ਜੇਠਾ ਐਤਵਾਰ ਜੋ ਆਇਆ,
ਕੁੱਝ ਪੁਆੜੇ ਨਾਲ ਲਿਆਇਆ।
ਸਵੱਖਤੇ ਉਠ ਜਾਣਾ ਸੀ ਕਿਧਰੇ,
ਜਿਸ ਲਈ ਸਾਰਾ ਪਲੈਨ ਬਣਾਇਆ।
ਤਿਆਰ ਹੋ ਕੇ ਕਾਰ ਕੱਢਣ ਲਈ,
ਜਦ ਗੇਟ ਮੈਂ ਆਪਣਾ ਖੋਲ੍ਹਿਆ,
ਗੇਟ ਦੇ ਬਾਹਰ ਸੀ ਕਾਰ ਕਿਸੇ ਦੀ,
ਦੇਖ ਕੇ ਮੇਰਾ ਦਿਲ ਝੱਟ ਖੌਲਿਆ।
ਕੌਣ ਹੋ ਸਕਦਾ ਹੈ ਐਨਾ ਮੂਰਖ,
ਜਿਸ ਨੇ ਮੇਰਾ ਰਸਤਾ ਰੋਕਿਆ?
ਪਤਾ ਕਰਨ ਲਈ ਗੁਆਂਢੀ ਘਰਾਂ ਦਾ,
ਮੈਂ ਹਰ ਇੱਕ ਦਰਵਾਜ਼ਾ ਠੋਕਿਆ।
ਦਸ ਕੁ ਦਰਵਾਜ਼ੇ ਖੜਕਾਉਣ ਬਾਦ,
ਅਖੀਰ ਸੁਰਾਗ ਮੇਰੇ ਹੱਥ ਆਇਆ,
ਪਤਾ ਲੱਗਾ ਕੋਈ ਸੰਭਾਵੀ ਜਵਾਈ,
ਗੋਰਿਆਂ ਦੇ ਕਿਸੇ ਘਰ ਸੀ ਆਇਆ।
ਭੜੂਆ ਸਵੱਖਤੇ ਉੱਠ ਕੇ ਮੌਕੇ ਨਾਲ,
ਕਿਸੇ ਦੀ ਕਾਰ 'ਚ ਕਰ ਸਵਾਰੀ,
ਟਿਭ ਗਿਆ ਸੀ ਕਿਸੇ ਹੋਰ ਸ਼ਹਿਰ ਨੂੰ,
ਪਿੱਛੇ ਛੱਡ ਆਪਣੀ ਮਿੰਨੀ ਪਿਆਰੀ।
ਕੁੜੀ ਦੇ ਬਾਪ ਨੇ ਹਲੀਮੀ ਦੇ ਨਾਲ,
ਮੇਰੇ ਤੋਂ ਮੰਗੀ ਬੜੀ ਮੁਆਫੀ,
ਲੌਂਡੇ ਤੋਂ ਚਾਬੀ ਲੈ ਆਉਣ ਲਈ,
ਕੁੜੀ ਉਸ ਦੂਜੇ ਸ਼ਹਿਰ ਭਜਾ 'ਤੀ।
ਪਰ ਮੈਨੂੰ ਕਿਸੇ ਹੋਰ ਦੀ ਮਦਦ,
ਦਰਕਾਰ ਹੋ ਗਈ ਪਲਾਂ ਵਿੱਚ ਹੀ।
ਦੂਜੇ ਘਰੋਂ ਆਪਣੇ ਪੁੱਤਰ ਤੋਂ,
ਲਿਫਟ ਲੈਣ ਦੀ ਕੀਤੀ ਝੱਟ ਹੀ।
ਘੰਟਾ ਲੇਟ ਪ੍ਰੋਗਰਾਮ ਤੇ ਪਹੁੰਚ ਕੇ,
ਮੰਗੀ ਮੁਆਫੀ ਮੇਜ਼ਬਾਨਾਂ ਤੋਂ,
ਮੈਂ 'ਤੇ ਪਤਨੀ ਨੇ ਵੇਰਵੇ ਨਾਲ,
ਕਾਰਨ ਦੱਸਿਆ ਖ਼ੁਦ ਜ਼ੁਬਾਨਾਂ ਤੋਂ।
ਹੋ ਕੇ ਆਖ਼ਰ,ਜਸ਼ਨ ਵਿੱਚ ਸ਼ਾਮਲ,
ਅਸੀਂ ਆਪਣਾ ਫ਼ਰਜ਼ ਨਿਭਾਇਆ,
ਮੁੜ ਕੇ ਕਿਸੇ ਦੀ ਮਿੰਨਤ ਕਰਕੇ,
ਘਰ ਮੁੜਨ ਦਾ ਜੁਗਾੜ ਲਗਾਇਆ।
ਤੱਦ ਤੱਕ ਮੇਰੇ ਗੇਟ ਦੇ ਅੱਗਿਓਂ,
ਕਾਰ ਭੜੂਏ ਨੇ ਹਟਾ ਲਈ ਸੀ,
ਕਿਸੇ ਸ਼ਹਿਰ ਮੇਲਾ ਦੇਖਣ ਦੀ,
ਦੂਜੀ ਬਿਉਂਤ ਮੈਂ ਬਣਾ ਲਈ ਸੀ।
ਦੋਸਤ ਨੂੰ ਉਸ ਦੇ ਘਰੋਂ ਚੁੱਕ ਕੇ,
ਮੈਂ 'ਤੇ ਉਹ ਚੱਲ ਪਏ ਮੇਲੇ ਨੂੰ,
ਸ਼ੁਗਲੋ ਸ਼ੁਗਲੀ ਜਾ ਰਹੇ ਸੀ,
