ਖੂਨ ਦੀ ਹੋਲੀ - ਰਵਿੰਦਰ ਸਿੰਘ ਕੁੰਦਰਾ

ਖੂਨ ਦੀ ਹੋਲੀ ਜਾਰੀ ਹੈ, ਇਸ ਦੁਨੀਆ ਉੱਤੇ,
ਝੜਪ ਰਹੇ ਨੇ ਦੁਸ਼ਮਣ, ਇੱਕ ਦੂਜੇ ਦੇ ਉੱਤੇ।

ਕੋਈ ਵੀ ਨਹੀਂ ਸੁਰੱਖਿਅਤ, ਕਿਤੇ ਵੀ ਕਿਸੇ ਵੀ ਵੇਲੇ,
ਪਤਾ ਨਹੀਂ ਕਦੋਂ ਕਿਹੜਾ, ਜੰਗ ਦੀ ਤਾਬ ਨਾ ਝੇਲੇ।

ਮਾਸੂਮ ਜਾਨਾਂ ਦੇ ਲਹੂ, ਨਾਲ ਧਰਤੀ ਹੈ ਰੰਗੀ,
ਸਭਨਾਂ ਉੱਤੇ ਆਣ ਡਿੱਗੀ ਹੈ, ਕਹਿਰ ਦੀ ਤੰਗੀ।

ਜਾਨ ਹੈ ਸਭ ਦੀ ਅੱਜਕਲ, ਕੜਿੱਕੀ ਦੇ ਵਿੱਚ ਆਈ,
ਫਸੇ ਹੋਏ ਨੇ ਜਗ੍ਹਾ ਜਗ੍ਹਾ, ਕਈ ਮਾਈ 'ਤੇ ਭਾਈ।

ਏਅਰਲਾਈਨਾਂ ਬੰਦ ਅਤੇ, ਏਅਰਪੋਰਟਾਂ ਨੂੰ ਤਾਲੇ,
ਗਵਾਚੇ ਹੋਏ ਮੁਸਾਫਰਾਂ ਨੂੰ, ਕੋਈ ਕਿੱਥੋਂ ਭਾਲੇ।

ਖੁਸ਼ੀਆਂ ਨਾਲ ਜਿਨ੍ਹਾਂ ਨੇ, ਭਰੀਆਂ ਸਨ ਉੜਾਨਾਂ,
ਖ਼ਤਰਿਆਂ ਵਿੱਚ ਫਸ ਗਈਆਂ ਨੇ, ਉਨ੍ਹਾਂ ਦੀਆਂ ਜਾਨਾਂ।

ਲੀਡਰਾਂ ਨੂੰ ਨਾ ਦਰਦ, ਨਾ ਕਿਸੇ ਨਾਲ ਹਮਦਰਦੀ,
ਪੈਰ ਪੈਰ 'ਤੇ ਅੜ ਕੇ, ਕਰਦੇ ਆਪਣੀ ਮਨਮਰਜ਼ੀ।

ਲੋੜ ਨਹੀਂ ਹੋਰ ਰੰਗਾਂ ਦੀ, ਇਸ ਹੋਲੀ ਰੁੱਤੇ,
ਦੇਖ ਨਹੀਂ ਹੁੰਦੇ ਲੋਕ, ਲਹੂ ਦੇ ਵਿੱਚ ਗੜੁੱਚੇ।

ਸ਼ਾਇਦ ਇੱਕੋ ਰੰਗ ਹੈ ਬਚਿਆ, ਹੋਲੀ ਖੇਡਣ ਲਈ,
ਖੂਨ ਦੀ ਪਿਆਸੀ ਅਣਮਨੁੱਖੀ, ਤਾਨਾਸ਼ਾਹੀ ਲਈ। 

ਕਿਸੇ ਕਿਆਸ ਨਾ ਕੀਤਾ, ਅਜਿਹੇ ਹਾਲਾਤਾਂ ਦਾ,
ਕੌਣ ਦੇਵੇਗਾ ਡੰਨ ਇਨ੍ਹਾਂ ਨੂੰ, ਕੀਤੇ ਪਾਪਾਂ ਦਾ?

ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