
ਮੈਂ ਸੁੰਦਰ ਹਾਂ - ਰਵਿੰਦਰ ਸਿੰਘ ਕੁੰਦਰਾ
ਲੱਗੇ ਨਾ ਮੈਨੂੰ ਮੇਰੀ ਨਜ਼ਰ,
ਮੈਂ ਹਰ ਰੋਜ਼ ਹੀ ਡਰਦੀ ਹਾਂ,
ਇਸੇ ਕਰਕੇ ਮੈਂ ਸ਼ੀਸ਼ੇ ਮੋਹਰੇ,
ਬਹੁਤੀ ਦੇਰ ਨਾ ਖੜ੍ਹਦੀ ਹਾਂ।
ਮਾਣ ਹੈ ਮੈਨੂੰ ਆਪਣੀ ਦਿੱਖ 'ਤੇ,
ਨੈਣ ਨਕਸ਼ ਅਤੇ ਅੰਗਾਂ ਉੱਤੇ,
ਬੋਚ ਬੋਚ ਜ਼ਿੰਦਗੀ ਦੀ ਪੌੜੀ,
ਸਹਿਜੇ ਸਹਿਜੇ ਚੜ੍ਹਦੀ ਹਾਂ।
ਮੇਰੀ ਹੋਂਦ ਅਤੇ ਮੇਰੀ ਕਾਇਆ,
ਸਭ ਮੇਰਾ ਸਰਮਾਇਆ ਹੈ,
ਸਾਂਭ ਸਾਂਭ ਮੈਂ ਇਸ ਨੂੰ ਰੱਖ ਕੇ,
ਸੰਜਮ ਨਾਲ ਅੱਗੇ ਵਧਦੀ ਹਾਂ।
ਦੋ ਪੈਰ ਭਾਵੇਂ ਘੱਟ ਹੀ ਚੱਲਾਂ,
ਪਰ ਮੜਕ 'ਚ ਕਾਣ ਨਾ ਆਵੇ,
ਮੇਰੀ ਚਾਲ ਨਿੱਤ ਦੁਨੀਆ ਤੱਕੇ,
ਹਮੇਸ਼ਾਂ ਮੈਂ ਕਾਮਨਾ ਕਰਦੀ ਹਾਂ।
ਸੱਜਣਤਾ ਪੌਸ਼ਾਕ ਹੈ ਮੇਰੀ,
ਹੱਸਮੁੱਖਤਾ ਮੇਰਾ ਗਹਿਣਾ ਹੈ,
ਮੇਰੇ ਲਈ ਕੋਈ ਨਹੀਂ ਪਰਾਇਆ,
ਹਰ ਇੱਕ ਦੀ ਹਮਦਰਦੀ ਹਾਂ।
ਜਿੱਧਰ ਜਾਵਾਂ ਹੱਥੀਂ ਛਾਵਾਂ,
ਮੈਨੂੰ ਦੁਨੀਆ ਕਰਦੀ ਜਾਪੇ,
ਕੋਹਾਂ ਦੂਰ ਹੈ ਨਫਰਤ ਮੈਥੋਂ,
ਪਿਆਰ ਦੀ ਨਜ਼ਰ ਹੀ ਰੱਖਦੀ ਹਾਂ।
ਮਾਣ ਹੈ, ਪਰ ਹੰਕਾਰ ਨਹੀਂ ਹੈ,
ਮੈਨੂੰ ਆਪਣੇ ਆਪ ਦੇ ਉੱਤੇ,
ਕੋਸ਼ਿਸ਼ ਕਰਕੇ ਹਰ ਵੇਲੇ,
ਹਲੀਮੀ ਦੀ ਹਾਮੀ ਭਰਦੀ ਹਾਂ।
ਲੱਗੇ ਨਾ ਮੈਨੂੰ ਮੇਰੀ ਨਜ਼ਰ,
ਮੈਂ ਹਰ ਰੋਜ਼ ਹੀ ਡਰਦੀ ਹਾਂ,
ਇਸੇ ਕਰਕੇ ਮੈਂ ਸ਼ੀਸ਼ੇ ਮੋਹਰੇ,
ਬਹੁਤੀ ਦੇਰ ਨਾ ਖੜ੍ਹਦੀ ਹਾਂ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