ਪਰਵਾਸੀ ਭੱਈਏ ਪੰਜਾਬ ਦੀ ਜ਼ਰੂਰਤ ਜਾਂ ਮਜ਼ਬੂਰੀ? - ਬਲਵੰਤ ਸਿੰਘ ਗਿੱਲ

ਕੁੱਝ ਹੀ ਦਿਨ ਪਹਿਲਾਂ ਜ਼ਿਲਾ ਹੁਸ਼ਿਆਰਪੁਰ ਵਿੱਚ ਇੱਕ ਪੰਜ ਸਾਲ ਦੇ ਬੱਚੇ ਹਰਵੀਰ ਦਾ ਇੱਕ ਪਰਵਾਸੀ ਭੱਈਏ ਵੱਲੋਂ ਦਰਦਨਾਕ ਅਤੇ ਖ਼ੌਫ਼ਨਾਕ ਕਤਲ ਦਾ ਕੇਸ ਸਾਹਮਣੇ ਆਇਆ। ਇਸ ਮਾਸੂਮ ਬੱਚੇ ਨਾਲ ਪਹਿਲਾਂ ਕੁੱਕਰਮ ਕੀਤਾ ਗਿਆ ਅਤੇ ਬਾਅਦ 'ਚ ਬੇਸ਼ਰਮੀ ਨਾਲ ਕਤਲ ਕੀਤਾ ਗਿਆ। ਇਸ ਖ਼ੌਫ਼ਨਾਕ ਖ਼ਬਰ ਨੇ ਪੰਜਾਬ ਅਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਤਹਿਲਕਾ ਮਚਾ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਏ ਗਏ ਕਿ ਜਾਂ ਤਾਂ ਭੱਈਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਜਾਂ ਫਿਰ ਗੌਰਮਿੰਟਾਂ ਇਨ੍ਹਾਂ ਪਰਵਾਸੀਆਂ ਬਾਰੇ ਕੋਈ ਸਖ਼ਤ ਕਾਨੂੰਨ ਬਣਾਵੇ।
ਬਿਨ੍ਹਾਂ ਸ਼ੱਕ ਇਕ ਮਾਸੂਮ ਬੱਚੇ ਦਾ ਕਤਲ ਕਰ ਦੇਣਾ ਇੱਕ ਨਾ -ਬਰਦਾਸ਼ਤ ਕਰਨ ਵਾਲੀ ਖ਼ਬਰ ਹੈ।ਖ਼ਾਸ ਕਰਕੇ ਜਿਸ ਬੱਚੇ ਦਾ ਕਿਸੇ ਨਾਲ ਕੋਈ ਨਾ ਵੈਰ ਵਿਰੋਧ ਸੀ ਅਤੇ ਨਾ ਹੀ ਕੋਈ ਨਸਲੀ ਵਿਤਕਰਾ। ਪਰ ਹੈਵਾਨੀ ਵਾਸ਼ਨਾ ਦੀ ਪੂਰਤੀ ਕਰਨ ਲਈ ਬੇ-ਗੁਨਾਹ ਦਾ ਕਤਲ ਕਰ ਦੇਣਾ ਹਰ ਇਨਸਾਨ ਦੇ ਲੂੰ-ਕੰਡੇ ਖੜ੍ਹੇ ਕਰ ਦਿੰਦਾ ਹੈ। ਇਸ ਕਾਰੇ ਨੂੰ ਇਨਸਾਨੀਅਤ ਤੋਂ ਡਿੱਗਿਆ ਕੁੱਕਰਮ ਨਾ ਕਹੀਏ ਤੋਂ ਹੋਰ ਕੀ ਕਹੀਏ? ਇੱਕ ਸਧਾਰਨ ਬੁੱਧੀ ਵਾਲਾ ਇਨਸਾਨ ਇਸ ਘਿਨਾਉਣੀ ਖ਼ਬਰ ਨੂੰ ਸੁਣੇਗਾ ਤਾਂ ਉਸ ਦੇ ਮੂੰਹੋਂ ਬੇਮੁਹਾਰੇ ਇਹ ਗੁੱਸਾ ਉਗਲੇਗਾ ਕਿ ਇਹੋ ਜਿਹੀ ਘਟਨਾ ਕਰਨ ਵਾਲੇ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਫਾਹੇ ਲਾ ਦੇਣਾ ਚਾਹੀਦਾ ਹੈ। ਲੋਕਾਂ ਦੇ ਮਨਾਂ ਵਿੱਚ ਇਹੋ ਜਿਹਾ ਗੁੱਸਾ ਆਵੇ ਵੀ ਕਿਉਂ ਨਾ? ਜਿਸ ਮਾਂ-ਬਾਪ ਦਾ ਹੱਸਦਾ ਖੇਡਦਾ ਪੁੱਤਰ ਇੱਕ ਦੁਕਾਨ ਤੋਂ ਕੋਈ ਸੌਦਾ ਪੱਤਾ ਲੈਣ ਗਿਆ ਕਿਸੇ ਹੈਵਾਨ ਦੇ ਹੱਥੇ ਚੜ੍ਹ ਕੇ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੋਵੇ ਤਾਂ ਉਨ੍ਹਾਂ ਮਾਪਿਆਂ ਦੀਆਂ ਆਂਦਰਾਂ ਕੀ ਕਹਿੰਦੀਆਂ ਹੋਣਗੀਆਂ? ਹਰ ਮਾਂ-ਬਾਪ ਦੇ ਧੂਰੋਂ ਅੰਦਰੋਂ ਇਹ ਆਵਾਜ਼ ਆਈ ਹੋਏਗੀ ਕਿ ਉਸ ਦਰਿੰਦੇ ਨੂੰ ਜਲਦੀ ਤੋਂ ਜਲਦੀ ਫਾਹੇ ਲਾਓ, ਤਾਂ ਕਿ ਇਹੋ ਜਿਹੇ ਜਾਨਵਰ ਇਹੋ ਜਿਹੀ ਘਟਨਾ ਨੂੰ ਅੰਜ਼ਾਮ ਦੇਣ ਲੱਗਿਆਂ ਦੋ ਵਾਰ ਸੋਚਣ।
