
ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਟਰੰਪ ਨੇ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ- ਅਮਰੀਕੀ ਵਿਦੇਸ਼ ਮੰਤਰੀ
ਹਿਜ਼ ਮਾਸਟਰਜ਼ ਵਾਇਸ।
ਕਪਿਲ ਸਿੱਬਲ ਨੇ ਜਗਦੀਪ ਧਨਖੜ ਦੀ ਸੁਰੱਖਿਆ ਬਾਰੇ ਸਵਾਲ ਚੁੱਕੇ- ਇਕ ਖ਼ਬਰ
ਜਦ ਦੇਖਿਆ ਚੁਬਾਰਾ ਖ਼ਾਲੀ, ਧਾਅ ਮਾਰੀ ਮਿੱਤਰਾਂ ਨੇ।
ਅਕਾਲੀ ਦਲ ਦੀ ਸਰਕਾਰ ਬਣਨ ‘ਤੇ ‘ਆਪ’ ਵਲੋਂ ਐਕਵਾਇਰ ਕੀਤੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਾਂਗੇ- ਸੁਖਬੀਰ ਬਾਦਲ
ਤੇ ਲੈਂਡ ਪੂਲਿੰਗ ਵਿਰੁੱਧ ਜਿਹੜਾ ਮੋਰਚਾ ਤੁਸੀਂ ਲਾਉਣਾ ਸੀ, ਉਹਦਾ ਕੀ ਬਣਿਆਂ ਬਈ?
ਮੈਂ ਚਾਹੁੰਦੀ ਹਾਂ ਕਿ ਭਾਰਤ ਬਿਨਾਂ ਭਾਸ਼ਾਈ ਦਹਿਸ਼ਤ ਤੋਂ ਵਧੇ ਫੁੱਲੇ- ਮਮਤਾ ਬੈਨਰਜੀ
ਬੀਬੀ ਜੀ ਮੁੱਦਿਆਂ ਤੋਂ ਬਿਨਾਂ ਫਿਰ ਸਿਆਸਤ ਕਿਵੇਂ ਹੋਵੇਗੀ?
ਜਦੋਂ ਦਿੱਲੀ ‘ਚ ਕੇਜਰੀਵਾਲ ਨੇ ਵੋਟ ਚੋਰੀ ਦਾ ਮੁੱਦਾ ਚੁੱਕਿਆ ਸੀ, ਉਦੋਂ ਰਾਹੁਲ ਗਾਂਧੀ ਚੁੱਪ ਕਿਉਂ ਰਹੇ?- ਸੋਰਭ ਭਾਰਦਵਾਜ
ਹੁਣ ਤੂੰ ਕਿਧਰ ਗਿਆ ਜੇਠ ਬੋਲੀਆਂ ਮਾਰੇ।
ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਝੂਠ ਨਾ ਬੋਲੋ ਧਾਮੀ ਸਾਹਿਬ, ਤੁਹਾਡੇ ਲਈ ਬਾਦਲ ਪਰਵਾਰ ਸੁਪਰੀਮ ਹੈ।
ਬਲਦੇਵ ਸਿੰਘ ਮਾਨ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ- ਇਕ ਖ਼ਬਰ
ਮਾਫ਼ ਕਰ ਦਿਉ ਬਾਦਲ ਜੀ, ਮੁੜ ਆਇਆ ਤੁਮਰੇ ਦੁਆਰੇ ‘ਤੇ।
ਲੈਂਡ ਪੂਲਿੰਗ ਨੀਤੀ ਉੱਤੇ ਹਾਈਕੋਰਟ ਦਾ ਫ਼ੈਸਲਾ ਪੰਜਾਬ ਦੇ ਲੋਕਾਂ ਦੀ ਜਿੱਤ- ਪ੍ਰਤਾਪ ਸਿੰਘ ਬਾਜਵਾ
ਤਾਜਦਾਰਾਂ ਨਾ ਅਮੀਰਾਂ ਦੇ, ਦੀਵੇ ਜਗਦੇ ਰਹਿਣ ਫ਼ਕੀਰਾਂ ਦੇ।
ਸੁਖਬੀਰ ਬਾਦਲ ਨੇ ਬਾਗ਼ੀ ਅਕਾਲੀ ਆਗੂਆਂ ਤੋਂ ਮਾਫ਼ੀ ਮੰਗ ਕੇ ਏਕਤਾ ਦੇ ਨਾਮ ਹੇਠ ਨਵੀਂ ਚਾਲ ਚੱਲੀ-ਇਕ ਖ਼ਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਅਤ ਬੁਰੀ।
ਟਰੰਪ ਨੇ ਭਾਰਤ ਉੱਤੇ ਹੋਰ ਟੈਰਿਫ਼ ਵਧਾਉਣ ਦੀ ਦਿਤੀ ਧਮਕੀ-ਇਕ ਖ਼ਬਰ
ਪੀ ਕੇ ਦੋ ਘੁੱਟ ਦਾਰੂ, ਮਾਰਦਾ ਫਿਰੇ ਲਲਕਾਰੇ।
ਸੌਦਾ ਸਾਧ ਨੂੰ 14ਵੀਂ ਵਾਰ ਮਿਲੀ 40 ਦਿਨ ਦੀ ਪੈਰੋਲ- ਇਕ ਖ਼ਬਰ
ਮਿੱਤਰਾਂ ਦੇ ਫ਼ੁਲਕੇ ਨੂੰ, ਨੀ ਮੈਂ ਖੰਡ ਦਾ ਪਲੇਥਣ ਲਾਵਾਂ।
ਭਾਰਤ ਨੇ ਅਮਰੀਕਾ ਤੋਂ ਐਫ-35 ਲੜਾਕੂ ਜਹਾਜ਼ ਖ਼ਰੀਦਣ ਤੋਂ ਕੀਤਾ ਇਨਕਾਰ- ਇਕ ਖ਼ਬਰ
ਤੇਰੇ ਖ਼ੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।
ਭਗਵੰਤ ਮਾਨ ਨੇ ਭਾਜਪਾ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਵਿਕਾਸ ਦੇ ਰਾਹ ‘ਚ ਰੋੜਾ ਨਾ ਬਣਨ-ਇਕ ਖ਼ਬਰ
ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।
ਮੋਦੀ ਤੇ ਟਰੰਪ ਵਿਚਾਲੇ ਖ਼ਾਸ ਸਬੰਧਾਂ ਦਾ ਦਾਅਵਾ ਹੁਣ ਬੇਨਕਾਬ ਹੋਇਆ- ਜੈ ਰਾਮ ਰਮੇਸ਼
ਲੱਡੂਆਂ ਦਾ ਭਾਅ ਪੁੱਛਦੀ, ਪੱਲੇ ਨਿੱਕਲੀ ਦੁਆਨੀ ਖੋਟੀ।
ਬੀਬੀ ਜਗੀਰ ਕੌਰ ਵਲੋਂ ਬਾਦਲ ਨੂੰ ਕੋਰਾ ਜਵਾਬ, ਪਹਿਲਾਂ ਅਕਾਲ ਤਖ਼ਤ ਦੀ ਮਾਫ਼ੀ ਤਾਂ ਮੰਨ ਲਵੋ- ਇਕ ਖ਼ਬਰ
ਕਰ ਲੈ ਬੰਦਗੀ ਤੂੰ ਸੁੱਤਾ ਜਾਗ ਬੇਟਾ, ਹੱਥ ਭਲਕ ਨੂੰ ਆਵਣਾ ਅੱਜ ਨਾਹੀਂ।
===================================================