
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
01.12.2025
62 ਸਾਲ ਦੀ ਉਮਰ ‘ਚ ਆਸਟਰੇਲੀਅਨ ਪ੍ਰਧਾਨ ਮੰਤਰੀ ਨੇ ਆਪਣਾ ਘਰ ਵਸਾਇਆ- ਇਕ ਖ਼ਬਰ
ਦਿਲ ਜਵਾਨ ਹੋਣਾ ਚਾਹੀਦਾ, ਉਮਰਾਂ ‘ਚ ਕੀ ਰੱਖਿਆ।
ਪੰਥਕ ਸੰਸਥਾਵਾਂ ਦੀ ਰਾਖੀ ਲਈ ਪੰਥ ਇਕੱਠਾ ਹੋਵੇ- ਸੁਖਬੀਰ ਬਾਦਲ
ਪਰ ਪੰਥ ਮੇਰੇ ਮਗਰ ਹੀ ਇਕੱਠਾ ਹੋਵੇ ਤਾਂ ਕਿ ਇਸ ਨੂੰ ਉੱਥੇ ਡੋਬਾਂ ਜਿੱਥੋਂ ਮੁੜ ਕੇ ਨਿਕਲ ਨਾ ਸਕੇ।
ਅਕਾਲੀ ਦਲ-ਭਾਜਪਾ ਦੀਆਂ ਵਿਚਾਰਧਾਰਾਵਾਂ ਇਕ ਦੂਜੇ ਦੀਆਂ ਵਿਰੋਧੀ, ਗੱਠਜੋੜ ਕਿਵੇਂ ਹੋਵੇਗਾ?- ਪਰਗਟ ਸਿੰਘ
ਪਰਗਟ ਸਿੰਘ ਜੀ ਤੁਹਾਨੂ ਭੁਲੇਖਾ ਹੈ, ਇਨ੍ਹਾਂ ਦੀਆਂ ਵਿਚਾਰਧਾਰਾਵਾਂ ਇਕੋ ਹੀ ਹਨ।
ਜਿੱਤ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਬਚਾਉ ਮੋਰਚੇ ਦਾ ਅੰਦੋਲਨ ਸਮਾਪਤ- ਇਕ ਖ਼ਬਰ
ਆਈ ਆ ਮੋਰਚਾ ਜਿੱਤ ਕੇ, ਗੁਰੂ ਜੀ ਤੇਰੀ ਫੌਜ ਰੰਗਲੀ।
ਕੇਂਦਰੀ ਬਿਜਲੀ ਸੋਧ ਬਿੱਲ ਬਾਰੇ ਪੰਜਾਬ ਸਰਕਾਰ ਆਪਣਾ ਸਟੈਂਡ ਸਪਸ਼ਟ ਕਰੇ- ਪੰਧੇਰ
ਮੂੰਹ ਐਧਰ ਕਰ ਸੋਹਣਿਆਂ ਵੇ, ਕਿਉਂ ਨਜ਼ਰਾਂ ਚੁਰਾਉਨਾਂ ਏਂ।
ਮੈਨੂੰ ਚੁਣੌਤੀ ਦਿਤੀ ਤਾਂ ਦੇਸ਼ ਭਰ ਵਿਚ ਭਾਜਪਾ ਦੀ ਨੀਂਹ ਹਿਲਾ ਦੇਵਾਂਗੀ- ਮਮਤਾ ਚੈਟਰਜੀ
ਮੈਨੂੰ ਨਰਮ ਕੁੜੀ ਨਾ ਜਾਣੀ, ਲੜ ਜੂੰ ਭਰਿੰਡ ਬਣ ਕੇ।
ਮੋਹਾਲੀ ਵਿਚ ਯੂਥ ਕਾਂਗਰਸ ਪੰਜਾਬ ਨੇ ਭਾਜਪਾ ਵਿਰੁੱਧ ਕੱਢੀ ਲਲਕਾਰ ਰੈਲੀ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਨੀ ਦਾਰੂ ਪੀ ਕੇ ਮਿੱਤਰਾਂ ਨੇ।
ਐੱਸ.ਆਈ.ਆਰ. ਪਿੱਛੇ ਅਸਲ ਇਰਾਦਾ ਹੈ ਐੱਨ. ਆਰ. ਸੀ.- ਮਮਤਾ ਬੈਨਰਜੀ
ਕੰਢੇ ਕੰਢੇ ਹੀਰ ਭਾਲ਼ਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
ਕਿਸਾਨਾਂ ਵਲੋਂ ਕੇਂਦਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ- ਇਕ ਖ਼ਬਰ
ਪਰੇ ਹਟ ਜਾ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲ਼ੀਏ।
ਜੀ-20 ਸੰਮੇਲਨ ਲਈ ਸਾਊਥ ਅਮਰੀਕਾ ਨੂੰ ਸੱਦਾ ਨਹੀਂ ਦੇਵਾਂਗੇ- ਟਰੰਪ
ਮੂੰਹ ਉਂਗਲਾਂ ਘੱਤ ਕੇ ਕਹਿਣ ਸੱਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਟਰੰਪ ਨੇ ਜੋਅ ਬਾਇਡਨ ਵਲੋਂ ਪਾਸ ਕੀਤੇ ਸਾਰੇ ਹੁਕਮ ਕੀਤੇ ਰੱਦ- ਇਕ ਖ਼ਬਰ
ਘੁੰਡ ਕੱਢਣਾ ਮੜਕ ਨਾਲ ਤੁਰਨਾ, ਸਹੁਰੀਂ ਜਾ ਕੇ ਦੋ ਦੋ ਪਿੱਟਣੇ।
ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੋ ਰਹੀ ਹੈ- ਪਰਗਟ ਸਿੰਘ
ਕੱਚਾ ਬਾਜਰਾ ਤਿਲਾਂ ਦੀ ਮੁੱਠ ਗਰਮੀ, ਨਾ ਚੱਬ ਚੋਬਰੀਏ।
ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਪਰਵਾਸ ਨੂੰ ਪੱਕੇ ਤੌਰ ‘ਤੇ ਰੋਕਿਆ ਜਾਵੇਗਾ- ਟਰੰਪ
ਨਿੰਮ ਦਾ ਤੂੰ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਪੂਰਾ ਪੰਜਾਬ ਪੁੱਛ ਰਿਹੈ ਭਗਵੰਤ ਮਾਨ ਜੀ ਮਨਰੇਗਾ ਦਾ ਪੈਸਾ ਕਿੱਥੇ ਗਿਆ?- ਅਸ਼ਵਨੀ ਸ਼ਰਮਾ
ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।
ਟਰੰਪ ਵਲੋਂ ਮਮਦਾਨੀ ਦਾ ਵ੍ਹਾਈਟ ਹਾਊਸ ਵਿਚ ਨਿੱਘਾ ਸਵਾਗਤ- ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ਼ ਮਿੱਤਰਾ।
=============================================================