ਇਸ ਘਟਨਾ ਤੋਂ ਬਾਅਦ ਸਾਰੇ ਮੀਡੀਏ 'ਤੇ ਖੂਬ ਚਰਚਾ ਹੋਈ ਤਾਂ ਕਈ ਬੁਲਾਰਿਆਂ ਦਾ ਕਹਿਣਾ ਸੀ ਕਿ ਭੱਈਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੀਦਾ ਹੈ। ਉਹ ਦਲੀਲਾਂ ਦਿੰਦੇ ਹਨ ਕਿ ਇਨ੍ਹਾਂ ਪਰਵਾਸੀਆਂ ਨੇ ਪੰਜਾਬ ਦਾ ਸੱਭਿਆਚਾਰ ਵਿਗਾੜ ਦਿੱਤਾ ਹੈ। ਇਹ ਲੋਕ ਪਾਨ ਖਾਂਦੇ ਹਨ ਅਤੇ ਥਾਂ-ਥਾਂ ਥੁੱਕਦੇ ਹਨ। ਇਹ ਦੇਰ ਰਾਤ ਤੱਕ ਸ਼ਰਾਬਾਂ ਅਤੇ ਹੋਰ ਨਸ਼ੇ ਖਾ ਕੇ ਖੌਰੂ ਪਾਉਂਦੇ ਹਨ। ਇਨ੍ਹਾਂ ਕਰਕੇ ਹੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਵੱਲ ਧੱਕੀ ਗਈ ਹੈ। ਪੰਜਾਬ ਦੇ ਕਾਨੂੰਨ ਇਨ੍ਹਾਂ ਪ੍ਰਤੀ ਨਰਮ ਹਨ। ਜਦੋਂ ਗੁਆਂਢੀ ਸੂਬੇ ਹਿਮਾਚਲ, ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਦੂਜੇ ਸੂਬੇ ਵਾਲਿਆਂ ਨੂੰ ਜ਼ਮੀਨ ਖ੍ਰੀਦਣ ਦਾ ਹੱਕ ਨਹੀਂ ਤਾਂ ਇਨ੍ਹਾਂ ਪਰਵਾਸੀਆਂ ਨੂੰ ਕਿਉਂ?
ਕਈ ਲੋਕ ਇਹ ਤਰਕ ਦਿੰਦੇ ਹਨ ਕਿ ਇਨ੍ਹਾਂ ਪਰਵਾਸੀਆਂ ਨੇ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਖੋਹ ਲਏ ਹਨ। ਉਦਾਹਰਣ ਦਿੱਤੀ ਜਾਂਦੀ ਹੈ ਕਿ ਲੁਧਿਆਣੇ ਵਰਗੇ ਸੱਨਅਤੀ ਸ਼ਹਿਰ ਵਿੱਚ ਬਹੁਤਾਤ ਵਿੱਚ ਭੱਈਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ। ਆਮ ਸ਼ਹਿਰਾਂ ਅਤੇ ਕਸਬਿਆਂ ਵਿੱਚ ਭੱਈਆਂ ਨੂੰ ਰੇੜੀਆਂ ਲਾ ਕੇ ਸਾਡੇ ਪੰਜਾਬੀਆਂ ਦੇ ਰੁਜ਼ਗਾਰਾਂ ਨੂੰ ਸੱਟ ਮਾਰੀ ਹੈ। ਇਸੇ ਕਰਕੇ ਪੰਜਾਬ ਦੀ ਜੁਆਨੀ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਬੈਠੀ ਹੈ। ਹੁਣ ਦੀ ਤਾਜ਼ਾ ਖ਼ਬਰ ਨੇ ਤਾਂ ਪੰਜਾਬੀਆਂ ਦੇ ਮਨਾਂ ਵਿੱਚ ਇਹ ਘਰ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਬਦ-ਅਮਨੀ ਅਤੇ ਬਦਮਾਸ਼ੀ ਦੇ ਕਾਰਨ, ਇਹ ਭੱਈਏ ਹੀ ਹਨ।
