
ਇਜ਼ਰਾਈਲ ਦੇ ਜੰਗ ਵਿਰੋਧੀ ਕਾਰਕੁੰਨ ਐਲਨ ਲੀ ਗ੍ਰੀਨ ਨਾਲ ਮੁਲਾਕਾਤ - ਮੁਲਾਕਾਤੀ: ਏਮੀ ਗੁੱਡਮੈਨ, ਡੈਮੋਕਰੇਸੀ ਨਾਉ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
(4 ਅਪ੍ਰੈਲ ਸਨਿੱਚਰਵਾਰ ਨੂੰ ਇਜ਼ਰਾਈਲ ਦੇ ਕਈ ਸ਼ਹਿਰਾਂ ਵਿੱਚ ਇਜ਼ਰਾਈਲ ਵਲੋਂ ਇਰਾਨ, ਗਾਜ਼ਾ ਅਤੇ ਲੈਬਨਾਨ ਵਿਰੁੱਧ ਲੜੀ ਜਾ ਰਹੀ ਜੰਗ ਦੇ ਵਿਰੋਧ ਵਿੱਚ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧ ਵਿੱਚ ਡੈਮੋਕਰੇਸੀ ਨਾਉ ਦੀ ਪੱਤਰਕਾਰ ਏਮੀ ਗੁੱਡਮੈਨ ਨੇ ਇਜ਼ਰਾਈਲ ਦੇ ਜੰਗ ਵਿਰੋਧੀ ਕਾਰਕੁੰਨ ਅਤੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦੇ ਸਾਂਝੇ ਗਰੁੱਪ "ਸਟੈਂਡਿੰਗ ਟੂਗੈਦਰ" ਦੇ ਸਹਿ-ਡਾਇਰੈਕਟਰ ਐਲਨ ਲੀ ਗ੍ਰੀਨ ਨਾਲ ਇਕ ਮੁਲਾਕਾਤ ਕੀਤੀ ਹੈ, ਜਿਹੜੀ democracy.org ਦੇ ਸਾਈਟ `ਤੇ 6 ਅਪ੍ਰੈਲ ਨੂੰ ਪ੍ਰਕਾਸ਼ਤ ਹੋਈ । ਪੰਜਾਬੀ ਪਾਠਕਾਂ ਲਈ ਇਸ ਮੁਲਾਕਾਤ ਦਾ ਪੰਜਾਬੀ ਵਿੱਚ ਅਨੁਵਾਦ ਪੇਸ਼ ਹੈ।)
ਏਮੀ ਗੁਡਮੈਨ: ਅਸੀਂ ਅੱਜ ਦੇ ਸ਼ੋਅ ਦੀ ਸ਼ੁਰੂਆਤ ਇਜ਼ਰਾਈਲ ਤੋਂ ਕਰ ਰਹੇ ਹਾਂ, ਜਿੱਥੇ ਸਨਿੱਚਰਵਾਰ ਨੂੰ ਤੇਲ ਅਵੀਵ ਵਿੱਚ ਇੱਕ ਜੰਗ-ਵਿਰੋਧੀ ਪ੍ਰਦਰਸ਼ਨ ਨੂੰ ਇਜ਼ਰਾਈਲੀ ਪੁਲੀਸ ਨੇ ਹਿੰਸਕ ਤਰੀਕੇ ਨਾਲ ਕੁਚਲਦਿਆਂ ਘੱਟੋ-ਘੱਟ 17 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਇਕੱਠ ਵਿੱਚ ਇਕੱਤਰ ਹੋਏ ਸੈਂਕੜੇ ਲੋਕ ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ਵਿਰੁੱਧ ਲੜੀ ਜਾ ਰਹੀ ਜੰਗ ਦੀ ਨਿੰਦਾ ਕਰ ਰਹੇ ਸਨ। ਇਹ ਗ੍ਰਿਫਤਾਰੀਆਂ ਇਜ਼ਰਾਈਲ ਦੀ ਸਿਖਰਲੀ ਅਦਾਲਤ ਦੇ ਉਸ ਆਦੇਸ਼ ਦੇ ਬਾਵਜੂਦ ਕੀਤੀਆਂ ਗਈਆਂ, ਜਿਸ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਜ਼ਰਾਈਲੀ ਪੁਲੀਸ ਨੇ ਫਿਰ ਵੀ ਇਰਾਨੀ ਮਿਜ਼ਾਈਲਾਂ ਦੇ ਖਤਰਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਹਾਈਫਾ ਅਤੇ ਜੇਰੂਸਲਮ ਵਿੱਚ ਵੀ ਪ੍ਰਦਰਸ਼ਨ ਹੋਏ।
ਹਾਰੇਟਜ਼ ਅਖਬਾਰ ਦੀ ਇਕ ਰਿਪੋਰਟ ਅਨੁਸਾਰ ਪ੍ਰਦਰਸ਼ਨ ਦੇ ਸਮੇਂ ਦੇ ਕਰੀਬ ਯਮਨ ਦੇ ਹੂਥੀਆਂ ਵੱਲੋਂ ਦਾਗੀ ਗਈ ਇੱਕ ਮਿਜ਼ਾਈਲ ਕਾਰਨ ਤੇਲ ਅਵੀਵ ਵਿੱਚ ਸਾਇਰਨ ਵੱਜਣ ਲੱਗੇ, ਪਰ ਪੁਲੀਸ ਨੇ ਕਥਿਤ ਤੌਰ 'ਤੇ ਗ੍ਰਿਫਤਾਰ ਪ੍ਰਦਰਸ਼ਨਕਾਰੀਆਂ ਨੂੰ ਬੰਬਾਂ ਤੋਂ ਬਚਾਅ ਲਈ ਬਣੇ ਅੰਡਰਗ੍ਰਾਊਂਡ ਸ਼ੈਲਟਰ ਵਿੱਚ ਲਿਜਾਣ ਤੋਂ ਇਨਕਾਰ ਕਰ ਦਿੱਤਾ।
ਇਜ਼ਰਾਈਲ-ਫਲਸਤੀਨੀ ਗਰਾਸ ਰੂਟ ਗਰੁੱਪ 'ਸਟੈਂਡਿੰਗ ਟੂਗੈਦਰ' ਦਾ ਸਹਿ-ਡਾਇਰੈਕਟਰ ਅਤੇ ਤੇਲ ਅਵੀਵ ਵਿੱਚ ਸਨਿੱਚਰਵਾਰ ਦੇ ਜੰਗ-ਵਿਰੋਧੀ ਪ੍ਰਦਰਸ਼ਨ ਦਾ ਪ੍ਰਬੰਧਕ, ਐਲਨ-ਲੀ ਗ੍ਰੀਨ ਵੀ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਲਗਭਗ ਸੱਤ ਘੰਟੇ ਬਾਅਦ ਰਿਹਾ ਕਰ ਦਿੱਤਾ ਗਿਆ। ਉਹ ਹੁਣ 'ਡੈਮੋਕਰੇਸੀ ਨਾਉ' 'ਤੇ ਸਾਡੇ ਨਾਲ ਗੱਲ ਕਰਨਗੇ।
ਐਲਨ-ਲੀ ਅਸੀਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੇ ਹਾਂ ਕਿਉਂਕਿ ਇਸ ਇੰਟਰਵਿਊ ਤੋਂ ਤੁਰੰਤ ਬਾਅਦ ਤੁਸੀਂ ਅਦਾਲਤ ਵਿੱਚ ਪੇਸ਼ ਹੋਣਾ ਹੈ। ਪਹਿਲਾਂ, ਇਹ ਦੱਸੋ ਕਿ ਪਿਛਲੇ ਵੀਕ-ਇੰਡ `ਤੇ ਸੈਂਕੜੇ ਇਜ਼ਰਾਈਲੀ, ਨਾ ਸਿਰਫ ਤੇਲ ਅਵੀਵ ਵਿੱਚ, ਸਗੋਂ ਹਾਈਫਾ ਅਤੇ ਜੇਰੂਸਲਮ ਵਿੱਚ ਵੀ, ਕਿਉਂ ਪ੍ਰਦਰਸ਼ਨ ਕਰ ਰਹੇ ਸਨ, ਤੁਸੀਂ ਉੱਥੇ ਕਿਉਂ ਸੀ, ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ?
ਐਲਨ-ਲੀ ਗ੍ਰੀਨ: ਹਾਏ, ਏਮੀ। ਮੈਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ।
ਅਸਲ ਵਿੱਚ ਇਸ ਹਫਤੇ ਹਜ਼ਾਰਾਂ ਇਜ਼ਰਾਈਲੀ ਸੜਕਾਂ 'ਤੇ ਉਤਰ ਆਏ ਹਨ, ਅਤੇ ਇਹ ਇੱਕ ਅਜਿਹਾ ਰੋਸ ਹੈ ਜੋ ਇਜ਼ਰਾਈਲ ਵਿੱਚ ਵਧ ਰਿਹਾ ਹੈ। ਲੋਕ ਜਾਣਦੇ ਹਨ ਕਿ ਇਹ ਜੰਗ ਸਾਨੂੰ ਕੋਈ ਸੁਰੱਖਿਆ ਨਹੀਂ ਦੇਵੇਗੀ, ਕਿ ਇਹ ਜੰਗ ਸਿਰਫ ਮਿਡਲ ਈਸਟ ਦੇ ਲੋਕਾਂ - ਲੈਬਨਾਨੀਆਂ, ਫਲਸਤੀਨੀਆਂ, ਇਰਾਨੀਆਂ ਅਤੇ ਇਜ਼ਰਾਈਲੀਆਂ- ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਸੀਂ ਕੀਮਤ ਅਦਾ ਕਰ ਰਹੇ ਹਾਂ -ਟੁੱਟੇ ਪਰਿਵਾਰਾਂ, ਮਾਰੇ ਜਾ ਰਹੇ ਲੋਕਾਂ, ਢਾਹੇ ਜਾ ਰਹੇ ਘਰਾਂ ਨਾਲ। ਇਹ ਜੰਗ ਦੀ ਅਸਲੀਅਤ ਹੈ।
ਅਤੇ ਇਹ ਜੰਗ ਟਰੰਪ ਅਤੇ ਨੇਤਨਯਾਹੂ ਦੁਆਰਾ ਸ਼ੁਰੂ ਕੀਤੀ ਗਈ ਜੰਗ ਹੈ। ਅਸੀਂ ਇਸ ਜੰਗ ਦਾ ਵਿਰੋਧ ਕਰਦੇ ਹਾਂ ਕਿਉਂਕਿ ਇਹ ਇੱਕ ਅਣਮੁੱਕਣ ਵਾਲੀ ਜੰਗ ਹੈ। ਇਜ਼ਰਾਈਲ ਗਾਜ਼ਾ ਤੋਂ ਲੈਬਨਾਨ ਤੋਂ ਵੈਸਟ ਬੈਂਕ ਤੋਂ ਈਰਾਨ ਵੱਲ ਵਧ ਰਿਹਾ ਹੈ, ਅਤੇ ਫਿਰ ਉਹਨਾਂ ਹੀ ਮੋਰਚਿਆਂ 'ਤੇ ਵਾਪਸ ਆ ਜਾਂਦਾ ਹੈ। ਉਹ ਸਾਨੂੰ ਦੱਸਦੇ ਹਨ ਕਿ ਇਹ ਸਾਡੀ ਸੁਰੱਖਿਆ ਲਈ ਹੈ। ਪਰ ਅਸਲੀਅਤ ਵਿੱਚ, ਅਸੀਂ ਸਾਰੇ ਕੀਮਤ ਅਦਾ ਕਰ ਰਹੇ ਹਾਂ, ਅਤੇ ਅਸੀਂ ਸਾਰੇ ਇਸ ਜੰਗ ਵਿੱਚ ਹਾਰ ਰਹੇ ਹਾਂ।
ਏਮੀ ਗੁਡਮੈਨ: ਐਲਨ-ਲੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜੋ ਇਰਾਨ, ਲੈਬਨਾਨ, ਇਜ਼ਰਾਈਲ, ਗਾਜ਼ਾ ਅਤੇ ਵੈਸਟ ਬੈਂਕ ਵਿੱਚ ਮਾਰੇ ਗਏ ਹਨ। ਕੀ ਤੁਸੀਂ ਇਰਾਨ ਵਿਰੁੱਧ ਇਜ਼ਰਾਈਲ ਦੀ ਜੰਗ ਅਤੇ ਲੈਬਨਾਨ ਉੱਤੇ ਹਮਲਿਆਂ ਦੇ ਨਾਲ-ਨਾਲ ਵੈਸਟ ਬੈਂਕ ਵਿੱਚ ਇਜ਼ਰਾਈਲ ਦੀਆਂ ਬਸਤੀਆਂ ਵਸਾਉਣ ਵਾਲਿਆਂ (ਇਜ਼ਰਾਈਲ ਦੇ ਸੈਟਲਰਾਂ) ਦੀ ਹਿੰਸਾ ਅਤੇ ਗਾਜ਼ਾ ਵਿੱਚ ਲਗਾਤਾਰ ਮਾਰੇ ਜਾ ਰਹੇ ਫਲਸਤੀਨੀਆਂ ਵਿਚਕਾਰ ਸਬੰਧਾਂ ਬਾਰੇ ਗੱਲ ਕਰ ਸਕਦੇ ਹੋ?
