ਚੁੰਝਾਂ-ਪ੍ਹੌਂਚੇ -(ਨਿਰਮਲ ਸਿੰਘ ਕੰਧਾਲਵੀ)

ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖ ਪਰਵਾਰਾਂ ਨੂੰ ਸੀ.ਐਮ.ਸੈਣੀ ਵਲੋਂ ਨੌਕਰੀਆਂ ਦੇਣ ਦੀ ਸ਼ਲਾਘਾ-ਪਰਮਜੀਤ ਸਿੰਘ ਮਾਖਾ

ਬਿਨਾਂ ਪਾਣੀ ਤੋਂ ਹੀ ਮੌਜੇ ਨਾ ਉਤਾਰੀ ਜਾਉ, ਪਹਿਲਾਂ ਨੌਕਰੀਆਂ ਮਿਲ ਤਾਂ ਲੈਣ ਦਿਉ। ਫੇਰ ਕਰਿਉ ਸ਼ਲਾਘਾ।

ਡੱਲੇਵਾਲ ਤੋਂ ਵੱਖ ਹੋਏ ਪ੍ਰਮੁੱਖ ਕਿਸਾਨ ਆਗੂਆਂ ਨੇ ਇਕ ਹੋਰ ਮੋਰਚਾ ਬਣਾ ਕੇ ਸਰਗਰਮੀ ਕੀਤੀ ਸ਼ੁਰੂ- ਇਕ ਖ਼ਬਰ

ਬਾਰਾ ਭੱਈਏ, ਅਠਾਰਾਂ ਚੁੱਲ੍ਹੇ।

ਮੇਰੇ ਕੋਲ ਅਜਿਹੇ ਕਾਰਡ ਹਨ ਜੇ ਖੋਲ੍ਹ ਦਿਤੇ ਤਾਂ ਚੀਨ ਬਰਬਾਦ ਹੋ ਜਾਵੇਗਾ- ਟਰੰਪ

ਟਰੰਪ ਕਾਰਡ।

ਅਮਰੀਕੀ ਅਦਾਲਤ ਨੇ ਟੈਰਿਫ਼ ਨੂੰ ਗ਼ੈਰਕਾਨੂੰਨੀ ਦੱਸਿਆ- ਇਕ ਖ਼ਬਰ

ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।

ਬਿਹਾਰ ‘ਚ ਇੰਡੀਆ ਗੱਠਜੋੜ ਇਕਜੁਟ- ਰਾਹੁਲ ਗਾਂਧੀ

ਮੇਰੀ ਕੱਤਣੀ ਨਸੀਬਾਂ ਵਾਲ਼ੀ, ਭਰੀ ਰਹੇ ਲੱਡੂਆਂ ਦੀ।

ਐਸ.ਬੀ.ਆਈ ਮਗਰੋਂ ਬੈਂਕ ਆਫ਼ ਇੰਡੀਆ ਨੇ ਵੀ ਆਰਕਾਨ ਅਤੇ ਅਨਿਲ ਅੰਬਾਨੀ ਨੂੰ ਧੋਖੇਬਾਜ਼ ਕਰਾਰ ਦਿਤਾ-ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਸ਼ਿਵਰਾਜ ਸਿੰਘ ਚੌਹਾਨ ਨੇ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਲੈਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਮੇਰਾ ਨਰਮ ਕਾਲਜਾ ਮੱਚਦਾ, ਲੱਡੂ ਨਹੀਂ ਖਾਣੇ ਤੇਰੇ ਤੇਲ ਦੇ।

ਟਰੰਪ ਨੇ ਨਿੱਜੀ ਰੰਜਿਸ਼ ਕਾਰਨ ਭਾਰਤ ‘ਤੇ ਲਾਇਆ ਟੈਰਿਫ਼- ਅਮਰੀਕੀ ਨਿਵੇਸ਼ ਕੰਪਨੀ

ਬਾਂਹ ਮਾਰ ਕੇ ਘੋਟਣਾ ਭੰਨ ‘ਤੀ, ਜੇਠ ਦੀ ਮੈਂ ਗੱਲ ਨਾ ਮੰਨੀ।

ਕਿਸਾਨਾਂ ਨੇ ਜੰਤਰ ਮੰਤਰ ‘ਤੇ ਮਹਾਂਪੰਚਾਇਤ ਕਰ ਕੇ ਮੋਦੀ ਸਰਕਾਰ ਨੂੰ ਵੰਗਾਰਿਆ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਹਰਿਆਣਾ ਨੇ ਪਾਣੀ ਦਾ ਕੋਟਾ ਹੋਰ ਘਟਾਉਣ ਲਈ ਪੰਜਾਬ ਨੂੰ ਕਿਹਾ- ਇਕ ਖ਼ਬਰ

ਕਿਉਂ ਹੁਣ ਪਾਣੀ ਬੁਰਾ ਲਗਦਾ? ਜੀ ਪਉ ਚਿੜੀਓ ਮਰ ਜਾਓ ਚਿੜੀਓ!

ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਫੰਡ ਜਲਦੀ ਜਾਰੀ ਕਰੇ- ਗਿ. ਹਰਪ੍ਰੀਤ ਸਿੰਘ

ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ।

ਬਿਹਾਰ ਤੋਂ ਸ਼ੁਰੂ ਹੋਈ ‘ਵੋਟਰ ਅਧਿਕਾਰ ਯਾਤਰਾ’ ਸਾਰੇ ਦੇਸ਼ ਵਿਚ ਫ਼ੈਲੇਗੀ- ਰਾਹੁਲ ਗਾਂਧੀ

ਨੱਚ ਲੈ ਸ਼ਾਮ ਕੁਰੇ, ਹੁਣ ਭੌਰ ਬੋਲੀਆਂ ਪਾਵੇ।

ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕੀਤੀ- ਇਕ ਖ਼ਬਰ

ਲੈ ਗਈ ਕੁੰਜੀਆਂ ਚੁਬਾਰਿਆਂ ਵਾਲ਼ੀ, ਖੈਰ ਕਿੱਥੋਂ ਪਾਵਾਂ ਜੋਗੀਆ।

ਸੰਵਿਧਾਨ ਦੀ ਰਾਖੀ ਲਈ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨ- ਰਾਹੁਲ ਗਾਂਧੀ

ਲੋਕੋ ਜਾਗਦੇ ਰਹਿਣਾ, ਟੋਲੀ ਲੋਟੂਆਂ ਦੀ ਆਈ।

ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਇਰ ਨਹੀਂ ਕਰ ਸਕਦੇ ਸੂਬੇ- ਕੇਂਦਰ ਸਰਕਾਰ

ਮੇਰੀ ਗੁੱਤ ਦੇ ਵਿਚਾਲੇ ਠਾਣਾ, ਕੈਦ ਕਰਾ ਦਊਂਗੀ।

====================================================================