ਹੁਣ ਸੋਚਣਾ ਬਣਦਾ ਹੈ ਕਿ ਕੀ ਉਪਰੋਕਤ ਸਾਰੀਆਂ ਸਮੱਸਿਆਵਾਂ ਦੇ ਜ਼ਿੰਮੇਵਾਰ ਕੀ ਇਹ ਭੱਈਏ ਹੀ ਹਨ? ਹਰ ਸਮਾਜ ਵਿੱਚ ਚੰਗੇ ਮਾੜੇ ਇਨਸਾਨ ਹੋਇਆ ਕਰਦੇ ਹਨ। ਕੀ ਭੱਈਆਂ ਦੇ ਪਰਵਾਸ ਤੋਂ ਪਹਿਲਾਂ ਇਹੋ ਜਿਹੇ ਅਪਰਾਧ ਨਹੀਂ ਹੋਇਆ ਕਰਦੇ ਸਨ? ਇੱਕ ਬੁਰੇ ਇਨਸਾਨ ਦੀ ਬੁਰੀ ਹਰਕਤ ਨਾਲ ਸਾਰਾ ਭਾਈਚਾਰਾ ਬੁਰਾ ਨਹੀਂ ਆਖਿਆ ਜਾ ਸਕਦਾ। ਪੰਜਾਬ ਵਿੱਚ ਅਤੇ ਬਾਹਰਲੇ ਹੋਰ ਕਈ ਸੂਬਿਆਂ ਵਿੱਚ ਇਹੋ ਜਿਹੇ ਅਪਰਾਧ ਦੇਖਣ ਵਿੱਚ ਆਏ ਹਨ। ਮੈਂ ਮੰਨਦਾ ਹਾਂ ਕਿ ਪਿਛਲੇ ਦੋ ਕੁ ਦਹਾਕਿਆਂ ਵਿੱਚ ਪਰਵਾਸੀਆਂ ਵੱਲੋਂ ਇਹੋ ਜਿਹੇ ਅਪਰਾਧਾਂ ਦੀ ਗਿਣਤੀ ਵਧੀ ਹੈ। ਖ਼ਾਸ ਕਰਕੇ ਮਾਜ਼ੂਦਾ ਸਮੇਂ ਵਿੱਚ ਜਦੋਂ ਯੂਪੀ ਦੇ ਮੁੱਖ ਮੰਤਰੀ ਜੋਗੀ ਨੇ ਆਪਣੇ ਸੂਬੇ ਵਿੱਚ ਅਪਰਾਧੀਆਂ 'ਤੇ ਕਰੇੜਾਂ ਕੱਸਿਆ ਹੈ। ਉਹ ਅਪਰਾਧੀ ਹੁਣ ਬਚਣ ਲਈ ਲਾਗਲਿਆਂ ਸੂਬਿਆਂ ਵਲ ਵਹੀਰਾਂ ਘੱਤੀ ਬੈਠੇ ਹਨ, ਖ਼ਾਸ ਕਰਕੇ ਪੰਜਾਬ ਵਲ।
ਪਹਿਲਾਂ ਭੱਈਏ ਆਪਣੀ ਆਰਥਿਕ ਤੰਗੀ ਹੋਣ ਕਰਕੇ ਆਪਣੇ ਆਰਥਿਕ ਹਾਲਾਤ ਸੁਧਾਰਨ ਲਈ ਆਉਂਦੇ ਸਨ। ਆਪਣੇ ਪੰਜਾਬੀ ਭਾਈਚਾਰੇ ਦਾ ਉਨ੍ਹਾਂ ਮਜ਼ਦੂਰਾਂ ਪਾਸੋਂ  ਕੰਮਾਂ ਦੀ ਮਜ਼ਦੂਰੀ ਦੀ ਵਾਸਤਾ ਸੀ।ਆਪਣੇ ਕੰਮ ਧੰਦੇ ਜਾਂ ਖੇਤੀ ਕਰਨ ਦੀ ਸਾਂਝ ਤਾਂ ਹੈ ਹੀ ਸੀ ਪਰ ਉਨ੍ਹਾਂ ਭੱਈਆਂ ਦੇ ਪਰਿਵਾਰਾਂ ਪ੍ਰਤੀ ਪਰਿਵਾਰਿਕ ਹਿੱਤ ਵੀ ਸਨ। ਜਦੋਂ ਕਦੇ ਉਨ੍ਹਾਂ ਦੇ ਤਿਉਹਾਰ,  ਜਿਵੇਂ ਕਿ ਹੋਲੀ ਅਤੇ ਦੀਵਾਲੀ ਆਉਂਦੇ ਸਨ ਤਾਂ ਆਪਣੇ ਜੱਟ ਜ਼ਿੰਮੀਦਾਰ ਉਨ੍ਹਾਂ ਨੂੰ ਤਨਖਾਹ ਦੇ ਨਾਲ ਥੋੜ੍ਹੀ ਬਹੁਤ ਹੋਰ ਮਾਇਕ ਸਹਾਇਤਾ ਜਾਂ ਉਧਾਰ ਪੈਦੇ ਦੇ ਦਿੰਦੇ ਸਨ। ਜਿਉਂ ਹੀ ਫ਼ਸਲਾਂ ਦਾ ਵਿਉਪਾਰੀਕਰਨ ਹੋ ਗਿਆ ਅਤੇ ਆਪਣੇ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਜਾਣ ਲੱਗੇ ਤਾਂ ਪਿੰਡਾਂ ਵਿੱਚ ਇਨ੍ਹਾਂ ਮਜ਼ਦੂਰਾਂ ਦੀ ਘਾਟ ਮਹਿਸੂਸ ਹੋਣ ਲੱਗੀ। ਇਸ ਦਾ ਨਤੀਜਾ ਇਹ ਹੋਇਆ ਕਿ ਪਿੰਡਾਂ ਵਿੱਚ ਪੱਕੇ ਜਾਂ ਸਥਾਈ ਮਜ਼ਦੂਰਾਂ ਦੇ ਨਾਲ ਕੱਚੇ ਜਾਂ ਅਸਥਾਈ ਮਜ਼ਦੂਰਾਂ ਦੀ ਜ਼ਰੂਰਤ ਪੈਣ ਲੱਗੀ। ਜਿਵੇਂ ਕਿ ਕਣਕਾਂ ਦੀ ਚੁਕਾਈ ਅਤੇ ਝੋਨੇ ਦੀ ਬਿਜਾਈ ਵੇਲੇ।