ਐਲਨ-ਲੀ ਗ੍ਰੀਨ: ਮੈਨੂੰ ਲਗਦਾ ਹੈ ਕਿ ਇਹ ਸਾਰੇ ਵੱਖ-ਵੱਖ ਮੋਰਚੇ, ਇਹ ਸਾਰੇ ਵੱਖ-ਵੱਖ ਦ੍ਰਿਸ਼ ਇੱਕ ਅਣਮੁੱਕਣ ਵਾਲੀ ਜੰਗ ਵਿੱਚ ਰਲ ਰਹੇ ਹਨ ਜਿਸ ਜੰਗ ਨੂੰ ਸਾਡੀ ਸਰਕਾਰ ਅਤੇ ਸਰਕਾਰਾਂ ਨੇ ਸੱਤਾ ਵਿੱਚ ਬਣੇ ਰਹਿਣ ਲਈ, ਸਾਡੇ ਸਮਾਜ ਵਿੱਚ ਲੋਕਾਂ ਨੂੰ ਕਾਲਪਨਿਕ ਦੁਸ਼ਮਣਾਂ ਵਿਰੁੱਧ ਭੜਕਾਉਣ ਲਈ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਜੇਕਰ ਉਹ ਗਾਜ਼ਾ ਵਿੱਚ ਲੋਕਾਂ ਨੂੰ ਮਾਰਨਗੇ ਅਤੇ ਫਿਰ ਸੈਟਲਰਾਂ (ਬਸਤੀਆਂ ਵਸਾਉਣ ਵਾਲਿਆਂ) ਨੂੰ ਵੈਸਟ ਬੈਂਕ ਵਿੱਚ ਲੋਕਾਂ ਦੀ ਹੱਤਿਆ ਕਰਨ ਦੀ ਇਜਾਜ਼ਤ ਦੇਣਗੇ ਅਤੇ ਫਿਰ ਇਰਾਨ ਅਤੇ ਲੈਬਨਾਨ ਉੱਤੇ ਹਮਲਾ ਕਰਨਗੇ, ਤਾਂ ਇਜ਼ਰਾਈਲੀ ਜਨਤਾ ਚੁੱਪ ਰਹੇਗੀ ਅਤੇ ਉਹ ਸੋਚੇਗੀ ਕਿ ਇਹ ਸਮਾਂ ਪ੍ਰਦਰਸ਼ਨ ਕਰਨ ਦਾ ਸਮਾਂ ਨਹੀਂ ਹੈ। ਪਰ ਮੇਰੇ ਖਿਆਲ ਵਿੱਚ ਇਜ਼ਰਾਈਲੀ ਜਨਤਾ ਜਾਗ ਰਹੀ ਹੈ। ਬਹੁਤ ਸਾਰੇ ਲੋਕ ਗੁੱਸੇ ਵਿੱਚ ਹਨ। ਜੰਗ ਨੂੰ ਚਲਦਿਆਂ ਤਿੰਨ ਸਾਲ ਹੋ ਗਏ ਹਨ। ਲੋਕ ਥੱਕ ਗਏ ਹਨ। ਲੋਕ ਆਪਣੇ ਪਰਿਵਾਰਾਂ ਲਈ ਵੱਖਰੀਆਂ ਹਕੀਕਤਾਂ ਚਾਹੁੰਦੇ ਹਨ। ਲੋਕ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਗੁਆ ਰਹੇ ਹਨ ਜੋ ਫੌਜ ਵਿੱਚ ਮਾਰਨ ਅਤੇ ਮਾਰੇ ਜਾਣ ਲਈ ਭੇਜੇ ਜਾਂਦੇ ਹਨ।
ਅਤੇ ਮੈਂ ਮੰਨਦਾ ਹਾਂ ਕਿ ਇਹ ਇਜ਼ਰਾਈਲ ਵਿੱਚ ਖੱਬੇ ਪੱਖੀਆਂ ਕੋਲ ਸੰਘਰਸ਼ ਨੂੰ ਫਲਸਤੀਨੀਆਂ, ਲੈਬਨਾਨੀਆਂ, ਮਿਡਲ ਈਸਟ ਦੇ ਲੋਕਾਂ ਦੇ ਹਿੱਤਾਂ, ਇਜ਼ਰਾਈਲੀ ਲੋਕਾਂ ਦੇ ਹਿੱਤਾਂ ਨਾਲ ਜੋੜਨ ਦਾ ਵੀ ਇੱਕ ਮੌਕਾ ਹੈ, ਕਿਉਂਕਿ ਲੋਕ ਜੋ ਕੀਮਤ ਅਦਾ ਕਰ ਰਹੇ ਹਨ, ਉਹ ਸਾਰਿਆਂ ਲਈ ਇੱਕੋ ਜਿਹੀ ਕੀਮਤ ਨਹੀਂ ਹੈ। ਮੈਂ ਜਾਣਦਾ ਹਾਂ ਕਿ ਇੱਕ ਇਜ਼ਰਾਈਲੀ ਨਾਗਰਿਕ ਹੋਣ ਦੇ ਨਾਤੇ, ਮੈਂ ਗਾਜ਼ਾ ਜਾਂ ਵੈਸਟ ਬੈਂਕ ਵਿੱਚ ਰਹਿ ਰਹੇ ਫਲਸਤੀਨੀ ਜਿੰਨੀ ਕੀਮਤ ਨਹੀਂ ਅਦਾ ਕਰ ਰਿਹਾ। ਪਰ ਵੱਖ-ਵੱਖ ਡਿਗਰੀਆਂ ਵਿੱਚ ਲੋਕਾਂ ਦਾ ਦੁੱਖ ਫਿਰ ਵੀ ਦੁੱਖ ਹੀ ਹੈ। ਅਤੇ ਗਾਜ਼ਾ, ਵੈਸਟ ਬੈਂਕ, ਲੈਬਨਾਨ, ਇਰਾਨ ਅਤੇ ਇਜ਼ਰਾਈਲ ਵਿੱਚ ਮਾਰੇ ਗਏ ਬੱਚਿਆਂ ਦੀਆਂ ਤਸਵੀਰਾਂ ਫੜਨਾ ਇਹ ਦਿਖਾਉਣ ਦਾ ਇੱਕ ਤਰੀਕਾ ਹੈ ਕਿ ਹਰ ਕੋਈ ਜੰਗ ਵਿੱਚ ਹਾਰ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਕੁਝ ਫਾਇਦਾ ਹੋ ਰਿਹਾ ਹੈ, ਉਹ ਸਿਰਫ ਟਰੰਪ ਅਤੇ ਨੇਤਨਯਾਹੂ ਵਰਗੇ ਲੋਕ ਹਨ, ਹੋ ਸਕਦਾ ਹੈ ਕਿ ਫਾਇਦਾ ਉਠਾਉਣ ਵਾਲਿਆਂ ਵਿੱਚ ਕੁਝ ਤੇਲ ਕੰਪਨੀਆਂ ਹੋਣ ਜੋ ਇਨ੍ਹਾਂ ਜੰਗਾਂ ਤੋਂ ਬਹੁਤ ਮੁਨਾਫਾ ਕਮਾ ਰਹੀਆਂ ਹਨ।
ਏਮੀ ਗੁਡਮੈਨ: ਕੀ ਇਜ਼ਰਾਈਲ ਵਿੱਚ ਜੰਗ-ਵਿਰੋਧੀ ਲਹਿਰ ਵਧ ਰਹੀ ਹੈ?
