜਾਅ ਉਨ੍ਹਾਂ ਦੇ ਮਿਸ਼ਨ ਦੀ ਨੀਂਹ ਸੀ, ਜਿੱਥੇ ਉਹ ਨਿੱਜੀ ਅਨੁਭਵਾਂ ਨੂੰ ਸਮਾਜਿਕ ਤਬਦੀਲੀ ਵਿੱਚ ਬਦਲ ਰਹੇ ਸਨ।
ਆਪਣੀ ਬੁੱਧੀ ਅਤੇ ਸਿੱਖਿਆ ਬਦੌਲਤ ਡਾ. ਅੰਬੇਡਕਰ ਅਰਥਸ਼ਾਸਤਰੀ ਵਜੋਂ ਵੀ ਪ੍ਰਸਿੱਧ ਹੋਏ। ਉਨ੍ਹਾਂ ਨੇ 'ਦ ਪ੍ਰਾਬਲਮ ਆਫ਼ ਰੁਪਈ' ਵਰਗੀ ਕਿਤਾਬ ਲਿਖੀ ਜੋ ਭਾਰਤੀ ਮੁਦਰਾ ਨੀਤੀ ਤੇ ਅਸਰ ਪਾਉਂਦੀ ਸੀ। ਉਹ 'ਰਿਜ਼ਰਵ ਬੈਂਕ ਆਫ਼ ਇੰਡੀਆ' ਦੇ ਗਠਨ ਵਿੱਚ ਵੀ ਸ਼ਾਮਿਲ ਸਨ। ਇਸ ਤਰ੍ਹਾਂ ਉਨ੍ਹਾਂ ਦਾ ਮਿਸ਼ਨ ਆਰਥਿਕ ਸਮਾਨਤਾ ਨੂੰ ਵੀ ਸ਼ਾਮਿਲ ਕਰਦਾ ਸੀ, ਕਿਉਂਕਿ ਜਾਤੀ ਪ੍ਰਥਾ ਨੇ ਦਲਿਤਾਂ ਨੂੰ ਆਰਥਿਕ ਤੌਰ ਤੇ ਵੀ ਪਿੱਛੇ ਧੱਕਿਆ ਹੋਇਆ ਸੀ। ਉਨ੍ਹਾਂ ਨੇ ਵਿਦੇਸ਼ ਵਿੱਚ ਪੜ੍ਹ ਕੇ, ਵਾਪਸ ਆ ਕੇ, ਸਿੱਖਿਆ ਨੂੰ ਆਪਣੇ ਲੋਕਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ। ਇਹ ਪੜ੍ਹਾਅ ਉਨ੍ਹਾਂ ਨੂੰ ਇੱਕ ਵਿਦਵਾਨ ਤੋਂ ਸਮਾਜ ਸੁਧਾਰਕ ਵੱਲ ਲੈ ਗਿਆ।
ਡਾ. ਅੰਬੇਡਕਰ ਦਾ ਮਿਸ਼ਨ ਮੁੱਖ ਤੌਰ 'ਤੇ ਜਾਤੀ ਪ੍ਰਥਾ ਨੂੰ ਖ਼ਤਮ ਕਰਨ 'ਤੇ ਕੇਂਦਰਿਤ ਸੀ। ਉਹ ਮੰਨਦੇ ਸਨ ਕਿ ਹਿੰਦੂ ਧਰਮ ਵਿੱਚ ਵਿਆਪਤ ਜਾਤੀ ਵਿਵਸਥਾ ਸਮਾਜ ਨੂੰ ਵੰਡਦੀ ਹੈ ਅਤੇ ਦਲਿਤਾਂ ਨੂੰ ਮਨੁਖੀ ਅਧਿਕਾਰਾਂ ਤੋਂ ਵਾਂਝਾ ਰੱਖਦੀ ਹੈ। 1927 ਵਿੱਚ ਉਨ੍ਹਾਂ ਨੇ ਮਹਾੜ ਸਤਿਆਗ੍ਰਹਿ (ਅੰਦੋਲਨ) ਸ਼ੁਰੂ ਕੀਤਾ, ਜਿੱਥੇ ਦਲਿਤਾਂ ਨੂੰ ਜਨਤਕ ਚੌਂਕ ਵਿੱਚ ਪਾਣੀ ਪੀਣ ਦਾ ਅਧਿਕਾਰ ਪ੍ਰਾਪਤ ਕਰਨ ਲਈ ਲੜਾਈ ਲੜੀ ਗਈ। ਇਹ ਇੱਕ ਵੱਡੀ ਘਟਨਾ ਸੀ ਜਿਸ ਨੇ ਦਲਿਤ ਲਹਿਰ ਨੂੰ ਨਵਾਂ ਜਨਮ ਦਿੱਤਾ। ਉਸੇ ਸਾਲ ਉਨ੍ਹਾਂ ਨੇ ਮਨੂੰਸਮ੍ਰਿਤੀ ਨੂੰ ਜਲਾਇਆ, ਜੋ ਜਾਤੀ ਪ੍ਰਥਾ ਨੂੰ ਜਾਇਜ਼ ਠਹਿਰਾਉਂਦੀ ਸੀ। ਇਹ ਕ੍ਰਾਂਤੀਕਾਰੀ ਕਦਮ ਸੀ ਜਿਸ ਨੇ ਉਨ੍ਹਾਂ ਨੂੰ ਹਿੰਦੂ ਨੇਤਾਵਾਂ ਨਾਲ ਟਕਰਾਅ ਵਿੱਚ ਲਿਆਂਦਾ। 