ਗ਼ਜ਼ਲ - ਗੁਰਜੰਟ ਸਿੰਘ "ਸੋਹਲ" (ਨਥੇਹਾ)

ਜ਼ਮਾਨਾ ਬਦਲ ਗਿਆ ਮੇਰੇ ਯਾਰ, ਜ਼ਮਾਨਾ ਬਦਲ ਗਿਆ।
ਦਿਲਾਂ 'ਚੋਂ ਮੁੱਕ ਗਿਆ ਪਿਆਰ, ਜ਼ਮਾਨਾ ਬਦਲ ਗਿਆ।
ਆਪਣੇ ਹੀ ਕਰਦੇ ਵਾਰ ਨੇ ਹੁਣ, ਹੱਸ ਕੇ ਗਲੇ ਮਿਲਦੇ,
ਪਿੱਠ ਪਿੱਛੇ ਤਿਆਰ ਖੰਜ਼ਰਧਾਰ, ਜ਼ਮਾਨਾ ਬਦਲ ਗਿਆ।
ਰਿਸ਼ਤਿਆਂ ਦੀ ਹੁਣ ਕੀਮਤ ਲੱਗਦੀ, ਤੋਲ ਕੇ ਗੱਲ ਕਰਦੇ,
ਸੌਦੇ ਬਣ ਗਏ ਸੰਬੰਧ ਪਿਆਰ, ਜ਼ਮਾਨਾ ਬਦਲ ਗਿਆ।
ਸੱਚ ਬੋਲੇ ਤਾਂ ਚੁੱਪ ਕਰਾਇਆ, ਝੂਠਾਂ ਨੂੰ ਮਿਲੀ ਸ਼ਾਬਾਸ਼,
ਉਲਟ ਹੋ ਗਿਆ ਹਰਿੱਕ ਮਿਆਰ, ਜ਼ਮਾਨਾ ਬਦਲ ਗਿਆ।
ਮਾਂ-ਪਿਉ ਦੀ ਸੇਵਾ ਭੁੱਲ ਬੈਠੇ, ਫੋਨਾਂ ਵਿੱਚ ਗੁੰਮ ਦੁਨੀਆ,
ਹਰ ਘਰ ਅੰਦਰ ਬਣੀ ਦੀਵਾਰ, ਜ਼ਮਾਨਾ ਬਦਲ ਗਿਆ।
ਦੋਸਤੀਆਂ ਵੀ ਲਾਈਕਾਂ ਤੱਕ ਨੇ, ਕਮੈਂਟਾਂ ਤੱਕ ਹੀ ਯਾਰੀ,
ਸਕ੍ਰੀਨਾਂ ਵਿੱਚ ਕੈਦ ਸੰਸਾਰ, ਜ਼ਮਾਨਾ ਬਦਲ ਗਿਆ।
ਸਾਦਗੀ ਹੁਣ ਮੂਰਖਤਾ ਬਣੀ, ਚਾਲਾਕੀ ਬਣੀ ਸਿਆਣਪ,
ਉਲਟਾ ਹੋ ਗਿਆ ਹਰ ਸੰਸਕਾਰ, ਜ਼ਮਾਨਾ ਬਦਲ ਗਿਆ।
ਮੇਹਨਤ ਵਾਲੇ ਪਿੱਛੇ ਰਹਿ ਗਏ, ਸ਼ੋਰਾਂ ਵਾਲੇ ਅੱਗੇ,
ਖਾਮੋਸ਼ੀ ਹੋਈ ਬੇਅਸਰ ਯਾਰ, ਜ਼ਮਾਨਾ ਬਦਲ ਗਿਆ।
ਵਫ਼ਾ ਦੀਆਂ ਗੱਲਾਂ ਕਾਗਜ਼ ਤੱਕ, ਅਮਲਾਂ ਦੇ ਵਿਚ ਸੁੰਨ,
ਟੁੱਟ ਗਿਆ ਭਰੋਸੇ ਦਾ ਦਰਬਾਰ, ਜ਼ਮਾਨਾ ਬਦਲ ਗਿਆ।
ਆਸ ਦੀ ਜੋਤ ਜਗਾ ਕੇ "ਸੋਹਲ" ਤੁਰਿਆ ਚੱਲ ਸੱਚ ਦੇ ਰਾਹ,
ਆਏਗੀ ਫਿਰ ਇੱਕ ਦਿਨ ਬਹਾਰ, ਜ਼ਮਾਨਾ ਬਦਲ ਗਿਆ।

ਲੇਖਕ: ਗੁਰਜੰਟ ਸਿੰਘ "ਸੋਹਲ" (ਨਥੇਹਾ)
ਪਿੰਡ ਨਥੇਹਾ, ਬਠਿੰਡਾ
ਸੰਪਰਕ: 8968727272