ਬਕਲੀ, ਬੱਡ ਤੇ ਬੂਟਾ : ਇੱਕ ਰਹੱਸਮਈ ਇਤਿਹਾਸਿਕ ਵਾਰਤਾ - ਅਵਤਾਰ ਐਸ. ਸੰਘਾ

ਆਸਟਰੇਲੀਆ, ਇੰਗਲੈਂਡ ਅਤੇ ਭਾਰਤ ਦੇ ਇਤਿਹਾਸ ਦੇ ਰਹੱਸਮਈ ਖਿੱਤੇ ਦੇ ਵਰਕੇ ਫਰੋਲਦਿਆਂ ਮੇਰੇ ਸੰਪਰਕ ਵਿੱਚ ਤਿੰਨ ਅਜੀਬ ਜਿਹੇ ਸਖਸ਼ ਆਏ ਜਿਨ੍ਹਾਂ ਦਾ ਜੀਵਨ ਖਾਨਾਬਦੋਸ਼ ਹੁੰਦਾ ਹੋਇਆ ਇੱਕ ਦੂਜੇ ਦੇ ਨਾਲ ਮੇਲ ਖਾਂਦਾ ਹੈ। ਅਸਲ ਵਿੱਚ ਮੈਂ ਬੋਲੀ ਦੀਆਂ ਪਰਤਾਂ ਫਰੋਲਦਾ ਹੋਇਆ ਅਪਬੋਲੀ (Slang) ਤੇ ਕੇਂਦਰਤ ਸਾਂ। ਅਪਬੋਲੀ ਦੇ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਤੇ ਝਾਤ ਮਾਰਦਾ ਹੋਇਆ ਮੈਂ ਐਸੇ ਸ਼ਬਦਾਂ ਦੇ ਮੱਕੜ ਜਾਲ ਵਿੱਚ ਫਸ ਗਿਆ ਜਿਹੜੇ ਮੈਨੂੰ ਪ੍ਰਭਾਵਿਤ ਵੀ ਕਰੀ ਜਾਣ ਤੇ ਹੈਰਾਨ ਵੀ ਕਰੀ ਜਾਣ। ਮਿਸਾਲ ਦੇ ਤੌਰ ਤੇ ਆਸਟਰੇਲੀਆ ਦੇ ਸੌ ਡਾਲਰ ਦੇ ਕਰੰਸੀ ਨੋਟ ਨੂੰ ਵਾਟਰ ਮੈਲਨ (ਤਰਬੂਜ਼) ਕਿਹਾ ਜਾਂਦਾ ਹੈ ਕਿਉਂਕਿ ਦੋਹਾਂ ਦਾ ਰੰਗ ਗੂੜ੍ਹਾ ਹਰਾ ਹੈ। ਇਸੇ ਪ੍ਰਕਾਰ ਆਸਟਰੇਲੀਆ ਦੇ ਪੰਜਾਹ ਡਾਲਰ ਦੇ ਕਰੰਸੀ ਨੋਟ ਨੂੰ ਪਾਈਨ ਐਪਲ (Pineapple) ਕਿਹਾ ਜਾਂਦਾ ਹੈ ਕਿਉਂਕਿ ਦੋਹਾਂ ਦਾ ਰੰਗ ਪਲੱਤਣ ਵਿੱਚ ਹੈ। 143 ਦੇ ਅੰਕੜੇ ਦਾ ਮਤਲਬ ਹੈ ਆਈ ਲਵ ਯੂ (I Love You) ਕਿਉਂਕਿ ਇਹ ਤਿੰਨ ਸ਼ਬਦ ਕ੍ਰਮਵਾਰ ਇੱਕ ਅੰਕੜੇ, ਚਾਰ ਅੰਕੜਿਆਂ ਤੇ ਤਿੰਨ ਅੰਕੜਿਆਂ ਦੇ ਜੋੜ ਨਾਲ ਬਣਦੇ ਹਨ। 'I' ਇੱਕ ਅੱਖਰ ਹੈ, 'Love' ਚਾਰ ਅੱਖਰ ਹਨ ਤੇ 'You' ਤਿੰਨ ਅੱਖਰ ਹਨ।
ਅਪਬੋਲੀ ਦੀ ਸੂਚੀ ਤੇ ਧਿਆਨ ਮਾਰਦੇ ਹੋਏ ਮੇਰੀ ਨਜ਼ਰ ਇੱਕ ਪ੍ਰਗਟਾਵੇ ਤੇ ਪਈ ਜਿਹੜਾ ਸੀ - ਬਕਲੀਜ਼ ਚਾਂਸ  (Buckly's Chance) । ਇਸ ਦਾ ਮਤਲਬ ਹੁੰਦਾ ਹੈ ਕੋਈ ਚਾਂਸ ਨਹੀਂ, ਅਸੰਭਵ ਜਾਂ ਬਹੁਤ ਘੱਟ ਸੰਭਵ। ਮੈਂ ਸੋਚਣ ਲੱਗ ਪਿਆ ਕਿ ਇਹ ਸਲੈਂਗ ਬਣਿਆ ਕਿਵੇਂ ਹੋਊ, ਇਸ ਦਾ ਇਤਿਹਾਸ ਕੀ ਹੋਊ? ਜਦ ਮੈਂ ਇਸ ਦੀਆਂ ਪਰਤਾਂ ਫੋਲੀਆਂ ਤਾਂ ਇਸ ਸਲੈਂਗ ਦੇ ਹੋਂਦ ਵਿੱਚ ਆਉਣ ਦੇ ਪਿੱਛੇ ਇੱਕ ਬੜਾ ਰਹੱਸਮਈ ਇਤਿਹਾਸ ਨਜ਼ਰ ਆਇਆ। ਇਹ ਇਤਿਹਾਸ ਇੱਕ ਗੋਰੇ ਵਿਲੀਅਮ ਬਕਲੀ (William Buckley) ਨਾਲ ਜੁੜਿਆ ਹੋਇਆ ਏ।