ਐਸ ਵੇਲੇ ਪੰਜਾਬ ਦੇ ਖੇਤੀ ਉਤਪਾਦਿਕਾਂ ਅਤੇ ਸੰਨਤਕਾਰਾਂ ਲਈ ਚਿੰਤਨ ਕਰਨ ਦਾ ਵਿਸ਼ਾ ਹੈ ਕਿ ਕੀ ਪੰਜਾਬ ਵਿੱਚ ਪਹੁੰਚੇ ਲੱਖਾਂ ਪਰਵਾਸੀਆਂ ਬਿਨ੍ਹਾਂ ਪੰਜਾਬ ਦੀ ਆਰਥਿਕਤਾ ਚੱਲ ਸਕਦੀ ਹੈ? ਸੂਬੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਵੱਸ ਚੁੱਕੇ ਹਨ। ਇੱਥੇ ਬੇਰੁਜ਼ਗਾਰੀ ਪਹਿਲਾਂ ਹੀ ਸਿਖ਼ਰਾਂ ਉੱਪਰ ਹੈ। ਪੰਜਾਬੀ ਨੌਜਵਾਨ ਛੋਟੀ-ਮੋਟੀ ਨੌਕਰੀ ਵੱਲ ਮੂੰਹ ਨਹੀਂ ਕਰਦੇ। ਵਿੱਦਿਅਕ ਢਾਂਚਾ ਪਹਿਲੋਂ ਹੀ ਵਿਉਪਾਰਕ ਹੋ ਚੁੱਕਾ ਹੈ। ਵਿੱਦਿਅਕ ਅਦਾਰੇ ਉੱਚ ਚੋਟੀ ਦੇ ਅਫ਼ਸਰਾਂ ਦੀ ਪੜ੍ਹਾਈ ਕਰਾੳਣ ਦੀ ਬਜਾਏ, ਪਲੱਸ ਟੂ ਅਤੇ ਆਈਲੈਟਸ ਪੜ੍ਹਾਈ ਵਾਲੇ ਨੌਜਵਾਨ ਪੈਦਾ ਕਰ ਰਹੇ ਹਨ। ਕਿਉਂਕਿ  ਇਨ੍ਹਾਂ ਨਿੱਜੀ ਅਦਾਰਿਆਂ ਦਾ ਇਸ ਵਿੱਚ ਹੀ ਉਨ੍ਹਾਂ ਦਾ ਮਾਇਕ ਫ਼ਾਇਦਾ ਹੈ। ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਆਪਣੇ ਹੀ ਸੂਬੇ ਵਿੱਚ ਮਿਹਨਤ ਕਰਨ ਦੀ ਘਾਟ ਹੈ। ਵਿਦੇਸ਼ਾਂ ਵਿੱਚ ਜਾ ਕੇ ਉਹ ਘਟੀਆ ਤੋਂ ਘਟੀਆ ਕੰਮ ਕਰ ਲੈਂਦੇ ਹਨ ਪਰ ਆਪਣੇ ਸੂਬੇ ਵਿੱਚ ਉਹੋ ਜਿਹੇ ਕੰਮ ਕਰਨ ਤੋਂ ਉਹ ਕੰਨੀ ਕਤਰਾਉਂਦੇ ਹਨ। ਮੁਲਕ ਦੀਆਂ ਸਰਕਾਰਾਂ ਵੀ ਇਸ ਪਾਸੇ ਤਵੱਜੋ ਨਹੀਂ ਦੇ ਰਹੀਆਂ। ਕਿਉਂਕਿ ਉਨ੍ਹਾਂ ਨੂੰ  ਵਿਉਪਾਰਕ ਮੰਡੀ ਗਾਈਡ ਕਰ ਰਹੀ ਹੈ. ਅਤੇ ਮੰਡੀਆਂ ਨੂੰ ਕਾਰਪੋਰੇਟ ।
ਪਰਵਾਸ ਕੋਈ ਮਾੜੀ ਗੱਲ ਨਹੀਂ। ਇਹ ਸਦੀਆਂ ਤੋਂ ਹੁੰਦਾ ਆਇਆ ਹੈ। ਪੰਜਾਬੀ ਉਨੀਵੀਂ ਸਦੀ ਤੋਂ ਹੀ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬੀ ਅਫ਼ਰੀਕਨ ਦੇਸ਼ ਜਿਵੇਂ ਕਿ ਕੇਨੀਆ, ਯੁਗਾਂਡਾ, ਤਨਜਾਨੀਆ , ਮਲੇਸ਼ੀਆ, ਸਿੰਘਾਪੁਰ, ਆਸਟਰੇਲੀਆ, ਕੈਨੇਡਾ ਅਤੇ ਬਰਤਾਨੀਆ ਵਿੱਚ ਚਿਰਾਂ ਤੋਂ ਵੱਸ ਰਹੇ ਹਨ। ਹੁਣ ਵੀ ਕੈਨੇਡਾ ਦੇ ਦੋ ਸ਼ਹਿਰ ਟਰੰਟੋ ਅਤੇ ਸਰੀ ਪੰਜਾਬੀਆਂ ਨਾਲ ਭਰੇ ਪਏ ਹਨ। ਬਰੈਂਮਟਨ ਸ਼ਹਿਰ ਵਿੱਚ ਪਰਵਾਸੀ ਭੱਈਆਂ ਵਾਂਗ, ਪੰਜਾਬੀਆਂ ਦੇ ਅਪਰਾਧਾਂ ਦੀ ਵੀ ਕੋਈ ਹੱਦ ਨਹੀਂ। ਸ਼ਾਇਦ ਇਹ ਨਵੀਂ ਪੀੜ੍ਹੀ ਵਿੱਚ ਛੇਤੀ ਅਮੀਰ ਹੋਣ ਦੀ ਹੋੜ ਜਾਂ ਫਿਰ ਗਲੋਬਲ ਅਜ਼ਾਦੀ ਦੀ ਖੁੱਲ੍ਹ ਹੋਣ ਕਰਕੇ। ਨੌਜਵਾਨ ਪਰਵਾਸ ਦੇ ਨਾਲ ਆਪਣੀ ਅਪਰਾਧੀ ਬਿਰਤੀ ਵੀ ਨਾਲ ਲੈ ਗਏ ਹਨ।
ਪਰਵਾਸ ਨੂੰ ਬਿਲਕੁੱਲ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ। ਇਸ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਵਿੱਚ ਸੁਧਾਰ ਲਿਆਉਣ ਦੀ ਸਖ਼ਤ ਅਤੇ ਫੌਰੀ ਜ਼ਰੂਰਤ ਹੈ। ਜੇਕਰ ਅੱਜ ਭੱਈਆਂ ਦੀ ਆਮਦ 'ਤੇ ਰੋਕ ਲਾ ਦਿੰਦੇ ਹਾਂ ਤਾਂ ਹਾੜੀ ਸਾਉਣੀ ਦੀਆਂ ਫ਼ਸਲਾਂ ਦਾ ਕੀ ਬਣੇਗਾ? ਪੰਜਾਬ ਦੇ ਜ਼ਿੰਮੀਦਾਰ ਲੁਧਿਆਣੇ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਯੂ.ਪੀ., ਬਿਹਾਰ ਅਤੇ ਹੋਰ ਭਾਰਤੀ ਸੂਬਿਆਂ ਤੋਂ ਪੰਜਾਬ ਉਤਰਦੇ ਭੱਈਆਂ ਨੂੰ ਆਉਂਦਿਆਂ ਹੀ ਬੋਚਣਾ ਚਾਹੁੰਦੇ ਹਨ। ਉਨ੍ਹਾਂ ਜ਼ਿੰਮੀਦਾਰਾਂ ਨੂੰ ਪੁੱਛੋ ਜਦੋਂ ਕਰੋਨਾ ਕਾਲ ਵੇਲੇ ਪਰਵਾਸੀ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਪ੍ਰਾਂਤਾਂ ਨੂੰ ਭੱਜ ਗਏ ਸਨ ਅਤੇ ਉਨ੍ਹਾਂ ਵਲੋਂ ਮਜ਼ਦੂਰਾਂ ਦੀ ਸਖ਼ਤ ਘਾਟ ਮਹਿਸੂਸ ਹੋਈ ਸੀ। ਪੰਜਾਬ ਦੇ ਵਾਸੀਆਂ ਦੀ ਇਹੋ ਜਿਹੀ ਹਾਲਤ ਹੋਈ ਪਈ ਹੈ ਕਿ ਜੇਕਰ ਕੋਈ ਭੱਈਆ ਛੁੱਟੀਆਂ ਕੱਟਣ ਲਈ ਇੱਕ ਦੋ ਮਹੀਨਿਆਂ ਲਈ ਆਪਣੇ ਪ੍ਰਾਂਤ ਚਲਾ ਜਾਏ ਤਾਂ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿੱਚ ਮਾਲ ਡੰਗਰਾਂ ਨੂੰ ਪੱਠੇ ਪਾਉਣੇ ਔਖੇ ਹੋ ਜਾਂਦੇ ਹਨ।
ਪੰਜਾਬ ਵਿੱਚ ਪਰਵਾਸੀਆਂ ਦਾ ਪਰਵਾਸ ਨਿੱਯਮਬੱਧ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਕੋਈ ਇਹੋ ਜਿਹੀ ਪਾਲਿਸੀ ਬਣਾਵੇ ਕਿ ਹਰ ਪ੍ਰਵਾਸੀ ਦੀ ਸ਼ਨਾਖ਼ਤ ਹੋਵੇ। ਪੁਲਿਸ ਵਿੱਚ ਉਨ੍ਹਾਂ ਦੀ ਆਮਦ ਦਾ ਰਿਕਾਰਡ ਹੋਵੇ। ਅਪਰਾਧੀ ਪਰਵਾਸੀਆਂ ਨੂੰ ਪੰਜਾਬ ਵਿੱਚ ਬਿਲਕੁੱਲ ਪਰਵਾਸ ਨਾ ਮਿਲੇ। ਬਾਕੀ ਕੁੱਝ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਜ਼ਮੀਨ ਜਾਂ ਰਿਹਾਇਸ਼ੀ ਪਲਾਟ ਖ੍ਰੀਦਣ ਦੀ ਮਨਾਹੀ ਹੋਵੇ।ਪਰਵਾਸੀ ਪੰਜਾਬ ਵਿੱਚ ਮਿਹਨਤ ਮਜ਼ਦੂਰੀ ਕਰਨ ਆਉਣ ਅਤੇ ਵਾਪਸ ਪਰਤ ਜਾਣ। ਵਿਦੇਸ਼ਾਂ ਦੀ ਤਰਜ਼ 'ਤੇ, ਪੰਜਾਬ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਰਹੁ ਰੀਤਾਂ ਬਾਰੇ ਜਾਣਕਾਰੀ ਹੋਵੇ। ਪਿੰਡ ਦੇ ਸਰਪੰਚ ਕੋਲ ਅਤੇ ਘਰ ਦੇ ਮਾਲਕ ਕੋਲ ਉਸ ਭੱਈਏ ਦੀ ਪੂਰੀ ਸ਼ਨਾਖ਼ਤ ਹੋਵੇ। ਇਸ ਨਾਲ ਪਰਵਾਸੀ ਦੇ ਮਨ ਵਿੱਚ ਇਹ ਡਰ ਹੋਵੇਗਾ ਕਿ ਜੇਕਰ ਕੋਈ ਮਾੜਾ ਕਾਰਾ ਕੀਤਾ ਤਾਂ ਪਿੰਡ ਦਾ ਮੁੱਖੀ ਅਤੇ ਪੁਲਿਸ ਉਸ ਤੇ ਐਕਸ਼ਨ ਲੈ ਸਕਦੀ ਹੈ। ਅਗਰ ਕੋਈ ਪਰਵਾਸੀ ਅਪਰਾਧ ਕਰਦਾ ਹੈ ਤਾਂ ਸੂਬੇ ਦੀ ਅਦਾਲਤ ਸਖ਼ਤ ਅਤੇ ਫੌਰੀ ਕਾਰਵਾਈ ਕਰੇ ਅਤੇ ਬਣਦੀ ਸਜ਼ਾ ਦੇਵੇ।
