ਇਕ ਰੁਪਏ ਦੇ ਧਾਗੇ ਦਾ ਕਮਾਲ - ਨਿਰਮਲ ਸਿੰਘ ਕੰਧਾਲਵੀ
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਭਾਰਤ ਵਿਚ ਕੰਪਿਊਟਰ ਅਜੇ ਆਮ ਨਹੀਂ ਸੀ ਹੋਇਆ। ਮੇਰਾ ਇਕ ਦੋਸਤ, ਜਿਸ ਦੀ ਇਕ ਲੱਤ ਨੂੰ ਪੋਲੀਓ ਨੇ ਬਚਪਨ ਵਿਚ ਹੀ ਕਜ ਪਾ ਦਿਤਾ ਸੀ, ਕੰਪਿਊਟਰ ਦੀ ਪੜ੍ਹਾਈ ‘ਚ ਬੜਾ ਤੇਜ਼ ਨਿਕਲਿਆ। ਪਿੰਡ ਦੇ ਲੋਕ ਗੱਲਾਂ ਕਰਦੇ ਸਨ ਕਿ ਜੇ ਇਕ ਲੱਤ ਉਹਦੀ ਮਾਰੀ ਗਈ ਸੀ ਤਾਂ ਰੱਬ ਨੇ ਪਤਾ ਨਹੀਂ ਕਿਹੜਾ ਐਸਾ ਪੁਰਜ਼ਾ ਉਹਦੇ ਦਿਮਾਗ਼ ‘ਚ ਫਿੱਟ ਕਰ ਦਿਤਾ ਸੀ ਕਿ ਉਹ ਪੜ੍ਹਾਈ ‘ਚ ਏਨਾ ਹੁਸ਼ਿਆਰ ਹੋ ਗਿਆ ਸੀ। ਕੰਪਿਊਟਰ ਦਾ ਕੋਰਸ ਕਰ ਕੇ ਉਸ ਨੇ ਨੌਕਰੀ ਦੀ ਭਾਲ਼ ਕੀਤੀ, ਪਰ ਪੰਜਾਬ ਵਿਚ ਉਸ ਨੂੰ ਕੋਈ ਨੌਕਰੀ ਨਾ ਮਿਲੀ। ਦਿੱਲੀ ਦੀ ਇਕ ਕੰਪਨੀ ‘ਚ ਅਰਜ਼ੀ ਦਿਤੀ ਤੇ ਉਹ ਨੌਕਰੀ ਲਈ ਚੁਣਿਆਂ ਗਿਆ।
ਉਸ ਦਾ ਦਫ਼ਤਰ ਇਕ ਰਿਹਾਇਸ਼ੀ ਇਲਾਕੇ ‘ਚ ਸੀ। ਕੁਝ ਦਿਨ ਤਾਂ ਉਸ ਨੇ ਇਕ ਸਸਤੇ ਜਿਹੇ ਹੋਟਲ ਵਿਚ ਰਿਹਾਇਸ਼ ਰੱਖੀ ਤੇ ਨਾਲ਼ ਨਾਲ਼ ਉਹ ਕਮਰੇ ਦੀ ਤਲਾਸ਼ ਵੀ ਕਰਦਾ ਰਿਹਾ ਪਰ ਉਸ ਨੇ ਭਾਂਪ ਲਿਆ ਕਿ ਕਈ ਮਾਲਕ ਮਕਾਨਾਂ ਕੋਲ ਕਮਰਾ ਤਾਂ ਖ਼ਾਲੀ ਹੁੰਦਾ ਸੀ ਪਰ ਉਹ ਜ਼ਾਤ ਬਰਾਦਰੀ ਦੇ ਸਵਾਲਾਂ ‘ਚ ਉਲਝਾ ਲੈਂਦੇ ਸਨ ਤੇ ਕਮਰਾ ਦੇਣ ਤੋਂ ਨਾਂਹ ਕਰ ਦਿੰਦੇ ਸਨ। ਤੁਰਨ ‘ਚ ਬਹੁਤੀ ਮੁਸ਼ਕਿਲ ਹੋਣ ਕਰ ਕੇ ਉਹ ਚਾਹੁੰਦਾ ਸੀ ਕਿ ਰਿਹਾਇਸ਼ ਦਫ਼ਤਰ ਦੇ ਨੇੜੇ ਤੇੜੇ ਹੀ ਹੋਵੇ। ਉਸ ਨੇ ਆਪਣੇ ਨਾਲ਼ ਕੰਮ ਕਰਦੇ ਇਕ ਕਰਮਚਾਰੀ ਨਾਲ਼ ਕਮਰਾ ਲੱਭਣ ‘ਚ ਆਉਂਦੀ ਔਕੜ ਸਾਂਝੀ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਇਲਾਕੇ ‘ਚ ਅਖਾਉਤੀ ‘ਉੱਚੀਆਂ ਜ਼ਾਤਾਂ’ ਵਾਲ਼ੇ ਲੋਕ ਹੀ ਬਹੁਤਾ ਕਰ ਕੇ ਮਕਾਨ ਮਾਲਕ ਹਨ ਤੇ ਉਹ ਜ਼ਾਤ ਬਰਾਦਰੀ ਦਾ ਭਿੰਨ-ਭੇਦ ਬਹੁਤ ਕਰਦੇ ਹਨ ਤੇ ਛੇਤੀ ਕੀਤੇ ਕਿਸੇ ਨੂੰ ਕਿਰਾਏਦਾਰ ਨਹੀਂ ਰੱਖਦੇ ਤੇ ਕਮਰਾ ਮੰਗਣ ਵਾਲ਼ੇ ਨੂੰ ਬਹੁਤ ਸਵਾਲ ਜਵਾਬ ਕਰਦੇ ਹਨ।
ਮੇਰੇ ਦੋਸਤ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਕਮਰਾ ਕਿਉਂ ਨਹੀ ਸੀ ਮਿਲਦਾ।
ਉਹ ਬਾਜ਼ਾਰ ਗਿਆ ਤੇ ਇਕ ਰੁਪਏ ਦਾ ਚਿੱਟੇ ਰੰਗ ਦਾ ਧਾਗਾ ਖ਼ਰੀਦਿਆ। ਧਾਗੇ ਨੂੰ ਵਟੇ ਚਾੜ੍ਹ ਕੇ ਤੇ ਗੰਢਾਂ ਦੇ ਕੇ ਉਸ ਨੇ ਜਨੇਊ ਦੀ ਸ਼ਕਲ ਦਾ ਬਣਾ ਕੇ ਗਲ਼ ‘ਚ ਪਾ ਲਿਆ ਤੇ ਅਗਲੇ ਦਿਨ ਐਤਵਾਰ ਹੋਣ ਕਰ ਕੇ ਉਸ ਨੇ ਕਮਰੇ ਦੀ ਖੋਜ ਆਰੰਭ ਕੀਤੀ। ਦੂਸਰੀ ਗਲ਼ੀ ਵਿਚ ਹੀ ਇਕ ਘਰ ਦੇ ਬਾਹਰ ‘ਕਮਰਾ ਕਿਰਾਏ ਕੇ ਲੀਏ ਖ਼ਾਲੀ’ ਦਾ ਬੋਰਡ ਲੱਗਿਆ ਦਿਸਿਆ ਤਾਂ ਉਸ ਨੇ ਘੰਟੀ ਦਾ ਬਟਣ ਦਬਾ ਦਿਤਾ ਤੇ ਅੰਦਰੋਂ ਇਕ ਵਿਅਕਤੀ ਆਪਣੇ ਜਨੇਊ ਨੂੰ ਕੰਨ ‘ਚ ਟੰਗਦਾ ਹੋਇਆ ਬਾਹਰ ਆਇਆ। ਮੇਰੇ ਦੋਸਤ ਨੇ ਜਦੋਂ ਕਮਰੇ ਬਾਰੇ ਪੁੱਛਿਆ ਤਾਂ ਉਸ ਵਿਅਕਤੀ ਨੇ ਪਹਿਲਾ ਹੀ ਸਵਾਲ ਠੋਕਿਆ, “ ਕੌਨ ਹੋਤੇ ਹੋ, ਕੌਨ ਸੀ ਜ਼ਾਤ, ਕੌਨ ਬਰਾਦਰੀ?”
ਮੇਰੇ ਦੋਸਤ ਨੇ ਕੁਝ ਬੋਲਣ ਦੀ ਬਜਾਇ ਆਪਣੀ ਕਮੀਜ਼ ਉਤਾਂਹ ਚੁੱਕੀ ਤੇ ਉਸ ਨੂੰ ਆਪਣਾ ‘ਜਨੇਊ’ ਦਿਖਾਇਆ ਤੇ ਉਹ ਵਿਅਕਤੀ ਮੇਰੇ ਦੋਸਤ ਨੂੰ ਕਮਰਾ ਦਿਖਾਉਣ ਲਈ ਅੰਦਰ ਲੈ ਗਿਆ।
ਨਿਰਮਲ ਸਿੰਘ ਕੰਧਾਲਵੀ