
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ - ਬਘੇਲ ਸਿੰਘ ਧਾਲੀਵਾਲ
ਨਾਮਧਾਰੀ ਸੰਪਰਦਾਇ ਦੇ ਮੌਜੂਦਾ ਦੌਰ ਦੇ ਮੁਖੀ ਅਕਸਰ ਹੀ ਸਿੱਖੀ ਸਿਧਾਂਤਾਂ ਦੇ ਖਿਲਾਫ ਟਿੱਪਣੀਆਂ ਕਾਰਨ ਚਰਚਾ ਵਿੱਚ ਰਹਿੰਦੇ ਹਨ। ਹੁਣ ਇਸ ਸੰਸਥਾ ਦੇ ਇੱਕ ਧੜੇ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੀ ਸੰਪਰਦਾਇ ਵੱਲੋਂ ਚਲਾਈ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਹੀ ਸਾਬਤ ਕਰਦਿਆਂ ਕਿਹਾ ਕਿ ਦੇਹਧਾਰੀ ਗੁਰੂ ਹੀ ਗਿਆਨ ਦੇ ਸਕਦਾ ਹੈ,ਕੋਈ ਧਾਰਮਿਕ ਪੁਸਤਕ ਆਪਣੇ ਆਪ ਗਿਆਨ ਨਹੀ ਦੇ ਸਕਦੀ। ਸੋ ਇੱਥੇ ਆਪਣੀ ਦੇਹਧਾਰੀ ਗੱਦੀ ਨੂੰ ਸਲਾਮਤ ਰੱਖਣ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਧਾਰਮਿਕ ਕਿਤਾਬ ਕਹਿਣਾ ਸਿਰਫ਼ ਇੱਕ ਬਿਆਨ ਨਹੀਂ, ਸਗੋਂ ਸਿੱਖ ਇਤਿਹਾਸ, ਸਿੱਖ ਆਤਮਿਕਤਾ ਅਤੇ ਸਿੱਖਾਂ ਦੀ ਆਪਣੇ ਜੁਗੋ ਜੁਗ ਅਟੱਲ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ, ਅਸਥਾ ਤੇ ਸਿੱਧਾ ਵਾਰ ਹੈ। ਇਹ ਗੱਲ ਇੰਨੀ ਸੌਖੀ ਨਹੀਂ ਕਿ ਇਸਨੂੰ ਕਿਸੇ ਨਿੱਜੀ ਵਿਚਾਰ ਕਹਿ ਕੇ ਛੱਡ ਦਿੱਤਾ ਜਾਵੇ। ਇਹ ਉਹ ਮਸਲਾ ਹੈ ਜਿਸਦਾ ਸਬੰਧ ਸਿੱਖ ਅਤੇ ਸਿੱਖੀ ਦੀ ਰੂਹ ਨਾਲ ਹੈ।ਸ੍ਰੀ ਗੁਰੂ ਗਰੰਥ ਸਾਹਿਬ ਜੀ, ਨਾਨਕ ਨਾਮ ਲੇਵਾ ਸਿੱਖਾਂ ਦੇ ਜਾਗਤ ਜੋਤ ਸਦੀਵੀ ਗੁਰੂ ਹਨ,ਜਿਸਨੂੰ ਸਿੱਖ ਕੌਮ ਸਦੀਆਂ ਤੋਂ ਆਪਣੇ ਮਨੁੱਖਾ ਜੀਵਨ ਲਈ ਸਕਤੀ ਦਾ ਸੋਮਾ ਅਤੇ ਅਤੀਤ,ਵਰਤਮਾਨ ਅਤੇ ਭਵਿੱਖ ਦਾ ਮਾਰਗ ਦਰਸ਼ਕ ਮੰਨਕੇ ਜੀਵਨ ਜਾਚ ਸਿੱਖਦੀ ਆ ਰਹੀ ਹੈ।ਸਰਬਤ ਦਾ ਭਲਾ,ਸਰਬ ਸਾਂਝੀ ਵਾਲਤਾ ਅਤੇ ਊਚ ਨੀਚ ਦੇ ਭਿੰਨ ਭੇਦ ਨੂੰ ਅਸਲੋਂ ਹੀ ਰੱਦ ਕਰਨ ਵਰਗੇ ਸਦਗੁਣ ਇਸ ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਦੀ ਬਖਸ਼ਿਸ਼ ਕਰਕੇ ਹੀ ਸੰਭਵ ਹਨ।ਸਭ ਤੋਂ ਪਹਿਲਾਂ ਇਹ ਸਮਝਣਾ ਲਾਜ਼ਮੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਲਈ ਕੀ ਹਨ। ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਿਰਫ਼ ਸਬਦਾਂ ਦਾ ਭੰਡਾਰ ਨਹੀਂ, ਨਾ ਹੀ ਇਹ ਕਾਗਜ਼ਾਂ ‘ਤੇ ਲਿਖਿਆ ਹੋਇਆ ਦੁਨਿਆਵੀ ਸਾਹਿਤ ਹੈ,ਬਲਕਿ ਇਹ ਤਾਂ ਉਹ “ਸ਼ਬਦ ਗੁਰੂ” ਹਨ, ਜਿਸਦੀ ਸਥਾਪਨਾ ਖੁਦ ਗੁਰੂ ਸਾਹਿਬਾਨ ਨੇ ਕੀਤੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਆਦਿ ਗ੍ਰੰਥ ਦੀ ਸੰਪਾਦਨਾ ਕਰਕੇ ਇਸਨੂੰ ਹਰਿਮੰਦਰ ਸਾਹਿਬ ਵਿੱਚ ਪੋਥੀ ਸਾਹਿਬ ਦੇ ਰੂਪ ਵਿੱਚ ਸਥਾਪਿਤ ਕੀਤਾ। ਇਹ ਸੰਪਾਦਨਾ ਸਿਰਫ਼ ਰਚਨਾਵਾਂ ਨੂੰ ਇਕੱਠਾ ਕਰਨ ਦਾ ਕੰਮ ਨਹੀਂ ਸੀ, ਸਗੋਂ ਸੱਚ ਦੀ ਪਰਖ ਦਾ ਇਕ ਵੱਡਾ ਮਾਪਦੰਡ ਸੀ। ਗੁਰੂ ਅਰਜਨ ਦੇਵ ਜੀ ਨੇ ਸਿਰਫ਼ ਸਿੱਖ ਗੁਰੂਆਂ ਦੀ ਬਾਣੀ ਹੀ ਨਹੀਂ, ਸਗੋਂ 15 ਭਗਤਾਂ,11 ਭੱਟਾਂ,ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ। ਇਹ ਗੱਲ ਸਪਸ਼ਟ ਕਰਦੀ ਹੈ ਕਿ ਇਹ ਗ੍ਰੰਥ ਕਿਸੇ ਇੱਕ ਵਿਅਕਤੀ ਦੀ ਲਿਖਤ ਨਹੀਂ, ਸਗੋਂ ਸੱਚ ਦੀ ਸਰਬਵਿਆਪੀ ਅਵਾਜ਼ ਹੈ। ਜੇ ਇਹ ਸਿਰਫ਼ ਇੱਕ “ਕਿਤਾਬ” ਹੁੰਦੀ, ਤਾਂ ਕੀ ਗੁਰੂ ਸਾਹਿਬ ਇਸਨੂੰ ਇੰਨੀ ਮਹੱਤਤਾ ਦਿੰਦੇ ? ਕੀ ਹਰਿਮੰਦਰ ਸਾਹਿਬ ਵਿੱਚ ਇਸਦੀ ਪ੍ਰਕਾਸ਼ਤਾ ਕੀਤੀ ਜਾਂਦੀ ? ਕੀ ਇਸਦੇ ਅੱਗੇ ਸਿਰ ਨਿਵਾਇਆ ਜਾਂਦਾ ? ਇਹ ਸਵਾਲ ਹਰ ਉਹ ਵਿਅਕਤੀ ਆਪਣੇ ਆਪ ਤੋਂ ਪੁੱਛੇ ਜੋ ਇਸ ਜੁੱਗੋ ਜੁੱਗ ਅਟੱਲ ਗੁਰੂ ਨੂੰ ਸਧਾਰਣ ਧਾਰਮਿਕ ਪੁਸਤਕ ਕਹਿਣ ਦੀ ਜੁਰਅਤ ਕਰਦਾ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆਸਥਾ ਲਈ ਸਿੱਖਾਂ ਨੇ ਆਪਣੇ ਸਿਰ ਤੱਕ ਵਾਰ ਦਿੱਤੇ। 