ਐਡਵੋਕੇਟ ਫੂਲਕਾ ਦੀ ਭਾਜਪਾ ਚ ਸ਼ਮੂਲੀਅਤ ਅਤੇ ਗੁਰਚਰਨ ਸਿੰਘ ਬੱਬਰ ਦੇ ਗੰਭੀਰ ਇਲਜਾਮ - ਬਘੇਲ ਸਿੰਘ ਧਾਲੀਵਾਲ


ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ ਹਰਿੰਦਰ ਸਿੰਘ ਫੂਲਕਾ ਦੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੈਣ ਤੋ ਬਾਅਦ ਉਹ ਇੱਕ ਵਾਰੀ ਵਿਵਾਦਾਂ ਵਿੱਚ ਘਿਰਦੇ ਦਿਖਾਈ ਦੇ ਰਹੇ ਹਨ।ਉਹਨਾਂ ਤੇ 1984 ਦੀਆਂ ਸਿੱਖ ਵਿਧਵਾਵਾਂ ਨੂੰ   ਇਨਸਾਫ ਦਿਵਾਉਣ ਦੇ ਨਾਮ ਤੇ ਉਹਨਾਂ ਨਾਲ  ਧੋਖਾ  ਕੀਤੇ ਜਾਣ ਦੇ ਵੱਡੇ ਅਤੇ ਗੰਭੀਰ ਇਲਜਾਮ ਲੱਗ ਰਹੇ ਹਨ। ਜਦੋਂ ਦਿੱਲੀ ਸਿੱਖ ਕਤਲੇਆਮ ਦੀ ਗੱਲ ਚੱਲਦੀ ਹੈ ਤਾਂ ਉਹ ਸਾਰਾ  ਮੰਜ਼ਰ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋ ਮੌਕੇ ਦੀ ਦਿੱਲੀ ਸਰਕਾਰ ਦੇ ਸਪੱਸਟ ਇਸਾਰੇ ਅਤੇ ਸਹਿਯੋਗ ਨਾਲ ਹਜਾਰਾਂ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੇ ਸਰਾਬੀ ਭੀੜ ਵੱਲੋਂ ਗਲ਼ਾਂ ਵਿੱਚ ਟਾਇਰ ਪਾਕੇ ਅਤੇ ਪੈਟਰੋਲ  ਪਾ ਪਾ ਕੇ ਜਿਉਂਦਿਆਂ ਸਾੜਿਆ ਗਿਆ।ਸਿੱਖ ਬੀਬੀਆਂ,ਬੱਚੀਆਂ ਦੀ ਪੱਤ ਰੋਲੀ ਗਈ।1984 ਦੇ ਉਸ ਸਿੱਖ ਕਤਲੇਆਮ ਦੇ ਬਲ਼ਦੇ ਭਾਬੜਾਂ ਦੀ ਕਾਲਖ ਨੇ ਭਾਰਤੀ ਇਤਿਹਾਸ ਦੇ ਪੰਨਿਆਂ ਨੂੰ ਹਮੇਸਾ ਲਈ ਸਿਆਹ ਕਾਲਾ ਕਰ  ਦਿੱਤਾ ਹੈ। 