ਚੁੰਝਾਂ-ਪ੍ਹੌਂਚੇ  - (ਨਿਰਮਲ ਸਿੰਘ ਕੰਧਾਲਵੀ)

ਪੰਜਾਬ ਦੇ ਦਰਿਆਵਾਂ ਤੇ ਡੈਮਾਂ ‘ਚ ਪਾਣੀ ਵਧਣ ਨਾਲ ਛੇ ਜਿਲ੍ਹਿਆਂ ‘ਚ ਹੜ੍ਹਾਂ ਦੀ ਸਥਿਤੀ ਬਣੀ-ਇਕ ਖ਼ਬਰ

ਪੰਜਾਬ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਖ਼ਰਚਾ ਰਾਜਸਥਾਨ, ਦਿੱਲੀ ਅਤੇ ਹਰਿਆਣੇ ਤੋਂ ਵਸੂਲ ਕਰੇ।

2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਹਲਚਲ ਹੋ ਗਈ ਸ਼ੁਰੂ- ਇਕ ਖ਼ਬਰ

ਵੱਜ ਗਏ ਢੋਲ ਨਗਾਰੇ, ਸਿਆਸੀ ਪਿੜ ਗਰਮ ਹੋਇਆ।

ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ- ਪਰਗਟ ਸਿੰਘ

ਅਜੇ ਤਾਂ ਕੁੱਕੜ, ਬੱਕਰੀ, ਕਬੂਤਰ ਦਾ ਪਿਛਲਾ ਮੁਆਵਜ਼ਾ ਹੀ ਨਹੀਂ ਦਿਤਾ ਸਰਕਾਰ ਨੇ।

ਸਾਡੇ ਲਈ ਨੀਤੀ ਨਾਲੋਂ ਕਿਸਾਨਾਂ ਦੀ ਖ਼ੁਸ਼ੀ ਵਧੇਰੇ ਮਹੱਤਵਪੂਰਨ ਹੈ- ਹਰਪਾਲ ਚੀਮਾ

ਚੀਮਾ ਸਾਹਿਬ, ਲੱਤਾਂ ਤਾਂ ਅਖ਼ੀਰ ਤੱਕ ਅੜਾਈਆਂ ਸਰਕਾਰ ਨੇ। ਕਿਸਾਨਾਂ ਦੀ ਖ਼ੁਸ਼ੀ ਹਾ ਹਾ ਹਾ।

ਪਾਕਿ ਫ਼ੌਜ ਮੁਖੀ ਮੁਨੀਰ ਦੂਜੀ ਵਾਰ ਅਮਰੀਕਾ ਦੀ ਯਾਤਰਾ ‘ਤੇ ਗਏ- ਇਕ ਖ਼ਬਰ

ਹੁਣ ਤਾਂ ਵਾਈਟ ਹਾਊਸ ‘ਚ ਘਰ ਵਾਲ਼ੀ ਗੱਲ ਐ, ਜਦੋਂ ਮਰਜ਼ੀ ਮੁਨੀਰ ਆਵੇ ਜਾਵੇ।

ਸਿਰਫ਼ ‘ਆਪ’ ਹੀ ਔਰਤਾਂ ਨੂੰ ਸਰਗਰਮ ਰਾਜਨੀਤੀ ‘ਚ ਆਉਣ ਦਾ ਮੌਕਾ ਦਿੰਦੀ ਹੈ- ਕੇਜਰੀਵਾਲ

ਘਰ ਸੱਦ ਕੇ ਔਰਤਾਂ ਦੇ ਥੱਪੜ ਮਰਵਾਉਣ ਦਾ ਮੌਕਾ ਵੀ ‘ਆਪ’ ਹੀ ਦਿੰਦੀ ਹੈ। 

ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਹਥਿਆਉਣ ਦੀਆਂ ਗ਼ੈਰਇਖ਼ਲਾਕੀ ਗੱਲਾਂ ਕਰ ਰਹੇ ਹਨ- ਧਾਮੀ

ਬਾਦਲ ਹਥਿਆਉਣ ਤਾਂ ਇਖ਼ਲਾਕ, ਜੇ ਪੰਥ ਦੁਆਰਾ ਚੁਣੇ ਗਏ ਨੁਮਾਇੰਦੇ ਹਥਿਆਉਣ ਤਾਂ ਗ਼ੈਰਇਖ਼ਲਾਕ, ਵਾਹ ਧਾਮੀ ਸਾਹਿਬ

ਦੋਵਾਂ ਅਕਾਲੀ ਦਲਾਂ ਵਿਚਕਾਰ ਹੁਣ ਛਿੜੇਗੀ ਕਾਨੂੰਨੀ ਕਾਰਵਾਈ ਦੀ ਲੜਾਈ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸਣੇ, ਕੋਈ ਨਿੱਤਰੂ ਵੜੇਵੇਂ ਖਾਣੀ।

ਪੰਜਾਬ ਮੰਤਰੀ ਮੰਡਲ ਨੇ ਲੈਂਡ ਪੂਲਿੰਗ ਨੀਤੀ ਕੀਤੀ ਰੱਦ- ਇਕ ਖ਼ਬਰ

ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

ਚੋਣ ਕਮਿਸ਼ਨ ਨੇ ਕਿਸੇ ਵੀ ਸਵਾਲ ਦਾ ਅਰਥਪੂਰਣ ਜਵਾਬ ਨਹੀਂ ਦਿਤਾ- ਕਾਂਗਰਸ

ਰਾਂਝਾ ਕੀਲ ਕੇ ਪਟਾਰੀ ਵਿਚ ਪਾਇਆ, ਹੀਰ ਬੰਗਾਲਣ ਨੇ।

ਝੀਂਡਾ ਨੇ ਸ਼੍ਰੋਮਣੀ ਕਮੇਟੀ ਨੂੰ ਧਮਕਾਇਆ ਜੇ ਮੰਗ ਨਾ ਮੰਨੀ ਤਾਂ ਅਦਾਲਤ ‘ਚ ਘਸੀਟਾਂਗੇ- ਇਕ ਖ਼ਬਰ

ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀ, ਬਣੂ ਜੰਗ ਦਾ ਮੈਦਾਨ ਵੇਖੀਂ ਬੇਲਾ ਝੰਗ ਨੀ।

ਜਥੇਦਾਰਾਂ ‘ਚੋਂ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਹੀ ਬਣੇ ਬਾਦਲ ਦਲ ਲਈ ਚੁਣੌਤੀ- ਇਕ ਖ਼ਬਰ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

ਨੋਟਾਂ ਦੀਆਂ ਬੋਰੀਆਂ ਵਾਲ਼ੇ ਜਸਟਿਸ ਵਰਮਾ ਵਿਰੁੱਧ ਮਹਾਂਦੋਸ਼ ਮਤਾ ਪ੍ਰਵਾਨ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

14 ਸਾਲਾਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੋਈ ਰੱਦ- ਇਕ ਖ਼ਬਰ

ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਪੰਜਾਬ ਦੇ ਹਿਤਾਂ ਦੀ ਲੜਾਈ ਲੋਕਾਂ ਨੂੰ ਨਾਲ਼ ਲੈ ਕੇ ਲੜਾਂਗੇ- ਗਿਆਨੀ ਹਰਪ੍ਰੀਤ ਸਿੰਘ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਓ ਮੇਰਾ ਵੀਰ ਕੁੜੀਓ।

==============================================================