ਪਰਵਾਸੀਆਂ ਦੇ ਉਧਾਰ ਕਾਰਡ ਉਨ੍ਹਾਂ ਦੇ ਸੂਬੇ ਵਿੱਚ ਹੀ ਬਣਨ। ਪਰਵਾਸੀ ਮਜ਼ਦੂਰਾਂ ਨੂੰ ਵੋਟ ਪਾਉਣ ਦਾ ਹੱਕ ਆਪਣੇ ਸੂਬੇ ਵਿੱਚ ਹੀ ਹੋਣਾ ਚਾਹੀਦਾ ਹੈ। ਮੌਜੂਦਾ ਵੋਟ ਸਿਸਟਮ ਨੇ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਕੁਰੱਪਟ ਕੀਤਾ ਹੋਇਆ ਹੈ। ਕੋਈ ਵੀ ਵਿਸ਼ੇਸ਼ ਰਾਜਨੀਤਿਕ ਪਾਰਟੀ ਕਿਸੇ ਫੈਕਟਰੀ ਜਾਂ ਸਥਾਨ 'ਤੇ ਪਰਵਾਸੀਆਂ ਨੂੰ ਵਸਾ ਕੇ ਆਪਣਾ ਵੋਟ ਬੈਂਕ ਪੱਕਾ ਕਰ ਲੈਂਦੀ ਹੈ। ਇਸ ਕਮਜ਼ੋਰੀ ਦਾ ਫ਼ਾਇਦਾ ਲੈਂਦਿਆਂ ਪਰਵਾਸੀ, ਹੁਕਮਰਾਨਾਂ ਨੂੰ ਆਪਣੀ ਉਂਗਲੀ 'ਤੇ ਨਚਾਉਂਦੇ ਹਨ ਅਤੇ ਜਾਇਜ ਅਤੇ ਨਜ਼ਾਇਜ ਕੰਮ ਕਰਾਉਂਦੇ ਹਨ। ਲੁਧਿਆਣੇ ਵਿੱਚ ਡਾਇੰਗ (ਰੰਗ) ਵਾਲੀਆਂ ਫੈਕਟਰੀਆਂ ਦੇ ਮਾਲਕ ਇਹ ਡਰ ਦੇ ਕੇ ਗੰਦੇ ਨਾਲੇ ਵਿੱਚ ਲੱਖਾਂ ਲੀਟਰ ਜ਼ਹਿਰ ਘੋਲ ਰਹੇ ਹਨ ਅਤੇ ਅਫ਼ਸਰਸ਼ਾਹੀ ਅੱਖਾਂ 'ਤੇ ਪੱਟੀਆਂ ਬੰਨ੍ਹੀ ਇਹ ਤਬਾਹੀ ਹੋਈ ਜਾਣ ਦੇ ਰਹੀ ਹੈ। ਮੌਜੂਦਾ ਹੜ੍ਹਾਂ ਦੀ ਤਬਾਹੀ ਵੇਲੇ ਗੰਦੇ ਨਾਲੇ ਦਾ ਪਾਣੀ ਲੁਧਿਆਣੇ ਦੇ ਪੀਣ ਵਾਲੇ ਪਾਣੀ ਵਿੱਚ ਮਿਲ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖ਼ਦਸ਼ਾ ਪੈਦਾ ਕਰ ਰਿਹਾ ਹੈ।
ਪਰਵਾਸ ਨੂੰ ਬਿਲਕੁੱਲ ਰੋਕਿਆ ਨਹੀਂ ਜਾ ਸਕਦਾ ਪਰ ਇਸ ਨੂੰ ਕੰਟਰੋਲ ਅਤੇ ਨਿਯਮਿਤ ਜ਼ਰੂਰ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਮੌਜੂਦਾ ਸਮੇਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਮੁਲਕ ਵਿੱਚ ਅਪਰਾਧ ਘਟਾਉਣ ਅਤੇ ਦੇਸ਼ ਦੀ ਆਰਥਿਕਤਾ ਬਚਾਉਣ ਲਈ ਸਖ਼ਤ ਕਦਮ ਚੁੱਕੇ ਹਨ ਅਤੇ ਉਨ੍ਹਾਂ ਦੀ ਰੀਸੇ 5 ਆਈਜ਼ ਮੁਲਕਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪਰਵਾਸ ਤੇ ਕਰੜਾਈ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਵੀ ਜ਼ਰੂਰਤ ਮੁਤਾਬਕ ਲੋੜੀਂਦੇ ਕਦਮ ਚੁੱਕੇ। ਮੌਜੂਦਾ ਅਪਰਾਧੀ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਜਦੋਂ ਅਮਰੀਕਾ ਵਰਗਾ ਦੇਸ਼ ਆਪਣੇ ਮੁਲਕ ਵਿੱਚ ਅਵਾਸ ਦੀ ਬਜਾਏ ਕੱਚੇ ਅਤੇ ਅਪਰਾਧੀ ਪਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਰਿਹਾ ਹੈ। ਐਚ ਬੀ 1 ਵੀਜ਼ਾ  ਸਖ਼ਤ ਕਰ ਦਿੱਤਾ ਹੈ ਅਤੇ ਵੀਜ਼ੇ ਦੀ ਫ਼ੀਸ ਵਧਾ ਦਿੱਤੀ ਗਈ ਹੈ।। ਭਾਰਤ ਵਰਗੇ ਦੇਸ਼ ਨੂੰ ਸਗੋਂ ਵਿਦੇਸ਼ਾਂ ਤੋਂ ਵਾਪਸ ਪਰਤੇ ਆਪਣੇ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਨੌਜਵਾਨ, ਜਿਹੜੇ ਕਿ ਆਪਣੀਆਂ ਜ਼ਮੀਨਾਂ ਅਤੇ ਹੋਰ ਪੂੰਜੀ ਵਿਦੇਸ਼ ਵਸੇਬੇ ਹਿੱਤ ਲਾ ਚੁੱਕੇ ਹਨ, ਉਨ੍ਹਾਂ ਦੇ ਲਈ ਰੁਜ਼ਗਾਰ ਅਤੇ ਵਸੇਬੇ ਦੇ ਹੋਰ ਵਸੀਲੇ ਮੁਹੱਈਆ ਕਰਨੇ ਚਾਹੀਦੇ ਹਨ।
ਪੰਜਾਬ ਵਰਗੇ ਸੂਬੇ ਵਿੱਚ ਖੇਤੀ ਨਾਲ ਸੰਬੰਧਿਤ ਉਤਪਾਦਾਂ ਦੀਆਂ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਹਨ । ਸਰਵਿਸ ਸੈਕਟਰ ਵਿੱਚ ਢੁੱਕਵੇਂ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹਨ ਜਿਵੇਂ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਸ਼ਹਿਰਾਂ ਵਿੱਚ ਪੈਦਾ ਕੀਤੇ ਗਏ ਹਨ, ਜਿਵੇਂ ਕਿ ਬੰਗਲੂਰੂ ਅਤੇ ਗੁਰੂਗਰਾਮ ਵਿੱਚ ਆਈ.ਟੀ. ਨਾਲ ਸੰਬੰਧਿਤ ਰੁਜ਼ਗਾਰ ਮੁਹੱਈਆ ਕੀਤੇ ਗਏ ਹਨ । ਇਸ ਤਰਾਂ ਕਰਨ ਨਾਲ ਸੂਬੇ ਦੇ ਨੌਜਵਾਨ ਬਿਦੇਸ਼ਾਂ ਵਲ ਝਾਕਣ ਦੀ ਬਿਜਾਏ, ਆਪਣੇ ਸੂਬੇ ਵਿੱਚ ਢੁੱਕਵੇਂ ਰੁਜ਼ਗਾਰ  ਭਾਲ਼ ਲੈਣਗੇ। ਪਾਕਿਸਤਾਨ ਨਾਲ ਪੰਜਾਬ ਦਾ ਬਾਰਡਰ ਖੋਲ੍ਹ ਕੇ ਬਾਕੀ ਮੁਲਕਾਂ ਨਾਲ ਖੇਤੀ ਉਤਪਾਦਾਂ ਦਾ ਵਿਉਪਾਰ ਵਧਾਉਣਾ ਚਾਹੀਦਾ ਹੈ । ਇਸ ਪਾਸੇ ਕੇਂਦਰੀ ਸਰਕਾਰ ਨੂੰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਛੱਡ ਕੇ ਇੱਕ ਸੁਹਿਰਦ ਮਾਂ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ।
ਪੰਜਾਬ ਵਿੱਚ ਚੰਗੇ ਅਤੇ ਉਸਾਰੂ ਪਰਵਾਸ ਨੂੰ ਬੰਦ ਕਰਨ ਦੀ ਬਜਾਏ, ਸਰਕਾਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਖ਼ਤ ਨਿਯਮ ਬਣਾਉਣੇ ਪੈਣਗੇ ਤਾਂ ਕਿ ਉਸਾਰੂ ਅਤੇ ਮਿਹਨਤੀ ਮਜ਼ਦੂਰ ਪੰਜਾਬ ਦੀ ਖੁਸ਼ਹਾਲੀ ਵਿੱਚ ਹਿੱਸਾ ਪਾ ਸਕਣ । ਅਪਰਾਧੀ ਕਿਸਮ ਦੇ ਪਰਵਾਸੀਆਂ ਨੂੰ ਪੰਜਾਬ ਵਿੱਚ ਹਰਗਿਜ਼ ਜਗ੍ਹਾ ਨਹੀਂ ਮਿਲਣੀ ਚਾਹੀਦੀ ।