1984 ਦੀ ਦਰਦਨਾਕ ਦਾਸਤਾਨ ਸਿਰਫ਼ ਇੱਕ ਹਿੰਸਕ ਘਟਨਾ ਨਹੀਂ ਸੀ, ਇਹ ਇੱਕ ਸੋਚੀ-ਸਮਝੀ ਨਸਲਕੁਸ਼ੀ ਸੀ ਜਿਸ ਨੇ ਹਜ਼ਾਰਾਂ ਘਰ ਬਰਬਾਦ ਕਰ ਦਿੱਤੇ। ਸਿੱਖ ਕਤਲੇਆਮ  ਦੀਆਂ ਵਿਧਵਾਵਾਂ ਅਜੇ ਵੀ ਇੱਕ-ਇੱਕ ਕਮਰੇ ਦੇ ਤੰਗ ਮਕਾਨਾਂ ਵਿੱਚ ਜ਼ਿੰਦਗੀ ਕੱਟ ਰਹੀਆਂ ਹਨ। ਸੈਕੜੇ ਪਰਿਵਾਰ ਇਨਸਾਫ ਦੀ ਉਡੀਕ ਕਰਦੇ ਕਰਦੇ ਅਦਾਲਤਾਂ ਦੀਆਂ ਘੁਮਣ ਘੇਰੀਆਂ ਚ  ਜਿੰਦਗੀ ਕੱਟ ਕੇ ਦੁਨੀਆਂ ਤੋ ਕੂਚ ਕਰ ਗਏ।ਦਿੱਲੀ ਦੀਆਂ ਉਹਨਾਂ ਕਾਲੋਨੀਆਂ ਵਿੱਚ ਜਿੱਥੇ ਇਹ ਅਭਾਗੇ ਲੋਕ ਰਹਿ ਰਹੇ ਹਨ ,ਉੱਥੇ ਸਮਾਂ ਅਜੇ ਵੀ ਠਹਿਰਿਆ ਹੋਇਆ ਲੱਗਦਾ ਹੈ। ਨਾ ਉਹਨਾਂ ਦੇ ਘਰ ਵੱਡੇ ਹੋਏ, ਨਾ ਉਹਨਾਂ ਦੇ ਸੁਪਨੇ। ਉਸ ਦੌ੍ਰ ਦਾ ਉਹ ਨਾਮ ਜਿਸਨੂੰ ਕੌਮ ਨੇ ਕਦੇ ਇਨਸਾਫ਼ ਦਾ ਪ੍ਰਤੀਕ ਮੰਨਿਆ ਸੀ। ਪਰ ਅੱਜ ਸਵਾਲਾਂ ਦੇ ਘੇਰੇ ਵਿੱਚ ਜਰੂਰ ਆ ਗਿਆ ਹੈ। ਇੱਕ ਕਿਰਾਏ ਦੇ ਕਮਰੇ ਤੋਂ ਸ਼ੁਰੂ ਹੋਇਆ ਸਫ਼ਰ ਦਿੱਲੀ ਦੇ ਮਹਿੰਗੇ ਇਲਾਕੇ  ਡਿਫੈਂਸ ਕਲੋਨੀ ਵਿੱਚ ਦੋ ਦੋ ਮਹਿਲ ਨੁਮਾ ਕੋਠੀਆਂ ਅਤੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਤੱਕ ਕਿਵੇਂ ਪਹੁੰਚ ਗਿਆ ? ਇਹ ਸਿਰਫ਼ ਤਰੱਕੀ ਨਹੀਂ ਲੱਗਦੀ, ਇਹ ਇੱਕ ਅਜਿਹਾ ਸਫ਼ਰ ਹੈ ਜਿਸਦੀ ਪੜਤਾਲ ਹੋਣੀ ਲਾਜ਼ਮੀ ਹੈ। ਇਹ ਸਵਾਲ ਦਿੱਲੀ ਦੇ ਇੱਕ ਸੀਨੀਅਰ ਪੱਤਰਕਾਰ ਅਤੇ ਤਿੰਨ ਅਖਬਾਰਾਂ ਦੇ ਸੰਪਾਦਕ ਗੁਰਚਰਨ ਸਿੰਘ ਬੱਬਰ ਨੇ ਖੜੇ ਕੀਤੇ ਹਨ,ਜਿੰਨਾਂ ਦਾ 1984 ਦੇ ਸਿੱਖ ਕਤਲੇਅਮ ਤੇ ਬਹੁਤ ਕੰਮ ਕੀਤਾ ਹੋਇਆ ਹੈ।ਉਹਨਾਂ ਵੱਲੋਂ ਐਡਵੋਕੇਟ ਫੂਲਕਾ ਦੇ ਕਿਰਦਾਰ ਨੂੰ ਦਰਸਾਉਣ ਲਈ ਪੱਤਰਕਾਰ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਅਤੇ ਫੂਲਕਾ ਸਾਹਬ ਨੂੰ ਚੈਲਿੰਜ ਕੀਤਾ ਜਾ ਰਿਹਾ ਹੈ ਕਿ ਮੇਰੇ ਖਿਲਾਫ ਅਦਾਲਤ ਵਿੱਚ ਰਿੱਟ ਦਾਖਲ ਕਰਨ। ਉਹਨਾਂ ਵੱਲੋਂ ਇਹ ਡੰਕੇ ਦੀ ਚੋਟ ਤੇ ਕਿਹਾ ਜਾ ਰਿਹਾ ਹੈ ਕਿ ਕਤਲਾਂ ਦੇ ਦਰਦ ਦੀ ਰਾਖ ‘ਚੋਂ ਦੌਲਤ ਦੇ ਮਹਿਲ ਖੜ੍ਹੇ ਕੀਤੇ ਗਏ ਹਨ।ਉਨ੍ਹਾਂ ਦੇ ਦੋਸ਼ ਸਿਰਫ਼ ਅਨੁਮਾਨ ਨਹੀਂ, ਸਗੋਂ ਸਾਲਾਂ ਦੀ ਖੋਜ ਅਤੇ ਤੱਥਾਂ ‘ਤੇ ਆਧਾਰਿਤ ਹਨ। ਰੰਗਾਨਾਥਨ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਹਜ਼ਾਰਾਂ ਐਫੀਡੇਵਿਟਾਂ ਦਾ ਰੱਦ ਹੋ ਜਾਣਾ ਇੱਕ ਸੀਨੀਅਰ ਸਿੱਖ ਵਕੀਲ ਸ੍ਰ ਹਰਿੰਦਰ ਸਿੰਘ ਫੂਲਕਾ ਦੀ ਤਕਨੀਕੀ ਗਲਤੀ ਨਹੀਂ ਹੋ ਸਕਦੀ,ਇਹ ਇਨਸਾਫ਼ ਦੀ ਲੜਾਈ ਨੂੰ ਸ਼ੁਰੂ ਵਿੱਚ ਹੀ ਮਾਰ ਦੇਣ ਵਰਗਾ ਅਪਰਾਧ ਹੈ,ਜਿਹੜਾ ਲਾਲਚ ਵੱਸ ਜਾਣ ਬੁੱਝ ਕੇ ਮਿਲੀ ਭੁਗਤ ਨਾਲ ਕੀਤਾ ਗਿਆ। ਰੰਗਾ ਨਾਥ ਮਿਸ਼ਰਾ ਦੇ ਦਰਵਾਜ਼ਿਆਂ ਤੋਂ ਵਾਪਸ ਮੁੜੇ ਉਹ ਕੇਸ ਅੱਜ ਵੀ ਨਿਆਂ ਦੀ ਉਡੀਕ ਕਰ ਰਹੇ ਹਨ।ਦੱਸਣਾ ਬਣਦਾ ਹੈ ਕਿ ਕਿ ਰੰਗਾ ਨਾਥ ਮਿਸ਼ਰਾ ਨੂੰ  ਇਨਾਮ ਵਜੋ ਕਾਂਗਰਸ ਨੇ ਸੁਪਰੀਮ ਕੋਰਟ ਦਾ ਚੀਫ ਜਸਟਿਸ, ਅਧਿਕਾਰ ਕਮਿਸ਼ਨਾਂ  ਦੀਆਂ ਚੇਅਰਮੈਨੀਆਂ ਅਤੇ ਰਾਜ ਸਭਾ ਦੀਆਂ  ਮੈਬਰੀਆਂ ਨਾਲ ਨਿਵਾਜਿਆ ਸੀ। ਏਸੇ ਤਰਾਂ ਐਡਵੋਕੇਟ ਫੂਲਕਾ ਸਾਹਬ ਨੂੰ ਬੀਤੇ ਸਾਲਾਂ ਵਿੱਚ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਨਿਵਾਜਿਆ ਗਿਆ ਸੀ ਅਤੇ ਹੁਣ  ਉਹਨਾਂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸਾਮਲ ਕਰਕੇ ਭਵਿੱਖ ਚ ਹੋਰ ਸਿਆਸੀ ਰੁਤਬਿਆਂ ਦੇ ਲਾਭ ਦੇਣ ਦੇ ਰਾਹ ਪੱਧਰੇ  ਕੀਤੇ ਜਾ ਰਹੇ ਹਨ।ਪੰਜਾਬ ਅੰਦਰ ਸਿਆਸੀ ਪੱਖ ਤੋਂ ਵੀ ਸ੍ਰ ਫੂਲਕਾ ਦਾ ਰਿਕਾਰਡ ਸਵਾਲਾਂ ਨਾਲ ਭਰਿਆ ਪਿਆ ਹੈ।  ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਕੇ ਵਿਧਾਇਕ ਬਣਨਾ, ਫਿਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਨਾ,ਇਹ ਸਭ ਕੁਝ ਲੋਕਾਂ ਦੇ ਭਰੋਸੇ ਨਾਲ ਸੰਭਵ ਹੋਇਆ ਸੀ। ਪਰ ਉਸ ਭਰੋਸੇ ਦਾ ਕੀ ਬਣਿਆ? ਫਿਰ ਅਚਾਨਕ ਅਸਤੀਫ਼ਾ ਦੇ ਕੇ ਮੈਦਾਨ ਛੱਡ ਜਾਣਾ ਕਿਸ ਗੱਲ ਦੀ ਨਿਸ਼ਾਨੀ ਸੀ? ਇਹ ਸਿਰਫ਼ ਇੱਕ ਅਸਤੀਫ਼ਾ ਨਹੀਂ ਸੀ, ਇਹ ਉਸ ਹਲਕੇ ਦੇ ਲੋਕਾਂ ਨਾਲ ਕੀਤਾ ਗਿਆ ਧੋਖਾ ਸੀ ਜਿਨ੍ਹਾਂ ਨੇ ਉਨ੍ਹਾਂ ‘ਤੇ ਭਰੋਸਾ ਕੀਤਾ ਸੀ। ਅੱਜ ਉਹੀ ਵਿਅਕਤੀ ਮੁੜ ਸਿਆਸਤ ਵਿੱਚ ਵਾਪਸ ਆ ਜਾਂਦਾ ਹੈ, ਇਸ ਵਾਰ ਭਾਰਤੀ ਜਨਤਾ ਪਾਰਟੀ ਦੇ  ਰਥ ‘ਤੇ ਸਵਾਰ ਹੋਕੇ  ਮੈਦਾਨ ਵਿੱਚ ਨਿਤਰਿਆ ਹੈ।ਸਵਾਲ ਇਹ ਹੈ ਕਿ ਇਹ ਵਾਪਸੀ ਕਿਸ ਲਈ ਹੈ ? ਜਿਸਨੇ ਇੱਕ ਵਾਰ ਧੋਖਾ ਦਿੱਤਾ, ਉਸ ‘ਤੇ ਦੁਬਾਰਾ ਵਿਸ਼ਵਾਸ ਕਰਨਾ ਮੁਸ਼ਕਲ ਹੁੰਦਾ ਹੈ। ਅੱਜ ਹਾਲਾਤ ਵੀ ਕੁਝ ਐਸੇ ਹੀ ਹਨ। ਜਦੋਂ ਇੱਕ ਵਿਅਕਤੀ ਆਪਣੀ ਪਹਿਲੀ ਸਿਆਸੀ ਜ਼ਿੰਮੇਵਾਰੀ ਨੂੰ ਅਧੂਰਾ ਛੱਡ ਜਾਵੇ, ਤਾਂ ਉਸਦੀ ਦੂਜੀ ਪਾਰੀ ‘ਤੇ ਲੋਕ ਕਿਵੇਂ ਯਕੀਨ ਕਰਨਗੇ। ਕੋਈ ਐਸੀ ਤਾਕਤ ਹੈ ਜਿਸਨੇ ਇੱਕ ਵਾਰ ਮੈਦਾਨ ਛੱਡਣ ਵਾਲੇ ਨੂੰ ਮੁੜ ਸਿਆਸੀ ਖੇਡ ਮੈਦਾਨ ਵਿੱਚ ਪੂਰਨ ਭਰੋਸ਼ੇ ਨਾਲ ਉਤਾਰਿਆ ਹੈ। ਸ੍ਰ ਗੁਰਚਰਨ ਸਿੰਘ ਬੱਬਰ ਦੀ ਖੁੱਲ੍ਹੀ ਚੁਣੌਤੀ ਜਵਾਬ ਦੀ ਉਡੀਕ ਕਰ ਰਹੀ ਹੈ। ਪਰ ਫੁਲਕਾ ਸਾਹਬ ਵੱਲੋਂ ਅਜੇ ਬੱਬਰ ਸਾਹਿਬ ਦੇ ਦੋਸਾਂ ਤੇ ਚੁੱਪੀ ਧਾਰੀ ਹੋਈ ਹੈ। ਇਹ ਚੁੱਪੀ ਹੁਣ ਸਵਾਲਾਂ ਤੋਂ ਵੱਡੀ ਬਣਦੀ ਜਾ ਰਹੀ ਹੈ।ਇੱਕ ਪਾਸੇ 1984 ਦੀਆਂ ਵਿਧਵਾਵਾਂ ਹਨ, ਜਿਨ੍ਹਾਂ ਦੇ ਘਰ ਅਜੇ ਵੀ ਇੱਕ ਕਮਰੇ ਤੱਕ ਸੀਮਿਤ ਹਨ, ਜਿਨ੍ਹਾਂ ਦੀ ਜ਼ਿੰਦਗੀ ਅਜੇ ਵੀ ਸੰਘਰਸ਼ੀ ਹੈ। ਦੂਜੇ ਪਾਸੇ ਉਹ ਚਿਹਰੇ ਹਨ ਜੋ ਉਸ ਦਰਦ ਨੂੰ ਆਪਣੀ ਪਛਾਣ ਬਣਾਕੇ ਅੱਜ ਸ਼ਾਨੋ-ਸ਼ੌਕਤ ਵਿੱਚ ਜੀ ਰਹੇ ਹਨ। ਗੁਰਚਰਨ ਸਿੰਘ ਬੱਬਰ ਦੇ ਸਵਾਲਾਂ ਤੇ ਗੌਰ ਕਰਨ ਦੀ ਲੋੜ ਹੈ ਇਹ ਜਾਣਨ ਦੀ ਲੋੜ ਹੈ ਕਿ 1984 ਦੇ ਦਰਦ ਤੋਂ ਕਿਸਨੇ ਕੀ ਹਾਸਲ ਕੀਤਾ। ਲੋੜ ਹੈ ਇਹ ਸਮਝਣ ਦੀ ਕਿ ਕੌਣ ਸੱਚਮੁੱਚ ਪੀੜਤਾਂ ਦੇ ਨਾਲ ਖੜ੍ਹਾ ਸੀ ਅਤੇ ਕੌਣ ਸਿਰਫ਼ ਉਹਨਾਂ ਦੇ ਦਰਦ ਨੂੰ ਮੁਨਾਫੇ ਦਾ ਕਾਰੋਬਾਰ ਅਤੇ ਸਿਆਸੀ ਮੰਚ ਬਣਾ ਕੇ ਵਰਤਦਾ ਰਿਹਾ ਹੈ। ਗੁਰਚਰਨ ਸਿੰਘ ਬੱਬਰ ਵੱਲੋਂ ਲਾਏ ਗਏ ਇਲਜਾਮ ਬੇਹੱਦ ਗੰਭੀਰ ਹਨ ਜਿੰਨਾਂ ਨੂੰ ਸੁਣ ਕੇ ਚੁੱਪ ਨਹੀ ਕੀਤਾ ਜਾ ਸਕਦਾ,ਬਲਕਿ ਉਸ ਸੱਚ ਦੀ ਤਹਿ ਤੱਕ ਜਾਣ ਦੀ ਜਰੂਰਤ ਹੈ।ਇਹ ਇਸ ਲਈ ਜਰੂਰੀ ਹੈ ਤਾਂ ਕਿ ਇਹ ਪਤਾ ਲਗਾਇਅ ਜਾ  ਸਕੇ ਕਿ ਕੌਮ ਦੇ ਅੰਦਰ ਐਨੇ ਲਾਲਚੀ ਅਤੇ ਖੁਦਗਰਜ ਲੋਕ ਵੀ ਹਨ,ਜਿਹੜੇ  ਆਪਣਿਆਂ ਦੀਆਂ ਲਾਸਾਂ ਦਾ ਮੁੱਲ ਵੱਟਣ ਤੋ ਵੀ ਗੁਰੇਜ ਨਹੀ ਕਰਦੇ।ਐਨੇ ਕੌਂਮ ਧਰੋਹੀ ਹਨ ਕਿ ਨਿੱਜੀ ਲੋਭ ਲਾਲਸਾ ਖਾਤਰ ਆਪਣੀ ਕੌਮ ਦੀਆਂ ਅਭਾਗੀਆਂ ਵਿਧਵਾਵਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਸ ਕਾਤਲ ਸਟੇਟ ਦਾ ਪੱਖ ਪੂਰਦੇ ਰਹੇ ਹਨ,ਜਿਹੜੀ ਮੁੱਢੋਂ ਹੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੀ ਰਹੀ ਹੈ।ਕਿੰਨੀ ਭੋਲ਼ੀ ਹੈ ਸਿੱਖ ਕੌਂਮ ਕਿ ਧੋਖੇਵਾਜ ਨੂੰ ਦਹਾਕਿਆਂ ਤੱਕ ਕਤਲੇਆਮ ਦੇ ਇਨਸਾਫ ਦਾ ਨਾਇਕ ਸਮਝਦੀ ਰਹੀ ਅਤੇ ਕਿੰਨੇ ਬੇਵੱਸ  ਹੋਣਗੇ ਉਹ ਲੋਕ ਜਿਹੜੇ ਫਿਰ ਵੀ ਫੂਲਕਾ ਸਾਹਬ ਵਰਗਿਆਂ ਤੋ ਇਨਸਾਫ ਦਿਵਾਉਣ ਦੀ ਆਸ  ਰੱਖਦੇ ਰਹੇ।ਸੋ ਹੋਰ ਵੀ ਬਹੁਤ ਸਾਰੇ ਸਵਾਲ ਦਿੱਲੀ ਦੇ ਉਸ ਸੀਨੀਅਰ ਪੱਤਰਕਾਰ ਅਤੇ ਲੇਖਕ  ਨੇ ਖੜੇ  ਕੀਤੇ ਹਨ,ਪਰੰਤੂ ਹੁਣ ਇਹਨਾਂ ਦੇ ਜਵਾਬ ਐਡਵੋਕੇਟ ਫੂਲਕਾ ਸਾਹਬ ਤੋ ਲੱਭਣ ਦੀ ਬਜਾਏ ਸਿੱਖ ਕੌਂਮ ਨੂੰ ਆਪਣੇ ਅੰਦਰੋ ਲੱਭਣੇ ਚਾਹੀਦੇ ਹਨ ਅਤੇ ਫਿਰ ਇਹ ਨਿਰਣਾ ਕਰਨ ਦੀ ਜਰੂਰਤ  ਹੈ ਕਿ ਕੌਂਮ ਧਰੋਹੀਆਂ ਨਾਲ ਕਿਹੋ ਜਿਹਾ ਵਰਤ ਵਰਤਾਵਾ ਰੱਖਣਾ ਚਾਹੀਦਾ ਹੈ,ਤਾਂ ਕਿ ਭਵਿੱਖੀ ਧੋਖੇਵਾਜੀਆਂ ਤੋ ਬਚਿਆ ਜਾ ਸਕੇ।

ਬਘੇਲ ਸਿੰਘ ਧਾਲੀਵਾਲ
99142-58142