ਤੂਫਾਨ ਦੇ ਬਾਅਦ - ਵਰਿੰਦਰ ਅਜ਼ਾਦ
ਜਿੰਦਰ ਦੀ ਕਾਇਆ ਪੱਲਟ ਚੁੱਕੀ ਹੈ, ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ। ਨਸ਼ੇ ਦੀ ਦਲ-ਦਲ 'ਚ ਨਿਕਲ ਕੇ ਜਿੰਦਰ ਨਵੀਂ ਰੋਸ਼ਨੀ 'ਚ ਆ ਚੁੱਕਾ ਹੈ। ਇਸ ਨਸ਼ੇ ਕਾਰਨ ਉਸ ਨੇ ਜ਼ਿੰਦਗੀ 'ਚ ਬਹੁਤ ਕੁਝ ਖੋਇਆ। ਅੱਜ ਉਹ ਆਪੇ-ਆਪ ਨੂੰ ਹਲਕਾ ਹਲਕਾ ਮਹਿਸੂਸ ਕਰ ਰਿਹਾ ਸੀ। ਉਹ ਪ੍ਰੀਤੀ ਨੂੰ ਹਰ ਸੁੱਖ ਦੇਣਾ ਚਾਹੁੰਦਾ ਸੀ। ਉਸ ਨੇ ਨਸ਼ੇ ਕਾਰਨ ਪ੍ਰੀਤੀ ਨੂੰ ਖੋਇਆ ਸੀ।
ਪ੍ਰੀਤੀ ਅਤੀਤ ਦੇ ਵਰਕੇ ਫੋਲ ਰਹੀ ਸੀ, ਜ਼ਿੰਦਗੀ ਦੀਆਂ ਕੌੜੀਆਂ ਯਾਦਾਂ ਨੇ ਉਸਨੇ ਝੰਝੋਲ ਕੇ ਰੱਖ ਦਿੱਤਾ ਸੀ। ਜਿੰਦਰ ਉਸ ਨੂੰ ਕਿਸੇ ਦਰਿੰਦੇ ਨਾਲ ਘੱਟ ਦਿਖਾਈ ਨਹੀਂ ਦੇਂਦਾ ਸੀ। ਕਲਪਦੇ ਕਲਪਦੇ ਕਦ ਦਿਨ ਚੜ੍ਹਦਾ ਤੇ ਕਦ ਰਾਤ ਹੁੰਦੀ, ਕੁਝ ਪਤਾ ਨਹੀਂ ਲੱਗਦਾ।
''ਇਸ ਨੇ ਸਾਨੂੰ ਜਾਨੋਂ ਮਾਰਨਾ ਹੈ ਸਾਹ ਤੱਕ ਲੈਣਾ ਔਖਾ ਕੀਤਾ ਹੋਇਆ ਹੈ, ਪਤਾ ਨਹੀਂ ਕਿਹੜੇ ਮਾੜੇ ਵੇਲੇ ਇਸ ਦੇ ਪੱਲੇ ਪਈ। ਮੇਰੀ ਤਾਂ ਇਸ ਨੇ ਜੂਨ ਖਰਾਬ ਕੀਤੀ ਹੋਈ ਹੈ। ਬੱਚਿਆਂ ਦਾ ਵੀ ਜਿਊਣਾ ਹਰਾਮ ਹੋਇਆ ਹੈ। ਘਰ ਖਾਣ ਲਈ ਰੋਟੀ, ਤਨ ਢੱਕਣ ਲਈ ਢੰਗ ਦਾ ਕੱਪੜਾ ਨਹੀਂ। ਇਸ ਨੂੰ ਡੱਫਨ ਦੀ ਅੱਗ ਲੱਗੀ ਹੁੰਦੀ ਹੈ।
ਇਹ ਲਫ਼ਜ਼ ਸ਼ਰਾਬੀ ਹੋਏ ਜਿੰਦਰ ਨੂੰ ਪ੍ਰੀਤੀ ਕਹਿ ਰਹੀ ਸੀ।
''ਸਾਲੀਏ ਲੁਚੀਏ ਰੰਨੇ, ਪਿਉ ਤੇਰਾ ਦੇਂਦਾ ਹੈ ਪੈਸੇ, ਕੁੱਤੀ ਵਾਂਗ ਭੌਂਕੀ ਜਾਂਦੀ ਹੈ....''।
ਸ਼ਰਾਬੀ ਹੋਇਆ ਜਿੰਦਰ ਪ੍ਰੀਤੀ ਨੂੰ ਮਾਰਨ ਦੌੜਿਆ, ਅੱਗੋ ਸੜੀ ਫੁੱਕੀ ਹੋਈ ਪ੍ਰੀਤੀ ਨੇ ਗੁੱਸੇ ਨਾਲ ਜਿੰਦਰ ਨੂੰ ਜ਼ੋਰਦਾਰ ਧੱਕਾ ਮਾਰਿਆ। ਸ਼ਰਾਬੀ ਹੋਇਆ ਜਿੰਦਰ ਜਾ ਦਰਵਾਜੇ ਕੋਲ ਡਿੱਗਾ। ਡਿੱਗਦੇ ਸਾਰ ਜਿੰਦਰ ਉੱਚੀ ਉੱਚੀ ਬੋਲਣ ਲੱਗ ਪਿਆ ਫਿਰ ਉਸ ਦੀ ਅਵਾਜ਼ ਘੱਟ ਗਈ ਤੇ ਬਾਅਦ ਮੂੰਹ 'ਚ ਬੁੜ ਬੁੜ ਕਰਦਾ ਉੱਥੇ ਹੀ ਸੌਂ ਗਿਆ।
ਅੱਜ ਉਹ ਹੀ ਜਿੰਦਰ ਪਹਿਚਾਣ 'ਚ ਨਹੀਂ ਆ ਰਿਹਾ ਸੀ... ਖਚਰੀ ਖਚਰੀ ਹੱਸੀ ਹੱਸਦਾ ਹੋਇਆ ਪ੍ਰੀਤੀ ਕੋਲ ਆਇਆ ਤੇ ਕਹਿਣ ਲੱਗਾ।
''ਕੀ ਸੋਚ ਰਹੀ ਹੈ..''
''ਕੁਝ ਵੀ ਤਾਂ ਨਹੀਂ..''
'ਇਹ ਕਿਵੇਂ ਹੋ ਸਕਦਾ ਹੈ, ਸੋਚ ਰਹੀ ਹੋਵੇਗੀ, ਇਸ ਬੰਦੇ ਨੇ ਕਿੰਨੇ ਦੁੱਖ ਦਿੱਤੇ ਹਨ...''।
''ਜੀ ਜੋ ਬੀਤ ਗਿਆ ਸੋ ਬੀਤ ਗਿਆ ਹੁਣ ਤਾਂ ਮੈਂ ਖੁਸ਼ ਹਾਂ...''
''ਚੰਗਾ ਫਿਰ ਬੱਚਿਆਂ ਨੂੰ ਤਿਆਰ ਕਰ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ..''।
''ਠੀਕ ਹੈ ਜੀ, ਜਿਵੇਂ ਤੁਹਾਡੀ ਮਰਜ਼ੀ..''।
ਇਹ ਲਫ਼ਜ਼ ਕਹਿ ਕੇ ਪ੍ਰੀਤੀ ਖੁਸ਼ੀ-ਖੁਸ਼ੀ ਕਮਰੇ ਅੰਦਰ ਚੱਲੇ ਗਈ।
ਵਰਿੰਦਰ ਅਜ਼ਾਦ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-21527
8 NOV. 2018