ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਧਾਰਮਕ ਕੰਮਾਂ ਤੋਂ ਸਿਆਸਤਦਾਨਾਂ ਨੂੰ ਦੂਰ ਰੱਖੋ- ਨਿਤਿਨ ਗਡਕਰੀ

ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ।

ਟਰੰਪ ਦਾ ਜਾਪਾਨ ਉੱਪਰ ਅਮਰੀਕੀ ਚੌਲ ਖ਼ਰੀਦਣ ਲਈ ਦਬਾਅ- ਇਕ ਖ਼ਬਰ

ਜੋਰੀ ਮੰਗੇ ਦਾਨ ਵੇ ਲਾਲੋ।

ਕਾਂਗਰਸ ਬੱਚਿਆਂ ਦੀਆਂ ਟਾਫ਼ੀਆਂ ਉੱਤੇ ਵੀ ਟੈਕਸ ਲਗਾਉਂਦੀ ਸੀ- ਮੋਦੀ

ਤੇ ਤੁਸੀਂ ਜੀ.ਐੱਸ.ਟੀ. ਰਾਹੀਂ ਗ਼ਰੀਬਾਂ ਦਾ ਜੋ ਲਹੂ ਪੀਤਾ, ਉਸ ਦਾ ਹਿਸਾਬ ਕੌਣ ਦੇਵੇਗਾ?

37 ਸਾਲਾਂ ‘ਚ 22 ਕਿੱਲੋਮੀਟਰ ਧੁੱਸੀ ਬੰਨ੍ਹ ਵੀ ਨਹੀਂ ਬਣਾ ਸਕੀਆਂ ਸਮੇਂ ਦੀਆਂ ਸਰਕਾਰਾਂ- ਕੁੱਲ ਹਿੰਦ ਕਿਸਾਨ ਸਭਾ

ਕਾਗਜ਼ਾਂ ਵਿਚ ਤਾਂ ਕਈ ਵਾਰੀ ਬਣ ਗਿਆ ਹੋਣਾ ਬਈ!

ਭਾਰਤ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਉੱਤੇ ਗੱਲਬਾਤ ਕਰ ਰਿਹਾ ਹੈ- ਪਿਊਸ਼ ਗੋਇਲ

ਉਹ ਕਹੇ ਘੱਟ ਨਾ ਤੋਲੀਂ, ਉਹ ਕਹੇ ਥੜ੍ਹੇ ‘ਤੇ ਨਾ ਚੜ੍ਹੀਂ।

ਭਾਰਤ ਤੇ ਚੀਨ ਨੂੰ ਧਮਕਾਉਣਾ ਬੰਦ ਕਰੇ ਟਰੰਪ- ਇਕ ਖ਼ਬਰ

ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।

ਗਾਜ਼ਾ ਉੱਤੇ ਕਬਜ਼ਾ ਕਰ ਕੇ ਇਮਾਰਤਾਂ ਵੇਚਣਗੇ ਟਰੰਪ- ਇਕ ਖ਼ਬਰ

ਉੱਜੜੇ ਬਾਗ਼ਾਂ ਦੇ ਗਾਲੜ੍ਹ ਪਟਵਾਰੀ।

ਨਰਮ ਪਏ ਟਰੰਪ ਦੇ ਤੇਵਰ, ਮੋਦੀ ਮੇਰੇ ਹਮੇਸ਼ਾ ਦੋਸਤ ਰਹਿਣਗੇ- ਇਕ ਖ਼ਬਰ

ਅਜੇ ਮਿਹਰ ਮੁਹੱਬਤਾਂ ਲੋੜਨਾ ਏਂ, ਮੇਰੇ ਮਾਰ ਕੇ ਜਿਗਰ ਕਟਾਰ ਵੈਰੀ।

ਅਸੀਂ ਭਾਰਤ ਅਤੇ ਰੂਸ ਨੂੰ ਚੀਨ ਦੇ ਹੱਥੋਂ ਗੁਆ ਦਿਤੈ- ਟਰੰਪ

ਜੂੜੇ ਖੋਲ੍ਹ ਹੁਣ ਰੋਂਦੀਆਂ, ਸੂਹੇ ਚੂੜੇ ਵਾਲ਼ੀਆਂ।

ਹੜ੍ਹ ਪੀੜਤਾਂ ਦੇ ਦੁੱਖ ਦੇਖ ਕੇ ਵੀ ਮੋਦੀ ਸਰਕਾਰ ਚੁੱਪ- ਸਾਬਕਾ ਕੈਬਨਿਟ ਮੰਤਰੀ ਧਾਲੀਵਾਲ

ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।

‘ਵੋਟ ਚੋਰੀ’ ਉੱਤੇ ਖ਼ੁਲਾਸਿਆਂ ਦਾ ‘ਹਾਈਡ੍ਰੋਜਨ ਬੰਬ’ ਤਿਆਰ- ਰਾਹੁਲ ਗਾਂਧੀ

ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਿੰਮੀਂ ਆਸਮਾਨ ਹੋਇਆ।

ਹੜ੍ਹਾਂ ਬਾਰੇ ਆਪਣੀ ਅਸਫ਼ਲਤਾ ਲੁਕਾਉਣ ਲਈ ਮਾਨ ਸਰਕਾਰ ਅਧਿਕਾਰੀਆਂ ਸਿਰ ਭਾਂਡਾ ਭੰਨਣ ਲੱਗੀ- ਇਕ ਖ਼ਬਰ

ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।

ਦੇਸ਼ ਦੇ ਲੱਗਭਗ 47% ਮੰਤਰੀਆਂ ਉੱਪਰ ਅਪਰਾਧਕ ਮਾਮਲੇ ਦਰਜ- ਇਕ ਖ਼ਬਰ

ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।

ਟਰੰਪ ਨੂੰ ਝਟਕਾ, ਜੱਜ ਨੇ ਹਾਰਵਰਡ ਯੂਨੀਵਰਸਿਟੀ ਦੇ ਫੰਡਾਂ ਦੀ ਕਟੌਤੀ ਦਾ ਫ਼ੈਸਲਾ ਉਲਟਾਇਆ- ਇਕ ਖ਼ਬਰ

ਜ਼ਰਾ ਸਮਝ ਨਾ ਆਉਂਦੀ ਮੂਲ਼ ਤੈਨੂੰ, ਸਿਰ ਕੂੜ ਦੀ ਪੰਡ ਉਠਾਵਨਾ ਏਂ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਸੇਵਾ-ਭਾਵਨਾ ਦੀਆਂ ਘਰ-ਘਰ ਚੱਲੀਆਂ ਗੱਲਾਂ- ਇਕ ਖ਼ਬਰ

ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ।

----------------------------------------------------------------------------------------------