ਸ੍ਰੀ ਅਨੰਦਪੁਰ ਸਾਹਿਬ ਵਾਲੀ ਘਟਨਾ, ਮਰਯਾਦਾ ਦਾ ਉਲੰਘਣ ਅਨਜਾਣਪੁਣਾ ਨਹੀ ਸਾਜਿਸ਼ ਹੈ  - ਬਘੇਲ ਸਿੰਘ ਧਾਲੀਵਾਲ

ਅਨੰਦਪੁਰ ਸਾਹਿਬ ਦੀ ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਸੁਚੇਤ ਸਿੱਖ ਮਨਾਂ ਨੂੰ ਚਿੰਤਤ ਕੀਤਾ ਹੈ। ਇਹ ਘਟਨਾ ਭਾਵੇਂ ਸ੍ਰੀ ਅਨੰਦਪੁਰ ਸਾਹਿਬ ਦੀ ਹੋਵੇ ਜਾਂ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀਆਂ ਪਹਿਲਾਂ ਦੀਆਂ ਘਟਨਾਵਾਂ ਹੋਣ,ਮਕਸਦ ਸਭ ਦਾ ਇੱਕੋ  ਹੈ ਅਤੇ ਸਾਰੀਆਂ ਹੀ ਘਟਨਾਵਾਂ ਇੱਕੋ ਕੜੀ ਦਾ ਹਿੱਸਾ ਹਨ।ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਣਾ ਸਭ ਤੋਂ ਵੱਡੀ ਭੁੱਲ ਹੋਵੇਗੀ। ਇਹ ਇੱਕ ਲੜੀ ਹੈ, ਇੱਕ ਲਗਾਤਾਰ ਚੱਲ ਰਹੀ ਕੋਸ਼ਿਸ਼ ਹੈ, ਜਿਸਦਾ ਨਿਸ਼ਾਨਾ ਸਿੱਖ ਧਰਮ ਦੀ ਮਰਯਾਦਾ ਹੈ, ਸਿਧਾਂਤ ਹਨ,ਉਸਦੀ ਅਸਲੀ ਵਿਲੱਖਣ ਪਛਾਣ ਹੈ। ਅਨੰਦਪੁਰ ਸਾਹਿਬ ਦੀ ਧਰਤੀ, ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ, ਉੱਥੇ ਇੱਕ ਬੀਬੀ ਵੱਲੋਂ ਮੂਰਤੀ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਜਾਣ ਦੀ ਜ਼ਿੱਦ ਕਰਨਾ ਇਹ ਉਸ ਔਰਤ ਦਾ ਭੋਲਾਪਣ ਨਹੀ ਅਤੇ ਨਾ ਹੀ ਉਸ ਮੂਰਤੀ ਪ੍ਰਤੀ ਕੋਈ ਸ਼ਰਧਾ ਕਾਰਨ ਹੈ। ਬਲਕਿ ਘਟਨਾ ਉਸ ਸੋਚ ਦੀ ਪਰਤੀਕ ਹੈ,ਜੋ ਸਿੱਖੀ ਦੇ ਅਸੂਲਾਂ ਨਾਲ ਟੱਕਰ ਲੈਣ ਲਈ ਤਿਆਰ ਬੈਠੀ ਹੈ,ਜੋ ਸਿੱਖੀ ਅਸੂਲਾਂ ਦਾ ਮਲ਼ੀਆਮੇਟ ਕਰਨ ਲਈ ਕਾਹਲੀ ਹੈ।ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਬੀਬੀ ਵੱਲੋਂ ਚਿਹਰੇ ‘ਤੇ ਭਾਰਤੀ ਝੰਡਾ ਬਣਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਨੀ ਅਤੇ ਰੋਕੇ ਜਾਣ ‘ਤੇ ਤੁਰੰਤ ਕੈਮਰਾ ਚਾਲੂ ਕਰਕੇ ਹੰਗਾਮਾ ਕਰਨ ਦੀ ਕੋਸ਼ਿਸ਼ ਅਤੇ ਇਸ ਤੋ  ਇਲਾਵਾ ਹੋਰ ਵੀ ਬਹੁਤ ਘਟਨਾਵਾਂ ਵਾਪਰੀਆਂ ਹਨ ਜਿੰਨਾਂ ਵਿੱਚ ਅੰਦਰ ਬੜਕੇ ਬੀੜੀ ਸਿਗਰਟਾਂ ਨਾਲ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਹਨ। ਸਾਰੀਆਂ ਘਟਨਾਵਾਂ ਇੱਕੋ ਲੜੀ ਚੋ ਨਿਕਲੀਆਂ ਹੋਈਆਂ ਜਾਪਦੀਆਂ ਹਨ।ਇਹ ਕੋਈ ਸਧਾਰਣ ਸੰਯੋਗ ਨਹੀਂ। ਇਹ ਇੱਕ ਪੈਟਰਨ ਹੈ,ਇੱਕ ਸੋਚੀ ਸਮਝੀ ਰਣਨੀਤੀ, ਜਿਸਦਾ ਮਕਸਦ ਹੈ ਗੁਰਦੁਆਰਾ ਸਾਹਿਬ ਦੀ ਮਰਯਾਦਾ ਨੂੰ ਪਾਖੰਡਵਾਦ ਵਿੱਚ ਰਲਗੱਡ ਕਰਨਾ,ਵਿਪਰਵਾਦ ਦਾ ਬੋਲਾਬਾਲਾ ਕਰਵਾ ਕੇ ਸਿੱਖੀ ਨੂੰ ਭੇਖ ਦੀ ਸਿੱਖੀ ਬਣਾ ਕੇ ਸਿਧਾਂਤਾਂ ਨੂੰ ਖੋਰਾ  ਲਾਉਣਾ ।ਅਜਿਹੇ ਬਗੈਰ ਮਤਲਬ ਦੇ ਟਕਰਾਅ ਪੈਦਾ ਕਰਕੇ , ਪ੍ਰਬੰਧਕਾਂ ਨੂੰ ਉਕਸਾਉਣਾ, ਅਤੇ ਫਿਰ ਉਸ ਉਕਸਾਏ ਹੋਏ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਕੇ ਇੱਕ ਨਵਾਂ  ਵਿਰਤਾਂਤ ਸਿਰਜਣ ਦੀ ਕੌਸਿਸ਼ ਕਰਨਾ,ਸਭ ਖਥ੍ਰਨਾਕ ਸਾਜਿਸ਼ਾਂ ਹਨ।ਅੱਜ ਦੇ ਸਮੇ ਦੀ ਲੜਾਈ ਸਿਰਫ ਧਾਰਮਿਕ ਨਹੀਂ ਰਹੀ। ਜਦੋਂ ਕੋਈ ਵਿਅਕਤੀ ਪਹਿਲਾਂ ਤੋਂ ਹੀ ਵੀਡੀਓ ਬਣਾਉਣ ਵਾਲਾ ਨਾਲ ਲੈ ਕੇ ਆਉਂਦਾ ਹੈ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਦਰਸ਼ਨ ਕਰਨ ਨਹੀਂ ਆਇਆ,ਉਹ ਇੱਕ ਮੰਜ਼ਰ ਬਣਾਉਣ ਆਇਆ ਹੈ। ਉਹ ਚਾਹੁੰਦਾ ਹੈ ਕਿ ਉਸਨੂੰ ਰੋਕਿਆ ਜਾਵੇ, ਉਸ ਨਾਲ ਤਕਰਾਰ ਹੋਵੇ, ਤਾਂ ਜੋ ਉਹ ਆਪਣੇ ਆਪ ਨੂੰ ਪੀੜਤ ਦਿਖਾ ਸਕੇ ਅਤੇ ਸਿੱਖ ਸੰਸਥਾਵਾਂ ਨੂੰ  ਬਦਨਾਮ ਕਰ ਸਕੇ।।