ਐਲਨ-ਲੀ ਗ੍ਰੀਨ: ਹਾਂ। ਇਹ ਪਹਿਲੇ ਹਫਤੇ ਕੁਝ ਦਰਜਨ ਲੋਕਾਂ ਨਾਲ ਸ਼ੁਰੂ ਹੋਈ ਸੀ ਅਤੇ ਹੁਣ ਸਾਡੀ ਗਿਣਤੀ ਕੁਝ ਹਜ਼ਾਰ ਹੋ ਗਈ ਹੈ। ਪਹਿਲੇ ਹਫਤੇ, ਇਜ਼ਰਾਈਲੀ ਯਹੂਦੀ ਅਬਾਦੀ ਵਿੱਚ ਜੰਗ ਦਾ 90% ਸਮਰਥਨ ਸੀ, ਅਤੇ ਹੁਣ ਇਹ ਪੰਜ ਹਫਤਿਆਂ ਵਿੱਚ ਘਟ ਕੇ 60 ਪ੍ਰਤੀਸ਼ਤ ਦੇ ਕਰੀਬ ਆ ਗਿਆ ਹੈ। ਇਹ ਤੇਜ਼ੀ ਨਾਲ ਘਟ ਰਿਹਾ ਹੈ।
ਅਤੇ ਮੇਰਾ ਖਿਆਲ ਹੈ ਕਿ ਲੋਕ ਸਮਝ ਰਹੇ ਹਨ ਕਿ ਇਹ ਉਸ ਤਰ੍ਹਾਂ ਨਹੀਂ ਹੈ ਜਿਵੇਂ ਸਰਕਾਰ ਸਾਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਇੱਕ ਛੋਟੀ ਜੰਗ ਹੋਵੇਗੀ; ਅਸੀਂ ਲੋਕਤੰਤਰ ਪ੍ਰਾਪਤ ਕਰ ਲਵਾਂਗੇ ਜਾਂ ਇਰਾਨ ਦੀ ਸਰਕਾਰ ਦਾ ਡਿੱਗਣਾ ਪੱਕਾ ਕਰ ਲਵਾਂਗੇ। ਅਸੀਂ ਦੇਖ ਰਹੇ ਹਾਂ ਕਿ ਇਹ ਸੱਚ ਨਹੀਂ ਹੈ, ਨਾ ਸਿਰਫ ਇਹ ਕਿ ਉਹ ਨਹੀਂ ਜਿੱਤ ਰਹੇ, ਬਲਕਿ ਇਹ ਵੀ ਕਿ ਜੇਕਰ ਤੁਸੀਂ ਇਰਾਨੀ ਲੋਕਾਂ ਲਈ ਲੜਨ ਦਾ ਦਾਅਵਾ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਤੇਲ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੇ ਬੁਨਿਆਦੀ ਢਾਂਚੇ, ਆਰਥਕਤਾ 'ਤੇ ਹਮਲਾ ਕਿਉਂ ਕਰ ਰਹੇ ਹੋ? ਤੁਸੀਂ ਇਰਾਨ ਵਿੱਚ ਇੰਨੇ ਸਾਰੇ ਲੋਕ ਕਿਉਂ ਮਾਰ ਰਹੇ ਹੋ? ਤੁਸੀਂ 40 ਲੱਖ ਇਰਾਨੀਆਂ ਨੂੰ ਸ਼ਰਨਾਰਥੀ ਕਿਉਂ ਬਣਾ ਰਹੇ ਹੋ? ਮੇਰਾ ਖਿਆਲ ਹੈ ਕਿ ਇਹ ਝੂਠ ਹੌਲੀ-ਹੌਲੀ ਬੇਨਕਾਬ ਹੋ ਰਹੇ ਹਨ।
ਏਮੀ ਗੁਡਮੈਨ: ਕੀ ਬਹੁਤ ਸਾਰੇ ਇਜ਼ਰਾਈਲੀ ਫੌਜ ਵਿੱਚ ਸੇਵਾ ਕਰਨ ਤੋਂ ਇਨਕਾਰ ਕਰ ਰਹੇ ਹਨ?
ਐਲਨ-ਲੀ ਗ੍ਰੀਨ: ਇਸ ਜੰਗ ਵਿੱਚ, ਅਸੀਂ ਅਜੇ ਤੱਕ ਕਿਸੇ ਇਨਕਾਰੀ ਦਾ ਕੇਸ ਨਹੀਂ ਦੇਖਿਆ ਜੋ ਕਹਿੰਦਾ ਹੋਵੇ ਕਿ ਉਹ ਇਰਾਨੀ ਜੰਗ ਵਿੱਚ ਸੇਵਾ ਨਹੀਂ ਕਰੇਗਾ। ਪਰ ਤੁਸੀਂ ਰਿਜ਼ਰਵ ਫੌਜ ਵਿਚਲੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਦੇਖ ਸਕਦੇ ਹੋ ਕਿ ਬੱਸ ਹੋ ਗਿਆ। ਉਹ ਲੈਬਨਾਨ ਨਹੀਂ ਜਾ ਰਹੇ। ਉਹ ਗਾਜ਼ਾ ਵਾਪਸ ਨਹੀਂ ਜਾ ਰਹੇ। ਉਹ ਇਨਕਾਰ ਕਰ ਰਹੇ ਹਨ। ਸਾਡੀ ਲਹਿਰ ਨੇ ਰਿਜ਼ਰਵਿਸਟਾਂ ਅਤੇ ਸੈਨਿਕਾਂ ਨੂੰ ਮਨੁੱਖੀ ਜਾਨਾਂ, ਪਰਿਵਾਰਾਂ, ਗਾਜ਼ਾ, ਵੈਸਟ ਬੈਂਕ, ਲੈਬਨਾਨ ਵਿੱਚ ਬੱਚਿਆਂ ਦੀ ਸੁਰੱਖਿਆ ਦੀ ਨੈਤਿਕਤਾ ਅਪਨਾਉਣ ਲਈ ਕਿਹਾ ਹੈ।
ਮੇਰੇ ਵਿਚਾਰ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੰਗ ਦਾ ਵਿਰੋਧ ਕਰਨ ਵਾਲਾ ਇਜ਼ਰਾਈਲੀ ਹੋਣ ਲਈ ਇੱਕ ਔਖਾ ਮਾਹੌਲ ਹੈ। ਮੈਂ ਇਸ ਸਮੇਂ ਅਦਾਲਤ ਵਿੱਚ ਖੜ੍ਹਾ ਹਾਂ। ਮੇਰੇ ਸਾਹਮਣੇ, ਸੱਜੇ-ਪੱਖੀ ਭੀੜ ਦੇ ਕਾਰਕੁਨਾਂ ਦਾ ਇੱਕ ਸਮੂਹ ਹੈ ਜੋ ਮੈਨੂੰ ਗ੍ਰਿਫਤਾਰ ਕਰਨ ਲਈ ਇੱਥੇ ਆਇਆ ਹੈ, ਅਤੇ ਉਹ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਲੋਕ ਮੇਰੇ ਘਰ ਆਏ। ਸਾਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਜੋ ਕਰ ਰਹੇ ਹਾਂ, ਉਹ ਕਰਨਾ ਅਸਾਨ ਨਹੀਂ ਹੈ, ਪਰ ਅਸੀਂ ਇਹ ਸੰਭਵ ਬਣਾਉਣ, ਇਸ ਨੂੰ ਆਮ ਬਣਾਉਣ, ਇਸ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਕੂਪੇਸ਼ਨ (ਕਬਜ਼ੇ) ਦਾ ਵਿਰੋਧ ਕਰਨਾ, ਇਜ਼ਰਾਈਲ-ਫਲਸਤੀਨੀ ਸ਼ਾਂਤੀ ਦਾ ਸਮਰਥਨ ਕਰਨਾ, ਲੈਬਨਾਨ ਜਾਂ ਇਰਾਨ ਜਾਂ ਵੈਸਟ ਬੈਂਕ ਵਿੱਚ ਇਸ ਅਣਮੁੱਕਣ ਵਾਲੀ ਜੰਗ ਦੇ ਅੰਤ ਦਾ ਸਮਰਥਨ ਕਰਨਾ ਦੇਸ਼ ਭਗਤੀ ਵਾਲਾ ਕੰਮ ਹੈ। ਅਤੇ ਮੈਨੂੰ ਲਗਦਾ ਹੈ ਕਿ ਅਸੀਂ ਸਫਲ ਹੋ ਰਹੇ ਹਾਂ ਅਤੇ ਵਧ ਰਹੇ ਹਾਂ।
ਏਮੀ ਗੁਡਮੈਨ: ਕਿਉਂਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਇਸ ਸਮੇਂ ਅਦਾਲਤ ਵਿੱਚ ਜਾਣ ਲਈ ਖੜ੍ਹੇ ਹੋ। ਅਸਲ ਵਿੱਚ ਇਹ ਕੇਸ ਇਸ ਵੀਕ-ਇੰਡ `ਤੇ ਤੁਹਾਡੀ ਗ੍ਰਿਫਤਾਰੀ ਦੇ ਕੇਸ ਤੋਂ ਵੱਖਰਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਪਿਛਲੇ ਹਫਤੇ ਕੀ ਵਾਪਰਿਆ ਸੀ ਜਦੋਂ ਸੱਜੇ-ਪੱਖੀ ਕਾਰਕੁਨਾਂ ਦਾ ਇੱਕ ਸਮੂਹ ਤੁਹਾਡਾ ਪਿੱਛਾ ਕਰਦਾ ਹੋਇਆ ਤੁਹਾਡੇ ਘਰ ਤੱਕ ਪਹੁੰਚ ਗਿਆ ਸੀ, ਅਤੇ ਤੁਸੀਂ ਅੱਜ ਅਦਾਲਤ ਵਿੱਚ ਕਿਉਂ ਹੋ?
