ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

24.02.2026

‘ਆਪ’ ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਣ- ਸੁਨੀਲ ਜਾਖੜ

ਜਾਖੜ ਸਾਹਿਬ ਜ਼ਰਾ ਉੱਪਰ ਵਲ ਵੀ ਨਜ਼ਰ ਮਾਰ ਲੈਣੀ ਸੀ।

ਏ.ਆਈ. ਦਾ ਪ੍ਰਯੋਗ ਵਧਣ ਕਾਰਨ ਘਟ ਰਹੀਆਂ ਨੇ ਦਾਖ਼ਲਾ ਪੱਧਰ ਦੀਆਂ ਨੌਕਰੀਆਂ- ਇਕ ਰਿਪੋਰਟ

ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।

ਗਿਆਨੀ ਰਘਬੀਰ ਸਿੰਘ ਨੇ ਬਾਦਲਾਂ ਦੇ ਪਰਖਚੇ ਉਡਾਏ ਤੇ ਸਰਬੱਤ ਖ਼ਾਲਸਾ ਬੁਲਾਉਣ ਦੀ ਗੱਲ ਕੀਤੀ- ਇਕ ਖ਼ਬਰ

ਤਾਲੋਂ ਘੁੱਥੀ ਡੂੰਮਣੀ ਬੋਲੇ ਆਲ ਪਤਾਲ।

ਰੈਲੀਆਂ ਤੇ ਯਾਤਰਾਵਾਂ ਨਾਲ ਨਸ਼ਾ ਖ਼ਤਮ ਨਹੀਂ ਹੋ ਸਕਦਾ- ਰਾਜਾ ਵੜਿੰਗ

ਤੱਤੇ ਪਾਣੀਆਂ ਨਾਲ ਅੱਗਾਂ ਨਹੀਂ ਬੁਝਦੀਆਂ।

27 ਦੀਆਂ ਚੋਣਾਂ ਲਈ ਸਿਆਸੀ ਧਿਰਾਂ ਦੀਆਂ ਲੱਖਾਂ ਪਰਵਾਸੀ ਮਜ਼ਦੂਰਾਂ ਉਤੇ ਨਜ਼ਰਾਂ ਸਵੱਲੀਆਂ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਸੱਤਾ ‘ਚ ਆਉਂਦਿਆਂ ਹੀ ਪੰਜਾਬ ਵਿਚ ਗੈਂਗਸਟਰ ਖ਼ਤਮ ਕਰਾਂਗੇ- ਨਾਇਬ ਸੈਣੀ

ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

ਡਾ. ਨਵਜੋਤ ਕੌਰ ਸਿੱਧੂ ਸੰਭਾਲਣਗੇ ਨਵੀਂ ਪਾਰਟੀ ਦੀ ਕਮਾਂਡ- ਇਕ ਖ਼ਬਰ

ਨਾਂ ਦੱਸ ਜਾ ਮੁਟਿਆਰੇ, ਘਰ ਤੇਰਾ ਲੱਭ ਲਾਂਗੇ।                                            

1947 ਦੀ ਵੰਡ ਪਿੱਛੋਂ ਅੱਜ ਵੀ ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ- ਇਕ ਖ਼ਬਰ

ਓ ਭਾਈ, ਜਿੱਥੇ ਰਾਜ- ਭਾਸ਼ਾ ਦਾ ਦਰਜਾ ਮਿਲਿਆ ਹੋਇਐ, ਉੱਥੇ ਆ ਕੇ ਹਾਲ ਦੇਖ ਲੈ।

ਸ਼੍ਰੋਮਣੀ ਕਮੇਟੀ ‘ਚ ਫ਼ੈਲੇ ਭ੍ਰਿਸ਼ਟਾਚਾਰ ਲਈ ਬਾਦਲ ਪਰਵਾਰ ਜ਼ਿੰਮੇਵਾਰ- ਗਿਆਨੀ ਰਘਬੀਰ ਸਿੰਘ

ਬੋਤਲ ਦਾਰੂ ਦੀ, ਜੱਟ ਚਾੜ੍ਹ ਗਿਆ ਖੁੰਢਾਂ ‘ਤੇ ਬਹਿ ਕੇ।

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਨੂੰ ਟੈਰਿਫ਼ ਦਾ ਲਗਾਇਆ ‘ਕਰੰਟ’- ਇਕ ਖ਼ਬਰ

ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲਾ ਤਿਲਕ ਗਿਆ।

ਸੁਖਬੀਰ ਦੇ ਕਹਿਣ ‘ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ- ਗਿਆਨੀ ਹਰਪ੍ਰੀਤ ਸਿੰਘ

ਦੇਖੋ ਨੀ ਅਮਲੀ ਵੇਚ ਰਿਹਾ, ਘਰ ਦੇ ਤਵੇ ਪਰਾਤਾਂ।

ਅਕਾਲੀ ਦਲ ਅਤੇ ਭਾਜਪਾ ਵਿਚਕਾਰ ਅਜੇ ਕੋਈ ਚੋਣ ਸਮਝੌਤਾ ਨਹੀਂ- ਇਕ ਖ਼ਬਰ

ਤੇਰੀ ਮੇਰੀ ਇਉਂ ਲੱਗ ਜਾਏ, ਜਿਵੇਂ ਗੁੱਤ ਦੀ ਪਰਾਂਦੇ ਨਾਲ ਯਾਰੀ।

ਸਾਡੀ ਸਰਕਾਰ ਆਉਣ ਤੇ ਅਸੀਂ ਬੁਢਾਪਾ ਪੈਂਨਸ਼ਨ 3100 ਕਰ ਦਿਆਂਗੇ- ਸੁਖਬੀਰ ਬਾਦਲ

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਯੂਰਪੀ ਦੇਸ਼ ਆਪਣੀ ਰੱਖਿਆ ਲਈ ਖ਼ੁਦਮੁਖਤਿਆਰੀ ਦਾ ਰਾਹ ਚੁਣਨ- ਬਰਤਾਨਵੀ ਪ੍ਰਧਾਨ ਮੰਤਰੀ

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।      (ਗੁਰੂ ਗ੍ਰੰਥ ਸਾਹਿਬ- 474)

ਬੰਗਲਾ ਦੇਸ਼ ਗੁਆਂਢੀ ਦੇਸ਼ਾਂ ਨਾਲ ਸਨਮਾਨਜਨਕ ਰਿਸ਼ਤੇ ਚਾਹੁੰਦਾ ਹੈ- ਪ੍ਰਧਾਨ ਮੰਤਰੀ ਰਹਿਮਾਨ

ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ਼।

===========================================================================