ਵਿਲੀਅਮ ਬਕਲੀ 1776 ਵਿੱਚ ਇੰਗਲੈਂਡ ਵਿੱਚ ਚੈਸ਼ਾਇਰ   (Cheshire) ਦੇ ਮੈਕਲੀਜ਼ਫੀਲਡ (Macclesfield) ਇਲਾਕੇ ਦੇ ਪਿੰਡ ਮਾਰਟਨ (Merton) ਵਿਖੇ ਪੈਦਾ ਹੋਇਆ ਸੀ। ਛੋਟੇ ਹੁੰਦੇ ਨੂੰ ਇਹਨੂੰ ਇਹਦੇ ਨਾਨੇ ਨੇ ਪਾਲਿਆ ਸੀ। ਇਹ ਇੱਕ ਰਾਜ ਮਿਸਤਰੀ ਦੇ ਤੌਰ ਤੇ ਕੰਮ ਕਰਨ ਲੱਗਾ। ਇਸ ਦਾ ਕੱਦ ਛੇ ਫੁੱਟ ਛੇ ਇੰਚ ਸੀ, ਵਾਲ ਆਲੇ ਦੁਆਲੇ ਨੂੰ ਵਧਵਂੇ ਕਾਲੇ ਸਨ, ਛੋਟਾ ਮੱਥਾ ਸੀ, ਵਧਵੇਂ ਭਰਵੱਟੇ ਅੱਖਾਂ ਉੱਪਰ ਨੂੰ ਲਟਕਦੇ ਰਹਿੰਦੇ ਸਨ। ਛੋਟੇ ਆਕਾਰ ਦਾ ਚਪਟਾ ਜਿਹਾ ਨੱਕ ਸੀ ਤੇ ਚਿਹਰੇ ਤੇ ਮਾਤਾ ਦੇ ਭਾਰੇ ਭਾਰੇ ਦਾਗ ਸਨ। ਦੇਖਣ ਨੂੰ ਇਹ ਨਿਰਾ ਡਾਕੂ ਤੇ ਕਾਤਲ ਲਗਦਾ ਸੀ। ਉਸਦੀ ਡਰਾਉਣੀ, ਬੇਢਵੀ ਸ਼ਕਲ ਨੇ ਉਸਨੂੰ 19 ਸਾਲ ਦੀ ਉਮਰ ਵਿੱਚ ਇੰਗਲੈਂਡ ਦੀ ਫੌਜ ਵਿੱਚ ਭਰਤੀ ਹੋਣ ਵਿੱਚ ਮਦਦ ਕੀਤੀ ਕਿਉਂਕਿ ਫੌਜ ਵਿੱਚ ਡਰਾਉਣੀ ਸ਼ਕਲ ਵਾਲੇ ਸ਼ਖਸ਼ਾਂ ਦੀ ਉਦੋਂ ਜਰੂਰਤ ਸੀ। 1799 ਵਿੱਚ ਫੌਜ ਨੈਪੋਲੀਅਨ ਬੋਨਾਪਾਰਟ ਦੇ ਖਿਲਾਫ ਲੜਨ ਲਈ ਨੀਦਰਲੈਂਡ ਗਈ ਸੀ। ਲੜਾਈ ਦੌਰਾਨ ਉਸ ਦੀ ਸੱਜੀ ਬਾਂਹ ਤੇ ਗੰਭੀਰ ਸੱਟ ਲੱਗ ਗਈ ਸੀ। ਫੌਜ ਵਿੱਚ ਉਹ ਕੁਝ ਮਾੜੇ ਸਿਪਾਹੀਆਂ ਦੀ ਸੰਗਤ ਦੇ ਵਿੱਚ ਵੀ ਪੈ ਗਿਆ ਸੀ। ਉਸਦੇ ਦੱਸਣ ਮੁਤਾਬਿਕ ਉਸ ਨੂੰ ਇੱਕ ਇਸਤਰੀ ਨੇ ਕੱਪੜੇ ਦਾ ਇੱਕ ਥਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਕੇ ਕਿਸੇ ਨੂੰ ਦੇਣ ਲਈ ਕਿਹਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਥਾਨ ਚੋਰੀ ਦਾ ਸੀ। ਚੋਰੀ ਦੇ ਦੋਸ਼ ਕਰਕੇ ਉਸਨੂੰ 14 ਸਾਲ ਦੀ ਕੈਦ ਹੋ ਗਈ।ਕਾਰ ਉਸ ਸਮੇਂ ਇੰਗਲੈਂਡ ਦੇ ਅਪਰਾਧੀ ਆਸਟਰੇਲੀਆ ਵਿੱਚ ਨੂੰ ਸਜ਼ਾ ਕੱਟਣ ਲਈ ਭੇਜੇ ਜਾਂਦੇ ਸਨ। 1803 ਵਿੱਚ ਬਕਲੀ ਨੂੰ ਫੌਜ ਨੇ ਇੱਕ ਪਾਣੀ ਵਾਲੇ ਜਹਾਜ਼ ਵਿੱਚ ਸੁੱਟ ਕੇ ਪੋਰਟ ਫਿਲਿਪ ਬੇਅ (Port Phillip Bay) ਨੂੰ ਭੇਜ ਦਿੱਤਾ। ਇਸ ਬੇਅ ਤੇ ਚੰਗੇ ਭੋਜਨ ਤੇ ਤਾਜੇ ਪਾਣੀ ਦੀ ਘਾਟ ਸੀ। ਕਾਫੀ ਗਿਣਤੀ ਵਿੱਚ ਕੈਦੀ ਇਥੇ ਝੌਂਪੜੀਆਂ ਬਣਾ ਕੇ ਰਹਿੰਦੇ ਸਨ। ਕੁਝ ਮਹੀਨਿਆਂ ਦਾ ਘਟੀਆ ਜੀਵਨ ਬਿਤਾ ਕੇ ਕੁਝ ਅਪਰਾਧੀ ਤਸਮਾਨੀਆ ਸੂਬੇ ਨੇੜੇ ਵੈਨ ਡੇਮੀਅਨਜ਼ ਲੈਂਡ (Van Damien's Land) ਵਿਖੇ ਪਹੁੰਚੇ। ਬਕਲੀ ਤੇ ਪੰਜ ਹੋਰ ਕੈਦੀ ਚੁਸਤੀ ਨਾਲ ਬਾਕੀਆਂ ਤੋਂ ਅਲੱਗ ਹੋ ਕੇ ਸਿਡਨੀ ਵੱਲ ਦੇ ਪਾਸੇ ਨੂੰ ਆ ਗਏ। ਇਹਨਾਂ ਵਿੱਚ ਤਿੰਨ ਆਪਣੇ ਅਫਸਰਾਂ ਦੀਆਂ ਗੋਲੀਆਂ ਨਾਲ ਉਸ ਵੇਲੇ ਮਾਰੇ ਗਏ ਜਦ ਉਹ ਉਹਨਾਂ ਦੀ ਚੁੰਗਲ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਬਕਲੀ ਤੇ ਇਸਦੇ ਦੋ ਹੋਰ ਸਾਥੀਆਂ ਨੇ ਉਸ ਭੋਜਨ ਨਾਲ ਗੁਜ਼ਾਰਾ ਕੀਤਾ ਜਿਹੜਾ ਉਹ ਨਾਲ ਲਿਆਏ ਸਨ। ਇਸ ਦੇ ਨਾਲ ਇਹਨਾਂ ਨੂੰ ਸਮੁੰਦਰੀ ਭੋਜਨ (Sea food) ਵੀ ਪ੍ਰਾਪਤ ਹੋ ਗਿਆ। ਇਹਨਾਂ ਜੰਜੀਰਿਆਂ ਉੱਪਰੋਂ ਜਿੱਧਰ ਨੂੰ ਵੀ ਇਹ ਜਾਣ ਦੀ ਕੋਸ਼ਿਸ਼ ਕਰਦੇ ਸਨ ਇਹਨਾਂ ਨੂੰ ਹਮੇਸ਼ਾ ਆਦਿਵਾਸੀਆਂ ਦਾ ਡਰ ਸਤਾਉਂਦਾ ਰਹਿੰਦਾ ਸੀ। ਆਦਿਵਾਸੀ ਇਹਨਾਂ ਗੋਰਿਆਂ ਤੇ ਹਮਲੇ ਕਰਦੇ ਸਨ। ਬਚਨ ਬਚਾਉਣ ਦੀ ਦੌੜ੍ਹ ਵਿੱਚ ਬਕਲੀ ਇਕੱਲਾ ਰਹਿ ਗਿਆ। ਭੋਜਨ ਪਾਣੀ ਠੀਕ ਨਾ ਮਿਲਣ ਕਾਰਨ ਬਿਮਾਰ ਹੋ ਗਿਆ। ਉਹ ਮੁਸ਼ਕਿਲ ਨਾਲ ਮਰਨ ਤੋਂ ਬਚਿਆ। ਫਿਰ ਇਹ ਸਮੁੰਦਰ ਵਿੱਚ ਅੰਤਾਂ ਦੀਆਂ ਮੁਸ਼ਕਿਲਾਂ ਝੱਲਦਾ ਹੋਇਆ ਵਿਕਟੋਰੀਆ ਸੂਬੇ ਦੇ ਨੇੜੇ ਤਿੰਨ ਐਸੇ ਆਦਿਵਾਸੀਆਂ ਨੂੰ ਮਿਲਿਆ ਜਿਹਨਾਂ ਪਾਸ ਵੱਡੇ ਆਕਾਰ ਦੇ ਨੇਜੇ ਸਨ। ਉਹਨਾਂ ਨੇ ਬਕਲੀ ਨੂੰ ਆਪਣੇ ਵਡੇਰਿਆਂ ਦੀ ਰੂਹ ਸਮਝ ਲਿਆ। ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਇੱਕ ਆਦਿਵਾਸੀ ਹੀ ਹੈ। ਆਦਿਵਾਸੀਆਂ ਨੇ ਉਸਦਾ ਨਾਮ ਮੁਰਨਗਰਕ (Murrangurk) ਰੱਖ ਦਿੱਤਾ। ਉਹ ਨਾਮ ਕਿਸੇ ਵੇਲੇ ਉਹਨਾਂ ਦੇ ਕਬੀਲੇ ਦੇ ਮੁਖੀ ਦਾ ਹੁੰਦਾ ਸੀ। ਇਸ ਸ਼ਬਦ ਦਾ ਆਦਿਵਾਸੀ ਭਾਸ਼ਾ ਵਿੱਚ ਅਰਥ ਹੁੰਦਾ ਏ:- ਉਹ ਵਿਅਕਤੀ ਜਿਹੜਾ ਮਰ ਕੇ ਦੁਬਾਰਾ ਜਿਉਂਦਾ ਹੋ ਜਾਵੇ। ਕਬੀਲੇ ਨੇ ਅੰਤਾਂ ਦੀਆਂ ਖੁਸ਼ੀਆਂ ਮਨਾਈਆਂ, ਸੱਭਿਆਚਾਰਕ ਪ੍ਰੋਗਰਾਮ ਕੀਤਾ, ਇਹ ਜ਼ਾਹਿਰ ਕਰਨ ਲਈ ਕਿ ਕਬੀਲੇ ਦਾ ਮੁਖੀ ਮੁੜ ਜੀਵਤ ਹੋ ਗਿਆ ਹੈ। ਇਸ ਵਾਲਾਰੰਗਾ ਕਬੀਲੇ (Wallaranga Tribe) ਨੇ ਬਕਲੀ ਨੂੰ ਬਹੁਤ ਆਦਰ ਮਾਣ ਸਤਿਕਾਰ ਦਿੱਤਾ। ਇਸ ਨੇ ਬਕਲੀ ਨੂੰ ਆਪਣੀ ਬੋਲੀ ਵੀ ਸਿਖਾ ਦਿੱਤੀ। ਆਪਣੇ ਰਸਮ ਰਿਵਾਜ ਅਤੇ ਜੀਵਨ ਜਾਚ ਦੇ ਤਰੀਕਿਆਂ ਤੋੱ ਜਾਣੂ ਕਰਵਾ ਦਿੱਤਾ। ਬਕਲੀ ਕਬੀਲੇ ਦੇ ਲੋਕਾਂ ਨਾਲ ਮਿਲ ਕੇ ਮੱਛੀਆਂ ਫੜਦਾ, ਭੋਜਨ ਬਣਾਉਂਦਾ, ਪਹਿਨਣ ਲਈ ਖੱਲਾਂ ਤਿਆਰ ਕਰਵਾਉਂਦਾ ਤੇ ਸ਼ਿਕਾਰ ਤੇ ਵੀ ਜਾਂਦਾ। ਇੱਥੇ ਰਹਿ ਕੇ ਬਕਲੀ ਨੂੰ ਖਾਣ ਪੀਣ ਦੀ ਪੂਰੀ ਮੌਜ ਲੱਗੀ ਰਹੀ। ਉਸਦੀ ਸਿਹਤ ਵੀ ਸੋਹਣੀ ਬਣ ਗਈ। ਆਦਿ ਵਾਸੀਆਂ ਨਾਲ ਬਕਲੀ 32 ਸਾਲ ਰਿਹਾ। ਇਹ ਲੋਕ ਬਾਰਵਿਨ ਦਰਿਆ (Barwin River) ਦੇ ਨੇੜੇ ਰਹੇ। ਨੇੜੇ ਕਈ ਜਹਾਜ਼ ਹਾਦਸਾ ਗ੍ਰਸਤ ਹੋਏ ਮਿਲ ਜਾਂਦੇ ਸਨ। ਇਹਨਾਂ ਵਿੱਚੋਂ ਇਹ ਲੋਕ ਕਈ ਪ੍ਰਕਾਰ ਦੇ ਪੁਰਜੇ, ਕੰਬਲ ਤੇ ਹੋਰ ਚੀਜ਼ਾਂ ਕੱਢ ਲਿਆਉਂਦੇ ਸਨ। ਇਸ ਕਬੀਲੇ ਵਿੱਚ ਰਹਿੰਦਿਆਂ ਬਕਲੀ ਦੇ ਹੱਥ ਇੱਕ ਤੀਵੀਂ ਵੀ ਲੱਗ ਗਈ। ਇਹਦੇ ਪਾਸ ਇਹ ਲੜਕੀ ਸੀ। ਇਹ ਤੀਵੀਂ ਬਕਲੀ ਤੋਂ 15 ਸਾਲ ਵੱਡੀ ਵੀ ਸੀ। ਕੁਝ ਦੇਰ ਬਾਅਦ ਇਹ ਤੀਵੀਂ ਇਸਤੋਂ ਖੋਹ ਲਈ ਗਈ। ਇਸਦਾ ਨਾਮ ਰਸੂਖ ਕਬੀਲੇ ਵਿੱਚ ਫਿਰ ਵੀ ਬਣਿਆ ਰਿਹਾ। ਜਦੋਂ ਕੋਈ ਗੋਰੇ ਲੋਕ ਇਸ ਨੂੰ ਮਿਲਦੇ ਤਾਂ ਇਹ ਉਹਨਾਂ ਨੂੰ ਮਿਲਣ ਤੋਂ ਗੁਰੇਜ਼ ਕਰਦਾ ਕਿਉਂਕਿ ਆਦਿਵਾਸੀ ਗੋਰਿਆਂ ਨੂੰ ਆਪਣਾ ਦੁਸ਼ਮਣ ਸਮਝਦੇ ਸਨ। 1835 ਈਸਵੀ ਵਿੱਚ ਇੱਕ ਗੋਰੇ ਅਪਰਾਧੀਆਂ ਦਾ ਜਹਾਜ਼ ਇਡੈਂਟਡ ਹੈੱਡ (Indented Head) ਵਿਖੇ ਪਹੁੰਚਿਆ। ਬਕਲੀ ਨੂੰ ਪਤਾ ਲੱਗਾ ਕਿ ਆਦਿਵਾਸੀ ਇਸ ਜਹਾਜ਼ ਵਿੱਚਲੇ ਗੋਰਿਆਂ ਦਾ ਕਤਲ ਕਰਕੇ ਉਹਨਾਂ ਨੂੰ ਲੁੱਟਣਾ ਚਾਹੁੰਦੇ ਸਨ। 6 ਜੁਲਾਈ 1835 ਨੂੰ ਬਕਲੀ ਤੇ ਇਸ ਦੇ ਆਦਿਵਾਸੀ ਸਾਥੀ ਕੰਗਾਰੂ ਦੀਆਂ ਖੱਲਾਂ ਪਹਿਨਕੇ, ਮਾਰੂ ਹਥਿਆਰ ਲੈ ਕੇ ਜੌਹਨ ਵੈੱਜ (John Wedge) ਦੀ ਅਗਵਾਈ ਵਿੱਚ ਗੋਰੇ ਅਪਰਾਧੀਆਂ ਦੇ ਕੈਂਪ ਵਿੱਚ ਪਹੁੰਚੇ। ਗੋਰੇ ਅਪਰਾਧੀਆਂ ਦਾ ਨੇਤਾ ਵਿਲੀਅਮ ਟੌਡ ਦੇਖਦਾ ਹੈ ਕਿ ਉਸਨੇ ਬਕਲੀ ਦੀ ਬਾਂਹ ਤੇ ਖੁਣਿਆ ਹੋਇਆ 'WB' ਦੇਖ ਲਿਆ ਤੇ ਉਹ ਜਾਣ ਗਿਆ ਕਿ ਇਹ ਤਾਂ ਉਹੀ ਬਕਲੀ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਆਦਿਵਾਸੀਆਂ ਨਾਲ ਰਹਿ ਰਿਹਾ ਸੀ। ਆਦਿਵਾਸੀ ਭਾਸ਼ਾ ਵੱਧ ਬੋਲਦਾ ਸੀ ਤੇ ਅੰਗਰੇਜ਼ੀ ਥੋੜ੍ਹੀ ਥੋੜ੍ਹੀ। ਇਹ ਉਹੀ ਬਕਲੀ ਸੀ ਜਿਹਦੇ ਬਾਰੇ ਆਮ ਚਰਚਾ ਸੀ ਕਿ ਉਹ ਮਰ ਚੁੱਕਾ ਸੀ। ਕਾਨੂੰਨੀ ਤੌਰ ਤੇ ਉਹ ਅਜੇ ਵੀ ਅਪਰਾਧੀ ਸੀ ਤੇ ਉਸ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਵੱਡੀ ਗੱਲ ਇਹ ਸੀ ਕਿ ਬਕਲੀ ਨੇ ਆਦਿਵਾਸੀਆਂ ਦਾ ਚਹੇਤਾ ਹੋਣ ਦੇ ਬਾਵਜੂਦ ਵੀ ਉਸਨੇ ਉਨ੍ਹਾਂ ਨੂੰ ਗੋਰਿਆਂ ਦਾ ਕਤਲ ਕਰਨ ਤੋਂ ਰੋਕਿਆ। ਦੋਹਾਂ ਪਾਸਿਆਂ ਨੇ ਦੁਸ਼ਮਣੀ ਮਿਟਾ ਕੇ ਇੱਕ ਦੂਜੇ ਨਾਲ ਦੋਸਤੀ ਦਾ ਹੱਥ ਵਧਾਇਆ ਸੀ।