ਐਲਨ-ਲੀ ਗ੍ਰੀਨ: ਜ਼ਰੂਰ। ਸਾਡੇ ਉੱਤੇ ਜ਼ੁਲਮ ਕਰਨ ਅਤੇ ਸਾਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੀ ਰਾਜ ਦੀ ਇੱਕ ਹੋਰ ਬਾਂਹ ਸਿਰਫ ਪੁਲੀਸ ਹੀ ਨਹੀਂ ਹੈ ਜੋ ਬਹੁਤ ਹੀ ਹਿੰਸਕ ਅਤੇ ਧੱਕੜ ਤਰੀਕੇ ਨਾਲ ਸਾਨੂੰ ਖਿੰਡਾਉਂਦੀ ਹੈ। ਇਹ ਸੰਗਠਿਤ ਸੱਜੇ-ਪੱਖੀ ਸਮੂਹ ਵੀ ਹਨ ਜੋ ਸਾਡਾ ਪਿੱਛਾ ਕਰਦੇ ਹਨ, ਸਾਡੇ ਪਤੇ ਲੱਭਦੇ ਹਨ, ਸਾਡੇ ਘਰਾਂ ਵਿੱਚ ਆਉਂਦੇ ਹਨ, ਸਾਡੇ ਉੱਤੇ ਹਮਲਾ ਕਰਦੇ ਹਨ, ਅਚਾਨਕ ਅੱਧੀ ਰਾਤ ਨੂੰ, ਤੁਹਾਡੇ ਅਪਾਰਟਮੈਂਟ ਦੇ ਦਰਵਾਜ਼ੇ ਦੇ ਬਾਹਰ ਕੁਝ ਦਰਜਨ ਲੋਕਾਂ ਨੂੰ ਲੈ ਕੇ ਆਉਂਦੇ ਹਨ, ਆ ਕੇ ਤੁਹਾਡੀ ਕਾਰ ਨੂੰ ਰੋਕਦੇ ਹਨ, ਤੁਹਾਨੂੰ ਸੜਕ ਦੇ ਵਿਚਕਾਰ ਲੱਭ ਲੈਂਦੇ ਹਨ। ਅਤੇ ਇਹ ਇੱਕ ਹਕੀਕਤ ਹੈ ਜੋ ਵਧ ਰਹੀ ਹੈ। ਉਨ੍ਹਾਂ ਨੂੰ ਪੁਲਿਸ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਉਨ੍ਹਾਂ ਨੂੰ ਕਦੇ — ਆਪਣੀਆਂ ਕਾਰਵਾਈਆਂ ਦੀ ਕੀਮਤ ਨਹੀਂ ਚੁਕਾਉਣੀ ਪੈਂਦੀ। ਇਸ ਲਈ, ਮੈਂ ਅਦਾਲਤ ਤੋਂ ਉਨ੍ਹਾਂ ਵਿੱਚੋਂ ਕੁਝ ਦੇ ਖਿਲਾਫ ਪਾਬੰਦੀ ਦਾ ਹੁਕਮ (ਰਿਸਟ੍ਰੇਨਿੰਗ ਆਰਡਰ) ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਇਹ ਸ਼ਾਇਦ ਸੰਗਠਿਤ ਹੋਣ ਅਤੇ ਆਪਣੇ ਆਪ ਦੀ ਰੱਖਿਆ ਕਰਨ ਤੋਂ ਇਲਾਵਾ ਸਾਡੇ ਕੋਲ ਹੋਣ ਵਾਲੇ ਉਹਨਾਂ ਥੋੜ੍ਹੇ ਜਿਹੇ ਸਾਧਨਾਂ ਵਿੱਚੋਂ ਇੱਕ ਹੈ।
ਏਮੀ ਗੁਡਮੈਨ: ਮੈਨੂੰ ਦੱਸੋ, ਸਨਿੱਚਰਵਾਰ ਨੂੰ ਉਸ ਸਮੇਂ ਕੀ ਵਾਪਰਿਆ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਜਨਤਕ ਸੁਰੱਖਿਆ ਦੇ ਕਾਰਨ ਪ੍ਰਦਰਸ਼ਨ ਨਹੀਂ ਕਰ ਸਕਦੇ। ਪਰ ਜਦੋਂ ਸਾਇਰਨ ਵੱਜੇ, ਉਦੋਂ ਤੁਸੀਂ ਇੱਕ ਪੁਲੀਸ ਦੀ ਬੱਸ ਵਿੱਚ ਸੀ ਅਤੇ ਜਦੋਂ ਬਾਕੀ ਸਾਰੇ ਸ਼ੈਲਟਰਾਂ ਵੱਲ ਦੌੜ ਗਏ, ਤੁਸੀਂ ਉਹਨਾਂ ਵਿੱਚ ਨਹੀਂ ਜਾ ਸਕਦੇ ਸੀ ਕਿਉਂਕਿ ਪੁਲੀਸ ਨੇ ਤੁਹਾਨੂੰ ਬੱਸ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ?
ਐਲਨ-ਲੀ ਗ੍ਰੀਨ: ਸਾਨੂੰ ਜਾਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿ ਅਸੀਂ ਹੋਮ ਫਰੰਟ ਕਮਾਂਡ ਦੇ ਐਮਰਜੈਂਸੀ ਉਪਾਵਾਂ ਦੀ ਉਲੰਘਣਾ ਕਰ ਰਹੇ ਸੀ ਅਤੇ ਅਸੀਂ ਖੁਦ ਆਪਣੇ ਆਪ ਨੂੰ ਖਤਰੇ ਵਿੱਚ ਪਾਇਆ ਸੀ। ਪਰ ਉਦੋਂ ਅਸੀਂ ਪੁਲੀਸ ਦੀ ਬੱਸ ਵਿੱਚ ਸੀ। ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਨੂੰ ਹੱਥਕੜੀਆਂ ਲਾਈਆਂ ਗਈਆਂ ਸਨ। ਅਤੇ ਫਿਰ ਅਸੀਂ ਸਾਰਿਆਂ ਨੇ ਸਾਇਰਨ ਸੁਣੇ, ਅਤੇ ਅਸੀਂ ਪੁਲੀਸ ਨੂੰ ਕਿਹਾ, "ਸਾਨੂੰ ਸ਼ੈਲਟਰਾਂ ਵਿੱਚ ਜਾਣ ਦਿਉ। ਅਸੀਂ ਤੇਲ ਅਵੀਵ ਦੇ ਸਭ ਤੋਂ ਵੱਡੇ ਸ਼ੈਲਟਰ ਦੇ ਉੱਪਰ ਹਾਂ। ਸਾਨੂੰ ਬੱਸ ਵਿੱਚੋਂ ਉਤਰਨ ਅਤੇ ਸ਼ੈਲਟਰ ਵਿੱਚ ਜਾਣ ਦਿਉ।" ਅਤੇ ਉਨ੍ਹਾਂ ਨੇ ਕਿਹਾ, "ਇਹ ਤੁਹਾਡੀ ਸਮੱਸਿਆ ਹੈ। ਤੁਸੀਂ ਜੰਗ ਦੇ ਵਿਚਕਾਰ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।" ਅਤੇ ਅਸੀਂ ਉਨ੍ਹਾਂ 'ਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਸਾਨੂੰ ਮਿਜ਼ਾਈਲ ਤੋਂ ਬਚਾਇਆ ਜਾਵੇ ਜੋ ਸਾਡੇ `ਤੇ ਡਿਗ ਸਕਦੀ ਸੀ। ਅਤੇ ਉਨ੍ਹਾਂ ਨੇ ਸੱਚਮੁੱਚ ਇਹ ਕਰਨ ਤੋਂ ਇਨਕਾਰ ਕਰ ਦਿੱਤਾ।
ਆਖਰਕਾਰ, ਜਦੋਂ ਸਾਇਰਨ ਵੱਜਣੋਂ ਹੱਟ ਗਿਆ — ਸ਼ਾਇਦ ਸਾਡੇ ਕੋਲ ਹਮਲੇ ਤੋਂ ਪਹਿਲਾਂ ਕੁਝ ਸਕਿੰਟ ਸਨ — ਉਨ੍ਹਾਂ ਨੇ ਸਾਨੂੰ ਸ਼ੀਸ਼ੇ ਦੀਆਂ ਖਿੜਕੀਆਂ ਵਾਲੀ ਇੱਕ ਇਮਾਰਤ ਦੀ ਲਾਬੀ ਵਿੱਚ ਜਾਣ ਦੀ ਇਜਾਜ਼ਤ ਦਿੱਤੀ, ਜੋ ਕਿ ਇੱਕ ਸੁਰੱਖਿਅਤ ਸਥਿਤੀ ਨਹੀਂ ਸੀ, ਅਤੇ ਉਨ੍ਹਾਂ ਨੇ ਸਾਨੂੰ ਜ਼ਮੀਨ 'ਤੇ ਲੇਟਣ ਲਈ ਕਿਹਾ ਤਾਂ ਜੋ ਸਾਡਾ ਬਚਾਅ ਹੋ ਸਕੇ। ਇਹ ਸਾਡੀਆਂ ਜਾਨਾਂ ਲਈ ਖਤਰਾ ਸੀ। ਇਹ ਕੁਝ ਅਜਿਹਾ ਹੈ ਜੋ ਕਾਨੂੰਨ ਨੂੰ ਵੀ ਤੋੜਦਾ ਹੈ। ਸਾਇਰਨ ਵੱਜਣ ਦੌਰਾਨ ਕਿਸੇ ਨੂੰ ਵੀ ਤੁਹਾਨੂੰ ਸ਼ੈਲਟਰ ਵਿੱਚ ਜਾਣ ਤੋਂ ਰੋਕਣ ਦੀ ਇਜਾਜ਼ਤ ਨਹੀਂ ਹੈ। ਅਤੇ ਪੁਲੀਸ ਇਜ਼ਰਾਈਲ ਵਿੱਚ ਕਾਨੂੰਨ ਤੋੜ ਰਹੀ ਹੈ।
ਏਮੀ ਗੁਡਮੈਨ: ਐਤਵਾਰ ਨੂੰ, ਹਦਾਸ਼-ਤਾਅਲ ਦੇ ਚੇਅਰਮੈਨ, ਨੇਸੇਟ (ਇਜ਼ਰਾਈਲ ਦੀ ਪਾਰਲੀਮੈਂਟ) ਦੇ ਮੈਂਬਰ ਅਯਮਾਨ ਓਦੇਹ ਨੇ ਸੋਸ਼ਲ ਮੀਡੀਆ 'ਤੇ ਲਿਖਿਆ "ਕੱਲ੍ਹ ਜੰਗ-ਵਿਰੋਧੀ ਪ੍ਰਦਰਸ਼ਨ ਵਿੱਚ ਪੁਲੀਸ ਦਾ ਵਤੀਰਾ, ਹਾਈ ਕੋਰਟ ਆਫ਼ ਜਸਟਿਸ ਦੇ ਫੈਸਲੇ ਦੀ ਖੁੱਲ੍ਹੇਆਮ ਉਲੰਘਣਾ ਦੇ ਨਾਲ, ਇਸ ਗੱਲ ਦਾ ਇੱਕ ਹੋਰ ਸਬੂਤ ਹੈ ਕਿ ਅਸੀਂ ਇੱਕ ਇਤਿਹਾਸਕ ਮੋੜ 'ਤੇ ਹਾਂ। ਇਹ ਇੱਥੇ ਭਵਿੱਖ, ਬੋਲਣ ਦੀ ਆਜ਼ਾਦੀ, ਲੋਕਤਾਂਤਰਿਕ ਕਦਰਾਂ-ਕੀਮਤਾਂ, ਅਤੇ ਮਾਣ, ਸੁਰੱਖਿਆ ਅਤੇ ਸਮਾਨਤਾ ਨਾਲ ਜੀਉਣ ਦੇ ਅਧਿਕਾਰ, ਅਤੇ ਸਭ ਤੋਂ ਵੱਧ, ਤਲਵਾਰ ਨਾਲ ਜੀਉਣਾ ਬੰਦ ਕਰਨ ਅਤੇ ਸੱਚੀ ਸ਼ਾਂਤੀ ਲਈ ਯਤਨ ਕਰਨ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਹੈ। ਮੈਂ ਉਨ੍ਹਾਂ ਹਜ਼ਾਰਾਂ ਨਾਗਰਿਕਾਂ ਦੀ ਹਿੰਮਤ ਵਧਾਉਂਦਾ ਅਤੇ ਉਨ੍ਹਾਂ ਨਾਲ ਇੱਕਜੁੱਟਤਾ ਜ਼ਾਹਰ ਕਰਦਾ ਹਾਂ ਜੋ ਕੱਲ੍ਹ ਸਭ ਕੁਝ ਦੇ ਬਾਵਜੂਦ ਪ੍ਰਦਰਸ਼ਨ ਕਰਨ ਲਈ ਨਿਕਲੇ, ਅਤੇ ਜੋ ਫਾਸ਼ੀਵਾਦੀਆਂ ਦੇ ਸਾਹਮਣੇ ਡਟੇ ਰਹੇ। ਅਗਲੇ ਹਫਤੇ, ਸਾਡੀ ਗਿਣਤੀ ਦਹਿ-ਹਜ਼ਾਰਾਂ ਵਿੱਚ ਹੋਵੇਗੀ। ਕਿਉਂਕਿ ਉਹ ਸਾਨੂੰ ਜਿੰਨਾ ਦਬਾਉਣਗੇ ਅਤੇ ਚੁੱਪ ਕਰਾਉਣਗੇ ਉਨਾ ਹੀ ਸਾਡੀ ਗਿਣਤੀ ਵਧੇਗੀ ਅਤੇ ਉਨਾ ਹੀ ਜ਼ਿਆਦਾ ਅਸੀਂ ਸਫਲ ਹੋਵਾਂਗੇ।" ਐਲਨ-ਲੀ ਕੀ ਤੁਸੀਂ ਦੱਸ ਸਕਦੇ ਹੋ ਕਿ ਹਦਾਸ਼-ਤਾਅਲ ਪਾਰਟੀ ਕੀ ਹੈ, ਅਯਮਾਨ ਉਦੇਹ ਕੌਣ ਹੈ— ਅਤੇ ਉਸ ਵਲੋਂ ਹਾਈ ਕੋਰਟ ਦਾ ਹਵਾਲਾ ਦੇਣ ਦਾ ਕੀ ਮਤਲਬ ਹੈ ਕਿ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ?