18ਵੀਂ ਸਦੀ ਦੇ ਮੁਸ਼ਕਲ ਸਮਿਆਂ ਵਿੱਚ ਜਦੋਂ ਸਿੱਖਾਂ ‘ਤੇ ਜ਼ੁਲਮਾਂ ਦੀਆਂ ਹੱਦਾਂ ਪਾਰ ਹੋ ਰਹੀਆਂ ਸਨ, ਉਸ ਵੇਲੇ ਵੀ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਅਤੇ ਸਤਿਕਾਰ ਨੂੰ ਕਦੇ ਨਹੀਂ ਛੱਡਿਆ। ਜੰਗ ਦੇ ਮੈਦਾਨਾਂ ਵਿੱਚ ਵੀ ਇਸਦੀ ਸੁਰੱਖਿਆ ਲਈ ਜਾਨਾਂ ਦਿੱਤੀਆਂ ਗਈਆਂ। ਕੀ ਆਮ ਕਿਤਾਬ ਪ੍ਰਤੀ ਐਨੀ ਸ਼ਰਧਾ ਰੱਖੀ ਜਾ ਸਕਦੀ ਹੈ ? ਸਿੱਖੀ ਵਿੱਚ “ਗੁਰੂ” ਦਾ ਅਰਥ ਸਿਰਫ਼ ਸਿੱਖਿਆ ਦੇਣ ਵਾਲਾ ਨਹੀਂ, ਸਗੋਂ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲਾ ਅਕਾਲ ਪੁਰਖ ਵਿੱਚ ਅਭੇਦ ਹੋਣ ਦੀ ਸਮਰੱਥਾ ਰੱਖਣ ਵਾਲਾ ਮਹਾਂਨ ਪੁਰਸ਼ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਉਹ ਸਦੀਵੀ ਰੌਸ਼ਨੀ ਹੈ ਜੋ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਇਹ ਸਿਰਫ਼ ਪੜ੍ਹਨ ਲਈ ਨਹੀਂ, ਸਗੋਂ ਜਿਉਣ ਲਈ ਹਨ। ਇਸ ਦੀ ਬਾਣੀ ਮਨੁੱਖ ਦੇ ਅੰਦਰੂਨੀ ਬਦਲਾਅ ਦੀ ਗੱਲ ਕਰਦੀ ਹੈ, ਉਸਨੂੰ ਅਹੰਕਾਰ ਤੋਂ ਦੂਰ ਕਰਕੇ ਨਾਮ ਨਾਲ ਜੋੜਦੀ ਹੈ। ਠਾਕੁਰ ਦਲੀਪ ਸਿੰਘ ਦਾ ਉਕਤ ਬਿਆਨ ਸਿੱਖ ਦਰਸ਼ਨ ਦੀ ਮੂਲ ਸਮਝ ਤੋਂ ਬਿਲਕੁਲ ਕੋਰਾ ਅਤੇ ਵੱਖਰਾ ਹੈ। ਇਹ ਗੱਲ ਸਿਰਫ਼ ਅਗਿਆਨਤਾ ਨਹੀਂ ਦਿਖਾਉਂਦੀ, ਸਗੋਂ ਇੱਕ ਜਾਨ-ਬੁੱਝ ਕੇ ਕੀਤਾ ਗਿਆ ਗੁਨਾਹ ਜਾਪਦਾ ਹੈ। ਜੇ ਉਹ ਸਿੱਖ ਇਤਿਹਾਸ ਨੂੰ ਪੜ੍ਹਦੇ ਹਨ,ਗੁਰਬਾਣੀ ਦੀ ਅਸਲ ਵਿਚਾਰਧਾਰਾ ਨੂੰ ਸਮਝਦੇ ਹਨ,ਤਾਂ ਫਿਰ ਉਹ ਐਨੀ ਵੱਡੀ ਗੁਸਤਾਖੀ ਕਰਨ ਦੀ ਜੁਰਅਤ ਕਿਵੇਂ ਕਰ ਸਕਦੇ ਹਨ।। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਮਰਯਾਦਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵੰਤ ਗੁਰੂ ਵਜੋਂ ਮੰਨਿਆ ਜਾਂਦਾ ਹੈ। ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ , ਉਹਨਾਂ ਦਾ ਸੁਖਾਸਨ, ਉਹਨਾਂ ਦੇ ਪਰਕਾਸ਼ ਤੇ ਚੌਰ ਸਾਹਿਬ ਦੀ ਸੇਵਾ,ਇਹ ਸਾਰੇ ਪ੍ਰਮਾਣ ਹਨ ਕਿ ਇਹ ਸਿਰਫ਼ ਇੱਕ ਪੁਸਤਕ ਨਹੀਂ,ਬਲਕਿ ਤਖਤ ਚੌਰ ਦੇ ਮਾਲਕ,ਜਾਗਤ ਜੋਤ ਗੁਰੂ ਗਰੰਥ ਸਾਹਿਬ ਜੀ ਹਨ।ਇਸ ਤੋ ਇਲਾਵਾ ਭਾਰਤ ਦੀ ਸਭ ਤੋ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਮੰਨਿਆ ਹੈ। ਜੇਕਰ ਫਿਰ ਵੀ ਇੱਕ ਵੱਡੀ ਸੰਸਥਾ ਦੇ ਇੱਕ ਧੜੇ ਦੇ ਮੁਖੀ ਵੱਲੋਂ ਅਜਿਹਾ ਬੋਲਿਆ ਗਿਆ ਹੈ,ਤਾਂ ਇਹ ਬੇੱਹਦ ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਮਸਲੇ ਨੂੰ ਸਿਰਫ਼ ਭਾਵਨਾਤਮਕ ਰੂਪ ਵਿੱਚ ਨਹੀਂ, ਸਗੋਂ ਤਰਕਸੰਗਤ ਢੰਗ ਨਾਲ ਵੀ ਦੇਖਣ ਦੀ ਲੋੜ ਹੈ। ਇੱਕ ਧਾਰਮਿਕ ਕਿਤਾਬ ਸਿਰਫ਼ ਜਾਣਕਾਰੀ ਦੇ ਸਕਦੀ ਹੈ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਵਨ ਨੂੰ ਦਿਸ਼ਾ ਦਿੰਦੇ ਹਨ। ਇੱਕ ਕਿਤਾਬ ਸਮੇਂ ਦੇ ਨਾਲ ਬਦਲ ਸਕਦੀ ਹੈ, ਪਰ ਗੁਰਬਾਣੀ ਸਦੀਵੀ ਹੈ। ਇੱਕ ਕਿਤਾਬ ਕਿਸੇ ਲੇਖਕ ਦੀ ਸੋਚ ਹੁੰਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੳਸ ਅਕਾਲ ਜੋਤ ਦੀ ਅਵਾਜ਼ ਹੈ। ਇਸ ਲਈ, ਜਦੋਂ ਕੋਈ ਇਸਨੂੰ ਸਿਰਫ਼ ਧਾਰਮਿਕ ਕਿਤਾਬ ਕਹਿੰਦਾ ਹੈ, ਤਾਂ ਉਹ ਸਿੱਖੀ ਦੀ ਪੂਰੀ ਆਤਮਿਕ ਰਚਨਾ ਨੂੰ ਹੀ ਨਜ਼ਰਅੰਦਾਜ਼ ਕਰਦਾ ਹੈ। ਇਸ ਵਰਤਾਰੇ ਨੂੰ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਮਹੱਤਵ ਨੂੰ ਘਟਾਉਣ ਦੀ ਕੋਸ਼ਿਸ਼ ਵਜੋਂ ਦੇਖੇ ਜਾਣ ਦੀ ਜਰੂਰਤ ਹੈ। ਇਹ ਸਪੱਸਟ ਕਰਨਾ ਬੇਹੱਦ ਜਰੂਰੀ ਹੈ ਕਿ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਦਾ ਮੂਲ ਆਧਾਰ ਹਨ। ਇਹ ਉਹ ਜੋਤ ਹਨ ਜੋ ਸਦੀਆਂ ਤੋਂ ਸਿੱਖਾਂ ਨੂੰ ਰਾਹ ਦਿਖਾ ਰਹੀ ਹੈ ਅਤੇ ਅੱਗੇ ਵੀ ਦਿਖਾਉਂਦੀ ਰਹੇਗੀ। ਇਸਨੂੰ ਧਾਰਮਿਕ ਕਿਤਾਬ ਕਹਿਣਾ ਨਾ ਸਿਰਫ਼ ਗਲਤੀ ਹੈ, ਸਗੋਂ ਇਤਿਹਾਸਕ ਸੱਚਾਈ ਅਤੇ ਅਸਥਾ ਦੇ ਖਿਲਾਫ਼ ਇੱਕ ਵੱਡਾ ਅਪਰਾਧ ਹੈ। ਜੇ ਕਿਸੇ ਨੂੰ ਸਚਮੁੱਚ ਲੋਕ ਪਰਲੋਕ ਦੇ ਰਹੱਸ ਨੂੰ ਸਮਝਣ ਦੀ ਇੱਛਾ ਹੈ, ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਧੀ ਅਤੇ ਸਤਿਕਾਰ ਸਹਿਤ ਅਧਿਐਨ ਕਰਨਾ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੋਵੇਗਾ, ਫਿਰ ਖੁਦ ਬ ਖੁਦ ਆਪਣੇ ਆਪ ਨੂੰ ਪਤਾ ਲੱਗ ਜਾਵੇਗਾ ਕਿ ਇਹ ਮਹਿਜ਼ ਲਫ਼ਜ਼ਾਂ ਦਾ ਭੰਡਾਰ ਨਹੀਂ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1708 ਵਿੱਚ ਨਾਂਦੇੜ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਕੇ ਸਮੁੱਚੇ ਸਿੱਖ ਜਗਤ ਨੂੰ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਦਾ ਸਦੀਵੀਂ ਹੁਕਮ ਦਿੱਤਾ,ਜਿਹੜਾ ਸਿੱਖ ਅਤੇ ਗੁਰੂ ਦੇ ਆਪਸੀ ਰਿਸ਼ਤੇ ਅਤੇ ਆਤਮਿਕ ਰਾਹਦਾਰੀ ਦਾ ਅੰਤਿਮ ਫੈਸਲਾ ਸੀ। ਗੁਰੂ ਸਾਹਿਬ ਦੇ ਇਸ ਹੁਕਮ ਨਾਲ ਸਿੱਖਾਂ ਲਈ ਮਨੁੱਖੀ ਸਰੀਰ ਵਾਲੇ ਗੁਰੂਆਂ ਦੀ ਲੜੀ ਖਤਮ ਹੋ ਗਈ ਅਤੇ ਸਦੀਵੀ ਗੁਰੂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ। ਜਿਸਦੀ ਰੌਸ਼ਨੀ ਹਮੇਸਾ ਦੁਨੀਆਂ ਦਾ ਰਾਹ ਰੁਸ਼ਨਾਉਂਦੀ ਰਹੇਗੀ।
ਬਘੇਲ ਸਿੰਘ ਧਾਲੀਵਾਲ
99142-58142