1930 ਵਿੱਚ ਉਨ੍ਹਾਂ ਨੇ ਨਾਸਿਕ ਵਿੱਚ ਕਲਾਰਾਮ ਮੰਦਰ ਸਤਿਆਗ੍ਰਹਿ ਕੀਤਾ, ਜਿੱਥੇ ਦਲਿਤਾਂ ਨੂੰ ਮੰਦਰ ਵਿੱਚ ਪ੍ਰਵੇਸ਼ ਦੀ ਮੰਗ ਕੀਤੀ ਗਈ। ਇਹ ਸੰਘਰਸ਼ ਉਨ੍ਹਾਂ ਦੇ ਮਿਸ਼ਨ ਨੂੰ ਵਿਆਪਕ ਬਣਾਉਂਦੇ ਰਹੇ। ਉਨ੍ਹਾਂ ਨੇ ‘Annihilation of Cast’ ਨਾਂ ਦੀ ਕਿਤਾਬ ਲਿਖੀ ਜੋ ਜਾਤੀ ਪ੍ਰਥਾ ਦਾ ਵਿਗਿਆਨਕ ਤਰੀਕੇ ਨਾਲ ਵਿਸ਼ਲੇਸ਼ਣ ਕਰਦੀ ਹੈ। ਉਹ ਮੰਨਦੇ ਸਨ ਕਿ ਜਾਤੀ ਪ੍ਰਥਾ ਨੂੰ ਖ਼ਤਮ ਕੀਤੇ ਬਿਨਾਂ ਭਾਰਤ ਸੱਚੀ ਅਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ।
ਡਾ. ਅੰਬੇਡਕਰ ਨੇ ਬਹਿਸ਼ਕ੍ਰਿਤ ਭਾਰਤ ਅਤੇ ਜਨਤਾ ਵਰਗੇ ਅਖ਼ਬਾਰ ਸ਼ੁਰੂ ਕੀਤੇ ਜੋ ਦਲਿਤਾਂ ਦੀ ਅਵਾਜ਼ ਬਣੇ। ਉਨ੍ਹਾਂ ਨੇ ਯਓਲਾ ਕਾਨਫਰੰਸ ਵਿੱਚ ਕਿਹਾ ਕਿ 'ਮੈਂ ਹਿੰਦੂ ਵਜੋਂ ਜੰਮਿਆ ਹਾਂ ਪਰ ਹਿੰਦੂ ਵਜੋਂ ਨਹੀਂ ਮਰਾਂਗਾ'। ਇਹ ਬਿਆਨ ਉਨ੍ਹਾਂ ਦੇ ਮਿਸ਼ਨ ਨੂੰ ਨਵੀਂ ਦਿਸ਼ਾ ਦਿੰਦਾ ਸੀ, ਇਸ ਤੋਂ ਬਾਅਦ ਉਹ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਵੱਲ ਵਧੇ। ਉਨ੍ਹਾਂ ਦੇ ਸੰਘਰਸ਼ ਨੇ ਦਲਿਤਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਤੇ ਉਨ੍ਹਾਂ ਨੂੰ ਸੰਗਠਿਤ ਕੀਤਾ। ਇਹ ਪੜ੍ਹਾਅ ਉਨ੍ਹਾਂ ਦੇ ਮਿਸ਼ਨ ਨੂੰ ਰਾਸ਼ਟਰੀ ਪੱਧਰ ਤੇ ਲੈ ਗਿਆ, ਜਿੱਥੇ ਉਹ ਗਾਂਧੀ ਜੀ ਨਾਲ ਵੀ ਟਕਰਾਏ। ਪੂਨਾ ਪੈਕਟ 1932 ਵਿੱਚ ਉਨ੍ਹਾਂ ਨੇ ਗਾਂਧੀ ਜੀ ਨਾਲ ਸਮਝੌਤਾ ਕੀਤਾ, ਜਿਸ ਵਿੱਚ ਦਲਿਤਾਂ ਲਈ ਵੱਖਰੇ ਵੋਟਾਂ ਦੀ ਬਜਾਏ ਰਿਜ਼ਰਵ ਸੀਟਾਂ ਪ੍ਰਾਪਤ ਹੋਈਆਂ। ਇਹ ਉਨ੍ਹਾਂ ਦੇ ਮਿਸ਼ਨ ਦੀ ਵੱਡੀ ਜਿੱਤ ਸੀ, ਜਿਸ ਨੇ ਦਲਿਤਾਂ ਨੂੰ ਰਾਜਨੀਤਿਕ ਤਾਕਤ ਪ੍ਰਦਾਨ ਕੀਤੀ। ਉਨ੍ਹਾਂ ਨੇ 'ਇੰਡੀਪੈਂਡੈਂਟ ਲੇਬਰ ਪਾਰਟੀ' ਬਣਾਈ ਜੋ ਮਜ਼ਦੂਰਾਂ ਅਤੇ ਦਲਿਤਾਂ ਦੇ ਹੱਕਾਂ ਲਈ ਲੜੀ। ਇਸ ਤਰ੍ਹਾਂ ਉਨ੍ਹਾਂ ਦਾ ਮਿਸ਼ਨ ਸਮਾਜਿਕ ਨਿਆਂ ਨੂੰ ਆਰਥਿਕ ਨਿਆਂ ਨਾਲ ਜੋੜਦਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬਿਨਾਂ ਆਰਥਿਕ ਸਮਾਨਤਾ ਦੇ ਸਮਾਜਿਕ ਸਮਾਨਤਾ ਸੰਭਵ ਨਹੀਂ। ਉਨ੍ਹਾਂ ਨੇ ਉਦਯੋਗਿਕ ਵਿਕਾਸ ਦੇ ਸਿਧਾਂਤ ਦੇ ਨਾਲ-ਨਾਲ ਜ਼ਮੀਨ ਸੁਧਾਰ, ਖੇਤੀਬਾੜੀ ਦੇ ਅਧੁਨਕੀਕਰਨ ਅਤੇ ਮਜ਼ਦੂਰਾਂ ਦੇ ਹੱਕਾਂ ਉੱਤੇ ਜ਼ੋਰ ਦਿੱਤਾ।
ਡਾ. ਅੰਬੇਡਕਰ ਦਾ ਰਾਜਨੀਤਿਕ ਜੀਵਨ ਉਨ੍ਹਾਂ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਵਾਲਾ ਸੀ। ਉਹ 1926 ਵਿੱਚ ਬੰਬਈ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਬਣੇ ਅਤੇ ਦਲਿਤਾਂ ਦੇ ਮੁੱਦੇ ਉਠਾਏ। 1937 ਵਿੱਚ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ। ਆਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਨੇ ਦਲਿਤਾਂ ਨੂੰ ਸ਼ਾਮਿਲ ਕੀਤਾ ਅਤੇ ਉਨ੍ਹਾਂ ਨੇ 'ਥੌਟਸ ਆਨ ਪਾਕਿਸਤਾਨ' ਵਰਗੀ ਕਿਤਾਬ ਲਿਖ ਕੇ ਵੰਡ 'ਤੇ ਵਿਚਾਰ ਕੀਤੇ। 1947 ਵਿੱਚ ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਸੰਵਿਧਾਨ ਨਿਰਮਾਣ ਕਮੇਟੀ ਦੇ ਚੇਅਰਮੈਨ ਨਿਯੁਕਤ ਹੋਏ। ਉਨ੍ਹਾਂ ਨੇ ਸੰਵਿਧਾਨ ਵਿੱਚ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਨੂੰ ਕੇਂਦਰ ਵਿੱਚ ਰੱਖਿਆ। ਮੁੱਲਾਂ ਦੀ ਆਜ਼ਾਦੀ (ਵਿਚਾਰ, ਧਰਮ, ਬੋਲਣ ਦੀ ਅਜ਼ਾਦੀ) ਨੂੰ ਯਕੀਨੀ ਬਣਾਇਆ। ਅਲਪਸੰਖਿਅਕਾਂ, ਮਹਿਲਾਵਾਂ, ਸ਼ੋਸ਼ਿਤ ਵਰਗਾਂ ਲਈ ਵਿਸ਼ੇਸ਼ ਹੱਕ ਦਿੱਤੇ। ਉਨ੍ਹਾਂ ਨੇ ਸੰਵਿਧਾਨ ਵਿੱਚ ਅਨੁਛੇਦ 17 ਸ਼ਾਮਲ ਕਰ ਕੇ ਅਛੂਤ ਪ੍ਰਥਾ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਅਤੇ ਰਿਜ਼ਰਵੇਸ਼ਨ ਵਿਵਸਥਾ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ, ਭਾਰਤ ਨੂੰ ਇੱਕ ਸਮਾਨ ਅਤੇ ਨਿਆਂਪੂਰਨ ਸਮਾਜ ਬਣਾਏਗਾ। ਉਨ੍ਹਾਂ ਦੇ ਮਿਸ਼ਨ ਨੇ ਰਾਜਨੀਤੀ ਨੂੰ ਸਮਾਜ ਸੁਧਾਰ ਨਾਲ ਜੋੜਿਆ। ਅੰਬੇਡਕਰ ਮਹਿਲਾਵਾਂ ਦੇ ਅਧਿਕਾਰਾਂ ਦੇ ਸਭ ਤੋਂ ਵੱਡੇ ਯੋਧਾ ਸਨ। ਉਨ੍ਹਾਂ ਨੇ ਹਿੰਦੂ ਕੋਡ ਬਿੱਲ ਰਾਹੀਂ ਮਹਿਲਾਵਾਂ ਨੂੰ ਸੰਪਤੀ ਦਾ ਹੱਕ, ਤਲਾਕ ਦਾ ਹੱਕ ਅਤੇ ਵਿਆਹ ਵਿੱਚ ਸਮਾਨ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ। ਉਹ ਚਾਹੁੰਦੇ ਸਨ ਕਿ ਮਹਿਲਾਵਾਂ ਬਿਨਾਂ ਭੇਦਭਾਵ ਦੇ ਸਮਾਜ ਅਤੇ ਰਾਜਨੀਤੀ ਵਿੱਚ ਹਿੱਸਾ ਲੈ ਸਕਣ। ਭਾਰਤੀ ਸਮਾਜ ਵਿੱਚ ਨਾਰੀ ਨੂੰ ਪੂਰਾ ਮਾਣ-ਸਨਮਾਨ ਅਤੇ ਅਧਿਕਾਰ ਮਿਲਣ। 1951 ਵਿੱਚ ਉਨ੍ਹਾਂ ਨੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਕਿਉਂਕਿ ਹਿੰਦੂ ਕੋਡ ਬਿੱਲ ਨੂੰ ਮਨਜ਼ੂਰ ਨਹੀਂ ਕੀਤਾ ਗਿਆ। ਉਨ੍ਹਾਂ ਨੇ 'ਆਲ ਇੰਡੀਆ ਸ਼ੈਡਿਊਲਡ ਕਾਸਟਸ ਫ਼ੈਡਰੇਸ਼ਨ' ਬਣਾਈ ਅਤੇ ਰਾਜਨੀਤੀ ਵਿੱਚ ਦਲਿਤਾਂ ਨੂੰ ਨੁਮਾਇੰਦਗੀ ਦਿੱਤੀ। ਉਨ੍ਹਾਂ ਦਾ ਰਾਜਨੀਤਿਕ ਮਿਸ਼ਨ ਸੀ ਕਿ ਦਲਿਤਾਂ ਨੂੰ ਫ਼ੈਸਲੇ ਲੈਣ ਵਾਲੇ ਅਹੁਦਿਆਂ 'ਤੇ ਪਹੁੰਚਾਇਆ ਜਾਵੇ। ਇਹ ਉਨ੍ਹਾਂ ਦੇ ਵਿਚਾਰਾਂ ਨੂੰ ਅਮਲੀ ਰੂਪ ਦਿੰਦਾ ਸੀ।
