ਹੀਰਿਆਂ ਦੀ ਖਾਣ -ਸ਼ਾਇਰ ਸ਼ੀਰਾ ਲੁਹਾਰ - ਰਾਜਵਿੰਦਰ ਰੌਂਤਾ
ਲਖਵਿੰਦਰ ਵਡਾਲੀ ਦੇ ਹਿੱਟ ਗੀਤ ,'ਰੰਗੀ ਗਈ ' ਦਾ ਸਿਰਜਕ -ਸ਼ੀਰਾ ਲੁਹਾਰ
ਸ਼ੀਰਾ ਲੁਹਾਰ ਦਾ ਸੂਫ਼ੀ ਸ਼ਾਇਰੀ ਵਿੱਚ ਚੰਗਾ ਨਾਮ ਹੈ ਉਸ ਦੇ ਗੀਤਾਂ 'ਚੋਂ ਸੂਫ਼ੀਆਨਾ ਰੰਗ ਡੁੱਲ ਡੁੱਲ ਪੈਂਦਾ ਹੈ। ਸ਼ੀਰਾ ਲੁਹਾਰ ਦਾ ਸੂਫ਼ੀਆਨਾ ਗੀਤ ਜੋ ਲਖਵਿੰਦਰ ਵਡਾਲੀ ਦੀ ਅਵਾਜ਼ ਚਰਚਿਤ ਗੀਤ,' ਰੰਗੀ ਗਈ'ਵਿੱਚੋਂ ਸ਼ੀਰਾ ਲੁਹਾਰ ਦੀ ਤਸਵੀਰ ਉਜਾਗਰ ਹੁੰਦੀ ਹੈ।
ਚੂਰੀ ਲੈਕੇ ਤੇਰੀ ਹੀਰ ,ਤੈਨੂੰ ਲੱਭਦੀ ਅਖੀਰ ਕਦੇ ਤਖਤ ਹਜ਼ਾਰੇ ਕਦੇ ਝੰਗੀ ਗਈ ਆ,ਇਸ਼ਕ ਤੇਰੇ ਵਿੱਚ ਰੰਗੀ ਗਈ ਆ।
ਸ਼ੀਰਾ ਲੁਹਾਰ ਦੇ ਚਰਚਿੱਤ ਗੀਤਾਂ ਦੀ ਗੱਲ ਕਰੀਏ ਤਾਂ ਗੁਲਾਮ ਜੁਗਨੀ ਦੀ ਅਵਾਜ਼ ਵਿੱਚ 'ਯਾਰ ਦਾ ਦੀਦਾਰ ','ਮਸਤ ਮਲੰਗ' ,ਲਵਦੀਪ (ਕੱਚੇ ਕੋਠੇ ਮਿੱਤਰਾਂ ਦੇ ਫ਼ੇਮ) ਦੀ ਅਵਾਜ਼ ਵਿੱਚ,'ਹੀਰ' ਅਤੇ ਤਨਵੀਰ ਗੋਗੀ ਨੇ ਜਾਨ ਜਾਨ ਕਹਿ ਕੇ,ਜਤਿੰਦਰ ਗਿੱਲ ਨੇ ਧਾਰਮਿਕ ਗੀਤ ,'ਤੇਰੀ ਕੁਰਬਾਨੀ' ਅਤੇ ਅਮਰ ਇਕਬਾਲ ਤੇ ਜੈਸਮੀਨ ਅਖਤਰ ਦਾ ਦੁਗਾਣਾ ,'ਧੀਅ ਜੰਮੀ ' ਪੰਜਾਬੀ ਗਾਇਕੀ ਦੇ ਸਰੋਤਿਆਂ ਦੇ ਉੰਗਲਾਂ ਦੀਆਂ ਪੋਟਿਆਂ 'ਤੇ ਹਨ। ਪਿੰਡ ਧੂੜਕੋਟ ਰਣਸੀਂਹ ਦੇ ਮੇਜਰ ਸਿੰਘ ਤੇ ਗੁਰਜੀਤ ਕੌਰ ਦਾ ਫ਼ਰਜ਼ੰਦ ਅਤੇ ਸੁਖਜੀਤ ਦਾ ਚੰਦ ਸ਼ੀਰਾ ਲੁਹਾਰ ਰੋਡਿਆਂ ਵਾਲੇ ਕਾਲਜ ਦਾ ਗ੍ਰੈਜੁਏਟ ਹੈ। ਨਾਮੀ ਕਮੇਡੀਅਨ ਮਿੰਟੂ ਜੱਟ ਨਾਲ ਸਕਿੱਟਾਂ ਤੇ ਲਘੂ ਫ਼ਿਲਮਾਂ ਵੀ ਕੀਤੀਆਂ ਹਨ। ਸ਼ੀਰਾ ਲੁਹਾਰ ਦਾ ਕਹਿਣਾ ਹੈ ਕਿ ਉਸ ਨੇ ਚੰਗਾ ਤੇ ਮਿਆਰੀ ਲਿਖਣ ਦੀ ਸੋਚ ਨੀ ਛੱਡੀ ਇੱਕ ਪ੍ਰੋਡਿਊਸਰ ਦਾ ਭਰਿਆ ਚੈੱਕ ਵਾਪਿਸ ਮੋੜ ਦਿੱਤਾ ਸੀ। ਸ਼ੀਰਾ ਦੇ ਗੀਤ ਭਵਿੱਖ ਵਿੱਚ ਫ਼ਿਲਮਾਂ ਅਤੇ ਸਾਜੀਆ ਜੱਜ,ਆਲਮ ਜਸਦੀਪ ,ਅਨੁਜੋਤ,ਰਾਜਾ ਬਰਾੜ ,ਹਰਿੰਦਰ ਸੰਧੂ,ਗਰਬਖਸ਼ ਸ਼ੌਂਕੀ ਆਦਿ ਪ੍ਰਸਿੱਧ ਗਾਇਕਾਂ ਦੀ ਅਵਾਜ਼ ਵਿੱਚ ਸੁਣਨ ਨੂੰ ਮਿਲੇਣਗੇ । ਸ਼ੀਰਾ ਲੁਹਾਰ ਜਿੱਥੇ ਵਧੀਆਂ ਕਲਾਕਾਰ ਹੈ ਉੱਥੇ ਲੇਖਕ ਵੀ ਹੈ ।ਉਸ ਨੇ ਆਪਣੇ ਪਿੰਡ ਬਾਰੇ ਪੁਸਤਕ ਲਿਖੀ ਹੈ,ਹੀਰਿਆਂ ਦੀ ਖਾਣ -ਧੂੜਕੋਟ ਰਣਸੀਂਹ ਜੋ ਕਿ ਪਿੰਡ ਦਾ ਇਤਿਹਾਸ ਅਤੇ ਮਸ਼ਹੂਰ ਲੋਕਾਂ ਸਖਸ਼ੀਅਤਾਂ ਬਾਰੇ ਜੀਵਨੀ ਹੈ। ਉਸ ਨੂੰ ਕਈ ਥਾਂਵਾ ਤੇ ਚੰਗੀ ਕਲਮ ਕਾਰਨ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਇਸ ਪੁਸਤਕ ਜਰੀਏ ਸ਼ੀਰਾ ਲੁਹਾਰ ਨੇ ਨਿੱਗਰ ਪੈਰ ਧਰਿਆ ਹੈ ਉਮੀਦ ਹੈ ਕਿ ਗੀਤਕਾਰੀ ਸ਼ਾਇਰੀ ਦੇ ਨਾਲ ਨਾਲ ਇੱਕ ਲੇਖਕ ਵਜੋਂ ਵੀ ਚੰਗਾ ਨਾਮਣਾ ਖੱਟੇਗਾ।