ਠੰਡ ਤੋਂ ਬਚ ਕੇ - ਚਮਨਦੀਪ ਸ਼ਰਮਾ

ਬੱਚਿਓ, ਠੰਡ ਤੋਂ ਰਹਿਣਾ ਬਚ ਕੇ,
ਬੂਟ-ਜ਼ੁਰਾਬਾਂ ਨੂੰ ਰੱਖਿਓ ਕਸ ਕੇ।
ਠੰਡ ਨੇ ਦੇਖੋ ਫੜ੍ਹ ਲਈ ਰਫਤਾਰ,
ਬਚੂੰਗਾ ਓਹੀ ਜੋ ਹੋਊ ਸਮਝਦਾਰ।
ਸਿਰ ਉੱਤੇ ਪਹਿਣ ਕੇ ਰੱਖੋ ਟੋਪੀ,
ਉਤਾਰਨੀ ਨੀਂ ਸਾਰਾ ਦਿਨ ਕੋਟੀ।
ਬਹੁਤ ਘੱਟ ਹੋ ਗਿਆ ਹੈ ਪਾਰਾ,
ਰਜ਼ਾਈ ਦੇ ਵਿੱਚ ਬੈਠ ਜਾ ਯਾਰਾ।
ਡਾਕਟਰ ਦੀ ਜੇ ਲੱਗ ਗਈ ਸੂਈ,
ਕਰਦੇ ਫਿਰੋਗੇ ਫਿਰ ਊਈ-ਊਈ।
ਵਰਜ਼ਿਸ ਕਰਨੀ ਨਾ ਜਾਇਓ ਭੁੱਲ,
ਸਰੀਰ ਇਸ ਨਾਲ ਜਾਂਦਾ ਹੈ ਖੁੱਲ।
ਮੂੰਗਫਲੀ, ਅਖਰੋਟ ਰਹੋ ਚਬਾੳਂੁਦੇ,
ਸਾਨੂੰ ਸਰਦੀ ਕੋਲੋਂ ਇਹ ਬਚਾਉਂਦੇ।
ਏਕਵੀਰਾ ਨੂੰ ਨਹੀਂ ਲੱਗਦੀ ਸਰਦੀ,
ਹੋਰਾਂ ਵਾਂਗ ਓਹ ਫੈਸ਼ਨ ਨੀਂ ਕਰਦੀ।
ਸਾਰੀ ਸਰਦੀ ਮੋਟੇ ਕੱਪਣੇ ਹੀ ਪਾਵੇ,
ਤਾਂਹਿਓ ਠੰਡ ਓਹਦੇ ਨੇੜੇ ਨਾ ਆਵੇ।
ਬਜ਼ੁਰਗਾਂ ਕੋਲੋਂ ਸੁਣਿਆ ਕਰੋ ਬਾਤਾਂ,
ਦੇਖਿਓ ਨਿੱਘੀਆਂ ਹੋਣਗੀਆਂ ਰਾਤਾਂ।
ਗਲੀਆਂ 'ਚ ਨਾ ਕੱਢਦੇ ਫਿਰੋ ਗੇੜੇ,
ਸਲਾਨਾ ਪ੍ਰੀਖਿਆ ਆ ਗਈ ਨੇੜੇ।
'ਚਮਨ' ਠੰਡ ਦਾ ਜੇ ਲੈਣਾ ਆਨੰਦ,
ਕੁੱਝ ਨਿਯਮਾਂ ਦੇ ਬਸ ਰਹੋ ਪਾਬੰਦ।