1956 ਵਿੱਚ ਨਾਗਪੁਰ ਵਿੱਚ ਅੰਬੇਡਕਰ ਨੇ ਲੱਖਾਂ ਪੈਰੋਕਾਰਾਂ ਨਾਲ ਬੁੱਧ ਧਰਮ ਅਪਣਾਇਆ। ਉਹ ਮੰਨਦੇ ਸਨ ਕਿ ਹਿੰਦੂ ਧਰਮ ਵਿੱਚ ਜਾਤੀ ਪ੍ਰਥਾ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ 'ਦ ਬੁੱਧ ਐਂਡ ਹਿਜ਼ ਧੰਮ' ਕਿਤਾਬ ਲਿਖੀ ਜੋ ਬੁੱਧ ਧਰਮ ਨੂੰ ਨਵੇਂ ਰੂਪ ਵਿੱਚ ਪੇਸ਼ ਕਰਦੀ ਹੈ। ਇਹ ਉਨ੍ਹਾਂ ਦੇ ਮਿਸ਼ਨ ਦਾ ਅੰਤਿਮ ਪੜਾਅ ਸੀ, ਜਿੱਥੇ ਉਹ ਧਾਰਮਿਕ ਮੁਕਤੀ ਪ੍ਰਦਾਨ ਕਰ ਰਹੇ ਸਨ। ਇਸ ਤਬਦੀਲੀ ਨੇ ਦਲਿਤਾਂ ਨੂੰ ਨਵੀਂ ਪਛਾਣ ਦਿੱਤੀ ਅਤੇ ਜਾਤੀ ਪ੍ਰਥਾ ਤੋਂ ਮੁਕਤੀ ਦਾ ਰਾਹ ਵਿਖਾਇਆ। ਉਨ੍ਹਾਂ ਨੇ 22 ਪ੍ਰਤਿਗਿਆਵਾਂ ਲਈਆਂ ਜੋ ਬੁੱਧ ਧਰਮ ਨੂੰ ਵਿਗਿਆਨਕ ਬਣਾਉਂਦੀਆਂ ਹਨ। ਇਹ ਉਨ੍ਹਾਂ ਦੇ ਮਿਸ਼ਨ ਨੂੰ ਧਾਰਮਿਕ ਮਾਪਦੰਡ ਦਿੰਦਾ ਸੀ।
ਡਾ. ਅੰਬੇਡਕਰ ਨੇ ਕਈ ਕਿਤਾਬਾਂ ਲਿਖੀਆਂ ਜਿਵੇਂ 'Who Were the Shudras?, Riddles in Hinduism’ ਅਤੇ Thoughts on Linuistic States’ ਇਹ ਲਿਖਤਾਂ ਉਨ੍ਹਾਂ ਦੇ ਮਿਸ਼ਨ ਨੂੰ ਵਿਚਾਰਧਾਰਕ ਅਧਾਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਦੀ ਵਿਰਾਸਤ ਵਿੱਚਾਰਾਂ ਦੇ ਰੂਪ ਵਿੱਚ ਅੱਜ ਵੀ ਜੀਵਿਤ ਹੈ। ਭਾਰਤ ਵਿੱਚ ਸਮਾਨਤਾ ਦੀ ਨੀਤੀ ਉਨ੍ਹਾਂ ਦੇ ਵਿਚਾਰਾਂ ਤੇ ਅਧਾਰਿਤ ਹੈ। ਉਨ੍ਹਾਂ ਦੇ ਮਿਸ਼ਨ ਨੇ ਵਿਸ਼ਵ ਪੱਧਰ 'ਤੇ ਪ੍ਰਭਾਵ ਪਾਇਆ। ਯੂ. ਐੱਨ. ( United Nations) ਦੇ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਵਿੱਚ ਵੀ ਉਨ੍ਹਾਂ ਦੇ ਵਿਚਾਰ ਵੇਖੇ ਜਾ ਸਕਦੇ ਹਨ। ਅੰਬੇਡਕਰ ਦੇ ਸੁਪਨੇ, 'ਸਮਾਜਿਕ ਨਿਆਂ, ਸਿੱਖਿਆ ਦਾ ਪ੍ਰਸਾਰ, ਧਾਰਮਿਕ ਸਹਿਣਸ਼ੀਲਤਾ, ਤੇ ਲੋਕਤੰਤਰ ਦੀ ਰੱਖਿਆ' ਅੱਜ ਵੀ ਸਾਰਥਿਕ ਹਨ।
ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਚਲਾਉਣ ਲਈ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਨੂੰ ਸਿਰਫ਼ ਸੰਵਿਧਾਨ ਹੀ ਨਹੀਂ ਦਿੱਤਾ ਸਗੋਂ ਦੇਸ਼ ਦਾ ਪ੍ਰਮੁੱਖ ਬੈਂਕ 'ਰਿਜ਼ਰਬ ਬੈਂਕ ਆਫ਼ ਇੰਡੀਆ' ਵੀ ਉਨ੍ਹਾਂ ਦੀ ਹੀ ਕਿਤਾਬ 'ਦ ਪ੍ਰੋਬਲਮ ਆਫ਼ ਦ ਰੂਪਈ, ਇਟਸ ਓਰੀਜਨ ਐਂਡ ਸਲਿਊਸ਼ਨ' 'ਤੇ ਹੀ ਅਧਾਰਿਤ ਹੈ। ਜੇਕਰ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਦੀ ਗੱਲ ਕਰੀਏ ਤਾਂ ਡਾ. ਅੰਬੇਡਕਰ ਕੇਵਲ ਇੱਕੋ ਇੱਕ ਭਾਰਤੀ ਹਨ ਜਿਨ੍ਹਾਂ ਦਾ ਚਿੱਤਰ ਲੰਡਨ ਮਿਊਜਿਅਮ ਵਿਖੇ ਕਾਰਲ ਮਾਰਕਸ ਦੇ ਚਿੱਤਰ ਦੇ ਨੇੜੇ ਲੱਗਿਆ ਹੋਇਆ ਹੈ। ਉਨ੍ਹਾਂ ਦੀ ਸਵੈ-ਜੀਵਨੀ 'ਵੇਟਿੰਗ ਫ਼ਾਰ ਏ ਵੀਜ਼ਾ' ਅਮਰੀਕਾ ਦੀ ਯੂਨੀਵਰਸਿਟੀ ਕੋਲੰਬੀਆ ਵਿਖੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਹੈ। 2024 ਵਿੱਚ ਯੂ. ਐਨ. ਓ. ਵੱਲੋਂ ਵੀ ਉਨ੍ਹਾਂ ਦੇ 133 ਵੇ ਜਨਮ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ 195 ਦੇਸ਼ਾਂ ਦੇ ਪ੍ਰਤੀਨਿਧਆਂ ਨੇ ਭਾਗ ਲਿਆ। ਇਸ ਤੋਂ ਇਲਾਵਾ 26 ਨਵੰਬਰ 2025 ਨੂੰ ਸੰਵਿਧਾਨ ਦਿਵਸ ਮੌਕੇ ਪੈਰਿਸ ਵਿੱਚ ਯੂਨੇਸਕੋ ਦੇ ਮੁੱਖ ਦਫ਼ਤਰ ਵਿਖੇ ਡਾ. ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕੀਤਾ। ਬੁੱਤ 'ਤੇ ਅੰਬੇਡਕਰ ਦੇ ਨਾਮ ਵਾਲੀ ਇੱਕ ਤੱਖ਼ਤੀ ਅਤੇ ਇੱਕ ਕੈਪਸ਼ਨ ਹੈ ਜਿਸ ਵਿੱਚ ਲਿਖਿਆ ਹੈ, 'ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਭਾਰਤੀ ਸੰਵਿਧਾਨ ਦੇ 70 ਸਾਲ (1950-2025)।'
ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ। ਬੇਇਨਸਾਫ਼ੀ ਵਿਰੁੱਧ ਅਵਾਜ਼ ਉਠਾਉਣਾ ਤੇ ਉਨ੍ਹਾਂ ਦੇ ਭਾਸ਼ਨਾਂ ਵਿੱਚੋਂ ਵਿਚਾਰ ਲੈ ਕੇ ਆਮ ਲੋਕਾਂ ਨੂੰ ਜਾਗ੍ਰਿਤ ਕਰੀਏ ਤੇ ਉਹਨਾਂ ਨੂੰ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੀਏ। ਡਾ. ਅੰਬੇਡਕਰ ਦਾ ਵਿਚਾਰ ਸੀ, "ਮਨੁੱਖ ਨਾਸ਼ਵਾਨ ਹਨ। ਇਸੇ ਤਰ੍ਹਾਂ ਵਿਚਾਰਾਂ ਦਾ ਵੀ ਖ਼ਾਤਮਾ ਹੋ ਜਾਂਦਾ ਹੈ। ਜਿਵੇਂ ਪ੍ਰਫੁਲਤ ਹੋਣ ਲਈ ਇੱਕ ਪੌਦੇ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਉਸੇ ਤਰ੍ਹਾਂ ਵਿਚਾਰਾਂ ਨੂੰ ਜਿੰਦਾ ਰੱਖਣ ਲਈ ਲਗਾਤਾਰ ਪ੍ਰਚਾਰ ਦੀ ਲੋੜ ਹੁੰਦੀ ਹੈ। ਨਹੀਂ ਤਾਂ ਦੋਨੋਂ ਮੁਰਝਾ ਜਾਣਗੇ, ਮਰ ਜਾਣਗੇ ਅਤੇ ਖ਼ਤਮ ਹੋ ਜਾਣਗੇ।" ਆਮ ਲੋਕਾਂ ਨੂੰ ਉਹ 22 ਪ੍ਰਤਿਗਿਆਵਾਂ ਬਾਰੇ ਜਾਣੂ ਕਰਵਾਈਏ ਜੋ ਉਨ੍ਹਾਂ ਨੇ ਬੁੱਧ ਧਰਮ ਨੂੰ ਧਾਰਨ ਕਰਨ ਸਮੇਂ ਲਈਆਂ ਸਨ। ਡਾ. ਅੰਬੇਡਕਰ ਸਾਹਿਬ ਕਿਹਾ ਕਰਦੇ ਸਨ ਕਿ ਪੜ੍ਹੇ-ਲਿਖੇ ਤੋਂ ਸਾਰੇ ਪਿੰਡ ਨੂੰ ਉਮੀਦ ਹੁੰਦੀ ਹੈ ਕਿ ਉਹ ਸਮਾਜ ਲਈ ਕੁੱਝ ਕਰੇਗਾ। ਡਾ. ਅੰਬੇਡਕਰ ਦਾ ਮਿਸ਼ਨ ਤੁਹਾਨੂੰ ਪੰਜਵੀਂ ਮੰਜ਼ਿਲ 'ਤੇ ਇੱਟਾਂ ਢੋਣ ਲਈ ਨਹੀਂ ਕਹਿੰਦਾ ਨਾ ਹੀ ਤੁਹਾਡੇ ਕੋਲੋ ਹਜ਼ਾਰਾਂ ਰੁਪਏ ਦੀ ਮੰਗ ਕਰਦਾ ਹੈ, ਮਿਸ਼ਨ ਸਿਰਫ਼ ਇਹ ਹੀ ਉਮੀਦ ਕਰਦਾ ਹੈ ਕਿ ਤੁਸੀਂ ਜੋ ਵੀ ਕੰਮ ਕਰਦੇ ਹੋ, (ਡਾ., ਪਲੰਬਰ, ਨਾਈ, ਮਜ਼ਦੂਰ, ਦਰਜ਼ੀ, ਮਾਸਟਰ, ਵਕੀਲ, ਮੈਨੇਜਰ, ਠੇਕੇਦਾਰ, ਵੈੱਲਡਰ) ਆਪਣੇ ਕੰਮ ਰਾਹੀਂ ਆਪਣੇ ਮੁਹੱਲੇ ਜਾਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਮੱਦਦ ਕਰੋ। ਗ਼ਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਵਿੱਚ ਮੱਦਦ ਕਰੋ। ਨੌਕਰੀ-ਪੇਸ਼ੇ ਵਾਲੇ ਜੇ ਸਮਾਜ ਨੂੰ ਸਮਾਂ ਨਹੀਂ ਦੇ ਸਕਦੇ ਤਾਂ ਸਮੇਂ-ਸਮੇਂ 'ਤੇ ਵਿੱਤੀ ਸਹਾਇਤਾ ਕਰਨ, ਅੰਬੇਡਕਰ ਦਾ ਵਿਚਾਰ ਸੀ ਕਿ ਨੌਕਰੀ-ਪੇਸ਼ੇ ਵਾਲੇ ਪਰਿਵਾਰ ਆਪਣੀ ਆਮਦਨ ਦਾ ਵੀਹਵਾਂ ਹਿੱਸਾਂ ਸਮਾਜ ਦੇ ਉਥਾਨ ਲਈ ਖ਼ਰਚ ਕਰਨ ਤਾਂ ਕਿ ਭਾਰਤ ਸੱਚੇ ਅਰਥਾਂ ਵਿੱਚ ਮਹਾਨ ਬਣੇ। ਇਸ ਤੋਂ ਇਲਾਵਾ ਪੜ੍ਹੇ-ਲਿਖੇ ਚੇਤਨ ਸਾਥੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅੰਧਵਿਸ਼ਵਾਸ਼ਾਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗ੍ਰਿਤ ਕਰਨ।
ਸੰਖੇਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਡਾ. ਅੰਬੇਡਕਰ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਹਰ ਪਲ ਸੰਘਰਸ਼ਸ਼ੀਲ ਰਹੇ, ਇਸ ਸੰਘਰਸ਼ ਦੌਰਾਨ ਉਨ੍ਹਾਂ ਨੇ ਆਪਣੇ ਚਾਰ ਬੱਚੇ ਤੇ ਪਤਨੀ ਵੀ ਸਾਡੇ ਲਈ ਵਾਰ ਦਿੱਤੇ। ਉਹ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸੀ ਜਿੱਥੇ ਜਾਤੀ, ਧਰਮ ਜਾਂ ਲਿੰਗ ਦੇ ਆਧਾਰ ਤੇ ਭੇਦਭਾਵ ਨਾ ਹੋਵੇ। ਉਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਲਈ ਸਮਰਪਿਤ ਕੀਤਾ ਅਤੇ ਭਾਰਤ ਨੂੰ ਇੱਕ ਮਜ਼ਬੂਤ ਸੰਵਿਧਾਨ ਦਿੱਤਾ। ਉਨ੍ਹਾਂ ਨੂੰ 1990 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਭਾਵਂੇ ਉਹ ਸਰੀਰਕ ਤੌਰ 'ਤੇ ਸਾਡੇ ਵਿੱਚੋਂ 6 ਦਸੰਬਰ 1956 ਨੂੰ ਚਲੇ ਗਏ ਪਰ ਉਨ੍ਹਾਂ ਦਾ ਮਿਸ਼ਨ ਅੱਜ ਵੀ ਜੀਵਿਤ ਹੈ ਤੇ ਹਰ ਉਸ ਮਨੁੱਖ ਲਈ ਪ੍ਰੇਰਣਾ ਦਾ ਸ੍ਰੋਤ ਹੈ ਜੋ ਇਨਸਾਫ਼ ਅਤੇ ਬਰਾਬਰੀ ਲਈ ਲੜਦਾ ਹੈ। ਲੋਕ ਜਾਗ੍ਰਿਤ ਹੋ ਰਹੇ ਹਨ। ਹੋਲੀ-ਹੋਲੀ ਆਰਥਿਕ ਅਤੇ ਸਮਾਜਿਕ ਤਬਦੀਲੀ ਆ ਰਹੀ ਹੈ। ਜੋ ਮਾਨਵਤਾ ਲਈ ਇਕ ਸ਼ੁਭ ਸ਼ੰਕੇਤ ਹੈ।
ਲੇਖਕ :
ਪ੍ਰੋਫ਼ੈਸਰ ਮਨਜੀਤ ਤਿਆਗੀ 'ਸਟੇਟ ਐਵਾਰਡੀ'
ਮਾਲੇਰਕੋਟਲਾ/ਅੰਮ੍ਰਿਤਸਰ ਫ਼ੋਨ: 9814096108
ਸੰਸਥਾਪਕ ਤੇ ਮੁੱਖ ਬੁਲਾਰਾ: ਮਿਸ਼ਨ 'ਜ਼ਿੰਦਗੀ ਖ਼ੂਬਸੂਰਤ ਹੈ'