ਪਰਵਾਸੀਆਂ ਪ੍ਰਤੀ ਕਾਹਲੀ ਅਤੇ ਗੁੱਸੇ ਨਾਲ ਲਿਆ ਕੋਈ ਫ਼ੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਵਿੱਚ ਨਹੀਂ ਹੋਵੇਗਾ। ਬਹਿਤਰ ਤਾਂ ਇਹ ਹੋਵੇਗਾ ਕਿ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਜ਼ਿਨ੍ਹਾਂ ਵਿੱਚੋਂ ਇਹ ਮਜ਼ਦੂਰ ਆਉਂਦੇ ਹਨ ਅਤੇ ਪੰਜਾਬ ਸਰਕਾਰ ਕੋਈ ਸਾਂਝੀ ਪਾਲਿਸੀ ਬਣਾਏ, ਜਿਸ ਪਾਲਿਸੀ ਰਾਹੀਂ ਯੋਗ ਅਤੇ ਇਮਾਨਦਾਰ ਕਾਮੇ ਹੀ ਪੰਜਾਬ ਵਿੱਚ ਪਰਵਾਸ ਕਰਨ। ਉਨ੍ਹਾਂ ਦੀ ਯੋਗਤਾ ਅਤੇ ਪਿਛੋਕੜ ਵਾਰੇ ਸੰਬੰਧਿਤ ਸੂਬੇ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰਨ। ਸਾਨੂੰ ਇਹ ਨਹੀਂ ਭੁੱਲ ਜਾਣਾ ਚਾਹੀਦਾ ਕਿ ਪੰਜਾਬ ਤੋਂ ਲੱਖਾਂ ਲੋਕ ਵਿਦੇਸ਼ਾਂ ਵਿੱਚ ਰੋਟੀ ਰੋਜ਼ੀ ਅਤੇ ਬਹਿਤਰ ਜ਼ਿੰਦਗੀਆਂ ਲਈ ਪਰਵਾਸ ਕੀਤਾ ਹੈ। ਰਾਸ਼ਟਰਪਤੀ ਟਰੰਪ ਦੀ ਕਰੜੀ ਇਮੀਗ੍ਰੇਸ਼ਨ ਪਾਲਿਸੀ ਅਤੇ ਹਾਲ ਵਿੱਚ ਹੀ ਲੰਡਨ ਵਿੱਚ ਪਰਵਾਸੀਆਂ ਪ੍ਰਤੀ ਲੱਖਾਂ ਗੋਰਿਆਂ ਦੇ ਪਰੋਟੈਸਟ ਨੇ ਸਾਨੂੰ ਸਭ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਯੂ.ਪੀ., ਬਿਹਾਰ ਅਤੇ ਹੋਰ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਅਗਰ ਪੰਜਾਬ ਛੱਡਣਾ ਪੈ ਗਿਆ ਤਾਂ ਉਹ ਆਪਣੇ ਹੀ ਮੁਲਕ ਵਿੱਚ ਕਿਸੇ ਹੋਰ ਸੂਬੇ ਵਿੱਚ ਰੁਜ਼ਗਾਰ ਭਾਲ ਲੈਣਗੇ। ਕਦੇ ਸੋਚਿਆ ਹੈ ਕਿ ਇਹੋ ਜਿਹੀ ਪਾਲਿਸੀ ਇਨ੍ਹਾਂ ਵਿਕਸਿਤ ਦੇਸ਼ਾਂ ਨੇ ਬਣਾ ਲਈ ਤਾਂ ਪੰਜਾਬ ਜਾਂ ਭਾਰਤ ਇਨ੍ਹਾਂ ਦੇਸ਼ ਪਰਤੇ ਭਾਰਤੀਆਂ ਨੂੰ ਕਿਵੇਂ ਸਾਂਭੇਗਾ?
ਪੰਜਾਬ ਦੀ ਸਰਕਾਰ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਪੰਜਾਬ ਵਾਸੀਆਂ ਨੂੰ ਅਪਰਾਧੀ ਬਿਰਤੀ ਵਾਲੇ ਕਿਸੇ ਵੀ ਪਰਵਾਸੀ 'ਤੇ ਕਰੜੀ ਨਿਗ੍ਹਾ ਰੱਖਣੀ ਚਾਹੀਦੀ ਹੈ ਅਤੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਹੈ । ਪੰਜਾਬੀਆਂ ਨੂੰ ਇਸ ਸਮੇਂ ਪਰਵਾਸੀ ਮਜ਼ਦੂਰਾਂ ਦੀ ਲੋੜ ਹੈ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਲਈ ਪੰਜਾਬ ਦੀ । ਇਸ ਦਾ ਹੱਲ ਇਸੇ ਵਿੱਚ ਹੈ ਕਿ ਬਿਵੇਕ ਬੁੱਧੀ ਤੋਂ ਕੰਮ ਲਿਆ ਜਾਵੇ। ਕਾਹਲੀ ਅੱਗੇ ਹਮੇਸ਼ਾ ਟੋਏ ਹੀ ਹੁੰਦੇ ਹਨ ।