ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

    ਭਾਰਤ-ਕੈਨੇਡਾ ਨੇ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਲ ਵਧਾਏ ਕਦਮ- ਇਕ ਖ਼ਬਰ

ਆ ਹੁਣ ਬਣ ਜਾਈਏ, ਤੂੰ ਮੇਰਾ ਮੈਂ ਤੇਰੀ।

ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਇਕ ਇਕ ਪੈਸੇ ਦੀ ਭਰਪਾਈ ਕਰੇਗੀ ਕੇਂਦਰ ਸਰਕਾਰ- ਸ਼ਿਵਰਾਜ ਸਿੰਘ ਚੌਹਾਨ

ਰੰਨ ਬੱਕਰੀ ਚਰਾਉਣ ਦੀ ਮਾਰੀ, ਲਾਰਾ ਲੱਪਾ ਲਾਈ ਰੱਖਦੀ।

ਭਾਜਪਾ ਬਾਦਲ ਨਾਲ ਸਾਂਝ ਪਾਉਣ ਤੋਂ ਇਨਕਾਰੀ- ਇਕ ਖ਼ਬਰ

ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

ਮੋਦੀ ਨੇ ਆਂਧਰਾ ਪ੍ਰਦੇਸ਼ ‘ਚ 13430 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ- ਇਕ ਖ਼ਬਰ

ਹਾਏ ਰੇ ਇਨਸਾਨ ਕੀ ਮਜਬੂਰੀਆਂ, ਖਿਲਾਨੀ ਪੜ ਰਹੀ ਹੈਂ ਚੂਰੀਆਂ।

ਸੁਪਰੀਮ ਕੋਰਟ ਨੇ ਦਿੱਲੀ ਐਨ.ਸੀ.ਆਰ. ‘ਚ ਗਰੀਨ ਪਟਾਕੇ ਚਲਾਉਣ ਦੀ ਦਿਤੀ ਇਜਾਜ਼ਤ- ਇਕ ਖ਼ਬਰ

ਚਲਾਉ ਪਟਾਕੇ, ਕਰੋ ਮੌਜਾਂ ! ਪੰਜਾਬ ਹੈਗਾ ਸਾਡੇ ਕੋਲ ਪ੍ਰਦੂਸ਼ਣ ਦਾ ਦੋਸ਼ ਮੜ੍ਹਨ ਲਈ

ਟੈਰਿਫ਼ ਦੀ ਧਮਕੀ ਨਾਲ ਭਾਰਤ-ਪਾਕਿ ਜੰਗ ਖ਼ਤਮ ਕਰਵਾਈ- ਟਰੰਪ

ਓ ਚਾਚਾ ਬਸ ਵੀ ਕਰ ਹੁਣ, ਕਿੰਨੀ ਕੁ ਵਾਰੀ ਡੌਂਡੀ ਪਿੱਟੀ ਜਾਏਂਗਾ।

ਡੀ.ਆਈ.ਜੀ. ਭੁੱਲਰ ਰਿਸ਼ਵਤ ਕਾਂਡ ‘ਚ ਝਾੜੂ ਵਾਲੇ ਤਾਂ ਛੱਡੋ, ਅਕਾਲੀ ਤੇ ਕਾਂਗਰਸੀ ਵੀ ਨਹੀਂ ਬੋਲੇ- ਇਕ ਖ਼ਬਰ

ਇਸ ਹਮਾਮ ਵਿਚ ਸਾਰੇ ਫਿਰਦੇ ਨੰਗੇ, ਅੰਦਰੋਂ ਸਭ ਸੜ੍ਹਿਆਂਦ ਮਾਰਦੇ ਉੱਪਰੋਂ ਦਿਸਦੇ ਚੰਗੇ।

ਹਾਈ ਕੋਰਟ ਨੇ ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਕਰ ਕੇ ਪੰਜਾਬ ਸਰਕਾਰ ਨੂੰ ਪਾਈ ਝਾੜ- ਇਕ ਖ਼ਬਰ

ਦੋ ਪਈਆਂ ਕਿੱਧਰ ਗਈਆਂ, ਸਦਕਾ ਢੂਈ ਦਾ।

ਡੀ.ਆਈ.ਜੀ. ਭੁੱਲਰ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ- ਇਕ ਖ਼ਬਰ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

ਪੂਰਨ ਕੁਮਾਰ ਦੀ ਮੌਤ ਦੇ ਸਬੰਧ ‘ਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਤਮਾਸ਼ਾ ਬੰਦ ਕਰ ਕੇ ਕਾਰਵਾਈ ਕਰਨ-ਰਾਹੁਲ ਗਾਂਧੀ

ਤਪੇ ਹੋਏ ਤੰਦੂਰ ‘ਤੇ ਰੋਟੀਆਂ ਲਾਹੁਣ ਦੀ ਮਜਬੂਰੀ ਐ ਬਈ।

ਭਾਰਤ ਨਾਲ ਹੋ ਸਕਦੀ ਹੈ ਜੰਗ- ਪਾਕਿ ਰੱਖਿਆ ਮੰਤਰੀ ਆਸਿਫ਼

ਲੱਤ ਮਾਰੂੰਗੀ ਪੰਜੇਬਾਂ ਵਾਲ਼ੀ, ਪਰ੍ਹਾਂ ਹੋ ਜਾ ਚੱਟੂ ਵੱਟਿਆ।

ਚੀਨ ਨੇ ਟਰੰਪ ਨੂੰ ਧਮਕੀਆਂ ਬੰਦ ਕਰਨ ਲਈ ਕਿਹਾ- ਇਕ ਖ਼ਬਰ

ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ।

ਪਾਕਿਸਤਾਨ-ਅਫ਼ਗਾਨਿਸਤਾਨ ਸੰਘਰਸ਼ ਸੁਲਝਾਉਣਾ ਮੇਰੇ ਲਈ ਬੜਾ ਸੌਖਾ- ਟਰੰਪ

ਕਾਹਨੂੰ ਮਾਰਦੈਂ ਬਨੇਰੇ ਉੱਤੋਂ ਡਲੀਆਂ, ਚੰਦ ਨੂੰ ਤਾਂ ਛਿਪ ਲੈਣ ਦੇ।

ਭਾਜਪਾ ਨਾਲ ਗੱਠਜੋੜ ਕਰ ਕੇ ਅਸੀਂ ਗ਼ਲਤੀ ਨਹੀਂ ਦੁਹਰਾਵਾਂਗੇ- ਉਮਰ ਅਬਦੁੱਲਾ

ਜਦੋਂ ਜਾਲ਼ ਫ਼ਾਂਧੀਆਂ ਨੇ ਪਾਇਆ, ਨੈਣ ਭਰ ਰੋਈ ਮਛਲੀ।

ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਣ ਲੱਦਾਖੀ ਲੀਡਰਸ਼ਿੱਪ ਗੱਲਬਾਤ ਨਹੀਂ ਕਰੇਗੀ- ਇਕ ਖ਼ਬਰ

ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।

=======================================================================