ਇਹ ਖੇਡ ਬਹੁਤ ਸੂਖਮ ਅਤੇ ਬਹੁਤ ਖਤਰਨਾਕ ਹੈ। ਗੁਰਦੁਆਰਾ ਸਾਹਿਬ ਦੀ ਮਰਯਾਦਾ ਕੋਈ ਆਮ ਨਿਯਮ ਨਹੀਂ। ਇਹ ਸਦੀਆਂ ਦੀਆਂ ਕੁਰਬਾਨੀਆਂ ਨਾਲ ਬਣੀ ਇੱਕ ਪ੍ਰਣਾਲੀ ਹੈ, ਇਹਦੇ ਸਿਧਾਂਤ ਦੁਨਿਆਵੀ ਤਖਤਾਂ ਨਾਲ ਟੱਕਰ ਲੈ ਕੇ ਤਹਿ ਕੀਤੇ ਗਏ ਹਨ ਅਤੇ ਖੰਡੇ ਦੀ ਧਾਰ ਚੋ ਪੈਦਾ ਹੋਏ ਹਨ।
ਪਹਿਲਾ  ਮਰਣੁ  ਕਬੂਲਿ ਜੀਵਣ ਕੀ ਛਡਿ ਆਸ ||
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ||
ਦੇ ਸੰਕਲਪ ਨੂੰ ਪਹਿਲਾ ਜੀਵਨ ਦਾ ਹਿੱਸਾ ਬਣਾਉਣਾ ਪੈਂਦਾ ਹੈ,ਫਿਰ ਸਿੱਖੀ ਨਸੀਬ ਹੁੰਦੀ ਹੈ। ਸਿੱਖ ਅਤੇ ਸਿੱਖੀ ਦਾ  ਕੇਂਦਰ ਸਿਰਫ ਅਤੇ ਸਿਰਫ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਬ ਜੀ ਦੀ ਸਰਬ ਉੱਚਤਾ ਵਾਲੀ ਵਿਚਾਰਧਾਰਾ ਹੈ। ਇੱਥੇ ਕਿਸੇ ਹੋਰ ਪ੍ਰਤੀਕ, ਕਿਸੇ ਹੋਰ ਧਾਰਮਿਕ ਰੂਪ ਜਾਂ ਮੂਰਤੀ ਲਈ ਕੋਈ ਥਾਂ ਨਹੀਂ। ਇਹ ਸਿੱਖੀ ਦਾ ਮੂਲ ਸਿਧਾਂਤ ਹੈ, ਜਿਸਨੂੰ ਕੋਈ ਵੀ ਸਮਝਣ ਵਾਲਾ ਆਸਾਨੀ ਨਾਲ ਸਮਝ ਸਕਦਾ ਹੈ। ਫਿਰ ਵੀ ਜਦੋਂ ਕੋਈ ਵਿਅਕਤੀ ਮੂਰਤੀ ਲੈ ਕੇ ਅੰਦਰ ਜਾਣ ਦੀ ਜ਼ਿੱਦ ਕਰਦਾ ਹੈ, ਤਾਂ ਇਹ ਸਿਰਫ ਇੱਕ ਨਿਯਮ ਤੋੜਨ ਦੀ ਕੋਸ਼ਿਸ਼ ਨਹੀਂ ਰਹਿੰਦੀ। ਇਹ ਇੱਕ ਅਸੂਲ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਬਣ ਜਾਂਦੀ ਹੈ। ਅਜਿਹੇ ਮੌਕਿਆਂ ਤੇ ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਕਿਰਪਾਨ ਪਾ ਕੇ ਮੰਦਰਾਂ ਵਿੱਚ ਜਾਂਦੇ ਹਨ, ਤਾਂ ਗੁਰਦੁਆਰੇ ਵਿੱਚ ਮੂਰਤੀ ਕਿਉਂ ਨਹੀਂ ਜਾ ਸਕਦੀ ? ਇਹ ਤਰਕ ਸੁਣਨ ਵਿੱਚ ਸਿੱਧਾ ਲੱਗਦਾ ਹੈ, ਪਰ ਅਸਲ ਵਿੱਚ ਇਹ ਬਹੁਤ ਹੀ ਗਲਤ ਤੁਲਨਾ ਹੈ। ਕਿਰਪਾਨ ਸਿੱਖ ਧਰਮ ਦਾ ਅਟੂਟ ਅੰਗ ਹੈ,ਇਹ ਸਿੱਖ ਦੀ ਪਹਿਚਾਣ ਹੈ, ਉਸਦੀ ਰਹਿਤ ਦਾ ਹਿੱਸਾ ਹੈ। ਜਦੋਂ ਕੋਈ ਸਿੱਖ ਕਿਰਪਾਨ ਪਾ ਕੇ ਕਿਸੇ ਹੋਰ ਧਾਰਮਿਕ ਸਥਾਨ ‘ਤੇ ਜਾਂਦਾ ਹੈ, ਉਹ ਉੱਥੇ ਦੀ ਮਰਯਾਦਾ ਨੂੰ ਬਦਲਣ ਨਹੀਂ ਜਾਂਦਾ। ਪਰ ਜਦੋਂ ਕੋਈ ਵਿਅਕਤੀ ਮੂਰਤੀ ਲੈ ਕੇ ਗੁਰਦੁਆਰੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਉਹ ਸਿਰਫ ਆਪਣੀ ਪਹਿਚਾਣ ਨਾਲ ਨਹੀਂ ਆ ਰਿਹਾ,ਸਗੋਂ ਉਹ ਗੁਰਦੁਆਰੇ ਦੀ ਮਰਯਾਦਾ ਵਿੱਚ ਦਖਲ ਦੇ ਰਿਹਾ ਹੈ।ਇਹ ਦੋਨੋਂ ਗੱਲਾਂ ਵਿੱਚ ਜਮੀਨ ਅਸਮਾਨ ਜਿੰਨਾ ਫਰਕ ਹੈ। ਇਹ ਵੀ ਸੱਚ ਹੈ ਕਿ ਦੇਸ਼ ਦੇ ਕਈ ਮੰਦਰਾਂ ਵਿੱਚ ਆਪਣੇ ਨਿਯਮ ਹਨ। ਕਿਤੇ ਦਸਤਾਰ ਉਤਾਰਨ ਦੀ ਸ਼ਰਤ, ਕਿਤੇ ਧਾਰਮਿਕ ਪਹਿਚਾਣ ਦੇ ਆਧਾਰ ‘ਤੇ ਰੋਕ, ਕਿਤੇ ਜਾਤੀ ਦੇ ਆਧਾਰ ‘ਤੇ ਪ੍ਰਵੇਸ਼ ਦੀ ਪਾਬੰਦੀ,ਇਹ ਸਾਰੀਆਂ ਗੱਲਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਹੋਏ ਮੰਦਰਾਂ ਵਿੱਚ ਅੱਜ ਵੀ ਲਾਗੂ ਹਨ,ਜਿੱਥੋ ਰਾਸ਼ਟਰਪਤੀ ਤੱਕ ਨੂੰ ਵੀ ਨੀਵੀਂ ਜਾਤ ਹੋਣ ਕਰਕੇ ਰੋਕਿਆ ਜਾ ਚੁੱਕਾ ਹੈ।ਉੱਥੇ ਕੋਈ ਇਹ ਨਹੀਂ ਕਹਿੰਦਾ ਕਿ ਇਹ ਅਸਹਿਣਸ਼ੀਲਤਾ ਹੈ। ਉੱਥੇ ਇਹ ਕਿਹਾ ਜਾਂਦਾ ਹੈ ਕਿ ਇਹ ਮੰਦਰ ਦੀ ਮਰਯਾਦਾ ਹੈ। ਫਿਰ ਜਦੋਂ ਗੁਰਦੁਆਰਾ ਪ੍ਰਬੰਧ ਆਪਣੀ ਮਰਯਾਦਾ ਦੀ ਗੱਲ ਕਰਦਾ ਹੈ, ਤਾਂ ਇਸਨੂੰ ਮੁੱਦਾ ਕਿਉਂ ਬਣਾਇਆ ਜਾਂਦਾ ਹੈ। ਇਹੀ ਦੋਹਰਾ ਮਾਪਦੰਡ ਹੈ, ਜਿਸਨੂੰ ਸਮਝਣ ਦੀ ਲੋੜ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ,ਚਿਹਰੇ ‘ਤੇ ਭਾਰਤੀ ਝੰਡਾ ਬਣਾਕੇ ਅੰਦਰ ਜਾਣ ਦੀ ਕੋਸ਼ਿਸ਼ ਵੀ ਇੱਕ ਪ੍ਰਤੀਕਾਤਮਕ ਕਦਮ ਸੀ। ਇਸਦਾ ਮਕਸਦ ਧਾਰਮਿਕ ਸਥਾਨ ਨੂੰ ਇੱਕ ਰਾਜਨੀਤਿਕ ਪ੍ਰਤੀਕ ਨਾਲ ਜੋੜਨਾ ਸੀ। ਉਹਦੀ ਮਰਿਯਾਦਾ ਨੂੰ ਢਾਹ ਲਾਉਣਾ ਸੀ,ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਮੌਜੂਦਾ ਹੈ,ਸ੍ਰੀ ਦਰਬਾਰ ਸਾਹਿਬ ਰੁਹਾਨੀਅਤ ਭਾਵ ਧਰਮ ਦਾ ਪਰਤੀਕ ਹੈ  ਅਤੇ ਸ੍ਰੀ ਅਕਾਲ ਤਖਤ ਸਾਹਿਬ ਰਾਜਨੀਤਕ ਤਾਕਤ ਦਾ ਪਰਤੀਕ ਹੈ।ਵਿਚਕਾਰ ਲੱਗੇ ਦੋ ਉੱਚੇ ਨੀਵੇਂ ਨਿਸਾਨ ਸਾਹਿਬ ਇਸ ਗੱਲ ਦਾ ਪਰਤੀਕ ਹਨ ਕਿ ਧਰਮ ਰਾਜਨੀਤੀ ਦੇ ਉੱਪਰ ਰਹੇਗਾ।ਉਸ ਤਿਰੰਗੇ ਚਿਹਰੇ ਵਾਲੀ ਬੀਬੀ ਦਾ ਮਕਸਦ ਵੀ ਸਮਝਿਆ ਜਾ ਸਕਦਾ ਹੈ।ਉਹਨੂੰ ਜਦੋ ਰੋਕਿਆ ਗਿਆ, ਤਾਂ ਤੁਰੰਤ ਕੈਮਰਾ ਚਾਲੂ ਹੋ ਗਿਆ ਸੀ। ਇਹ ਸਾਰਾ ਵਿਰਤਾਂਤ ਦੱਸਦਾ ਹੈ ਕਿ ਮਾਮਲਾ ਸਿਰਫ ਦਰਸ਼ਨ ਦਾ ਨਹੀਂ ਸੀ,ਮਾਮਲਾ ਇੱਥੋ ਦੀ ਮਰਯਾਦਾ ਨੂੰ ਤਹਿਸ ਨਹਿਸ ਕਰਨ ਦਾ ਸੀ। ਇਹਨਾਂ ਘਟਨਾਵਾਂ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਸਿਰਫ ਕੁਝ ਵਿਅਕਤੀਆਂ ਦੀਆਂ ਹਰਕਤਾਂ ਹਨ ਜਾਂ ਇਸਦੇ ਪਿੱਛੇ ਕੋਈ ਵੱਡੀ ਸੋਚ ਕੰਮ ਕਰ ਰਹੀ ਹੈ? ਜਦੋਂ ਇੱਕੋ ਤਰ੍ਹਾਂ ਦੀ ਤਿਆਰੀ ਨਾਲ, ਇੱਕੋ ਤਰ੍ਹਾਂ ਦੇ ਨਤੀਜੇ ਦੇਣ ਲਈ ਇੱਕੋ ਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਲੱਗਣ, ਤਾਂ ਇਹਨਾਂ ਨੂੰ ਸਿਰਫ ਸੰਯੋਗ ਕਹਿ ਦੇਣਾ ਨਾਸਮਝੀ ਹੋਵੇਗੀ ਜਾ ਫਿਰ ਗੁਲਾਮ ਜਿਹਨੀਅਤ,ਕਿਉਂਕਿ ਸਿੱਖ ਸੇਵਾਦਾਰ ਜਿਸਤਰਾਂ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨਾਲ ਪੇਸ਼ ਆਉਂਦੇ  ਹਨ। ਉਸ ਤੋ ਇੰਜ ਪਰਤੀਤ ਹੁੰਦਾ ਹੈ ਕਿ ਜਿਵੇਂ ਸੇਵਾਦਾਰ ਅਜਿਹੇ ਦੋਸ਼ੀਆਂ ਨਾਲ ਉਲਝਣ ਤੋ ਡਰਦੇ ਹੋਣ। ਇਹ ਇੱਕ ਮਨੋਵਿਗਿਆਨਕ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ,ਇੱਕ ਐਸਾ ਮਾਹੌਲ ਬਣਾਉਣ ਦੀ ਕੋਸ਼ਿਸ਼, ਜਿੱਥੇ ਸਿੱਖ ਆਪਣੀ ਮਰਯਾਦਾ ਦੀ ਰੱਖਿਆ ਕਰਦੇ ਹੋਏ ਵੀ ਗਲਤ ਦਿਖਾਏ ਜਾਣ।ਇਸ ਸਾਰੀ ਸਥਿਤੀ ਵਿੱਚ ਸਿੱਖ ਕੌਮ ਲਈ ਸਭ ਤੋਂ ਵੱਡੀ ਚੁਣੌਤੀ ਹੈ ਕਿ ਅਜਿਹੀਆਂ ਸਾਜਿਸ਼ਾਂ ਦਾ ਜਵਾਬ ਕਿਵੇਂ ਦਿੱਤਾ ਜਾਵੇ , ਜੇਕਰ ਜਵਾਬ ਕਮਜ਼ੋਰੀ ਨਾਲ ਦਿੱਤਾ ਗਿਆ, ਤਾਂ ਮਰਯਾਦਾ ਨੂੰ ਨੁਕਸਾਨ ਪਹੁੰਚੇਗਾ।ਇਸ ਲਈ ਜ਼ਰੂਰੀ ਹੈ ਕਿ ਪੂਰੇ ਹੋਸ ਨਾਲ ਪਰ ਸਖਤੀ ਦੀ ਵਰਤੋ ਕਰਕੇ ਅਜਿਹੇ ਮਨਸੂਬਿਆਂ ਨੂੰ  ਅਸਫਲ ਕੀਤੇ ਜਾਣ ਦੇ ਨਾਲ ਸਰੋਮਣੀ ਕਮੇਟੀ ਨੂੰ ਇਹ ਯਕੀਨੀ  ਬਣਾਉਣਾ ਚਾਹੀਦਾ ਹੈ,ਕਿ ਅਜਿਹੇ ਸਰਾਰਤੀ ਅਨਸਰ ਨੇੜੇ ਹੀ ਨਾ ਪਹੁੰਚ ਸਕਣ।ਮਰਯਾਦਾ ‘ਤੇ ਕੋਈ ਸਮਝੌਤਾ ਨਹੀਂ ਹੋ ਸਕਦਾ। ਪਰ ਮਰਯਾਦਾ ਦੀ ਰੱਖਿਆ ਵੀ ਅਨੁਸ਼ਾਸਨ ਨਾਲ ਹੋਣੀ ਚਾਹੀਦੀ ਹੈ।ਇਹ ਸਮਾਂ ਜਿੱਥੇ ਬੇਹੱਦ ਜਾਗਰੂਕ ਹੋਣ ਦਾ ਹੈ, ਸਚੇਤ ਹੋਣ ਦਾ ਹੈ, ਓਥੇ ਪੰਥਕ ਏਕਤਾ ਵੀ ਸਮੇ ਦੀ ਫੌਰੀ ਲੋੜ ਹੈ।ਸਿੱਖ ਨੇ ਇਹ ਵੀ ਸਮਝਣਾ ਹੋਵੇਗਾ,ਕਿ ਅਜਿਹੀਆਂ ਹਰਕਤਾਂ ਸਿੱਖੀ ਦੀ ਰੂਹ ਨੂੰ ਜਖਮੀ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਸੋ ਜੇਕਰ ਸਿੱਖ ਆਪਣੇ ਪਵਿੱਤਰ ਗੁਰਧਾਮਾਂ ਦੀ ਰੱਖਿਆ ਨਹੀਂ ਕਰ ਸਕਣਗੇ, ਤਾਂ ਇਤਿਹਾਸ ਕਦੇ ਮਾਫ਼ ਨਹੀਂ ਕਰੇਗਾ।

ਬਘੇਲ ਸਿੰਘ ਧਾਲੀਵਾਲ
99142-58142