
ਜਾਵਾਂ ਜਾਂ ਰਹਾਂ? - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ
ਮੈਂ ਹਾਲੇ ਵੀ ਇੱਥੇ ਹਾਂ,
ਕਮਜ਼ੋਰ ਹੈ ਮੇਰੀ ਕਾਇਆ ਹੁਣ,
ਕੁੱਝ ਖੂੰਜੇ ਮੇਰੇ ਆਪਣੇ ਨੇ,
ਜਿੱਥੇ ਛੁਪਦਾ ਮੇਰਾ ਸਾਇਆ ਹੁਣ।
ਦਿਨ ਬਦਿਨ ਦੀ ਚਰਿਆ ਵਿੱਚ,
ਭਾਰ ਨੇ ਮੇਰੀ ਉਮਰਾਂ ਦੇ,
ਭਾਰੀ ਹੋਈ ਮੇਰੀ ਗਠੜੀ ਵਿੱਚ,
ਮੇਰੀ ਉਮਰ ਦਾ ਸਭ ਸਰਮਾਇਆ ਹੁਣ।
ਝੁਰੜੀਆਂ ਭਰੇ ਸਰੀਰ ਦੇ ਉੱਤੇ,
ਉੱਕਰੀਆਂ ਹੋਰ ਲਕੀਰਾਂ ਨੇ,
ਲਕੀਰਾਂ ਨੇ ਮੇਰੇ ਖ਼ਾਕੇ ਦਾ,
ਰੂਪ ਹੀ ਖ਼ੂਬ ਬਦਲਾਇਆ ਹੁਣ।
ਸ਼ੀਸ਼ੇ ਦੇ ਵਿੱਚ ਅਕਸ ਮੇਰੇ,
ਮੇਰਾ ਹੀ ਮੂੰਹ ਚਿੜਾਉਂਦੇ ਨੇ,
ਪਤਾ ਨਹੀਂ ਕਿੰਨੀ ਵਾਰੀ ਇਨ੍ਹਾਂ,
ਅਕਸਾਂ ਨੇ ਨਿੱਤ ਰੁਲਾਇਆ ਹੁਣ।
ਸਮਾਜੀ ਰਿਸ਼ਤੇ ਨਾਤੇ ਸਭ,
ਹੁਣ ਦੂਰ ਹੀ ਹੁੰਦੇ ਜਾਂਦੇ ਨੇ,
ਕਈਆਂ ਨੇ ਕਈ ਸਾਲਾਂ ਤੋਂ,
ਚੇਤਾ ਮੇਰਾ ਭੁਲਾਇਆ ਹੁਣ।
ਮੱਧਮ ਹੁੰਦਾ ਜਾਪ ਰਿਹਾ,
ਸੰਸਾਰ ਜੋ ਮੇਰਾ ਚਮਕੀਲਾ ਸੀ,
ਸਮੇਂ ਦੀ ਕੋਝੀ ਗਰਦਿਸ਼ ਨੇ,
ਇਸ ਨੂੰ ਖ਼ੂਬ ਧੁੰਦਲਾਇਆ ਹੁਣ।
ਉਧਾਰ ਹੀ ਸਭ ਕੁੱਛ ਮੰਗਿਆ ਸੀ,
ਇਸ ਦੁਨੀਆ ਦੇ ਖ਼ਜ਼ਾਨੇ ਤੋਂ,
ਵਿਆਜ ਸਮੇਤ ਹੀ ਮੋੜ ਦੇਵਾਂ,
ਜੀਅ ਕਰਦੈ ਇਹ ਸਰਮਾਇਆ ਹੁਣ।
ਤੇਰੀ ਮੇਰੀ ਦਾ ਝਗੜਾ ਹੁਣ,
ਸਿਰਫ ਤੇਰੀ ਦੇ ਵਿੱਚ ਬਦਲ ਜਾਏ,
ਮੇਰੀ ਮੇਰੀ ਹੀ ਕਰ ਕਰ ਕੇ,
ਮੈਂ ਕਾਫੀ ਵਕਤ ਲੰਘਾਇਆ ਹੁਣ।
ਕਾਸ਼ ਕਿ ਇਸ ਬੰਦੇ ਦੇ ਵਸ,
ਆਉਣ ਜਾਣ ਦੀ ਕਿਰਿਆ ਹੁੰਦੀ,
ਕਦੀ ਵੀ ਨਾ ਅਖੀਰ ਉੱਤੇ,
ਇਹ ਦਿਸਦਾ ਇੰਝ ਬੌਂਦਲਾਇਆ ਹੁਣ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