" ਤੁਰ ਗਿਉਂ ਜੋਬਨ ਰੁੱਤੇ   " - ਰਣਜੀਤ ਕੌਰ ਗੁੱਡੀ ਤਰਨ ਤਾਰਨ

- ਤੁਰ ਗਿਉਂ ਤੂੰ ਭਰ ਜੋਬਨ ਦੀ ਰੁੱਤੇ
ਅਣਦੱਸੇ ਅਣਦਿਖਦੇ ਰਾਹਵਾਂ ਤੇ"॥
ਪੀੜ ਤੇਰੇ ਜਾਣ ਦੀ ਕਿਦਾਂ ਜਰਾਂਗੇ ਅਸੀਂ
ਤੇਰੇ ਬਗੈਰ ਜਹਾਨ ਤੇ ਕਿਦਾਂ ਰਹਾਂਗੇ ਅਸੀਂ॥
ਕੀ ਕਰਾਂਗੇ ਪਿਆਰ ਦੀ ਲੁੱਟੀ ਬਹਾਰ ਦਾ
ਵਿਗੜੇ ਨਸੀਬਾਂ ਦਾ ਮਾਤਮ ਕਰਾਂਗੇ ਅਸ਼ੀਂ॥
'ਪਲਕਾਂ ਤੇ ਪਰਦੇ ਪਾ ਕੇ ਸਾਡੀਆਂ ਬੁਲ੍ਹੀਆਂ ਤੇ ਤਾਲੇ ਲਾ ਕੇ ਤਲੀਆਂ ਹੇਠੌਂ ਮਿੱਟੀ ਖਿਸਕਾ ਕੇ ਤੁਰ ਗਿਉਂ ਬਾਹਰੋਂ ਕੁੰਡੀ ਲਾ ਕੇ।ਕੰਧਾਂ ਨਾਲ ਟੱਕਰਾਂ ਮਾਰਦੇ ਚੀਖਦੇ ਚਿਲਾਉਂਦੇ ਕੁਰਲਾਉਂਦੇ ਬੂਹਾ ਖੜਕਾਉਂਦੇ ਰਹੇ ,ਸਾਊ ਤੂੰ ਕਿਉਂ ਰੁਸ ਗਿਉਂ ਤੂੰ ਤੇ ਬੜਾ ਰਹਿਮ ਦਿਲ ਸੈਂ ਫਿਰ ਤੈਨੂੰ ਸਾਡਾ ਕੁਰਲਾਉਣਾ ਕਿਉਂ ਨਾਂ ਸੁਣਿਆ ਕਿਹੜੀ ਹੈ ਨਗਰੀਆ ,ਕੋਈ ਨਾਂ ਖਤ ਨਾਂ ਖਬਰੀਆ ਜਿਥੇ ਤੂੰ ਜੋਬਨ ਰੁੱਤੇ ਚਲਾ ਗਿਉਂ।
ਹਾੜਾ ਇਕ ਵਾਰ ਬਸ ਇਕ ਵਾਰ ਪਿਛੇ ਝਾਤੀ ਮਾਰ,ਮੁੜ ਕੇ ਵੇਖ ਜਿਉਂਦੀਆਂ ਲਾਸ਼ਾਂ ਨੂੰ।ਹੰਝੂ ਪੀਨੇ ਆਂ,ਹੰਝੂ ਖਾਨੇ ਆਂ,ਹੰਝ ਦੀ ਜੂਨ ਜੀਨੇ ਆਂ।ਕਾਹਦੇ ਜੀਨੇ,ਕਾਹਦੇ ਜਿਉਣੇ ਆਂ ਵੇਖ ਆ ਕੇ, ਤੁਰ ਗਿਉਂ ਝਕਾਨੀ ਦੇ ਕੇ ਕੰਨੀ ਖਿਸਕਾ ਕੇ,ਸਾਨੂੰ ਛੱਡ ਗਿਉਂ ਕੁੰਭੀ ਨਰਕੇ।
ਤੇਰਾ ਜਾਨਾ ਦਿਲ ਕੇ ਅਰਮਾਨੋਂ ਕਾ ਲੁਟ ਜਾਨਾ-
ਕੋਈ ਦੇਖੇ ਬਨ ਕੇ ਤਕਦੀਰੋਂ ਕਾ ਮਿਟ ਜਾਨਾ॥