ਇਸ ਤੋਂ ਬਾਅਦ ਗੋਰੇ ਸਿਆਸੀ ਬੰਦਿਆਂ ਨੇ ਉਸਨੂੰ ਗੋਰਿਆਂ ਤੇ ਆਦਿਵਾਸੀਆਂ ਵਿੱਚ ਦੋ ਭਾਸ਼ੀਏ ਦੀ ਨੌਕਰੀ ਦੇ ਦਿੱਤੀ। ਮੈਲਬੌਰਨ ਵਿੱਚ ਘਰ ਵੀ ਦੇ ਦਿੱਤਾ। ਬਾਅਦ ਵਿੱਚ ਬਕਲੀ ਨੇ ਗੋਰਿਆਂ ਤੇ ਆਦਿਵਾਸੀਆਂ ਵਿੱਚ ਨੇੜਤਾ ਲਿਆਉਣ ਲਈ ਬੜੇ ਵਧੀਆ ਕੰਮ ਕੀਤੇ। ਉਹ ਦੋਹਾਂ ਵਿਚਕਾਰ ਇੱਕ ਨਰੋਈ ਕੜੀ ਬਣ ਗਿਆ। ਆਖਰ ਵਿੱਚ 1817 ਵਿੱਚ ਬਕਲੀ ਫਿਰ ਵਾਪਸ ਤਸਮਾਨੀਆ ਨੇੜੇ ਵੈਨ ਡੇਮੀਅਮ ਲੈਂਡ (Van Damiem Land) ਵਿਖੇ ਚਲਾ ਗਿਆ ਸੀ। ਉਥੇ 27 ਜੂਨ 1840 ਨੂੰ ਉਸਦਾ ਵਿਆਹ ਜੂਲੀਆ ਹਿਗਨਸ (Julia Huggins) ਨਾਲ ਹੋਇਆ। ਉਹ ਕੱਦ ਦੀ ਬਹੁਤ ਛੋਟੀ ਸੀ। ਬਕਲੀ ਬਹੁਤ ਜਿਆਦਾ ਲੰਬਾ ਸੀ। ਜੂਲੀਆ ਦਾ ਵਿਆਹ ਪਹਿਲਾਂ ਵੀ ਹੋਇਆ ਸੀ ਪਰ ਉਸਦਾ ਪਤੀ ਕਤਲ ਕੀਤਾ ਜਾ ਚੁੱਕਾ ਸੀ। 1856 ਵਿੱਚ ਬਕਲੀ ਸੱਟ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਉਦੋਂ ਹੀ ਉਸਦੀ 76 ਸਾਲ ਦੀ ਉਮਰ ਵਿੱਚ ਮੌਤ ਹੋ ਗਈ।
ਬਕਲੀ ਦਾ ਜੀਵਨ ਇੰਨਾ ਰਹੱਸਮਈ, ਗਿਰਗਟੀ, ਗੁੱਝਾ ਦੋ ਪੱਖੀ ਹੈ ਕਿ ਕਿਸੇ ਸਮੇਂ ਯਕੀਨ ਨਹੀਂ ਆਉਂਦਾ ਸੀ ਕਿ ਉਹ ਇੰਗਲੈਂਡ ਤੋਂ ਕੈਦੀ ਦੇ ਤੌਰ ਤੇ ਆਸਟਰੇਲੀਆ ਵੱਲ ਨੂੰ ਤੁਰਨ ਤੋਂ ਬਾਅਦ ਜਿਉਂਦਾ ਵੀ ਹੈ ਤੇ 32 ਸਾਲ ਆਦਿ ਵਾਸੀਆਂ ਵਿੱਚ ਘੁਲ ਮਿਲ ਕੇ ਉਹਨਾਂ ਜਿਹੇ ਜੀਵਨ ਬਸਰ ਕਰਦਾ ਹੈ। ਅੰਤ ਵਿੱਚ ਫਿਰ ਗੋਰੇ ਪ੍ਰਵਾਸੀ ਅਪਰਾਧੀਆਂ ਅਤੇ ਆਸਟਰੇਲੀਆ ਦੇ ਐਬੋਰਿਜਨਲਸ (Aboriginals) ਵਿੱਚ ਸਫਲਤਾ ਨਾਲ ਕੜੀ ਦਾ ਕੰਮ ਕਰਨਾ ਦੋਹਰਾ ਜੀਵਨ ਜਿਓਣ ਦੀ ਹੈਰਾਨੀਜਨਕ ਦਾਸਤਾਨ ਹੈ। ਬਕਲੀ ਦੀ ਕਹਾਣੀ ਇਸ ਧਾਰਨਾ ਤੇ ਪੂਰੀ ਉਤਰਦੀ ਹੈ ਕਿ ਅਕਸਰ ਦਿਖ ਅਕਸਰ ਧੋਖੇਬਾਜ਼ ਹੁੰਦੀ ਏ (Appearances are usually deceptive). Buckley's chance ਇਹ ਬਕਲੀ ਦੇ ਭੇਦ ਭਰੇ ਜੀਵਨ ਬਾਰੇ ਹੈ ਇਸ ਦਾ ਅਰਥ ਹੈ -No Chance. 