ਹੱਸਦੇ ਖੇਲ੍ਹਦੇ ਅਸੀਂ ਮੇਲੇ ਨੂੰ।
ਮੋਟਰਵੇਅ ਤੇ ਭੱਜਦੀ ਗੱਡੀ ਦੇ,
ਅਚਾਨਕ ਪੱਥਰ ਸ਼ੀਸ਼ੇ ਵਿੱਚ ਵੱਜਿਆ,
ਵਿੰਡ ਸਕ੍ਰੀਨ ਤਿੜਕ ਗਈ ਸੀ,
ਹਾਦਸਾ ਹੋਣ ਨੂੰ ਮਿੰਟ ਨਾ ਲੱਗਿਆ।
ਹੱਕੇ ਬੱਕੇ ਮੈਂ 'ਤੇ ਦੋਸਤ,
ਇੱਕ ਦੂਜੇ ਨੂੰ ਤੱਕਦੇ ਰਹਿ ਗਏ,
ਹਾਰਡ ਸ਼ੋਲਡਰ 'ਤੇ ਗੱਡੀ ਰੋਕ ਕੇ,
ਆਪਣੇ ਸਿਰ ਅਸੀਂ ਫੜ ਕੇ ਬਹਿ ਗਏ।
ਸੋਚ ਸੋਚ ਕੇ ਫੈਸਲਾ ਕੀਤਾ,
ਕਿ ਸਫਰ ਨੂੰ ਜਾਰੀ ਰੱਖਿਆ ਜਾਵੇ,
ਮੇਲਾ ਦੇਖਣ ਦਾ ਸਾਡਾ ਚਾਅ,
ਕਿਸੇ ਵੀ ਗੱਲੋਂ ਨਾ ਮੱਠਾ ਪੈ ਜਾਵੇ।
ਔਖੇ ਸੌਖੇ ਨਿਸਚਿਤ ਥਾਂ ਵਿੱਚ,
ਅਖੀਰ ਨੂੰ ਅਸੀਂ ਪਹੁੰਚ ਗਏ ਸੀ,
ਖਚਾ ਖਚ ਭਰੇ ਮੇਲੇ ਨੂੰ ਦੇਖ,
ਸਾਡੇ ਹੋਸ਼ ਹੋਰ ਉੱਡ ਗਏ ਸੀ।
ਮੇਲੇ ਦੁਆਲੇ ਸਾਰੀਆਂ ਸੜਕਾਂ,
ਕਾਰਾਂ ਨਾਲ ਪਈਆਂ ਸੀ ਭਰੀਆਂ,
ਸਾਨੂੰ ਕਿਤੇ ਵੀ ਥਾਂ ਨਾ ਲੱਭੀ,
ਤਰਕੀਬਾਂ ਅਸੀਂ ਲੜਾਈਆਂ ਬੜੀਆਂ।
ਇੱਕ ਘੰਟਾ ਖੂਬ ਖੱਜਲ਼ ਹੋ ਕੇ,
ਸਾਨੂੰ ਕੌੜਾ ਘੁੱਟ ਭਰਨਾ ਪੈ ਗਿਆ,
ਬਿਨਾ ਦੇਖਿਆਂ ਇਸ ਮੇਲੇ ਨੂੰ,
ਅਲਵਿਦਾ ਸਾਨੂੰ ਕਹਿਣਾ ਪੈ ਗਿਆ।
ਮਾਯੂਸ ਅਤੇ ਨਿਮੋਝੂਣੇ ਹੋ ਕੇ,
ਅਸੀਂ ਕੌਵੈਂਟਰੀ ਨੂੰ ਪਾ 'ਤੇ ਚਾੱਲੇ,
ਭੁੱਖੇ ਅਤੇ ਪਿਆਸੇ ਦੋਨੋਂ,
ਹੋ ਚੁੱਕੇ ਸੀ ਹਾਲੋਂ ਬੇ ਹਾਲੇ।
ਵਾਪਸ ਆ ਕੇ ਨਿਚੱਲੇ ਹੋ ਕੇ,
ਜਦ ਸਾਰੇ ਦਿਨ ਦਾ ਲੇਖਾ ਕੀਤਾ,
ਝੱਟ ਮੇਰੇ ਦਿਮਾਗ ਵਿੱਚ ਆ ਕੇ,
ਜੇਠੇ ਐਤਵਾਰ ਨੇ ਡੇਰਾ ਕੀਤਾ।
ਸੁਣਿਆ ਸੀ ਬਜ਼ੁਰਗਾਂ ਕੋਲੋਂ,
ਸਖਤ ਹੁੰਦਾ ਹੈ ਜੇਠਾ ਐਤਵਾਰ,
ਪਰ ਕਦੀ ਵੀ ਅੱਜ ਤੱਕ ਮੈਂ ਇਸ 'ਤੇ,
ਕੀਤਾ ਨਹੀਂ ਸੀ ਕੋਈ ਇਤਬਾਰ।
ਪਰ ਜਦ ਖਰੋਹੜ ਅਤੇ ਖਰੋਹੜ,
ਮੇਰੇ ਉਸ ਦਿਨ ਸਾਹਮਣੇ ਆਈ,
ਮਨ ਸੋਚਣ 'ਤੇ ਮਜਬੂਰ ਹੋ ਗਿਆ,
ਸੱਚੀਂ ਇਸ ਵਿੱਚ ਹੈ ਕੋਈ ਸਚਾਈ?
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