ਸਕੀਆਂ ਮਾਵਾਂ ਦੀ ਝੋਲ ਸੱਖਣੀ ਕਰ ਮਤਰੇਈ ਮਾਂ ਕੋਲ ਜਾ ਡੇਰਾ ਲਾਇਆ ਈ। ਦਸ ਤਾਂ ਭਲਾ ਜਿਥੇ ਜਾ ਕੇ ਬਹਿ ਗਿਉਂ ਉਥੇ ਤੇਰਾ ਕੀਹ ਵੇ ।ਦਮ ਘਟੇ ਸਾਹ ਸੂਤੇ ਨਾਂ ਲਗੇ ਸਾਡਾ ਜੀਅ ਵੇ ।ਤੂੰ ਤੇ ਆਗਿਆਕਾਰ ਸਾਊ ਪੁਤ ਸੈਂ ਤੂੰ ਕਦੇ ਆਖਾ ਨਾਂ ਮੋੜਿਆ ਅੱਜ ਕਿਉੰ ਮੁੱਖ ਹੀ ਮੋੜ ਗਿਉਂ,ਕਿਤੋਂ ਸੁਣ ਅਵਾਜ਼ ਕਿਤੋਂ ਦੇ ਹੁੰਗਾਰਾ ਮੁੜ ਆ ਇਕ ਵਾਰ।
" ਚਿੱਠੀ ਨਾਂ ਕੋਈ ਸੰਦੇਸ਼ ਸਾਡੇ ਦਿਲ ਨੂੰ ਲਾ ਕੇ ਠੇਸ ਕੌਣ ਹੈ ਉਹ ਦੇਸ਼ ਕਿਥੈ ਤੂੰ ਚਲਾ ਗਿਐਂ?।ਨਾਂ ਖਤ ਪਤਾ ਨਾਂ ਖਬਰੀਆ ਖ਼ਵਰੇ ਕਿਹੜੀ ਨਗਰੀਆ ਜਿਥੇ ਜਾ ਕੇ ਬਹਿ ਗਿਉਂ ਵੇ।ਤਰਲੇ ਕੀਤੇ ਵਾਸਤੇ ਪਾਏ ਹਓਕੇ ਲਏ ਹਾਵਾਂ ਭਰੀਆਂ ਬੇਨਤੀਆਂ ਕੀਤੀਆਂ ਆਹਾਂ ਕੂਕੀਆਂ ਜਾਲਮ ਯਮਾਂ ਨੇ ਭੋਰਾ ਤਰਸ ਨਾਂ ਖਾਧਾ।ਹੱਥਾਂ ਚੋਂ ਖੋਹ ਕੇ ਲੈ ਗਏ।ਸਾਡੀ ਰੂਹ ਧੁਹ ਕੇ ਲੈ ਗਏ।
" ਜਮੀਂ ਖਾ ਗਈ ਕੈਸੇ ਕੈਸੇ ਆਸਮਾਂ "
ਤੇਰੀ ਮੇਜ ਤੇ ਪਈਆਂ ਸਕੀਮਾਂ ਤੇਰਾ ਰਾਹ ਵੇਖਦੀਆਂ ,ਤੇਰੀ ਕੁਰਸੀ ਬਾਹਵਾਂ ਅੱਡੀ ਤੇਰੀ ਛੁੂਹ ਨੂੰ ਤਰਸ ਗਈ।ਤੂੰ ਸਭ ਦੀ ਝੋਲੀ ਸੱਖਣੀ ਕਰ ਅਛੋਪਲੇ ਕੰਨੀ ਖਿਸਕਾ ਗਿਉਂ।ਨਾਂ ਨੀਰ ਮੁਕਦਾ ਏ ਨਾਂ ਅੱਖ ਸੁਕਦੀ ਏ।ਕਿਤੌਂ ਘਲ ਕੋਈ ਸਿਰਨਾਵਾਂ ,ਕਿਥੇ ਫੋਨ ਕਰਾਂ ਮੈਂ ਚਿਠੀਆਂ ਕਿਧਰ ਨੂੰ ਪਾਵਾਂ?।ਸਾਡੀ ਦੁਨੀਆ ਤੇਰੇ ਨਾਲ ਅੇੈ ਬੱੱਿਚਆ,ਨਹੀਓਂ ਜੀਅ ਲਗਦਾ ਕਲਿਆਂ ,ਬੁਲਾ ਲੈ ਆਪਣੇ ਕੋਲ ................ ਡਾਢਾ ਜੁਲਮ ਕੀਤੈ ਉਪਰ ਵਾਲੇ ਨੇ-"ਬਨਾ ਕੇ ਕਿਉਂ ਬਿਗਾੜਾ ਰੇ ਨਸੀਬਾ ਉਪਰ ਵਾਲੇ...........ਰੱਤੀਆਂ ਅੱਖੀਆਂ ਤਾਂ ਤੈਨੂੰ ਅਲਵਿਦਾ ਕਹਿਣ ਤੋਂ ਮੁਨਕਰ ਨੇ ,ਨਹੀਂ ਯਕੀਨ.......
ਦਸ ਕਿਵੇਂ ਮਨਾਈਏ ਇਸ ਦਿਲ ਨੁੰ ਕਿ ਤੂੰ ਨਹੀਂ ਆਉਣਾ ਹੁਣ ।ਤੂੰ ਨਹੀਂ ਐੈਂ ਤੂੰ ਨਹੀਂ ਐਂ ਤੂੰ ਕਿਤੇ ਵੀ ਨਹੀਂ ਐਂ।ਹਵਾ ਵੀ ਕੰਨਾਂ ਚ ਸਰ ਸਰ ਕਰੇ ਤੇ ਬੂਹੇ ਤੇ ਤੇਰਾ ਭੁਲੇਖਾ ਪੈਂਦੇ।
" ਦਿਨ ਚੜੈ ਇਕ ਫੁੱਲ ਖਿੜਦਾ ਤੇਰੇ ਮੁੱਖ ਵਰਗਾ ,ਦਿਨ ਢਲੇ ਤਾਰਾ ਬਣ ਜਾਂਦਾ।
ਨਾਂ ਨੀਰ ਮੁਕਦਾ ਏ ਨਾਂ ਅੱਖ ਹੁੰਦੀ ਏ ਪੱਥਰ
ਚੁਣ ਚੁਣ ਪਾਵਾਂ ਸੀਨੇ ਦੇ ਵਿੱਚ ਇਕ ਇਕ ਅੱਥਰ"॥
" ਦੁਨੀਆ ਸੇ ਜਾਨੇ ਵਾਲੇ ਜਾਨੇ ਚਲੇ ਜਾਤੇ ਹੈਂ ਕਹਾਂ?"
ਕਹਾਂ ਢੂੰਢੇ ਉਨਹੇਂ,ਨਹੀਂ ਕਹੀਂ ਕੋਈ ਕਦਮੋਂ ਕੇ ਨਿਸ਼ਾਂ॥
ਜਾਨੇ ਕੌਨ ਹੈ ਵੋ ਨਗਰੀਆ,ਆਏ ਜਾਏ ਨਾਂ ਖਤ ਨਾਂ ਖਬਰੀਆ॥
ਹਾਏ ਓ ਡਾਢਿਆ ਰੱਬਾ.......