ਦੂਜਾ ਭੇਦ ਭਰਿਆ ਜੀਵਨ ਜਿਉਣ ਵਾਲਾ ਵਿਅਕਤੀ ਬੱਡ ਸਿੰਘ (Bud Singh) ਸੀ। ਇਸ ਦਾ ਅਸਲੀ ਨਾਮ ਬੁੱਧ ਸਿੰਘ ਸੀ। ਤੁਸੀਂ ਜਾਣਦੇ ਹੋ ਗੋਰੇ ਅਕਸਰ ਭਾਰਤੀ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਣ ਲੱਗ ਪੈਂਦੇ ਹਨ ਜਿਵੇਂ ਉਹਨਾਂ ਨੂੰ ਬੋਲਦੇ ਸਨ।ਉਹ :ਮੁੰਬਈ' ਨੂੰ 'ਬੰਬੇ', 'ਬੰਗਲੌਰੁ' ਨੂੰ 'ਬੰਗਲੌਰ', 'ਪਲੱਛੀ' ਨੂੰ 'ਪਲਾਸੀ' ਤੇ 'ਕਲਕੱਤੇ' ਨੂੰ 'ਕੈਲਕਟਾ' ਕਹਿਣ ਲੱਗ ਪਏ ਸਨ।
ਭਾਰਤੀ ਖਾਸ ਕਰਕੇ ਪੰਜਾਬੀ, ਆਸਟਰੇਲੀਆ ਵਿਚ ਕਾਫੀ ਸਮਾਂ ਪਹਿਲਾਂ ਆਉਣੇ ਸ਼ੁਰੂ ਹੋ ਗਏ ਸਨ। ਇਹਨਾਂ ਪੰਜਾਬੀਆਂ ਵਿੱਚ ਇੱਕ ਨਾਮ ਬੱਡ ਸਿੰਘ (Bud Singh) ਹੈ। ਜਿਹੜਾ ਇੱਥੇ 1900 ਈਸਵੀ ਵਿੱਚ ਆਇਆ ਸੀ। ਬੁੱਧ ਸਿੰਘ ਸਿਡਨੀ ਦੇ ਕੈਮਡਨ ਦੇ ਇਲਾਕੇ ਵਿੱਚ ਇੱਕ ਫੇਰੀ ਵਾਲੇ (hawkers) ਦੇ ਤੌਰ ਤੇ ਕੰਮ ਕਰਦਾ ਹੁੰਦਾ ਸੀ। ਕੁਝ ਸਾਲ ਇੱਕ ਫੇਰੀ ਵਾਲੇ ਦੇ ਤੌਰ ਤੇ ਕੰਮ ਕਰਨ ਤੋਂ ਬਾਅਦ ਉਸਨੇ ਜਾਰਾਂਡੇਰੀ (yerrenderie) ਵਿਖੇ ਆਪਣਾ ਜਨਰਲ ਸਟੋਰ ਖੋਲ੍ਹ ਲਿਆ ਸੀ। ਸਖਤ ਮਿਹਨਤ ਕਰਕੇ ਉਹ ਪੈਸੇ ਵਿੱਚ ਚੰਗਾ ਹੋ ਗਿਆ ਸੀ।
ਬੱਡ ਸਿੰਘ ਸਮਾਜਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦਾ ਸੀ। ਉਹ ਪ੍ਰਤੀ ਸਾਲ 100 ਪੌਂਡ ਕੈਂਮਡਨ ਹਸਪਤਾਲ ਨੂੰ ਦਾਨ ਵਜੋਂ ਦਿੰਦਾ ਹੁੰਦਾ ਸੀ। ਇਸ ਦਾਨ ਦੀ ਵਜ੍ਹਾ ਨਾਲ ਉਸਨੂੰ ਹਸਪਤਾਲ ਨੇ ਬੋਰਡ ਦਾ ਉਮਰ ਭਰ ਲਈ ਮੈਂਬਰ ਬਣਾ ਲਿਆ ਸੀ। ਨਿਸ਼ਕਾਮ ਸੇਵਾ ਕਰਕੇ ਉਸਦੀ ਮੌਤ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਯਾਦ ਵਿੱਚ ਇੱਕ ਯਾਦ ਪਲੇਟ (plaque) ਲਗਾ ਦਿੱਤੀ ਗਈ ਸੀ। ਕੁਝ ਸਮਾਂ ਬਾਅਦ ਇਸ ਹਸਪਤਾਲ ਵਿੱਚ ਵੱਡੇ ਪੱਧਰ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਪ੍ਰਕਾਰ ਦੀਆਂ ਸਭ ਪਲੇਟਾਂ ਉਤਾਰਨੀਆਂ ਪਈਆਂ ਸਨ। ਬਾਅਦ ਵਿੱਚ ਸਰਦਾਰ ਬਲਜਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਇਹ ਯਾਦ ਚਿੰਨ੍ਹ ਹਸਪਤਾਲ ਵਿੱਚ ਫਿਰ ਲੁਆ ਲਿਆ ਗਿਆ ਸੀ। ਬਲਜਿੰਦਰ ਸਿੰਘ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਆਪਣੇ ਬਾਬੇ ਮਹਿੰਗਾ ਸਿੰਘ (ਸਥਾਨਕ ਨਾਮ ਚਾਰਲੀ ਸਿੰਘ) ਨੂੰ ਲੱਭਣ ਲਈ ਆਸਟਰੇਲੀਆ ਆਇਆ ਸੀ। ਉਸ ਨੂੰ ਆਪਣਾ ਬਾਬਾ ਤਾਂ ਨਹੀਂ ਲੱਭਿਆ ਸੀ ਪਰੰਤੂ ਉਸਦੀ ਕਬਰ ਜਰੂਰ ਮਿਲ ਗਈ ਸੀ। ਨਾਲ ਉਸਦੀ ਪ੍ਰਸਿੱਧ ਇਤਿਹਾਸਕਾਰਾਂ ਲਿਨ ਕੈਨਾ (len kenna) ਤੇ ਕ੍ਰਿਸਟਲ ਜੋਰਡਨ (Crystal Jordan) ਨਾਲ ਭੇਂਟ ਵਾਰਤਾ ਹੋ ਗਈ ਸੀ। ਜਿਨਾਂ ਨੇ ਬਲਜਿੰਦਰ ਨੂੰ ਬੱਡ ਸਿੰਘ ਬਾਰੇ ਕਾਫੀ ਕੁਝ ਦੱਸਿਆ ਸੀ। ਲਿੰਨ ਯਕੀਨ ਕਰਦਾ ਹੈ ਕਿ ਬੱਡ ਸਿੰਘ 1926 ਵਿੱਚ ਪੰਜਾਬ ਵਾਪਸ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ ਸੀ। ਕ੍ਰਿਸਟਲ ਜੋਰਡਨ ਲਿਖਦੀ ਏ,
"ਬੱਡ ਸਿੰਘ ਆਸਟਰੇਲੀਆ ਤੋਂ ਪੰਜਾਬ ਵਾਪਸ ਜਾਣ ਸਮੇਂ 50 ਸਾਲ ਦੀ ਉਮਰ ਤੋਂ ਥੋੜ੍ਹਾ ਵੱਧ ਸੀ। ਬਿਮਾਰ ਹੋਣ ਕਾਰਨ ਉਸਦੀ ਪੰਜਾਬ ਵਿੱਚ ਹੀ ਮੌਤ ਹੋ ਗਈ ਸੀ। ਉਸ ਦਾ ਵਾਪਸ ਆਉਣ ਦਾ ਪੱਕਾ ਇਰਾਦਾ ਸੀ ਜੇ ਇੰਝ ਨਾ ਹੁੰਦਾ ਤਾਂ ਉਸਨੇ ਆਪਣੀ ਜ਼ਮੀਨ ਪੂਰੀ ਤਰ੍ਹਾਂ ਵੇਚ ਕੇ ਜਾਣਾ ਸੀ।"
ਇੱਕ ਗੋਰਾ ਵਿਅਕਤੀ ਨੋਰਮਨ ਡੰਨ ਜੋ ਬੱਡ ਸਿੰਘ ਦੇ ਸਟੋਰ ਤੇ ਕਰਿੰਦੇ ਦਾ ਕੰਮ ਕਰਦਾ ਦੱਸਿਆ ਜਾਂਦਾ ਸੀ ਉਸਦੇ ਬਾਰੇ ਲਿਖਦਾ ਏ, "ਬੱਡ ਸਿੰਘ ਨੇ 1904 ਈਸਵੀ ਵਿੱਚ ਯਾਰਿਨਡਰੀ (yerranderie) ਵਿੱਚ ਇੱਕ ਛੋਟਾ ਜਿਹਾ ਸਟੋਰ ਸਥਾਪਿਤ ਕੀਤਾ ਸੀ। ਭਾਵੇਂ ਬੱਡ ਸਿੰਘ ਚਿੱਟਾ ਅਨਪੜ੍ਹ ਸੀ, ਫਿਰ ਵੀ ਉਸਨੇ ਅੰਕੜੇ ਲਿਖਣੇ ਸਿੱਖ ਲਏ ਸਨ ਤੇ ਦਸਤਖਤ ਕਰਨੇ ਵੀ ਸਿੱਖ ਲਏ। ਦੁਕਾਨ ਠੀਕ ਚਲਦੀ ਰਹੀ। ਉਹ ਮੈਨੂੰ ਹਫਤੇ ਦੇ 12 ਪੌਂਡ ਦਿੰਦਾ ਹੁੰਦਾ ਸੀ। ਸਟੋਰ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਰਾ ਸੌਦਾ ਸਾਵੇਂ ਰੇਟ ਤੇ ਮਿਲਦਾ ਸੀ। ਸਾਨੂੰ ਦੇਣ ਵਾਲੇ ਸੌਦੇ ਵਿੱਚੋਂ ਉਹ ਧੇਲਾ ਵੀ ਨਹੀਂ ਸੀ ਕਮਾਉਂਦਾ। ਬੱਡ ਮੇਰੇ ਨਾਲ ਬਹੁਤ ਵਧੀਆ ਵਿਵਹਾਰ ਕਰਦਾ ਸੀ ਵੈਸੇ ਵੀ ਉਹ ਬੜਾ ਚੰਗਾ ਨਿਮਰਤਾ ਵਾਲਾ ਵਿਅਕਤੀ ਸੀ। ਬੱਡ ਬਾਰੇ ਲੈੱਨ ਕੇਨਾਂ (Len Kenna) ਲਿਖਦਾ ਹੈ:-
"ਬੱਡ ਸਥਾਨਕ ਜਨਜੀਵਨ ਦਾ ਹਮੇਸ਼ਾ ਹਿੱਸਾ ਬਣ ਕੇ ਆਪਣਾ ਜੀਵਨ ਬਸਰ ਕਰਦਾ ਹੁੰਦਾ ਸੀ। ਉਹ ਰਾਈਫਲ ਕਲੱਬ, ਬਾਈਕ ਰਾਈਡਿੰਗ ਕਲੱਬ ਅਤੇ ਅਥਲੈਟਿਕ ਕਲੱਬ ਦਾ ਮੈਂਬਰ ਹੁੰਦਾ ਸੀ। ਉਸਦਾ ਰੈਡ ਕ੍ਰਾਸ ਤੇ ਕੈਮਡਨ ਹਸਪਤਾਲ ਨਾਲ ਵੀ ਗੂੜ੍ਹਾ ਰਿਸ਼ਤਾ ਸੀ। ਉਸ ਨੂੰ ਇੱਕ ਵਾਰ ਸਥਾਨਕ ਸੰਗੀਤ ਪ੍ਰਤੀਯੋਗਤਾ ਵਿੱਚ ਜੱਜ ਵੀ ਬਣਾਇਆ ਗਿਆ ਸੀ।"
