ਦੀਵਾਲੀਆ ਸਲਤਨਤ - ਰਵਿੰਦਰ ਸਿੰਘ ਕੁੰਦਰਾ

ਉੱਖੜ ਗਈਆਂ ਨੇ ਸੜਕਾਂ, ਅੱਜ ਸਾਮਰਾਜ ਦੀਆਂ,
ਬੀਤੇ ਹੋਏ ਸਮਿਆਂ ਨੂੰ, ਰੋ ਰੋ ਪੁਕਾਰਦੀਆਂ।

ਮਹਿਲਾਂ 'ਤੇ ਕਿਲਿਆਂ ਦੀਆਂ, ਨੀਹਾਂ ਨੇ ਖੋਖਲੀਆਂ,
ਮੱਧਮ ਪੈ ਗਈਆਂ ਸ਼ਾਨਾਂ, ਜੋ ਸਨ ਚਮਕਾਰਦੀਆਂ।

ਸਮੇਂ ਸਨ ਉਹ ਵੀ ਜਦੋਂ, ਸੀ ਦੁਨੀਆ ਕੰਬਦੀ,
ਧਰਤ ਦੀਆਂ ਕਈ ਕੌਮਾਂ, ਸਲੂਟਾਂ ਸੀ ਮਾਰਦੀਆਂ।

ਚੜ੍ਹਿਆ ਰਹਿੰਦਾ ਸੀ ਸੂਰਜ, ਇਨ੍ਹਾਂ ਦੇ ਰਾਜ ਉੱਤੇ,
ਅੱਜ ਸੂਰਜ ਦੀਆਂ ਕਿਰਨਾਂ, ਘੱਟ ਹੀ ਲਿਸ਼ਕਾਰਦੀਆਂ।

ਉੱਖੜ ਕੇ ਸਲਤਨਤ ਡਿਗ ਰਹੀ, ਆਪਣੇ ਮੂੰਹ ਪਰਨੇ,
ਚੱਲਦੀਆਂ ਨਹੀਂ ਹੁਣ ਚਾਲਾਂ, ਪੁਰਾਣੀ ਪਰਕਾਰ ਦੀਆਂ।

ਸਾਮ, ਦਾਮ ਅਤੇ ਦੰਡ, ਭੇਦ, ਸਭ ਹੋ ਗਏ ਖੁੰਢੇ,
ਬਿੱਲੀਆਂ ਖਚਰੀਆਂ ਅੱਖਾਂ, ਹੁਣ ਨਹੀਂ ਪੁਚਕਾਰਦੀਆਂ।

ਲੁੱਟੀ ਦੁਨੀਆ ਦੀ ਮਾਇਆ, ਖਾ ਗਏ ਵਿਹਲੇ ਬਹਿ,
ਕਰਜ਼ਿਆਂ ਦੀ ਖ਼ੂਬ ਕਮਾਈ, ਬੈਂਕਾਂ ਡਕਾਰਦੀਆਂ।

ਨੌਜਵਾਨੀ ਭੁੱਲ ਗਈ ਹੁਣ, ਕਰਨੀਆਂ ਮਿਹਨਤਾਂ,
ਹੱਥ 'ਤੇ ਹੱਥ ਧਰ ਬੈਠੀਆਂ, ਮੱਖੀਆਂ ਮਾਰਦੀਆਂ।

ਬਦਲ ਜਾਣਗੇ ਨਕਸ਼ੇ, ਬਰਤਾਨਵੀ ਸਲਤਨਤ ਦੇ,
ਹਾਰਨਗੀਆਂ ਹੁਣ ਫੌਜਾਂ, ਜੋ ਨਹੀਂ ਸਨ ਹਾਰਦੀਆਂ।

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