ਐਲਨ-ਲੀ ਗ੍ਰੀਨ: ਅਯਮਾਨ ਓਦੇਹ ਨੇਸੇਟ (ਪਾਰਲੀਮੈਂਟ) ਵਿੱਚ ਇਜ਼ਰਾਈਲ ਵਿੱਚ ਫਲਸਤੀਨੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਵਾਲੀ ਹਦਾਸ਼-ਤਾਅਲ ਪਾਰਟੀ ਦਾ ਮੁਖੀ ਹੈ। ਇਜ਼ਰਾਈਲ ਵਿੱਚ ਇਜ਼ਰਾਈਲ ਦੇ ਕੁੱਲ ਨਾਗਰਿਕਾਂ ਦਾ 20% ਫਲਸਤੀਨੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਲਗਭਗ ਚਾਰ ਰਾਜਨੀਤਿਕ ਪਾਰਟੀਆਂ ਹਨ, ਅਤੇ ਉਹ ਇਨ੍ਹਾਂ ਪਾਰਟੀਆਂ ਵਿੱਚੋਂ ਖੱਬੇ-ਪੱਖੀ ਪਾਰਟੀ ਦਾ ਆਗੂ ਹੈ।
ਅਤੇ ਉਹ ਇਜ਼ਰਾਈਲ ਦੀ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਦਾ ਹਵਾਲਾ ਦੇ ਰਿਹਾ ਹੈ — ਜਿੱਥੇ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਜੰਗ ਹੋਣ ਦੇ ਬਾਵਜੂਦ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੋਣਾ ਕਾਨੂੰਨੀ ਹੈ। ਅਸੀਂ ਸੁਪਰੀਮ ਕੋਰਟ ਵਿੱਚ ਗਏ, ਅਤੇ ਅਸੀਂ ਉਨ੍ਹਾਂ ਨੂੰ ਦੱਸਿਆ, "ਇਜ਼ਰਾਈਲ ਵਿੱਚ ਹਮੇਸ਼ਾਂ ਜੰਗ ਰਹਿੰਦੀ ਹੈ। ਤੁਸੀਂ ਕਹਿੰਦੇ ਹੋ ਕਿ ਇਹ ਮਹੀਨਿਆਂ, ਸਾਲਾਂ ਤੱਕ ਰਹਿ ਸਕਦੀ ਹੈ। ਕੀ ਇਸ ਦਾ ਮਤਲਬ ਹੈ ਕਿ ਸਾਨੂੰ ਕਦੇ ਵੀ ਜੰਗ ਦੇ ਵਿਰੁੱਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਨਹੀਂ ਹੈ?" ਇਸ ਲਈ ਅਸੀਂ ਇਸ ਨੂੰ ਇੱਕ ਸੰਵਿਧਾਨਕ ਸਵਾਲ ਵਜੋਂ ਸੁਪਰੀਮ ਕੋਰਟ ਵਿੱਚ ਲੈ ਕੇ ਗਏ, ਅਤੇ ਸੁਪਰੀਮ ਕੋਰਟ ਹੁਣ ਇਸ `ਤੇ ਵਿਚਾਰ ਕਰ ਰਹੀ ਹੈ। ਉਹ ਵੀਰਵਾਰ ਨੂੰ ਇਸ ਸਵਾਲ ਬਾਰੇ ਫੈਸਲਾ ਸੁਣਾਏਗੀ ਕਿ ਕੀ ਇਹ ਅਜੇ ਵੀ ਕਾਨੂੰਨੀ ਹੈ ਅਤੇ ਸਾਨੂੰ ਅਜੇ ਵੀ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਭਾਵੇਂ ਕਿ ਇਜ਼ਰਾਈਲ ਵਿੱਚ ਹੋਮ ਫਰੰਟ ਕਮਾਂਡ ਦੇ ਵਿਸ਼ੇਸ਼ ਸੁਰੱਖਿਆ ਅਤੇ ਐਮਰਜੈਂਸੀ ਉਪਾਅ ਲਾਗੂ ਹਨ। ਉਨ੍ਹਾਂ ਨੇ ਪੁਲੀਸ ਨੂੰ ਕਿਹਾ ਕਿ ਜਦੋਂ ਤੱਕ ਵਿਚਾਰ ਚਰਚਾ ਨਹੀਂ ਹੁੰਦੀ, ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਉਹ ਸਾਨੂੰ ਖਿੰਡਾਉਣ ਦੇ ਹੱਕਦਾਰ ਨਹੀਂ ਹਨ। ਪਰ ਪੁਲੀਸ ਨੇ ਮੰਤਰੀ ਬੇਨ-ਗਵੀਰ ਦੀ ਮੰਗ 'ਤੇ ਅਮਲ ਕੀਤਾ, ਜਿਸ ਨੇ ਗ੍ਰਿਫਤਾਰੀਆਂ ਕਰਨ ਦੀ ਮੰਗ ਕੀਤੀ ਸੀ।
ਏਮੀ ਗੁਡਮੈਨ: ਕਿਉਂਕਿ ਤੁਸੀਂ ਅਦਾਲਤ ਵਿੱਚ ਜਾਣਾ ਹੈ, ਇਸ ਲਈ ਮੈਂ ਅੰਤ ਵਿੱਚ ਓਫਰ ਕੈਸਿਫ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਜੋ ਅਯਮਾਨ ਓਦੇਹ ਵਾਂਗ, ਹਦਾਸ਼-ਤਾਅਲ ਗੱਠਜੋੜ ਨਾਲ ਸੰਬੰਧਿਤ ਇਜ਼ਰਾਈਲੀ ਨੇਸੇਟ (ਪਾਰਲੀਮੈਂਟ) ਦਾ ਇੱਕ ਮੈਂਬਰ ਹੈ। ਉਹ ਕਹਿੰਦਾ ਹੈ ਕਿ ਸ਼ਨੀਵਾਰ ਦੇ ਜੰਗ-ਵਿਰੋਧੀ ਪ੍ਰਦਰਸ਼ਨ ਨੂੰ ਖਿੰਡਾਉਣ ਦੌਰਾਨ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ। ਪਿਛਲੇ ਮਹੀਨੇ ਡੈਮੋਕਰੇਸੀ ਨਾਉ ਨਾਲ ਗੱਲ ਕਰਦਿਆਂ, ਉਸ ਨੇ ਜੰਗ ਦੇ ਵਿਰੋਧ ਵਿੱਚ ਇਹ ਕਿਹਾ ਸੀ:
ਓਫਰ ਕੈਸਿਫ: ਪਰ ਉਨ੍ਹਾਂ ਸਰਕਾਰਾਂ, ਉਨ੍ਹਾਂ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਭਾਈਵਾਲਾਂ ਦਾ ਅਸਲੀ ਹਿਤ - ਅਸਲ ਕਾਰਨ ਇਹ ਹੈ ਕਿ ਉਹ ਆਪਣੇ ਆਰਥਿਕ ਅਤੇ ਰਾਜਨੀਤਕ ਹਿਤਾਂ ਨੂੰ ਪ੍ਰਾਪਤ ਕਰਨ ਲਈ, ਲੋਕਾਂ ਦੀ ਕੀਮਤ `ਤੇ, ਜੋ ਕੁਝ ਵੀ ਕਰ ਸਕਦੇ ਹਨ, ਕਰਨਗੇ। ਇਹਨਾਂ ਲੋਕਾਂ ਵਿੱਚ ਇਰਾਨ ਦੇ ਲੋਕ ਅਤੇ ਇਜ਼ਰਾਈਲ ਦੇ ਲੋਕ ਵੀ ਸ਼ਾਮਲ ਹਨ। ਬਦਕਿਸਮਤੀ ਨਾਲ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਾਡੀ ਭਲਾਈ ਜਾਂ ਇਰਾਨ ਦੇ ਲੋਕਾਂ ਜਾਂ ਅਮਰੀਕੀ ਲੋਕਾਂ ਦੀ ਭਲਾਈ ਅਤੇ ਹਿੱਤ ਵਿੱਚ ਸੱਚੀ ਦਿਲਚਸਪੀ ਨਹੀਂ ਹੈ, ਅਤੇ ਇਹ ਮੁੱਖ ਮਸਲਾ ਹੈ। ਇਹ ਇਰਾਨੀ ਲੋਕਾਂ ਦੇ ਵਿਰੁੱਧ ਇੱਕ ਸਾਮਰਾਜਵਾਦੀ ਹਮਲਾ ਹੈ। ਇਹ ਨਿਜ਼ਾਮ ਦੇ ਵਿਰੁੱਧ ਨਹੀਂ ਹੈ। ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਇਹ ਨਿਜ਼ਾਮ ਦੇ ਵਿਰੁੱਧ ਹੈ। ਆਖਰਕਾਰ ਇਹ ਇਰਾਨ ਦੇ ਲੋਕਾਂ ਦੇ ਵਿਰੁੱਧ ਹੈ। ਅਤੇ ਇਤਿਹਾਸ ਇਹ ਸਾਬਤ ਕਰਦਾ ਹੈ।
ਅਤੇ ਅਸੀਂ, ਇਜ਼ਰਾਈਲ ਵਿੱਚ ਆਕੂਪੇਸ਼ਨ-ਵਿਰੋਧੀ, ਨਸਲਕੁਸ਼ੀ-ਵਿਰੋਧੀ, ਸ਼ਾਂਤੀ ਅੰਦੋਲਨ ਵਿੱਚ ਹੁੰਦੇ ਹੋਏ ਇਹ ਜਾਣਦੇ ਹਾਂ। ਇਸ ਸਮੇਂ ਮਿਜ਼ਾਈਲਾਂ ਦੇ ਕਾਰਨ ਅਤੇ ਐਮਰਜੈਂਸੀ ਸਥਿਤੀ ਦੀ ਆੜ ਵਿੱਚ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਸੜਕਾਂ 'ਤੇ ਉਤਰਨਾ ਅਤੇ ਪ੍ਰਦਰਸ਼ਨ ਕਰਨਾ ਬਹੁਤ ਮੁਸ਼ਕਲ ਹੈ। ਪਰ ਅਸੀਂ ਜਾਣਦੇ ਹਾਂ ਕਿ ਦਾਅ 'ਤੇ ਕੀ ਲੱਗਿਆ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਸਰਕਾਰਾਂ ਦੇ ਅਸਲ ਹਿੱਤ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹਨ, ਅਤੇ ਅਸੀਂ ਵਿਰੋਧ ਕਰਨ ਅਤੇ ਇਸ ਖੂਨ-ਖਰਾਬੇ ਨੂੰ ਰੋਕਣ ਲਈ ਜੋ ਕੁਝ ਵੀ ਕਰ ਸਕਦੇ ਹਾਂ, ਕਰਦੇ ਹਾਂ।
ਏਮੀ ਗੁਡਮੈਨ: ਤਾਂ, ਇਹ ਸੀ ਓਫਰ ਕੈਸਿਫ, ਇਜ਼ਰਾਈਲੀ ਨੇਸੇਟ (ਪਾਰਲੀਮੈਂਟ) ਅਤੇ ਖੱਬੇ-ਪੱਖੀ ਹਦਾਸ਼-ਤਾਅਲ ਪਾਰਟੀ ਦਾ ਮੈਂਬਰ। ਉਹ ਵੀ ਪ੍ਰਦਰਸ਼ਨ ਵਿੱਚ ਸੀ ਅਤੇ ਕਹਿੰਦਾ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ । ਮੈਂ ਇਜ਼ਰਾਇਲੀ-ਫਲਸਤੀਨੀ ਗਰਾਸ ਰੂਟ ਗਰੁੱਪ "ਸਟੈਂਡਿੰਗ ਟੂਗੈਦਰ" ਦੇ ਸਹਿ-ਡਾਇਰੈਕਟਰ, ਇਜ਼ਰਾਈਲ ਵਿੱਚ ਸਨਿੱਚਰਵਾਰ ਨੂੰ ਜੰਗ-ਵਿਰੋਧੀ ਪ੍ਰਦਰਸ਼ਨ ਦੇ ਪ੍ਰਬੰਧਕ ਅਤੇ ਤੇਲ ਅਵੀਵ ਵਿੱਚ ਜੰਗ ਵਿਰੋਧੀ ਪ੍ਰਦਰਸ਼ਨ ਵਿੱਚ ਗ੍ਰਿਫਤਾਰ ਕੀਤੇ ਗਏ ਐਲਨ-ਲੀ ਗ੍ਰੀਨ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਕਰਦੀ ਹਾਂ। ਇਕ ਹੋਰ ਕੇਸ ਦੇ ਸੰਬੰਧ ਵਿੱਚ ਇਸ ਸਮੇਂ ਉਹ ਅਦਾਲਤ ਵਿੱਚ ਹਾਜ਼ਰ ਹੈ।