ਇਤਿਹਾਸ ਵਿੱਚ ਤੀਸਰਾ ਭੇਦ ਭਰਿਆ ਪਾਤਰ ਸ਼ਹੀਦੇ ਮੁਹੱਬਤ ਬੂਟਾ ਸਿੰਘ ਸੀ। ਇਸ ਵਿਅਕਤੀ ਦਾ ਜ਼ਿਕਰ ਕਈ ਪ੍ਰਕਾਰ ਦੀਆਂ ਲਿਖਤਾਂ ਵਿੱਚ ਕੀਤਾ ਗਿਆ ਹੈ। ਨਹਿਰੂ ਦੇ ਸਮੇਂ ਬਾਰੇ ਲਿਖਣ ਵਾਲੇ ਪ੍ਰਸਿੱਧ ਲਿਖਾਰੀ ਐਮ. ਓ ਮੱਥਈ (M.O Mathai) ਨੇ ਵੀ ਇਸ ਪੱਤਰ ਦਾ ਜ਼ਿਕਰ ਆਪਣੀ ਪੁਸਤਕ ਨਹਿਰੂ ਸਮੇਂ ਦੀਆਂ ਯਾਦਾਂ ਵਿੱਚ ਕੀਤਾ ਹੈ। ਬੂਟਾ ਸਿੰਘ ਦੀ ਸੰਖੇਪ ਕਹਾਣੀ ਇਸ ਪ੍ਰਕਾਰ ਹੈ ਕਿ ਉਹ ਇੱਕ ਸਾਬਕਾ ਫੌਜੀ ਸੀ। ਉਸਨੇ 47 ਦੀ ਭਾਰਤ ਵੰਡ ਸਮੇਂ ਇੱਕ ਮੁਸਲਿਮ ਲੜਕੀ ਯਨੀਬਾ ਦੀ ਜਾਨ ਬਚਾਈ ਸੀ। ਫਿਰ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਵੰਡ ਕਾਰਨ ਯਨੀਬਾ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਬੂਟਾ ਸਿੰਘ ਉਸਨੂੰ ਮਿਲਣ ਲਈ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿੱਚ ਦਾਖਿਲ ਹੋ ਗਿਆ ਸੀ। ਪਰੰਤੂ ਯਨੀਬਾ ਨੇ ਆਪਣੇ ਪਰਿਵਾਰ ਦੇ ਦਬਾਅ ਕਾਰਨ ਇਹ ਵਿਆਹ ਤੋੜ ਦਿੱਤਾ ਸੀ। ਇੰਜ ਬੂਟਾ ਸਿੰਘ ਦਾ ਦਿਲ ਟੁੱਟ ਗਿਆ ਸੀ। ਉਸਨੇ 1957 ਵਿੱਚ ਆਪਣੀ ਜੀਵਨ ਲੀਲਾ ਆਪ ਹੀ ਖਤਮ ਕਰ ਲਈ ਸੀ। ਇਹ ਮੌਤ ਉਸਨੇ ਆਪਣੀ ਲੜਕੀ ਸਮੇਤ ਰੇਲਗੱਡੀ ਮੂਰੇ ਕੁੱਦ ਕੇ ਕੀਤੀ ਸੀ। ਲੜਕੀ ਬਚ ਗਈ ਸੀ। ਆਪਣੇ ਖੁਦਕੁਸ਼ੀ ਨੋਟ ਵਿੱਚ ਬੂਟਾ ਸਿੰਘ ਨੇ ਇੱਛਾ ਜਾਹਿਰ ਕੀਤੀ ਸੀ ਕਿ ਉਸ ਦਾ ਮ੍ਰਿਤਕ ਸਰੀਰ ਯਨੀਬਾ ਦੇ ਮਾਪਿਆਂ ਦੇ ਪਿੰਡ ਬਾਰਕੀ ਪਾਕਿਸਤਾਨ ਵਿੱਚ ਦਫਨ ਕੀਤਾ ਜਾਵੇ। ਜਦੋਂ ਲਾਹੌਰ ਹਸਪਤਾਲ ਵਿੱਚ ਉਹਦੇ ਸਰੀਰ ਨੂੰ ਬਰਕੀ (ਪਾਕਿਸਤਾਨ) ਪਿੰਡ ਲਿਜਾਇਆ ਗਿਆ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਉੱਥੇ ਦਫਨਾਉਣ ਦੀ ਆਗਿਆ ਨਹੀਂ ਦਿੱਤੀ। ਫਿਰ ਉਸ ਨੂੰ ਲਾਹੌਰ ਦੇ ਸਭ ਤੋਂ ਵੱਡੇ ਕਬਰਿਸਤਾਨ ਮਿਆਣੀ ਸਾਹਿਬ ਵਿਖੇ ਦਫਨਾਇਆ ਗਿਆ। 1999 ਵਿੱਚ ਇਸ ਸਮੁੱਚੀ ਘਟਨਾ ਤੇ ਇੱਕ ਪੰਜਾਬੀ ਫਿਲਮ ਬਣੀ ਸੀ। ਇਸ ਫਿਲਮ ਦਾ ਨਾਮ 'ਸ਼ਹੀਦੇ ਮਹੱਬਤ' ਸੀ। ਇਸ ਵਿੱਚ ਮੁੱਖ ਭੂਮਿਕਾ ਗੁਰਦਾਸ ਮਾਨ ਨੇ ਨਿਭਾਈ ਸੀ। ਇਸ ਘਟਨਾ ਨੇ 2007 ਵਿੱਚ ਕੈਨੇਡਾ ਦੀ ਫਿਲਮ ਵਟਵਾਰਾ ਤੇ ਵੀ ਅਸਰ ਪਾਇਆ ਸੀ। ਇਸ ਦੇ ਸੰਵਾਦ ਪੈਟਰੀਸ਼ੀਆ ਫਿੱਨ (Patricia Finn) ਤੇ ਵਿਕਟੋਰੀਆ ਸਾਰਿਨ (Sarin) ਨੇ ਲਿਖੇ ਸਨ। ਇਸ ਫਿਲਮ ਵਿੱਚ ਜਿੰਮੀ ਮਿਸਤਰੀ (Jimi Mistry) ਤੇ ਕ੍ਰਿਸਟਨ ਕਲੀਕ (Kristin Kreuk) ਨੇ ਕੰਮ ਕੀਤਾ ਸੀ। ਬੂਟਾ ਸਿੰਘ ਦੀ ਇਸ ਘਟਨਾ ਨੇ ਹੋਰ ਵੀ ਕਈ ਲਿਖਾਰੀਆਂ ਅਤੇ ਸਾਹਿਤਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ।