
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26.08.2025
ਪੂਰੀ ਆਜ਼ਾਦੀ ਚਾਹੀਦੀ ਹੈ ਤਾਂ ਵਿਆਹ ਹੀ ਨਾ ਕਰਵਾਉ- ਸੁਪਰੀਮ ਕੋਰਟ
ਨਾ ਚੋਰ ਲੱਗੇ, ਨਾ ਕੁੱਤਾ ਭੌਂਕੇ।
ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਲਾਕਾਰ ਨੂੰ ਪ੍ਰੋਗਰਾਮ ਲਈ ਸੱਦਾ ਦਿਤਾ ਗਿਆ- ਗਾਇਕ ਜਸਬੀਰ ਜੱਸੀ
ਦਾਰੂ-ਬੱਤਾ ਜਿੰਨਾ ਵੱਧ ਵਿਕੇਗਾ ਉਨੀ ਸਰਕਾਰ ਨੂੰ ਵੱਧ ਆਮਦਨ ਹੋਵੇਗੀ, ਬਾਈ ਜਸਬੀਰ ਸਿਆਂ!
ਵਿਰੋਧੀ ਧਿਰ ਨੇ ਮੁੜ ਸੰਸਦ ਕੰਪਲੈਕਸ ਵਿਚ ਐਸ.ਆਈ.ਆਰ. ਵਿਰੁੱਧ ਕੀਤਾ ਰੋਸ ਪ੍ਰਦਰਸ਼ਨ- ਇਕ ਖ਼ਬਰ
ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਭਾਵੇਂ ਕਰੇ ਨਿੰਦਿਆ।
ਭਾਰਤ-ਚੀਨ ਰਿਸ਼ਤੇ ਪਹਿਲਾਂ ਨਾਲੋਂ ਹੋਏ ਬਿਹਤਰ- ਡੋਭਾਲ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।
ਐਸ.ਆਈ. ਆਰ. ਵੋਟ ਚੋਰੀ ਦਾ ਨਵਾਂ ਹਥਿਆਰ- ਰਾਹੁਲ ਗਾਂਧੀ
ਠੱਗ ਆਉਂਦੇ ਲੋਕਾਂ ਨੂੰ ਠੱਗਦੇ, ਨਵੇਂ ਨਵੇਂ ਰੂਪ ਧਾਰ ਕੇ।
ਗਿਆਨੀ ਹਰਪ੍ਰੀਤ ਸਿੰਘ ਦੀ ਜਗ੍ਹਾ ਜੇ ਮੈਂ ਹੁੰਦਾ ਤਾਂ ਕਦੇ ਪ੍ਰਧਾਨ ਨਾ ਬਣਦਾ- ਗਿਆਨੀ ਰਘਬੀਰ ਸਿੰਘ
ਜੇ ਕਣੀ ਹੁੰਦੀ ਤੇਰੇ ਵਿਚ ਤਾਂ ਹੀ ਪ੍ਰਧਾਨ ਬਣਦਾ।
ਸੰਸਦ ਦੇ ਮਾਨਸੂਨ ਸੈਸ਼ਨ ਵਿਚ ਆਮ ਲੋਕਾਂ ਦੇ ਸਵਾਲ ਰੁਲ਼ ਗਏ- ਇਕ ਖ਼ਬਰ
ਕੀ ਬਣਦਾ ਛੱਪੜੀਏ ਤੇਰਾ, ਸੰਨ੍ਹ ਦਰਿਆਵਾਂ ਦੇ।
ਸ੍ਰੀ ਸਾਹਿਬ ਦੀ ਘਟਨਾ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਮਿਲਿਆ ਸਨਮਾਨ ਵਾਪਸ ਕੀਤਾ ਸਰਪੰਚ ਨੇ-ਇਕ ਖ਼ਬਰ
ਛੱਡ ਦੇ ਲੜ ਪ੍ਰਦੇਸਣ ਦਾ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ।
ਸਿਰਸਾ (ਹਰਿਆਣਾ) ਵਿਚ ਬਿਨਾਂ ਪ੍ਰੀਖਿਆ ਦਿੱਤਿਆਂ ਲੋਕਾਂ ਨੇ ਤੀਹ ਹਜ਼ਾਰ ਰੁਪਏ ਵਿਚ ਖ਼ਰੀਦੀਆਂ ਜਾਅਲੀ ਡਿਗਰੀਆਂ- ਇਕ ਖ਼ਬਰ
ਖੂਹ ਟੋਭੇ ਤੇਰੀ ਹੁੰਦੀ ਚਰਚਾ, ਚਰਚਾ ਨਾ ਕਰਵਾਈਏ।
ਮੰਤਰੀ ਮੰਡਲ ਨੇ ਜੀ.ਐਸ.ਟੀ. ਵਿਚ ਬਦਲਾਅ ਕਰਨ ਦੀ ਦਿਤੀ ਮੰਨਜ਼ੂਰੀ- ਇਕ ਖ਼ਬਰ
ਲੰਡੇ ਊਠ ਨੂੰ ਸ਼ਰਾਬ ਪਿਲਾਵੇ, ਭੈਣ ਬਖਤੌਰੇ ਦੀ।
ਭਾਰਤ-ਪਾਕਿ ਮੁੱਦੇ ‘ਤੇ ਕਿਸੇ ਦੀ ਵਿਚੋਲਗੀ ਮੰਨਜ਼ੂਰ ਨਹੀਂ- ਜੈਸ਼ੰਕਰ
ਘੜਾ ਚੁੱਕ ਲਉਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।
ਚੋਣ ਕਮਿਸ਼ਨ ਅਤੇ ਭਾਜਪਾ ਵਿਚਕਾਰ ਭਾਈਵਾਲੀ ਚਲ ਰਹੀ ਹੈ-ਰਾਹੁਲ ਗਾਂਧੀ
ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।
ਪੰਜਾਬ ‘ਚ ਆਰ.ਐਸ.ਐਸ. ਨੂੰ ਅਕਾਲੀ ਦਲ ਨੇ ਦਿਤੀ ਪੰਜਾਬ ਵਿਚ ਥਾਂ- ਸਿੱਖ ਵਿਦਵਾਨ ਖੁਸ਼ਹਾਲ ਸਿੰਘ
ਮੇਰੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਪੰਥ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਹਰ ਕੋਸ਼ਿਸ਼ ਜਾਰੀ ਰਹੇਗੀ- ਗਿਆਨੀ ਹਰਪ੍ਰੀਤ ਸਿੰਘ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਮੁੱਖ ਚੋਣ ਕਮਿਸ਼ਨਰ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਲਿਆਉਣ ਲਈ ਵਿਰੋਧੀ ਧਿਰਾਂ ਵਿਚਾਰ ਕਰ ਰਹੀਆਂ ਹਨ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪਕੇ।
==========================================================================