" ਵਕਤ ਜੋ ਕਦੇ ਕਿਸੇ ਨਾਲ ਨਾਂ ਖਲੋਇਆ
ਅੱਜ ਮੇਰੇ ਕੋਲ ਬਹਿ ਕੇ ਜ਼ਾਰ ਜ਼ਾਰ ਰੋਇਆ"
ਆਖੇ ਮਾੜਾ ਕੀਤਾ ਹੋਣੀ ਚੰਦਰੀ ਨੇ
ਭਰ ਜੋਬਨ ਵਿੱਚ ਸਾਥੌ ਸਾਡਾ ਦਿਲਰਾਜ ਖੋਹਿਆ
ਰਾਤਾਂ ਹੋਈਆਂ ਮੱਸਿਆ ਕਾਲੀਆਂ
ਸਰਘੀ ਵੇਲੇ ਢਲਿਆ ਪਰਛਾਂਵਾ
ਸਿਖਰ ਦੁਪਹਿਰੇ ਸਾਡਾ ਸੂਰਜ ਜ਼ਰਦ ਹੋਇਆ॥
ਇਕ ਪੁੱਤ ਇਕ ਪਤੀ ਇਕ ਵੀਰ ਇਕ ਦਾਮਾਦ
ਇਕ ਹਾਣੀ ਇਕ ਇਸ਼ਕ ਹੋਰ ਫਨਾਹ ਹੋਇਆ॥
.,...,,..,.,.,..,.,,,,,,,,,,.,.,
ਰੱਬ ਨੂੰ ਮਿਹਣਾ-ਸਿਆਣੇ ਕਹਿੰਦੇ ਨੇ 'ਰੱਖੇ ਰੱਬ ਤੇ ਮਾਰੇ ਕੌਣ'-ਜਦ ਰੱਬ ਹੀ ਮਾਰੇ ਤੇ ਦੱਸ ਫੇਰ ਤੈਨੂੰ ਕੀ ਕਹੀਏ,ਤੇਰਾ ਜੋਰ ਮਾੜੇ ਤੇ ਸ਼ਰੀਫ਼ ਤੇ ਚਲਦੈ।ਵਿਖਾ ਖਾਂ ਆਪਣੀ ਸ਼ਕਤੀ ਕਿਸੇ ਡਾਢੇ ਤੇ ਮੰਨੀਏ ਤੇਰੈ ਜੋਰ ਨੂੰ ਤੇਰੀ ਤਾਕਤ ਨੂੰ,ਜਿਹੜਾ ਤੈਨੂੰ ਮੰਨਦੈ ਤੈਨੂੰ ਪੂਜਦੈ ਤੂੰ ਉਸੇ ਨੂੰ ਦੁੱਖ ਦਿੰਨੈ,ਭ੍ਰਿਸ਼ਟਾਚਾਰ ਦੇ ਯੁੱਗ ਵਿੱਚ ਤੂੰ ਵੀ ਰਿਸ਼ਵਤਖੌਰ ਹੋ ਗਿਐਂ ਲਗਦਾ ਤੂੰ ਵੀ ਲਿਫਾਫਿਆਂ ਤੋਂ ਅਰਦਾਸਾਂ ਸੁਣਦੈ ਤੇ ਕਬੂਲ ਕਰਦੈਂ।ਕੀ ਮੰਗਿਆ ਸੀ ਤੇਰੇ ਕੋਲੋਂ -ਇਕ ਜਵਾਨ ਜਿੰਦੜੀ ਲਈ ਕੁਝ ਕੁ ਸਾਹ ਹੋਰ ,ਆਪੇ ਦਾਤ ਦੇ ਕੇ ਆਪੇ ਵਾਪਸ ਲੈ ਗਿਉਂ ਕਾਹਦਾ ਦਾਤਾ ਦਾਤਾਰ ੲੈਂ ਤੂੰ ਤੇ ਕਾਹਦਾ ਇਨਸਾਫ਼ ਏ ਤੇਰਾ। ਤੇਰੇ ਲੋਕ ਸਾਨੂੰ ਕਹਿੰਦੇ ਨੇ 'ਤੇਰਾ ਭਾਣਾ ਮੰਨੋ ਸਬਰ ਕਰੋ'ਕਿਤੇ ਤੂੰ ਵੀ ਸਾਡੀ ਮੰਨ ਲੈਂਦਾ ਤੇਰਾ ਕਿਹੜਾ ਮੁੱਲ ਲਗਦਾ ਸੀ,ਹਾਏ ਓ ਡਾਢਿਆ ਰੱਬਾ ਦੱਸ ਤੇਰਾ ਕੀ ਮੁੱਲ ਲਗਣਾ ਸੀ।
ਰਣਜੀਤ ਕੌਰ ਗੁੱਡੀ ਤਰਨ ਤਾਰਨ