
ਜ਼ਿੰਦਾ ਲਾਸ਼ਾਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਅਕਸਰ ਦਿਖਾਈ ਦਿੰਦੇ ਨੇ,
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ,
ਹਰ ਤਰਫੋਂ ਹੋਏ ਹਤਾਸ਼ ਜਿਹੇ।
ਚੱਲ ਰਹੇ ਨੇ ਇਸ ਤਰਾਂ,
ਜਿਵੇਂ ਕੋਈ ਵੀ ਮੰਜ਼ਿਲ ਨਾ ਹੋਵੇ,
ਦਿਸ਼ਾ ਹੀਣ ਅਣਜਾਣੇ ਪਾਂਧੀ,
ਇੱਕ ਤੁਰਦੀ ਫਿਰਦੀ ਲਾਸ਼ ਜਿਹੇ।
ਨਜ਼ਰਾਂ ਨੇ ਸੱਧਰਾਂ ਤੋਂ ਖਾਲੀ,
ਜੇਬਾਂ ਨੇ ਛੇਕਾਂ ਦੀਆਂ ਭਰੀਆਂ,
ਲੜਖੜਾਂਦੀਆਂ ਲੱਤਾਂ ਕਮਜ਼ੋਰ,
ਹੱਥ ਮਲਦੇ ਪਸ਼ਚਾਤਾਪ ਜਿਹੇ।
ਪਿਆਰ ਦੀ ਬਾਜ਼ੀ ਹਾਰੇ ਹੋਏ,
ਆਪਣਿਆਂ ਤੋਂ ਦੁਰਕਾਰੇ ਹੋਏ,
ਗਹਿਮਾ ਗਹਿਮੀ ਦੁਨੀਆ ਵਿੱਚ,
ਸੁੰਨਸਾਨ ਉੱਜੜੇ ਜੰਗਲਾਤ ਜਿਹੇ।
ਤਲਬ ਹੈ ਜ਼ਿੰਦਗੀ ਲੱਭਣ ਦੀ,
ਕਿਸੇ ਪਾਸੇ, ਕੰਢੇ ਲੱਗਣ ਦੀ,
ਸ਼ੂਕਦੇ ਭਰ ਦਰਿਆਵਾਂ ਵਿੱਚ,
ਤਿਣਕੇ ਦੀ ਤਲਾਸ਼ ਜਿਹੇ।
ਖਲਾਅ ਵਿੱਚ ਨਜ਼ਰ ਟਿਕੀ ਹੋਈ,
ਜ਼ਮੀਰ ਮੂਲੋਂ ਹੀ ਮਰੀ ਹੋਈ,
ਬੇਰੋਕ ਹੀ ਕੋਸੇ ਹੰਝੂਆਂ ਦੀ,
ਬੇ ਮੌਸਮੀ ਬਰਸਾਤ ਜਿਹੇ।
ਸੁੰਨੀਆਂ ਥਾਵਾਂ ਦੇ ਵਾਸੀ,
ਸ਼ਿੰਗਾਰ ਨੇ ਕਈ ਚੌਰਾਹਿਆਂ ਦੇ,
ਕੋਝੀਆਂ ਨਜ਼ਰਾਂ ਤੋਂ ਬਚਦੇ,
ਤਰਸਦੀ ਹੋਈ ਮੁਲਾਕਾਤ ਜਿਹੇ।
ਧਰਤੀ 'ਤੇ ਨਰਕ ਹੰਢਾਉਂਦੇ ਹੋਏ,
ਹਵਾਈ ਮਹਿਲ ਬਣਾਉਂਦੇ ਹੋਏ,
ਦੜ ਵੱਟ ਜ਼ਮਾਨਾ ਕੱਟਦੇ ਹੋਏ,
ਭਲੇ ਦਿਨਾਂ ਦੀ ਆਸ ਜਿਹੇ।
ਅਕਸਰ ਦਿਖਾਈ ਦਿੰਦੇ ਨੇ,
ਚਿਹਰੇ ਕੁੱਝ ਉਦਾਸ ਜਿਹੇ,
ਗੁਆਚੇ ਹੋਏ ਇਸ ਦੁਨੀਆ ਵਿੱਚ,
ਹਰ ਤਰਫੋਂ ਹੋਏ ਹਤਾਸ਼ ਜਿਹੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